ਚੰਡੀਗਡ਼ : ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਅਤੇ ਦਾਖਾ ਹਲਕਾ ਦੇ ਐਮ. ਐਲਂ. ਏ, ਸ. ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕੱਲ ਗਡ਼੍ਹਿਆਂ ਦੀ ਬੇਮੌਸਮੀ ਮਾਰ ਪੈਣ ਕਰਕੇ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਹਨ, ਸਰਕਾਰ ਉਹਨਾਂ ਨੂੰ ਜਲਦੀ ਤੋਂ ਜਲਦੀ ਉਚਿਤ ਮੁਆਵਜ਼ਾ ਦੇਵੇ ।
ਬੇ ਮੌਸਮੀ ਹਾਲਾਤਾਂ ਕਾਰਣ, ਪੰਜਾਬ ਵਿੱਚ, ਖ਼ਾਸ ਕਰਕੇ ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ, ਵੱਡੇ ਪੱਧਰ ਤੇ ਤਬਾਹ ਹੋਈਆਂ ਫਸਲਾਂ ਦਾ ਸਖ਼ਤ ਨੋਟਿਸ ਲੈਂਦਿਆਂ ਹੋਇਆਂ, ਸ. ਫੂਲਕਾ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਦੀਆਂ ਤਬਾਹ ਹੋਈਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਇਸਦਾ ਸਹੀ ਮੁਲਂਾਕਣ ਕੀਤਾ ਜਾਵੇ ।
ਸਰਦਾਰ ਫੂਲਕਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਨੀਤੀ ਉਹੋ ਜਿਹੀ ਹੀ ਹੋਣੀ ਚਾਹੀਦੀ ਹੈ ਜੋ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਓਥੋਂ ਦੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਣ ਤੇ, ੨੦ ਹਜ਼ਾਰ ਪ੍ਰਤੀ ਏਕਡ਼ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਲਈ ਅਪਣਾਈ ਸੀ ।
ਪਿਛਲੇ ਸਮੇਂ ਦਾ ਹਵਾਲਾ ਦਿੰਦੇ ਹੋਏ ਸਰਦਾਰ ਫੂਲਕਾ ਨੇ ਕਿਹਾ ਕਿ ਜਦ ਅਕਾਲੀ ਸਰਕਾਰ ਦੀ ਹਕੂਮਤ ਦੌਰਾਨ, ਨਰਮਾ ਬੀਜਣ ਵਾਲੇ ਇਲਾਕਿਆਂ ਵਿੱਚ ਚਿੱਟੀ ਮੱਖੀ ਦੀ ਮਾਰ ਅਤੇ ਘਟੀਆ ਕਿਸਮ ਦੀਆਂ ਕੀਟ ਨਾਸ਼ਕ ਦਵਾਈਆਂ ਕਾਰਣ, ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ, ਤਾਂ ਬਹੁਤ ਸਾਰੇ ਕਿਸਾਨਾਂ ਨੇ ਸਰਕਾਰ ਦੀ ਬੇਰੁਖੀ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਕਰ ਲਈਆਂ ਸਨ ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਅਜਿਹੇ ਹਾਲਾਤ ਦੁਬਾਰਾ ਪੈਦਾ ਹੋਣ, ਸਰਕਾਰ ਨੂੰ ਤੁਰੰਤ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