ਰਣਦੀਪ ਹੁੱਡਾ
ਨਸੀਰਦੂਨ ਸ਼ਾਹ ਨੂੰ ਆਪਣਾ ਗੁਰੂ ਮੰਨਣ ਵਾਲੇ ਦਬੰਗ ਅਦਾਕਾਰ ਰਣਦੀਪ ਹੁੱਡਾ ਦੀ ਬੌਲੀਵੁੱਡ ਵਿੱਚ ਅਲੱਗ ਪਛਾਣ ਹੈ। ਇਹੀ ਕਾਰਨ ਹੈ ਕਿ ਉਸ ਦੇ ਖਾਤੇ ਵਿੱਚ ‘ਸਾਹਬ ਬੀਵੀ ਔਰ ਗੈਂਗਸਟਰ’, ‘ਵੰਸ ਅਪੌਨ ਏ ਟਾਈਮ ਇੰਨ ਮੁੰਬਈ’, ‘ਕੌਕਟੇਲ’, ‘ਹੀਰੋਇਨ’, ‘ਜੰਨਤ 2’, ‘ਜਿਸਮ 2’, ‘ਸਰਬਜੀਤ’ ਵਰਗੀਆਂ ਫ਼ਿਲਮਾਂ ਤਾਂ ਜ਼ਰੂਰ ਹਨ, ਪਰ ਪਿਛਲੇ ਸਾਲ ਆਈ ‘ਦੋ ਲਫ਼ਜ਼ੋਂ ਕੀ ਕਹਾਨੀ’ ਤੋਂ ਇਲਾਵਾ ਆਪਣੇ ਕਰੀਅਰ ਵਿੱਚ ਉਸ ਨੇ ਹੁਣ ਤਕ ਕੋਈ ਢੰਗ ਦੀ ਰੁਮਾਂਟਿਕ ਫ਼ਿਲਮ ਨਹੀਂ ਕੀਤੀ ਹੈ। ਪੇਸ਼ ਹੈ ਰਣਦੀਪ ਹੁੱਡਾ ਨਾਲ ਹੋਈ ਗੱਲਬਾਤ ਦੇ ਅੰਸ਼:
-ਕੁਝ ਸਾਲ ਪਹਿਲਾਂ ਤਕ  ਤੁਸੀਂ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੇ ਸੀ। ਅੱਜ ਤੁਸੀਂ ਬੌਲੀਵੁੱਡ ਵਿੱਚ ਛਾ ਗਏ ਹੋ। ਕੁਝ ਅਲੱਗ ਕਰਨ ਦੀ ਭੁੱਖ ਹੁਣ ਤਕ ਕਾਇਮ ਹੈ ਜਾਂ….?
-ਉਹ ਭੁੱਖ ਜਿਸ ਦਿਨ ਖ਼ਤਮ ਹੋ ਜਾਏਗੀ, ਮੇਰੇ ਅੰਦਰ ਦਾ ਅਦਾਕਾਰ ਵੀ ਮਰ ਜਾਏਗਾ। ਉਸ ਭੁੱਖ ਨੂੰ ਹਮੇਸ਼ਾਂ ਜ਼ਿੰਦਾ ਰੱਖਣਾ ਹੈ। ਤੁਹਾਨੂੰ ਦੱਸ ਦਿਆਂ ਕਿ ਮੈਂ ਜੋ ਕਰ ਦਿੱਤਾ, ਉਸਨੂੰ ਲੈ ਕੇ ਬੈਠਣਾ ਮੇਰੀ ਹਿੰਮਤ ਨਹੀਂ ਹੈ। ਇਹ ਭੁੱਖ ਅਜੇ ਹੋਰ ਵਧੇਗੀ ਕਿ ਹੁਣ ਕੁਝ ਹੋਰ ਕਰਨਾ ਹੈ। ਕਿਵੇਂ ਮੈਂ ਖ਼ੁਦ ਨੂੰ ਤੋੜ ਮਰੋੜ ਕੇ ਕੁਝ ਨਵਾਂ ਸਿਰਜ ਸਕਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਕਲਾਕਾਰ ਨੂੰ ਮਿੱਟੀ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਜੋ ਹਰ ਕਿਰਦਾਰ ਵਿੱਚ ਖ਼ੁਦ ਨੂੰ ਢਾਲ ਲਏ। ਮੇਰੇ ਖ਼ਿਆਲ ਵਿੱਚ ਮੈਨੂੰ ਜਿੰਨਾ ਪਿਆਰ ਅਤੇ ਤਾਰੀਫ਼ ਮਿਲ ਰਹੀ ਹੈ, ਉਸ ਨਾਲ ਮੇਰੀ ਭੁੱਖ ਹੋਰ ਵਧ ਗਈ ਹੈ, ਘੱਟ ਨਹੀਂ ਹੋਈ ਹੈ। ਹਾਲਾਂਕਿ ਮੇਰਾ ਗੁੱਸਾ ਕਾਫ਼ੀ ਸ਼ਾਂਤ ਹੋ ਗਿਆ ਹੈ, ਪਰ ਫ਼ਿਰ ਵੀ ਉਹ ਕਦੇ ਕਦੇ ਨਿਕਲ ਆਉਂਦਾ ਹੈ। ਆਖ਼ਿਰ ਕੋਈ ਵੀ ਇਨਸਾਨ ਸੰਪੂਰਣ ਨਹੀਂ ਹੁੰਦਾ।
-ਕਹਾਣੀ ਜਾਂ ਕਿਰਦਾਰ੩ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਇਸ ਵਿੱਚੋਂ ਕਿਸ ਨੂੰ ਤਰਜੀਹ ਦਿੰਦੇ ਹੋ?
