ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ‘ਤੇ ਸੁਣਵਾਈ ਪੂਰੀ ਕਰ ਲਈ ਹੈ। ਸੁਣਵਾਈ ਮਗਰੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਣ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਸਮੇਤ 13 ਹੋਰ ਲੋਕਾਂ ਖਿਲਾਫ਼ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਹੈ। ਸੁਪਰੀਮ ਕੋਰਟ ਨੇ ਇਨ੍ਹਾਂ 13 ਲੋਕਾਂ ‘ਤੇ ਅਪਰਾਧਕ ਸਾਜ਼ਿਸ਼ ਦੇ ਦੋਸ਼ ਲਾਉਣ ਜਾਂ ਨਾ ਲਾਉਣ, ਇਸ ਨਾਲ ਸਬੰਧਿਤ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਅਦਾਲਤ ਨੂੰ ਕਿਹਾ ਕਿ ਅਡਵਾਨੀ ਅਤੇ 12 ਹੋਰ ਨੂੰ ਵਿਵਾਦਿਤ ਬਾਬਰੀ ਮਸਜਿਦ ਦਾ ਢਾਂਚਾ ਤੋੜਣ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਸਨ।
ਦੱਸਣਯੋਗ ਹੈ ਕਿ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਹੀ ਜਾ ਰਹੀ ਸੀ ਤਾਂ ਅਯੋਧਿਆ ਦੇ ਰਾਮ ਅਤੇ ਕੁੰਜ ‘ਚ ਮੰਚ ‘ਤੇ ਭਾਜਪਾ ਨੇਤਾ ਅਡਵਾਨੀ ਅਤੇ ਹੋਰ ਭਾਜਪਾ ਆਗੂ ਮੌਜੂਦ ਸਨ। ਬਾਬਰੀ ‘ਚ ਇਕ ਮਾਮਾਲ ਇਨ੍ਹਾਂ ਨੇਤਾਵਾਂ ਖਿਲਾਫ਼, ਜਦਕਿ ਦੂਜਾ ਮਾਮਲਾ ਉਨ੍ਹਾਂ ਲੱਖਾਂ ਵਰਕਰਾਂ ਖਿਲਾਫ਼ ਹੈ, ਜੋ ਘਟਨਾ ਦੇ ਸਮੇਂ ਵਿਵਾਦਿਤ ਢਾਂਚੇ ਦੇ ਆਸ-ਪਾਸ ਮੌਜੂਦ ਸਨ। ਸੀ.ਬੀ.ਆਈ. ਨੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਸਮੇਤ 20 ਹੋਰ ਖਿਲਾਫ ਦੋ ਭਾਈਚਾਰਿਆਂ ‘ਚ ਫੁੱਟ ਪਾਉਣ, ਲੋਕਾਂ ਨੂੰ ਭੜਕਾਉਣ, ਅਫਵਾਹ ਫੈਲਾਉਣ, ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਨਾਲ ਜੁੜੀਆਂ ਧਾਰਾਵਾਂ ‘ਚ ਮਾਮਲਾ ਦਰਜ ਕੀਤਾ ਸੀ। ਬਾਅਦ ‘ਚ ਅਪਰਾਧਿਕ ਸਾਜ਼ਿਸ਼ ਦੀ ਧਾਰਾ 120ਬੀ ਨੂੰ ਵੀ ਜੋੜਿਆ ਗਿਆ ਸੀ। ਹਾਲਾਂਕਿ, ਸਪੈਸ਼ਲ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਬਾਅਦ ‘ਚ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ।