ਦੱਖਣ ਭਾਰਤ ਵਿੱਚ 40 ਸਫ਼ਲ ਫ਼ਿਲਮਾਂ ਵਿੱਚ ਅਭਿਨੈ ਕਰਕੇ ਇੱਕ ਮੁਕਾਮ ਬਣਾਉਣ ਤੋਂ ਬਾਅਦ ਤਾਪਸੀ ਪੰਨੂੰ ਨੇ ਡੇਵਿਡ ਧਵਨ ਨਿਰਦੇਸ਼ਿਤ ਹਿੰਦੀ ਫ਼ਿਲਮੀ ‘ਚਸ਼ਮੇ ਬਦਦੂਰ’ ਤੋਂ 2013 ਵਿੱਚ ਬੌਲੀਵੁੱਡ ਵਿੱਚ ਕਦਮ ਰੱਖਿਆ ਸੀ, ਪਰ ਉਸਨੂੰ ਬੌਲੀਵੁੱਡ ਵਿੱਚ ਕੋਈ ਪਛਾਣ ਨਹੀਂ ਮਿਲੀ। ਇਸਤੋਂ ਬਾਅਦ ਉਸਨੇ ‘ਰਨਿੰਗ ਸ਼ਾਦੀ ਡੌਟ ਕੌਮ’, ‘ਬੇਬੀ’ ਅਤੇ ‘ਪਿੰਕ’ ਵਰਗੀਆਂ ਫ਼ਿਲਮਾਂ ਕੀਤੀਆਂ। ‘ਬੇਬੀ’ ਅਤੇ ‘ਪਿੰਕ’ ਪਹਿਲਾਂ ਪ੍ਰਦਰਸ਼ਿਤ ਹੋ ਗਈ। ‘ਰਨਿੰਗ ਸ਼ਾਦੀ ਡੌਟ ਕੌਮ’ ਹੁਣ ਪ੍ਰਦਰਸ਼ਿਤ ਹੋਈ, ਪਰ ਸਫ਼ਲ ਨਹੀਂ ਹੋਈ। ਇਨ੍ਹਾਂ ਦਿਨਾਂ ਵਿੱਚ ਉਹ ਫ਼ਿਲਮ ‘ਨਾਮ ਸ਼ਬਾਨਾ’ ਨੂੰ ਲੈ ਕੇ ਉਤਸ਼ਾਹਿਤ ਹੈ। ਪੇਸ਼ ਹੈ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼:
-ਤੁਹਾਡੀ ਪਿਛਲੀ ਫ਼ਿਲਮ ‘ਰਨਿੰਗ ਸ਼ਾਦੀ ਡੌਟ ਕੌਮ’ ਨੂੰ ਦਰਸ਼ਕਾਂ ਨੇ ਸਿਰੇ ਤੋਂ ਹੀ ਨਕਾਰ ਦਿੱਤਾ?
-ਫ਼ਿਲਮ ਦੀ ਸਫ਼ਲਤਾ ਜਾਂ ਅਸਫ਼ਲਤਾ ਦੇ ਪਿੱਛੇ ਕਈ ਕਾਰਨ ਹੁੰਦੇ ਹਨ। ਫ਼ਿਲਮ ਚੰਗੀ ਬਣੀ ਸੀ, ਮੇਰੀ ਅਦਾਕਾਰੀ ਦੀ ਲੋਕਾਂ ਨੇ ਕਾਫ਼ੀ ਤਾਰੀਫ਼ ਕੀਤੀ ਸੀ। ਮੈਂ ਆਪਣੇ ਕਿਰਦਾਰ ਨੂੰ ਚੰਗੇ ਢੰਗ ਨਾਲ ਨਿਭਾਇਆ ਹੈ। ਫ਼ਿਲਮ ਦੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਇਸ ਫ਼ਿਲਮ ਵਿੱਚ ਮੇਰੀ ਅਦਾਕਾਰੀ ਦੇਖਣ ਤੋਂ ਬਾਅਦ ਮੈਨੂੰ ਫ਼ਿਲਮ ‘ਪਿੰਕ’ ਮਿਲੀ ਸੀ। ‘ਪਿੰਕ’ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਉਸਤੋਂ ਬਾਅਦ ‘ਰਨਿੰਗ ਸ਼ਾਦੀ ਡੌਟ ਕੌਮ’ ਪ੍ਰਦਰਸ਼ਿਤ ਹੋਈ। ਮੈਂ ਗਿਣਾਉਣਾ ਸ਼ੁਰੂ ਕਰਾਂਗੀ ਤਾਂ ‘ਰਨਿੰਗ ਸ਼ਾਦੀ ਡੌਟ ਕੌਮ’ ਦੀ ਅਸਫ਼ਲਤਾ ਦੇ ਪਿੱਛੇ ਕਈ ਕਾਰਨ ਰਹੇ। ਦੋਖੋ ਫ਼ਿਲਮ ਕਦੋਂ ਪ੍ਰਦਰਸ਼ਿਤ ਹੋ ਰਹੀ ਹੈ? ਇਹ ਵੀ ਬਹੁਤ ਮਾਇਨੇ ਰੱਖਦਾ ਹੈ। ਫ਼ਿਲਮ ਦਾ ਪ੍ਰਚਾਰ ਕਿਸ ਤਰ੍ਹਾਂ ਦਾ ਹੈ, ਇਹ ਵੀ ਮਾਇਨੇ ਰੱਖਦਾ ਹੈ। ਸਿਨਮਾ ਘਰ ਅਤੇ ਸਕਰੀਨ ਸਹੀ ਮਿਲੇ ਜਾਂ ਨਹੀਂ, ਫ਼ਿਲਮ ਦਰਸ਼ਕਾਂ ਤਕ ਪਹੁੰਚੀ ਜਾਂ ਨਹੀਂ। ਮੈਂ ਇਸ ਗੱਲ ਤੋਂ ਖ਼ੁਸ਼ ਹਾਂ ਕਿ ਜੋ ਲੋਕ ਫ਼ਿਲਮ ਦੇਖ ਸਕੇ, ਉਨ੍ਹਾਂ ਨੇ ਮੇਰੇ ਅਭਿਨੈ ਦੀ ਤਾਰੀਫ਼ ਕੀਤੀ। ਮੈਂ ਪਹਿਲਾਂ ਵੀ ਅਸਫ਼ਲ ਫ਼ਿਲਮਾਂ ਦਿੱਤੀਆਂ ਹਨ, ਮੈਨੂੰ ਪਤਾ ਹੈ ਕਿ ਜਦੋਂ ਫ਼ਿਲਮ ਚੰਗੀ ਨਹੀਂ ਹੁੰਦੀ ਤਾਂ ਕੀ ਤਕਲੀਫ਼ ਹੁੰਦੀ ਹੈ।
-ਫ਼ਿਲਮ ‘ਨਾਮ ਸ਼ਬਾਨਾ’ ਤੁਹਾਡੀ  ਪਿਛਲੀ ਫ਼ਿਲਮ ‘ਬੇਬੀ’ ਦਾ ਪ੍ਰੀਕੁਏਲ ਹੈ, ਇਸ ਦੇ ਕੀ ਮਾਇਨੇ ਹਨ?
– ਕਿਸੇ ਫ਼ਿਲਮ ਦੇ ਇੱਕ ਕਿਰਦਾਰ ਨੂੰ ਲੈ ਕੇ ਉਸਦੀ ਪੂਰੀ ਪਿੱਠਭੂਮੀ ਨੂੰ ਪੇਸ਼ ਕਰਨਾ ਹੀ ਪ੍ਰੀਕੁਏਲ ਹੈ। ਅਜਿਹਾ ਹੌਲੀਵੁੱਡ ਵਿੱਚ ਕਈ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ। ਸਾਡੇ ਇੱਥੇ ਅਜਿਹਾ ਨਹੀਂ ਹੁੰਦਾ ਹੈ। ਸਾਡੇ ਦੇਸ਼ ਦੀ ਪਹਿਲੀ ਪ੍ਰੀਕੁਏਲ ਫ਼ਿਲਮ ‘ਨਾਮ ਸ਼ਬਾਨਾ’ ਹੈ। ਤੁਸੀਂ ਹੌਲੀਵੁੱਡ ਦੀ ਫ਼ਿਲਮ ‘ਐਕਸਮੈਨ’ ਨੂੰ ਲਓ, ਇਸ ਦੀ ‘ਐਕਸਮੈਨ ਉਰਿਜਨ’ ਵਿੱਚ ਇੱਕ ਪਾਤਰ ਦੀ ਪੂਰੀ ਕਹਾਣੀ ਹੈ। ਅਸਲ ਵਿੱਚ ਫ਼ਿਲਮ ‘ਬੇਬੀ’ ਦੇ ਮੇਰੇ ਕਿਰਦਾਰ ਨੂੰ ਜਿਸ ਤਰ੍ਹਾਂ ਨਾਲ ਲੋਕਾਂ ਨੇ ਪਸੰਦ ਕੀਤਾ, ਉਸ ਕਾਰਨ ਹੀ ਨੀਰਜ ਪਾਂਡੇ ਨੇ ਪ੍ਰੀਕੁਏਲ ‘ਨਾਮ ਸ਼ਬਾਨਾ’ ਬਣਾਉਣ ਦਾ ਫ਼ੈਸਲਾ ਕੀਤਾ। ਇਸ ਫ਼ਿਲਮ ਵਿੱਚ ਸ਼ਬਾਨਾ ਦੀ ਪੂਰੀ ਪਿਛਲੀ ਕਹਾਣੀ ਹੈ।
-ਇੱਕ ਪਾਤਰ ਨੂੰ ਵਿਸਥਾਰ ਦਿੰਦੇ ਸਮੇਂ ਕਹਾਣੀ ਵਿੱਚ ਰੌਚਕਤਾ ਵੀ ਘੱਟ ਹੋ ਸਕਦੀ ਹੈ?
