11 ਨਵੰਬਰ 2016 ਦੀ ਗੱਲ ਹੈ। ਰਾਮਦੁਰੇਸ਼ ਦੇ ਵਿੱਚਕਾਰਲੇ ਮੁੰਡੇ ਪਵਨ ਕੁਮਾਰ ਦੀ 4 ਦਿਨ ਬਾਅਦ ਸ਼ਾਦੀ ਸੀ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਸਨ ਕਿਉਂਕਿ ਉਹ ਮੂਲ ਤੌਰ ਤੇ ਬਿਹਾਰ ਦਾ ਰਹਿਣ ਵਾਲਾ ਸੀ, ਇਸ ਕਰਕੇ ਉਥੋਂ ਉਸਦੇ ਕਈ ਰਿਸ਼ਤੇਦਾਰ ਆ ਚੁੱਕੇ ਸਨ। ਪਵਨ ਦਾ ਵੱਡਾ ਭਰਾ ਰੰਜਨ ਰਾਜੇਸ਼ ਜੋ ਦੁਬਈ ਵਿੱਚ ਨੌਕਰੀ ਕਰਦਾ ਸੀ, ਉਹ ਵੀ ਆ ਚੁੱਕਾ ਸੀ।
ਦੁਪਹਿਰ ਦੇ ਕਰੀਬ 3 ਵਜੇ ਰਾਮਦੁਰੇਸ਼ ਆਪਣੀਆਂ ਦੋਵੇਂ ਪੋਤੀਆਂ, ਰਿਧਿਮਾ ਅਤੇ ਰੌਸ਼ਨੀ ਨੂੰ ਸਟਾਲਰ ਤੇ ਬਿਠਾ ਕੇ ਸੜਕ ‘ਤੇ ਘੁੰਮਾ ਰਿਹਾ ਸੀ। ਉਹਨਾਂ ਨੂੰ ਆਏ ਹਾਲੇ 10 ਮਿੰਟ ਹੀ ਹੋਏ ਹੋਣਗੇ ਕਿ ਮੋਟਰ ਸਾਈਕਲ ਤੇ ਆਏ 3 ਨੌਜਵਾਨਾਂ ਨੇ ਉਸਨੂੰ ਰੋਕ ਲਿਆ। ਉਹਨਾਂ ਨੇ ਮੂੰਹ ਤੇ ਕੱਪੜਾ ਬੰਨ ਰੱਖਿਆ ਸੀ, ਇਸ ਕਰਕੇ ਰਾਮਦੁਰੇਸ਼ ਉਹਨਾਂ ਨੂੰ ਪਛਾਣ ਨਾ ਸਕਿਆ।
ਮੋਟਰ ਸਾਈਕਲ ਤੇ ਆਏ ਲੜਕਿਆਂ ਵਿੱਚੋਂ 2 ਹੇਠਾਂ ਉਤਰੇ ਅਤੇ ਰਾਮਦੁਰੇਸ਼ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਉਸਦੇ ਡਿੱਗਦੇ ਹੀ ਉਹ ਲੜਕੇ ਸਟਾਲਰ ਤੋਂ 2 ਸਾਲ ਦੇ ਰੌਸ਼ਨੀ ਨੂੰ ਚੁੱਕ ਕੇ ਫ਼ਗਵਾੜਾ ਵੱਲ ਭੱਜ ਗਏ। ਇਹ ਸਭ ਇੰਨੀ ਜਲਦੀ ਵਿੱਚ ਹੋਇਆ ਸੀ ਕਿ ਰਾਮਦੁਰੇਸ਼ ਕੁਝ ਸੋਚ ਸਮਝ ਹੀ ਨਹੀਂ ਸਕਿਆ। ਜਦੋਂ ਤੱਕ ਉਹ ਉਠ ਕੇ ਖੜ੍ਹਾ ਹੋਇਆ, ਮੋਟਰ ਸਾਈਕਲ ਸਵਾਰ ਕਾਫ਼ੀ ਦੂਰ ਜਾ ਚੁੱਕੇ ਸਨ। ਉਹ ਮੋਟਰ ਸਾਈਕਲ ਦਾ ਨੰਬਰ ਵੀ ਨਹੀਂ ਦੇਖ ਸਕਿਆ।