-ਪਹਿਲਾਂ ਮੈਂ ਸਿਰਫ਼ ਕਿਰਦਾਰ ਦੇਖਦਾ ਸੀ। ਹੁਣ ਕਹਾਣੀ ਜ਼ਿਆਦਾ ਦੇਖਦਾ ਹਾਂ। ਇਸਤੋਂ ਇਲਾਵਾ ਕਾਫ਼ੀ ਕੁਝ ਨਿਰਦੇਸ਼ਕ ‘ਤੇ ਵੀ ਨਿਰਭਰ ਕਰਦਾ ਹੈ। ਅਭਿਨੇਤਾ ਤੋਂ ਜ਼ਿਆਦਾ ਨਿਰਦੇਸ਼ਕ ਫ਼ਿਲਮ ਨਾਲ ਜੁੜਿਆ ਹੁੰਦਾ ਹੈ। ਉਸਦੇ ਮਨ ਦੀ ਵੀ ਸੁਣਨੀ ਪੈਂਦੀ ਹੈ। ਇਹ ਵੀ ਦੇਖਦਾ ਹਾਂ ਕਿ ਇਹ ਲੋਕ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਛੇ ਮਹੀਨੇ ਬਾਅਦ ਵੀ ਚਲਾ ਸਕਣਗੇ। ਫ਼ਿਰ ਆਪਣੇ ਸਹਾਇੱਕ ਨਾਲ ਸਲਾਹ ਕਰਕੇ ਫ਼ੈਸਲਾ ਲੈਂਦਾ ਹਾਂ। ਜਿਸ ਤਰ੍ਹਾਂ ਦਾ ਮੈਂ ਕੰਮ ਕਰਦਾ ਹਾਂ, ਉਸ ਤਰ੍ਹਾਂ ਦੀਆਂ ਫ਼ਿਲਮਾਂ ਘੱਟ ਬਣਦੀਆਂ ਹਨ। ਇਸ ਲਈ ਜੋ ਕੰਮ ਮੇਰੇ ਕੋਲ ਆਉਂਦੇ ਹਨ, ਉਨ੍ਹਾਂ ਵਿੱਚੋਂ ਆਪਣੀ ਪਸੰਦ ਦੇ ਆਸ ਪਾਸ ਵਾਲਾ ਕੰਮ ਲੈਂਦਾ ਹਾਂ।
-ਕੀ ਹੁਣ ਤੁਹਾਡੇ ਮੋਢੇ ‘ਤੇ ਫ਼ਿਲਮ ਦੀ ਜ਼ਿੰਮੇਵਾਰੀ ਦੀ ਉਮੀਦ ਕੀਤੀ ਜਾਣ ਲੱਗੀ ਹੈ?
-ਮੋਢੇ ਦੀ ਜ਼ਿੰਮੇਵਾਰੀ ਨਿਰਮਾਤਾ ਨਿਰਦੇਸ਼ਕ ਦੀ ਹੁੰਦੀ ਹੈ। ਇੱਕ ਕਲਾਕਾਰ ਦੇ ਤੌਰ ‘ਤੇ ਮੈਂ ਹਮੇਸ਼ਾਂ ਸ਼ਿੱਦਤ ਨਾਲ ਕੰਮ ਕਰਦਾ ਰਿਹਾ ਹਾਂ। ਜੇਕਰ ਮੈਨੂੰ ਲੈ ਕੇ ਜ਼ਿੰਮੇਵਾਰੀ ਮਹਿਸੂਸ ਕੀਤੀ ਜਾ ਰਹੀ ਹੈ ਤਾਂ ਮੈਂ ਇਸਤੋਂ ਬਹੁਤ ਖੁਸ਼ ਹਾਂ। ਇਸਤੋਂ ਮੈਂ ਭੱਜਣ ਵਾਲਾ ਵੀ ਨਹੀਂ। ਹੁਣ ਮੈਨੂੰ ਅਜਿਹੀਆਂ ਫ਼ਿਲਮਾਂ ਵੀ ਮਿਲ ਰਹੀਆਂ ਹਨ। ਤੁਸੀਂ ਵੱਡੇ ਨਾਂ ਨਾਲ ਕੰਮ ਕਰਦੇ ਹੋ ਤਾਂ ਇੱਕ ਸਟਾਰ ਦੇ ਤੌਰ ‘ਤੇ ਤੁਹਾਡੀ ਜਿੱਤ ਹੁੰਦੀ ਹੈ।
-ਤੁਸੀਂ ਜਦੋਂ ਪਿੱਛੇ ਮੁੜਕੇ ਦੇਖਦੇ ਹੋ ਤਾਂ ਕੁਝ ਅਜਿਹਾ ਦਿਖਾਈ ਦਿੰਦਾ ਹੈ ਜਿਸ ਨੂੰ ਕਰਨ ਨਾਲ ਤੁਹਾਡਾ ਸਫ਼ਰ ਸ਼ਾਰਟਕੱਟ ਹੁੰਦਾ?
-ਮੈਨੂੰ ਸ਼ੁਰੂ ਤੋਂ ਹੀ ਆਪਣੇ ਮੋਢੇ ‘ਤੇ ਬੰਦੂਕ ਰੱਖਕੇ ਚਲਾਉਣ ਦੀ ਜ਼ਿਆਦਾ ਲੋੜ ਨਹੀਂ ਸੀ। ਜੇਕਰ ਮੈਂ ਦੂਜਿਆਂ ਦੀ ਪਿੱਠ ‘ਤੇ ਬੈਠਕੇ ਉਨ੍ਹਾਂ ਦੇ ਮੋਢੇ ਤੋਂ ਬੰਦੂਕ ਚਲਾਉਂਦਾ ਹੁੰਦਾ ਤਾਂ ਥੋੜ੍ਹਾ ਜਲਦੀ ਅੱਗੇ ਆ ਜਾਂਦਾ, ਪਰ ਇਹ ਜੋ ਸੰਘਰਸ਼ ਹੈ, ‘ਮੌਨਸੂਨ ਵੈਡਿੰਗ’ ਜੋ ਬਾਹਰ ਦੀ ਫ਼ਿਲਮ ਸੀ, ਤੋਂ ਬਾਅਦ 4-5 ਸਾਲ ਕੋਈ ਕੰਮ ਨਹੀਂ ਮਿਲਿਆ। 2005 ਵਿੱਚ ਸਫ਼ਰ ਸ਼ੁਰੂ ਹੋਇਆ ਅਤੇ ਹੁਣ ਤਕ 10 ਸਾਲਾਂ ਵਿੱਚ ਬਹੁਤ ਮਿਹਨਤ, ਲਗਨ, ਭੜਾਸ ਅਤੇ ਨਿਰਾਸ਼ਾ ਨੂੰ ਆਪਣੇ ਅੰਦਰ ਦਬਾਕੇ ਰੋਜ਼ਾਨਾ ਜੂਝਦਾ ਰਿਹਾ ਹਾਂ। ਜੇਕਰ ਇਹ ਸਭ ਨਹੀਂ ਹੋਇਆ ਹੁੰਦਾ ਤਾਂ ਸ਼ਾਇਦ ਅੱਜ ਮੈਂ ਅਜਿਹਾ ਨਹੀਂ ਬਣ ਸਕਦਾ। ਹੁਣ ਕੁਝ ਤਬਦੀਲੀ ਆਈ ਹੈ। ਪਹਿਲਾਂ ਜ਼ਿਆਦਾ ਮੂੰਹਫ਼ੱਟ, ਗੁਸੈਲ ਅਤੇ ਬੇਫ਼ਕੂਫ਼ ਵੀ ਸੀ, ਪਰ ਹੁਣ ਥੋੜ੍ਹਾ ਸੰਜੀਦਾ ਹੋ ਗਿਆ ਹਾਂ।
-ਤੁਹਾਡੇ ਪ੍ਰਸ਼ੰਸਕ ਤੁਹਾਨੂੰ ਗੰਭੀਰ ਕਲਾਕਾਰ ਮੰਨਦੇ ਹਨ। ਕੀ ਤੁਸੀਂ ਇਸ ਦਬਾਅ ਵਿੱਚ ਅਜਿਹਾ ਹੀ ਕਰਦੇ ਰਹਿਣ ਵਾਲੇ ਹੋ ਜਾਂ ਖਤਰਾ ਵੀ ਉਠਾਉਂਦੇ ਹੋ?
