ਚੰਡੀਗੜ੍ਹ  : ਪੰਜਾਬ ਵਿਚ ਅਚਾਨਕ ਖਰਾਬ ਹੋਏ ਮੌਸਮ ਨੇ ਜਿਥੇ ਕਿਸਾਨਾਂ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਉਥੇ ਅੱਜ ਦਿਨ ਭਰ ਤੇਜ਼ ਹਨ੍ਹੇਰੀ ਚੱਲਣ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ| ਇਸ ਦੌਰਾਨ ਅੱਜ ਚੱਲੀ ਹਨ੍ਹੇਰੀ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ| ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦਸੂਹਾ ਹਾਜੀਪੁਰ ਸੜਕ ਉਤੇ ਹਨ੍ਹੇਰੀ ਕਾਰਨ ਇਕ ਸਫੈਦਾ ਟੁੱਟ ਕੇ ਸੜਕ ਤੇ ਚੱਲ ਰਹੀ ਮਹਿੰਦਰਾ ਜ਼ਾਇਲੋ ਉਤੇ ਡਿੱਗ ਪਿਆ, ਜਿਸ ਕਾਰਨ ਇਸ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਦੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ| ਸਫੈਦਾ ਇੰਨਾ ਭਾਰੀ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ| ਇਸ ਦੌਰਾਨ ਸੜਕ ਉਤੇ ਕਾਫੀ ਸਮਾਂ ਜਾਮ ਲੱਗਾ ਰਿਹਾ|