ਰਾਮਦੁਰੇਸ਼ ਨੇ ਸ਼ੋਰ ਮਚਾਇਆ ਤਾਂ ਬਹੁਤ ਸਾਰੇ ਲੋਕ ਇੱਕੱਠੇ ਹੋ ਗਏ। ਘਰ ਵਾਲੇ ਵੀ ਬਾਹਰ ਆ ਗਏ। ਉਹਨਾਂ ਨੇ ਉਹਨਾਂ ਲੜਕਿਆਂ ਦਾ ਪਿੱਛਾ ਕਰਨ ਲਈ ਕਿਹਾ। ਕਈ ਲੋਕ ਮੋਟਰ ਸਾਈਕਲਾਂ ਤੇ ਫ਼ਗਵਾੜੇ ਵੱਲ ਗਏ ਪਰ ਕਿਸੇ ਨੂੰ ਉਹ ਲੜਕੇ ਦਿਖਾਈ ਨਾ ਦਿੱਤੇ। ਰਾਮਦੁਰੇਸ਼ ਕਾਫ਼ੀ ਘਬਰਾਇਆ ਹੋਇਆ ਸੀ। ਉਹਨਾਂ ਨੂੰ ਪਾਣੀ ਪਿਆਇਆ ਗਿਆ। ਜਦੋਂ ਉਹ ਕੁਝ ਠੀਕ ਹੋਇਆ ਤਾਂ ਉਸਨੇ ਪੂਰੀ ਘਟਨਾ ਸੁਣਾਈ।
ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਅਤੇ ਥਾਣੇ ਬਹਿਰਾਮ ਪੁਲਿਸ ਨੂੰ ਫ਼ੋਨ ਤੇ ਦਿੱਤੀ। ਅਗਵਾ ਦੀ ਸੂਚਨਾ ਮਿਲਦੇ ਹੀ ਥਾਣਾ ਬਹਿਰਾਮ ਪੁਲਿਸ ਵੀ ਘਟਨਾ ਸਥਾਨ ਤੇ ਪਹੁੰਚ ਗਈ। ਦਿਨ ਦਿਹਾੜੇ ਬੱਚੀ ਦੇ ਅਗਵਾ ਦੀ ਗੱਲ ਸੁਣ ਕੇ ਸਾਰੇ ਹਹ ਗੲੈ। ਕੁਝ ਹੀ ਦੇਰ ਵਿੱਚ ਉਚ ਪੁਲਿਸ ਅਧਿਕਾਰੀ ਵੀ ਆ ਗਏ। ਰਾਮਦੁਰੇਸ਼ ਨੇ ਪੁਲਿਸ ਨੂੰ ਆਪਣੀ ਪੋਤੀ ਰੋਸ਼ਨੀ ਦੇ ਅਗਵਾ ਦੀ ਗੱਲ ਦੱਸੀ। ਦੋ ਜ਼ਿਲ੍ਹਿਆਂ ਵਿੱਚ ਐਲਰਟ ਜਾਰੀ ਕਰ ਦਿੱਤਾ ਗਿਆ। ਪੁਲਿਸ ਨੇ ਰਾਮਦੁਰੇਸ਼ ਅਤੇ ਉਸਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਕਿਸੇ ਨਾਲ ਕੋਈ ਲੈਣ-ਦੇਣ ਜਾਂ ਝਗੜਾ ਆਦਿ ਨਹੀਂ ਸੀ। ਸਾਰੇ ਆਪਣੇ ਕੰਮ ਨਾਲ ਸਬੰਧ ਰੱਖਦੇ ਸਨ।
ਉਹਨਾਂ ਨੇ ਇਹ ਵੀ ਦੱਸਿਆ ਕਿ 4 ਦਿਨ ਬਾਅਦ ਉਹਨਾਂ ਦੇ ਘਰ ਲੜਕੀ ਦਾ ਵਿਆਹ ਹੈ। ਉਸ ਦਾ ਪਹਿਲਾ ਰਿਸ਼ਤਾ 3 ਮਹੀਨੇ ਪਹਿਲਾਂ ਫ਼ਗਵਾੜਾ ਦੇ ਇੱਕ ਪਰਿਵਾਰ ਵਿੱਚ ਤਹਿ ਹੋਇਆ ਸੀ, ਜੋ ਬਾਅਦ ਵਿੱਚ ਕਿਸੇ ਕਾਰਨ ਟੁੱਟ ਗਿਆ। ਰਿਸ਼ਤਾ ਟੁੱਟਣ ਤੋਂ ਬਾਅਦ ਉਹਨਾਂ ਲੋਕਾਂ ਨੇ ਖੂਬ ਝਗੜਾ ਕੀਤਾ ਅਤੇ ਦੇਖ ਲੈਣ ਦੀ ਧਮਕੀ ਦਿੱਤੀ ਸੀ।
ਰਾਮਦੁਰੇਸ਼ ਨੇ ਜਿਹਨਾਂ ਲੋਕਾਂ ‘ਤੇ ਸ਼ੱਕ ਜਾਹਿਰ ਕੀਤਾ ਸੀ, ਸੁਰੇਸ਼ ਚੰਦ ਨੇ ਉਹਨਾਂ ਲੋਕਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਪਰ ਉਹਨਾਂ ਨੂੰ ਉਹ ਲੋਕ ਬੇਕਸੂਰ ਲੱਗੇ। ਉਹਨਾਂ ਦਾ ਇਸ ਵਾਰਦਾਤ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਪੁਲਿਸ ਦੇ ਉਚ ਅਧਿਕਾਰੀਆਂ ਦੇ ਆਦੇਸ਼ ਤੇ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਗਏ। ਘਟਨਾ ਸਥਾਨ ਦੇ ਨੇੜੇ ਇੱਕ ਕੈਮਰਾ ਲੱਗਿਆ ਸੀ, ਜੋ ਕਾਫ਼ੀ ਵਕਤ ਤੋਂ ਖਰਾਬ ਸੀ। ਹੁਰ ਥਾਵਾਂ ਤੇ ਲੱਗੇ ਕੈਮਰਿਆਂ ਤੋਂ ਕੋਈ ਸੁਰਾਗ ਨਾ ਮਿਲਿਆ। ਦੋਵੇਂ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਬੱਚੀ ਦੀ ਭਾਲ ਵਿੱਚ ਜੁਟੀਆਂ ਸਨ ਪਰ ਦੇਰ ਰਾਤ ਤੱਕ ਕੋਈ ਸੁਰਾਗ ਨਹੀਂ ਮਿਲਿਆ।