-ਹੁਣ ਤਕ ਨਿਭਾਏ ਮੇਰੇ ਕਿਰਦਾਰਾਂ ਨੂੰ ਜੇਕਰ ਤੁਸੀਂ ਦੇਖੋ ਤਾਂ ਉਹ ਕਿਧਰੇ ਨਾ ਕਿਧਰੇ ਖਤਰਾ ਮੁੱਲ ਲੈਣ ਵਾਲੇ ਹੀ ਹਨ। ਮੈਨੂੰ ਲੱਗਦਾ ਹੈ ਕਿ ਜੋ ਮੇਰੇ ਪ੍ਰਸ਼ੰਸਕ ਹਨ, ਉਨ੍ਹਾਂ ਨੂੰ ਮੇਰਾ ਉਹ ਖਤਰਾ ਮੁੱਲ ਲੈਣਾ ਹੀ ਚੰਗਾ ਲੱਗਦਾ ਹੈ। ਮੈਂ ਆਪਣਾ ਕੰਮ ਆਪਣੇ ਪ੍ਰਸ਼ੰਸਕਾਂ ਦੀ ਸੋਚ ਨੂੰ ਅੱਗੇ ਰੱਖਕੇ ਨਹੀਂ ਕਰਨ ਵਾਲਾ ਹਾਂ। ਕਿਧਰੇ ਮੇਰੀ ਆਪਣੀ ਸੋਚ ਹੈ, ਜ਼ਿੰਦਗੀ ਹੈ, ਜਿਸ ਨੂੰ ਮੈਂ ਹਰ ਹਾਲਤ ਵਿੱਚ ਬਰਕਰਾਰ ਰੱਖਣ ਵਾਲਾ ਹਾਂ ਕਿਉਂਕਿ ਜੇਕਰ ਇਹ ਟੁੱਟ ਗਿਆ ਤਾਂ ਮੇਰੇ ਵਿੱਚ ਬਚੇਗਾ ਕੀ? ਤੁਸੀਂ ਮੇਰੀਆਂ ਫ਼ਿਲਮਾਂ ਦੇਖ ਲਓ, ਤੁਸੀਂ ਮੈਨੂੰ ਕਿਸੇ ਇੱਕ ਵਿਸ਼ੇ ਵਿੱਚ ਨਹੀਂ ਰੱਖ ਸਕੋਗੇ।
-ਸਫ਼ਲਤਾ ਦੇ ਬਾਵਜੂਦ ਕੁਆਰੇ ਰਹਿਣ ਦਾ ਕੀ ਕਾਰਨ ਹੈ?
-ਮੇਰਾ ਵਿਆਹ ਮੇਰੇ ਕੰਮ ਨਾਲ ਹੋ ਗਿਆ ਹੈ। ਮੈਂ ਆਪਣੇ ਕੰਮ ਵਿੱਚ ਇੰਨਾ ਰੁੱਝਿਆ ਰਹਿੰਦਾ ਹਾਂ ਕਿ ਦੂਜੀ ਤਰਫ਼ ਧਿਆਨ ਹੀ ਨਹੀਂ ਜਾਂਦਾ ਹੈ ਕਿ ਨਿੱਜੀ ਜ਼ਿੰਦਗੀ ਵਿੱਚ ਕੀ ਹੈ, ਕਿਸ ਦੀ ਘਾਟ ਹੈ। ਇਸ ਨਾਲ ਇਹ ਨਾ ਸੋਚਿਓ ਕਿ ਮੇਰੀ ਜ਼ਿੰਦਗੀ ਨੀਰਸ ਹੈ। ਮੈਂ ਬਹੁਤ ਲੋਕਾਂ ਨੂੰ ਮਿਲਦਾ ਹਾਂ, ਘੋੜਸਵਾਰੀ ਕਰਦਾ ਹਾਂ, ਮੇਰੀ ਪੋਲੋ ਦੀ ਟੀਮ ਹੈ ਜਿਸ ਨੂੰ ਮੈਂ ਚਲਾਉਂਦਾ ਹੈ। ਕਦੇ ਛੁੱਟੀ ‘ਤੇ ਨਹੀਂ ਗਿਆ। ਹਮੇਸ਼ਾਂ ਕੰਮ ਵਿੱਚ ਹੀ ਉਲਝਿਆ ਰਹਿੰਦਾ ਹਾਂ। ਮੇਰੀ ਇਹੀ ਰੁਚੀ ਹੈ, ਮੈਨੂੰ ਇਸ ਵਿੱਚ ਹੀ ਮਜ਼ਾ ਆਉਂਦਾ ਹੈ।
-ਅੱਜ ਵਪਾਰਕ ਅਤੇ ਕਲਾ ਫ਼ਿਲਮਾਂ ਦੀ ਦੀਵਾਰ ਟੁੱਟ ਰਹੀ ਹੈ। ਕੀ ਇਹ ਸਹਿਯੋਗੀ ਬਣ ਰਿਹਾ ਹੈ?
