ਜਲੰਧਰ — ਲੋਕਲ ਬਾਡੀਜ਼ ਵਿਭਾਗ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਦੇ ਆਪਣੇ ਪਹਿਲੇ ਦੌਰੇ ‘ਤੇ ਨਗਰ ਨਿਗਮ ਦੇ ਭ੍ਰਿਸ਼ਟ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਸੁਧਰ ਜਾਣ ਦੀ ਹਦਾਇਤ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਸਾਲਿਡ ਵੇਸਟ ਮੈਨੇਜਮੈਂਟ ਇਕ ਅਹਿਮ ਮੁੱਦਾ ਹੈ, ਜਿਸ ‘ਤੇ ਤੁਰੰਤ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਸੈਕਰੇਟਰੀ ਰੂਰਲ ਡਿਵੈਲਪਮੈਂਟ, ਸੈਕਰੇਟਰੀ ਅਰਬਨ ਡਿਵੈਲਪਮੈਂਟ, ਡੀ. ਐੱਮ., ਨਿਗਮ ਕਮਿਸ਼ਨਰ ਤੇ ਆਧਾਰਿਤ ਇਕ ਕਮੇਟੀ ਬਣਾਈ ਹੈ। ਕਮੇਟੀ ਨੂੰ ਕਿਹਾ ਕਿ ਉਹ ਅੱਜ ਦਾ ਨਹੀਂ ਅਗਲੇ 30 ਸਾਲਾਂ ਦੇ ਪਲਾਨ ਨੂੰ ਧਿਆਨ ‘ਚ ਰੱਖ ਕੇ ਸ਼ਹਿਰਾਂ ਤੋਂ ਬਾਹਰ ਅਨੁਕੂਲ ਜ਼ਮੀਨਾਂ ਨੂੰ ਲੱਭਣ। ਜੇਕਰ 10 ਏਕੜ ਜ਼ਮੀਨ ਦੀ ਅੱਜ ਜ਼ਰੂਰਤ ਹੈ ਤਾਂ 50 ਏਕੜ ਜ਼ਮੀਨ ਖਰੀਦੀ ਜਾਵੇ। ਮੈਂ ਉਸ ਦੇ ਲਈ ਤੁਰੰਤ ਪੈਸਾ ਦੇਵਾਂਗਾ। ਸਿੱਧੂ ਨੇ ਕਿਹਾ ਕਿ 10 ਦਿਨ ਤੋਂ ਬਾਅਦ ਉਹ ਕਮੇਟੀ ਨਾਲ ਮੀਟਿੰਗ ਕਰ ਕੇ ਇਸ ਦੀ ਰਿਪੋਰਟ ਕੈਪਟਨ ਅਮਰਿੰਦਰ ਨੂੰ ਦੇਣਗੇ।
ਗੁਰੂ ਗੰਭੀਰ ਮਾਮਲੇ ‘ਚ ‘ਠੋਕੋ ਤਾਲੀ’ ਨਹੀਂ ਹੁੰਦੀ
ਸਿੱਧੂ ਨੇ ਜਿਵੇਂ ਹੀ ਕਿਹਾ ਕਿ ਪਾਣੀ ਤੇ ਸੀਵਰੇਜ ਦੇ ਬਿੱਲਾਂ ਨੂੰ ਸਮੇਂ ‘ਤੇ ਨਾ ਭੇਜਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਨੋਟਿਸ ਭੇਜੇ ਜਾਣਗੇ। ਅਜਿਹਾ ਸੁਣਦੇ ਹੀ ਭੀੜ ‘ਚੋਂ ਕਿਸੇ ਨੇ ਕਿਹਾ-ਠੋਕੋ-ਠੋਕੋ ਤਾਲੀ, ਜਿਸ ‘ਤੇ ਸਿੱਧੂ ਨੇ ਆਪਣੀ ਹਾਜ਼ਰ ਜਵਾਬੀ ‘ਚ ਕਿਹਾ ਕਿ ਗੁਰੂ ਪੰਜਾਬ ਨਾਲ ਜੁੜੇ ਗੰਭੀਰ ਮਸਲੇ ‘ਤੇ ਚਰਚਾ ਹੋ ਰਹੀ ਹੈ ਤੇ ਅਜਿਹੇ ਗੰਭੀਰ ਮਾਮਲਿਆਂ ‘ਚ ਠੋਕੋ-ਠੋਕੋ ਤਾਲੀ ਨਹੀਂ ਹੁੰਦੀ।