ਰਾਮਦੁਰੇਸ਼ ਦੇ ਘਰ ਵਿੱਚ ਜੋ ਖੁਸ਼ੀ ਦਾ ਮਾਹੌਲ ਸੀ, ਉਹ ਉਦਾਸੀ ਵਿੱਚ ਬਦਲ ਗਿਆ। ਰੌਸ਼ਨੀ ਦੀ ਮਾਂ ਨੇਹਾ ਦਾ ਰੋ-ਰੋ ਕੇ ਮਾੜਾ ਹਾਲ ਹੋ ਗਿਆ ਸੀ। ਅਗਲੇ ਦਿਨ ਅਗਵਾਕਾਰ ਦਾ ਫ਼ੋਨ ਆਇਆ। ਉਸ ਨੇ ਕਿਹਾ ਕਿ ਬੱਚੀ ਉਸਦੇ ਕਬਜ਼ੇ ਵਿੱਚ ਹੈ ਅਤੇ ਜੇਕਰ ਬੱਚੀ ਚਾਹੀਦੀ ਹੈ ਤਾਂ 50 ਲੱਖ ਦਾ ਇੰਤਜ਼ਾਮ ਕਰ ਲਓ। ਪੈਸੇ ਕਦੋਂ ਅਤੇ ਕਿੱਥੇ ਪਹੁੰਚਾਉਣੇ ਹਨ, ਇਹ ਗੱਲ ਬਾਅਦ ਵਿੱਚ ਦੱਸੀ ਜਾਵੇਗੀ। ਰਾਮਦੁਰੇਸ਼ ਨੇ ਇਹ ਗੱਲ ਪੁਲਿਸ ਨੂੰ ਦੱਸੀ। ਅਗਵਾਕਾਰਾਂ ਦੇ ਫ਼ੋਨ ਨੰਬਰ ਤੋਂ ਪੁਲਿਸ ਨੂੰ ਉਹਨਾਂ ਕੋਲ ਪਹੁੰਚਣ ਦਾ ਰਸਤਾ ਮਿਲ ਗਿਆ।
ਪੁਲਿਸ ਨੇ ਉਸ ਨੰਬਰ ਦੀ ਕਾਲ ਡਿਟੇਲ ਅਤੇ ਲੁਕੇਸ਼ ਪਤਾ ਕੀਤੀ ਤਾਂ ਪਤਾ ਲੱਗਿਆ ਕਿ ਉਹ ਨੰਬਰ ਕਸਬੇ ਦੇ ਹੀ ਇੱਕ ਦੁਕਾਨਦਾਰ ਦਾ ਸੀ। ਉਸ ਦੀ ਮੋਬਾਇਲ ਫ਼ੋਨ ਦੀ ਦੁਕਾਨ ਸੀ। ਦੁਕਾਨਦਾਰ ਨੇ ਦੱਸਿਆ ਕਿ ਲੱਗਭੱਗ 2 ਮਹੀਨੇ ਪਹਿਲਾਂ ਇਹ ਸਿਮ ਉਸਦੀ ਦੁਕਾਨ ਤੋਂ ਚੋਰੀ ਹੋ ਗਿਆ ਸੀ। ਪੁਲਿਸ ਨੇ ਜਦੋਂ ਉਸ ਤੋਂ ਪੁੱਛਿਆ ਕਿ ਉਸ ਦੀ ਦੁਕਾਨ ਤੇ ਕਿਹੜੇ ਲੋਕਾਂ ਦਾ ਜ਼ਿਆਦਾ ਆਉਣਾ ਜਾਣਾ ਹੈ ਅਤੇ ਕਿਹਨਾਂ ਨਾਲ ਦੋਸਤਾਨਾ ਵਤੀਰਾ ਹੈ ਤਾਂ ਉਸ ਨੇ 8 ਲੋਕਾਂ ਦੇ ਨਾਂ ਦੱਸੇ।