-ਦੁਨੀਆਂ ਬਦਲ ਰਹੀ ਹੈ। ਅੱਜ ਇੰਟਰਨੈੱਟ ਘਰ- ਘਰ ਪਹੁੰਚ ਰਿਹਾ ਹੈ। ਦੂਜੇ ਦੇਸ਼ਾਂ ਅਤੇ ਭਾਸ਼ਾਵਾਂ ਦੀਆਂ ਫ਼ਿਲਮਾਂ ਡੱਬ ਹੋ ਕੇ ਘਰ- ਘਰ ਦੇਖੀਆਂ ਜਾ ਰਹੀਆਂ ਹਨ। ਇਸ ਨਾਲ ਲੋਕ ਨਵੇਂ ਵਿਸ਼ਿਆਂ ਨਾਲ ਜੁੜ ਰਹੇ ਹਨ। ਇੱਕ ਹੀ ਕਿਸਮ ਦੀਆਂ ਫ਼ਿਲਮਾਂ ਤੋਂ ਕੁਝ ਨਵਾਂ ਆਨੰਦ ਮਿਲ ਰਿਹਾ ਹੈ। ਮੇਰੇ ਵਰਗੇ ਕਲਾਕਾਰ ਵਪਾਰਕ ਅਤੇ ਕਲਾ ਫ਼ਿਲਮਾਂ ਵਿੱਚਲੀ ਖਾਈ ਨੂੰ ਭਰਨ ਵਿੱਚ ਪੁਲ ਬਣ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਇਸ ਦੀਵਾਰ ਨੂੰ ਤੋੜਨ ਵਿੱਚ ਮੇਰਾ ਕੰਮ ਸਹਿਯੋਗੀ ਬਣੇ।
-ਬੌਲੀਵੁੱਡ ਵਿੱਚ ਫ਼ਿਲਮੀ ਐਵਾਰਡਾਂ ਬਾਰੇ ਤੁਹਾਡੀ ਕੀ ਰਾਏ ਹੈ?
-ਫ਼ਿਲਮੀ ਐਵਾਰਡ ਫ਼ੰਕਸ਼ਨ ਵਿੱਚ ਪਿੱਛੇ ਕੀ ਹੁੰਦਾ ਹੈ, ਕੀ ਨਹੀਂ ਹੁੰਦਾ ਹੈ, ਮੈਨੂੰ ਅੱਜ ਤਕ ਇਸ ਦਾ ਪਤਾ ਨਹੀਂ ਲੱਗਿਆ। ਇਸ ਦੀ ਇੱਕ ਵਜ੍ਹਾ ਸ਼ਾਇਦ ਇਹ ਹੈ ਕਿ ਮੈਂ ਐਵਾਰਡਾਂ ਲਈ ਕੰਮ ਕਰਦਾ ਵੀ ਨਹੀਂ ਹਾਂ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਐਵਾਰਡ ਮਿਲ ਜਾਏਗਾ ਤਾਂ ਮੈਂ ਹੋਰ ਬਿਹਤਰ ਕੰਮ ਕਰਨ ਲੱਗਾਗਾਂ ਜਾਂ ਐਵਾਰਡ ਨਹੀਂ ਮਿਲੇਗਾ ਤਾਂ ਮੇਰਾ ਕੰਮ ਰੱਦੀ ਹੈ। ਜੇਕਰ ਤੁਹਾਡੀ ਸ਼ਰਧਾ ਹੈ, ਐਵਾਰਡ ਦਿੰਦੇ ਹਨ ਤਾਂ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਜੇ ਨਹੀਂ ਦਿੰਦੇ ਤਾਂ ਵੀ ਕੋਈ ਫ਼ਰਕ ਨਹੀਂ ਪੈਂਦਾ।
-ਸੰਜੀਵ ਕੁਮਾਰ