-ਇੱਥੇ ਅਜਿਹਾ ਨਹੀਂ ਹੈ। ਹਰੇਕ ਲੜਕੀ ਨੂੰ ਜਾਸੂਸ ਦੇ ਰੂਪ ਵਿੱਚ ਪੇਸ਼ ਕਰਦੇ ਸਮੇਂ ਕਈ ਪਰਤਾਂ ਨਜ਼ਰ ਆ ਸਕਦੀਆਂ ਹਨ। ਲੜਕੀ ਦੀਆਂ ਭਾਵਨਾਵਾਂ, ਉਸ ਦੇ ਪ੍ਰੇਮ ਸਬੰਧ, ਪਰਿਵਾਰ ਨਾਲ ਉਸਦਾ ਜੁੜਾਅ, ਉਸਦਾ ਜਾਸੂਸੀ ਦੇ ਪੇਸ਼ੇ ਵਿੱਚ ਆਉਣਾ ਜਾਂ ਇਸ ਤਰ੍ਹਾਂ ਕਹੀਏ ਕਿ ਮਰਦਾਂ ਦੇ ਕਾਰਜ ਖੇਤਰ ਵਿੱਚ ਆ ਕੇ ਖਤਰਿਆਂ ਨਾਲ ਖੇਡਣਾ, ਇਨ੍ਹਾਂ ਸਭ ਚੀਜ਼ਾਂ ਦੀ ਵਜ੍ਹਾ ਨਾਲ ਇਹ ਬਹੁਤ ਰੌਚਕ ਪਟਕਥਾ ਬਣੀ ਹੈ। ਪਹਿਲਾਂ ਜਾਸੂਸੀ ਫ਼ਿਲਮਾਂ ਮਰਦ ਪ੍ਰਧਾਨ ਬਣਦੀਆਂ ਸਨ। ਪਹਿਲੀ ਵਾਰ ਮਹਿਲਾ ਜਾਸੂਸ ਦੀ ਕਹਾਣੀ ਨਜ਼ਰ ਆਏਗੀ।
-ਇਸ ਫ਼ਿਲਮ ਲਈ ਤੁਸੀਂ ਕਿਸ ਤਰ੍ਹਾਂ ਦਾ ਖੋਜ ਕਾਰਜ ਕੀਤਾ।?
-ਮੈਂ ਇੰਟਰਨੈੱਟ ‘ਤੇ ਮਹਿਲਾ ਜਾਸੂਸਾਂ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕੀਤੀ ਹੈ। ਦੂਜੇ ਵਿਸ਼ਵ ਯੁੱਧ ਦੇ ਸਮੇਂ ਫ਼ਰੈਂਚ ਅਤੇ ਜਪਾਨੀ ਮਹਿਲਾ ਜਾਸੂਸ ਬਹੁਤ ਸਰਗਰਮ ਸਨ। ਅਸੀਂ ਸਾਰੀ ਜਾਣਕਾਰੀ ਲਈ ਤਾਂ ਪਤਾ ਲੱਗਿਆ ਕਿ ਲੜਕੀਆਂ ਨੂੰ ਉਸ ਸਮੇਂ ਵੀ ਜਾਸੂਸ ਬਣਾ ਕੇ ਕੰਮ ਕਰਾਇਆ ਜਾਂਦਾ ਸੀ ਕਿਉਂਕਿ ਲੜਕੀਆਂ ‘ਤੇ ਲੋਕ ਜਲਦੀ ਸ਼ੱਕ ਨਹੀਂ ਕਰਦੇ ਸਨ। ਮਰਦਾਂ ਦੀ ਸੋਚ ਹੁੰਦੀ ਹੈ ਕਿ ਇਹ ਲੜਕੀ ਸਾਡਾ ਕੀ ਬਿਗਾੜ ਸਕਦੀ ਹੈ, ਪਰ ਜਾਸੂਸੀ ਕਰਨ ਵਾਲੀਆਂ ਲੜਕੀਆਂ ਲਈ ਵੀ ਆਪਣੀ ਖ਼ੁਦ ਦੀ ਸੁਰੱਖਿਆ ਲਈ ਕੰਮ ਵਿੱਚ ਮਾਹਿਰ ਹੋਣਾ ਜ਼ਰੂਰੀ ਹੈ।
-ਸ਼ਬਾਨਾ ਦੇ ਕਿਰਦਾਰ ਨੂੰ ਲੈ ਕੇ ਤੁਸੀਂ ਕੀ ਕਹੋਗੇ?
-ਸ਼ਬਾਨਾ ਦੇ ਕਿਰਦਾਰ ਦੀਆਂ ਕਈ ਖ਼ਾਸੀਅਤਾਂ ਹਨ। ਉਹ ਇੱਕ ਅਜਿਹੀ ਲੜਕੀ ਹੈ ਜੋ ਬਹੁਤ ਤੇਜ਼ੀ ਨਾਲ ਫ਼ੈਸਲਾ ਕਰਦੀ ਹੈ। ਇਸ ਲਈ ਉਸ ਨੂੰ ਜਾਸੂਸ ਬਣਾਉਣ ਲਈ ਚੁਣਿਆ ਜਾਂਦਾ ਹੈ। ਉਸਦੇ ਸਾਹਮਣੇ ਕੋਈ ਘਟਨਾ ਹੁੰਦੀ ਹੈ ਤਾਂ ਉਹ ਸੋਚ ਵਿੱਚਾਰ ਵਿੱਚ ਸਮਾਂ ਨਹੀਂ ਲਗਾਉਂਦੀ, ਉਸਦੀ ਛੇਵੀਂ ਇੰਦਰੀ ਬਹੁਤ ਤੇਜ਼ ਹੈ। ਉਹ ਮੁੰਬਈ ਦੇ ਡੋਗਰੀ ਇਲਾਕੇ ਦੇ ਮੱਧਵਰਗੀ ਪਰਿਵਾਰ ਦੀ ਮੁਸਲਿਮ ਲੜਕੀ ਹੈ। ਉਸ ਦੀਆਂ ਆਪਣੀਆਂ ਪਰਿਵਾਰਕ ਪ੍ਰਸਥਿਤੀਆਂ ਹਨ, ਉਹ ਬਹੁਤ ਘੱਟ ਬੋਲਦੀ ਹੈ, ਪਰ ਉਸਦੇ ਸਰੀਰ ਵਿੱਚ ਬਹੁਤ ਫ਼ੁਰਤੀ ਹੈ।
-ਜੇਕਰ ਤੁਹਾਡੀ ਗੱਲ ਮੰਨ ਲਈਏ ਤਾਂ ਜੇਕਰ ਨਿੱਜੀ ਜ਼ਿੰਦਗੀ ਵਿੱਚ ਲੜਕੀਆਂ ਆਪਣੀ ਛੇਵੀਂ ਇੰਦਰੀ ਦੀ ਵਰਤੋਂ ਕਰ ਲੈਣ ਤਾਂ ਉਨ੍ਹਾਂ ਦਾ ਸ਼ੋਸ਼ਣ ਘੱਟ ਹੋ ਜਾਏਗਾ?