ਉਹਨਾਂ ਲੋਕਾਂ ਦੇ ਨਾਂ ਅਤੇ ਐਡਰੈਸ ਲੈ ਕੇ ਪੁਲਿਸ ਨੇ ਉਹਨਾਂ ਬਾਰੇ ਪਤਾ ਕੀਤਾ ਤਾਂ ਉਹਨਾਂ ਵਿੱਚੋਂ 5 ਲੜਕੇ ਮਿਲ ਗਏ, 3 ਫ਼ਰਾਰ ਮਿਲੇ। ਪੁਲਿਸ ਦਾ ਸਿੱਧਾ ਸ਼ੱਕ ਉਹਨਾਂ ਤੇ ਹੀ ਗਿਆ। ਅਗਲੇ ਦਿਨ ਪੁਲਿਸ ਨੇ ਸ਼ਹਿਰ ਦੇ ਸਾਰੇ ਛੋਟੇ-ਵੱਡੇ ਰਸਤਿਆਂ ਦੇ ਨਾਕੇਬੰਦੀ ਕਰ ਦਿੱਤੀ। ਨਾਲ ਹੀ ਅਗਵਾਕਾਰਾਂ ਦੇ ਫ਼ੋਨ ਦਾ ਵੀ ਇੰਤਜ਼ਾਰ ਕੀਤਾ ਪਰ ਫ਼ੋਨ ਨਹੀਂ ਆਇਆ।
ਥਾਣਾ ਬੰਗਾ ਪੁਲਿਸ ਨੇ ਨਾਕਾ ਲਗਾਇਟਾ ਸੀ। ਉਹਨਾਂ ਨੂੰ ਪਿੰਡ ਮੁੰਨਾ ਵੱਲੋਂ ਇੱਕ ਮੋਟਰ ਸਾਈਕਲ ਤੇ 3 ਲੜਕੇ ਆਉਂਦੇ ਦੇਖੇ, ਪਰ ਪੁਲਿਸ ਨੂੰ ਦੇਖ ਕੇ ਮੋਟਰ ਸਾਈਕਲ ਵਾਪਸ ਕਰ ਲਿਆ। ਪੁਲਿਸ ਨੇ ਪਿੱਛਾ ਕੀਤਾ ਅਤੇ ਕੁਝ ਹੀ ਦੂਰੀ ਤੇ ਪਕੜ ਲਿਆ। ਤਿੰਨਾਂ ਦਾ ਹੁਲੀਆ ਰਾਮਦੁਰੇਸ਼ ਦੁਆਰਾ ਦੱਸੇ ਅਗਵਾਕਾਰਾਂ ਨਾਲ ਮਿਲ ਰਿਹਾ ਸੀ। ਇਸ ਕਰਕੇ ਜਾਂਚ ਲਈ ਤਿੰਨਾਂ ਨੂੰ ਥਾਣੇ ਲਿਆਂਦਾ।
ਉਹਨਾਂ ਨੇ ਆਪਣੇ ਨਾਂ ਗੋਇਲ ਕੁਮਾਰ ਉਰਫ਼ ਕੌਰੀ, ਹਰਮਨ ਕੁਮਾਰ ਉਰਫ਼ ਹੈਪੀ ਅਤੇ ਰਿਸ਼ੀ ਦੱਸੇ। ਰਿਸ਼ੀ ਕੁਮਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਟੋਡਰਪੁਰ ਦਾ ਰਹਿਣ ਵਾਲਾ ਸੀ, ਜਦਕਿ ਗੋਇਲ ਅਤੇ ਹਰਮਨ ਰਾਮਦੁਰੇਸ਼ ਦੇ ਹੀ ਪਿੰਡ ਖੋਥੜਾ ਦੇ ਰਹਿਣ ਵਾਲੇ ਸਨ। ਤਿੰਨਾਂ ਤੋਂ ਜਦੋਂ ਰੌਸ਼ਨੀ ਅਗਵਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਰੌਸ਼ਨੀ ਦਾ ਅਗਵਾ ਉਹਨਾਂ ਨੇ ਹੀ ਕੀਤਾ ਸੀ ਪਰ ਹੁਣ ਉਹ ਜਿਉਂਦੀ ਨਹੀਂ, ਉਸਦੀ ਹੱਤਿਆ ਕਰਕੇ ਲਾਸ਼ ਸਾੜ ਦਿੱਤੀ ਸੀ।
ਇਹ ਖਬਰ ਜਦੋਂ ਰਾਮਦੁਰੇਸ਼ ਦੇ ਘਰ ਵਾਲਿਆਂ ਤੱਕ ਪਹੁੰਚੀ ਤਾਂ ਕੋਹਰਾਮ ਮੱਚ ਗਿਆ। ਜਦੋਂ ਇਹ ਖਬਰ ਪੂਰੇ ਸ਼ਹਿਰ ਵਿੱਚ ਫ਼ੈਲੀ ਤਾਂ ਅਗਵਾਕਾਰਾਂ ਨੂੰ ਦੇਖਣ ਲਈ ਥਾਣੇ ਤੋਂ ਬਾਹਰ ਭੀੜ ਲੱਗ ਗਈ। ਲੋਕ ਅਗਵਾਕਾਰਾਂ ਨੂੰ ਆਪਣੇ ਹਵਾਲੇ ਕਰਨ ਦੀ ਮੰਗ ਕਰਨ ਲੱਗੇ ਤਾਂ ਜੋ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣ।
ਤਿੰਨੇ ਅਗਵਾਕਾਰਾਂ ਦੀ ਉਮਰ 18 ਤੋਂ 30 ਸਾਲ ਦੀ ਸੀ। ਥਾਣੇ ਤੇ ਜਨਤਾ ਦੀ ਹੰਗਾਮਾ ਅਤੇ ਗੁੱਸਾ ਦੇਖ ਕੇ ਹੋਰ ਪੁਲਿਸ ਮੰਗਵਾਈ। ਤਿੰਨਾਂ ਨੂੰ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ। ਉਹਨਾਂ ਦੀ ਨਿਸ਼ਾਨਦੇਹੀ ਤੇ ਹੁਸ਼ਿਆਰਪੁਰ ਦੇ ਪਿੰਡ ਨਡਾਲੋ ਦੇ ਕੋਲੋਂ ਲੰਘਦੀ ਡ੍ਰੇਨ ਦੇ ਨੇੜੇ ਇੱਕ ਖੇਤ ਤੋਂ ਬੱਚੀ ਦੀ ਅੱਧਸੜੀ ਲਾਸ਼ ਬਰਾਮਦ ਕੀਤੀ। ਅਸਲ ਵਿੱਚ ਇਹ ਉਹਨਾਂ ਦੀ ਗੰਦੀ ਸੋਚ ਦਾ ਨਤੀਜਾ ਸੀ ਜੋ ਇੱਕਦਮ ਅਮੀਰ ਬਣਨਾ ਚਾਹੁੰਦੇ ਸਨ।
ਰਿਸ਼ੀ, ਹੈਪੀ ਅਤੇ ਗੌਰੀ ਬਚਪਨ ਤੋਂ ਹੀ ਸ਼ਾਤਿਰ ਅਤੇ ਉਚੇ ਇਰਾਦੇ ਰੱਖਣ ਵਾਲੇ ਸਨ। ਪੜ੍ਹਾਈ ਦੌਰਾਨ ਹੀ ਉਹ ਅਵਾਰਾਗਰਦੀ ਕਰਨ ਲੱਗੇ ਸਨ। ਜਿਸ ਕਰਕੇ ਜ਼ਿਆਦਾ ਪੜ੍ਹ ਨਾ ਸਕੇ। ਉਹਨਾਂ ਦੇ ਪਿੰਡ ਦੇ ਸਾਰੇ ਮੁੰਡੇ ਵਿਦੇਸ਼ਾਂ ਵਿੱਚ ਰਹਿ ਕੇ ਚੰਗੀ ਕਮਾਈ ਕਰ ਰਹੇ ਸਨ, ਜਿਸ ਕਰਕੇ ਉਹ ਵੀ ਵਿਦੇਸ਼ ਜਾਣਾ ਚਾਹੁੰਦੇ ਸਨ ਪਰ ਪੈਸੇ ਨਾ ਹੋਣ ਕਾਰਨ ਜਾ ਨਾ ਸਕੇ। ਮਜਬੂਰ ਹੋ ਕੇ ਉਹ ਇੱਕਦਮ ਮੋਟੀ ਕਮਾਈ ਕਰਨ ਬਾਰੇ ਸੋਚਣ ਲੱਗੇ।
ਖੋਥੜਾ ਪਿੰਡ ਵਿੱਚ ਹੀ ਰਾਮਦੁਰੇਸ਼ ਦਾ ਪਰਿਵਾਰ ਰਹਿੰਦਾ ਸੀ। ਵੈਸੇ ਤਾਂ ਰਾਮਦੁਰੇਸ਼ ਬਿਹਾਰੀ ਸੀ ਪਰ ਉਹ 35 ਸਾਲਾਂ ਤੋੱ ਇੱਥੇ ਰਹਿ ਰਿਹਾ ਸੀ। ਉਹ ਫ਼ਗਵਾੜਾ ਦੀ ਜੇ. ਸੀ. ਟੀ. ਮਿਲ ਵਿੱਚ ਨੌਕਰੀ ਕਰਦਾ ਸੀ ਅਤੇ ਉਸਦੇ ਤਿੰਨ ਮੁੰਡੇ ਸਨ।
ਰਾਮਦੁਰੇਸ਼ ਜਿਸ ਇਲਾਕੇ ਵਿੱਚ ਰਹਿੰਦਾ ਸੀ, ਸ਼ਾਇਦ ਹੀ ਅਜਿਹਾ ਕੋਈ ਘਰ ਹੋਵੇਗਾ, ਜਿਸ ਦਾ ਕੋਈ ਵਿਅਕਤੀ ਵਿਦੇਸ਼ ਨਾ ਗਿਆ ਹੋਵੇ।
ਕਿਸੇ ਤਰ੍ਹਾਂ ਰਾਮਦੁਰੇਸ਼ ਨੇ ਵੀ ਆਪਣੇ ਵੱਡੇ ਮੁੰਡੇ ਰਾਜੇਸ਼ ਨੂੰ ਸੰਨ 2005 ਵਿੱਚ ਦੁਬਈ ਭੇਜ ਦਿੱਤਾ ਸੀ। ਰਾਮਦੁਰੇਸ਼ ਦੇ ਮੁੰਡੇ ਨੇ ਮਿਹਨਤ ਕਰਕੇ ਸੈਫ਼ਰਨ ਇਨਕਲਾਵ ਵਿੱਚ ਇੱਕ ਪਲਾਟ ਖਰੀਦ ਕੇ ਕੋਠੀ ਪਾ ਲਈ ਸੀ। 2010 ਵਿੱਚ ਉਸਦਾ ਵਿਆਹ ਹੋ ਗਿਆ ਸੀ। ਉਹ 2 ਬੱਚੀਆਂ ਦਾ ਪਿਤਾ ਸੀ, ਜਿਹਨਾਂ ਵਿੱਚ ਵੱਡੀ ਰਿਧਿਮਾ 4 ਸਾਲ ਦੀ ਅਤੇ ਛੋਟੀ ਰੌਸ਼ਨੀ 2 ਸਾਲ ਦੀ ਸੀ। ਸੰਨ 2014 ਦੇ ਅੰਤ ਵਿੱਚ ਰਾਮਦੁਰੇਸ਼ ਨੌਕਰੀ ਤੋਂ ਰਿਟਾਇਰ ਹੋਇਆ ਤਾਂ ਕਾਫ਼ੀ ਪੈਸੇ ਮਿਲੇ।
ਇਸ ਦਰਮਿਆਨ ਉਸਦਾ ਵਿੱਚਕਾਰਲਾ ਮੁੰਡਾ ਵੀ ਵਿਆਹ ਲਾਇੱਕ ਹੋ ਗਿਆ।ਉਸਦਾ ਰਿਸ਼ਤਾ ਫ਼ਗਵਾੜਾ ਦੀ ਹੀ ਇੱਕ ਲੜਕੀ ਨਾਲ ਤਹਿ ਹੋਇਆ ਪਰ ਕਿਸੇ ਵਜ੍ਹਾ ਕਾਰਨ ਰਿਸ਼ਤਾ ਟੁੱਟ ਗਿਆ ਅਤੇ ਬਾਅਦ ਵਿੱਚ ਦੂਜੀ ਥਾਂ ਰਿਸ਼ਤਾ ਤਹਿ ਹੋਇਆ।
ਹੈਪੀ, ਰਿਸ਼ੀ ਅਤੇ ਗੌਰੀ ਰਾਮਦੁਰੇਸ਼ ਦੀ ਹੈਸੀਅਤ ਜਾਣਦੇ ਸਨ, ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦਾ ਵੱਡਾ ਮੁੰਡਾ ਦੁਬਈ ਵਿੱਚ ਮੋਟੀ ਕਮਾਈ ਕਰਦਾ ਹੈ। ਰਿਟਾਇਰਮੈਂਟ ਤੀ ਵੀ ਕਾਫ਼ੀ ਪੈਸੇ ਮਿਲੇ ਸਨ। ਇਸ ਕਰਕੇ ਉਹਨਾਂ ਨੇ ਅਗਵਾ ਦੀ ਯੋਜਨਾ ਬਣਾਈ।
ਕੋਠੀ ਤੇ ਰਿਸ਼ਤੇਦਾਰ ਹੋਣ ਕਾਰਨ ਉਹਨਾਂ ਨੂੰ ਲੁੱਟ ਕਰਨੀ ਰਿਸਕੀ ਲੱਗੀ, ਇਸ ਕਰਕੇ ਯੋਜਨਾ ਬਦ ਦਿੱਤੀ। ਰਿਸ਼ੀ ਨੇ ਉਹਨਾਂ ਦੇ ਬੱਚੇ ਨੂੰ ਅਗਵਾ ਕਰਨ ਦੀ ਯੋਜਨਾ ਦੱਸੀ। ਫ਼ਿਰੌਤੀ ਦੀ ਰਕਮ ਮੰਗਣ ਲਈ ਉਹਨਾ ਨੇ ਸਿਮ ਦਾ ਇੰਤਜ਼ਾਮ ਵੀ ਕਰ ਲਿਆ, ਜੋ ਉਹਨਾਂ ਦੇ ਨਾਂ ਤੇ ਨਾ ਹੋਵੇ।ਉਹ ਸਿਮ ਕਾਰਡ ਉਹਨਾਂ ਨੇ ਮੇਹਲੀ ਦੇ ਲਲਿਤ ਜੁਨੇਜਾ ਤੋਂ ਸਾਢੇ 3 ਸੌ ਰੁਪਏ ਵਿੱਚ ਖਰੀਦਿਆ ਜੋ ਕਿ ਫ਼ੋਨ ਅਸੈਸਰੀ ਦੀ ਦੁਕਾਨ ਕਰਦਾ ਸੀ। ਰਾਮਦੁਰੇਸ਼ ਦੇ ਘਰ ਤਾਕ ਝਾਕ ਕਰਦਿਆਂ ਉਹਨਾਂ ਨੂੰ 11 ਨਵੰਬਰ 2016 ਨੁੰ ਮੌਕਾ ਮਿਲ ਗਿਆ। ਉਹਨਾਂ ਨੇ ਰਾਮਦੁਰੇਸ਼ ਨੂੰ ਆਪਣੀਆਂ ਦੋਵੇਂ ਪੋਤੀਆਂ ਨਾਲ ਦੇਖਿਆ ਤਾਂ ਉਸਨੂੰ ਧੱਕਾ ਦੇ ਕੇ ਉਸਦੀ 2 ਸਾਲ ਦੀ ਪੋਤੀ ਨੂੰ ਅਗਵਾ ਕਰਕੇ ਲੈ ਗਏ। ਇਹਨਾਂ ਦੀ ਹੀ ਨਿਸ਼ਾਨਦੇਹੀ ਤੇ ਪੁਲਿਸ ਨੇ ਸਿਮ ਵੇਚਣ ਵਾਲੇ ਲਲਿਤ ਜੁਨੇਜਾ ਨੂੰ ਵੀ ਪਕੜ ਲਿਆ।