-ਛੇਵੀਂ ਇੰਦਰੀ ਨਾਲ ਲੜਕੀ ਸਾਹਮਣੇ ਵਾਲੇ ਮਰਦ ਦੇ ਇਰਾਦੇ ਜਾਣ ਸਕਦੀ ਹੈ, ਪਰ ਉਸ ਵਕਤ ਉਸ ਨੂੰ ਤੁਰੰਤ ਪ੍ਰਤੀਕਿਰਿਆ ਦੇਣੀ ਆਉਣੀ ਚਾਹੀਦੀ ਹੈ। ਸੋਚਣ ਵਿੱਚ ਸਮਾਂ ਬਰਬਾਦ ਕਰ ਦਿੱਤਾ ਤਾਂ ਕੋਈ ਮਤਲਬ ਨਹੀਂ ਅਤੇ ਪ੍ਰਸਥਿਤੀਆਂ ਦੇ ਅਨੁਸਾਰ ਉਸ ਨੂੰ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ, ਜਿਵੇਂ ਕਿ ਕੁਝ ਦਿਨ ਪਹਿਲਾਂ ਅਕਸ਼ੈ ਕੁਮਾਰ ਨੇ ਕੁਝ ਔਰਤਾਂ ਨਾਲ ਵਰਕਸ਼ਾਪ ਲਗਾ ਕੇ ਉਨ੍ਹਾਂ ਨੂੰ ਸਮਝਾਇਆ ਸੀ ਕਿ ਉਹ ਕਿਸ ਤਰ੍ਹਾਂ ਆਪਣੀ ਕੁਹਣੀ ਦੀ ਵਰਤੋਂ ਕਰਕੇ ਖ਼ੁਦ ਨੂੰ ਸੁਰੱਖਿਅਤ ਕਰ ਸਕਦੀਆਂ ਹਨ।
-ਸ਼ਬਾਨਾ ਦੇ ਕਿਰਦਾਰ ਲਈ ਤੁਹਾਨੂੰ ਦੂਜੀ ਕਿਹੜੀ ਤਿਆਰੀ ਕਰਨੀ ਪਈ?
-ਵੈਸੇ ਤਾਂ ਫ਼ਿਲਮ ‘ਬੇਬੀ’ ਦੇ ਸਮੇਂ ਤੋਂ ਹੀ ਮੈਂ ਮਾਰਸ਼ਲ ਆਰਟ ਆਦਿ ਦੀ ਸਿਖਲਾਈ ਲੈ ਰਹੀ ਸੀ। ਫ਼ਿਲਮ ‘ਬੇਬੀ’ ਦੇ ਪ੍ਰਦਰਸ਼ਨ ਤੋਂ ਬਾਅਦ ਹੀ ‘ਨਾਮ ਸ਼ਬਾਨਾ’ ਬਣਾਉਣ ਦਾ ਫ਼ੈਸਲਾ ਕਰ ਲਿਆ ਗਿਆ ਸੀ। ਮੇਰੀ ਸਿਖਲਾਈ ਜਾਰੀ ਰਹੀ। ਫ਼ਿਲਮ ਵਿੱਚ ਮੈਂ ਕਾਲਜ ਦੀ ਲੜਕੀ ਹਾਂ ਜੋ ਕੂਡੋ ਖੇਡਦੀ ਹੈ। ਇਸ ਵਿੱਚ ਮੈਨੂੰ ਕੂਡੋ ਦੀ ਵੀ ਸਿਖਲਾਈ ਲੈਣੀ ਪਈ। ਕੂਡੋ ਇੱਕ ਨਵੇਂ ਤਰ੍ਹਾਂ ਦਾ ਮਾਰਸ਼ਲ ਆਰਟ ਹੈ। ਪਹਿਲੀ ਵਾਰ ਤੁਸੀਂ ਇਸ ਨੂੰ ਸਾਡੀ ਫ਼ਿਲਮ ਵਿੱਚ ਦੇਖ ਸਕੋਗੇ। ਇਸ ਤੋਂ ਇਲਾਵਾ ਮੈਂ ਮੁੱਢਲਾ ਐੱਮਐੱਮਏ ਸਿੱਖਿਆ। ਜੇਕਰ ਤੁਸੀਂ ਜਾਸੂਸ ਬਣ ਰਹੇ ਹੋ ਅਤੇ ਖਤਰਨਾਕ ਮਿਸ਼ਨ ‘ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਐੱਮਐੱਮਏ ਆਉਣਾ ਜ਼ਰੂਰੀ ਹੈ।
-ਫ਼ਿਲਮ ‘ਬੇਬੀ’ ਤਾਂ ਅਕਸ਼ੈ ਕੁਮਾਰ ਦੀ ਫ਼ਿਲਮ ਸੀ?
-ਜਿੱਥੋਂ ਤਕ ਫ਼ਿਲਮ ‘ਬੇਬੀ’ ਦਾ ਸਵਾਲ ਹੈ ਤਾਂ ਤੁਲਨਾਤਮਕ ਦ੍ਰਿਸ਼ਟੀਕੋਣ ਤੋਂ ਅਕਸ਼ੈ ਕੁਮਾਰ ਮੇਰੇ ਤੋਂ ਕਈ ਗੁਣਾ ਵੱਡੇ ਸਟਾਰ ਕਲਾਕਾਰ ਹਨ। ਵੈਸੇ ਵੀ ਬੌਲੀਵੁੱਡ ਪੁਰਸ਼ ਪ੍ਰਧਾਨ ਹੈ। ਫ਼ਿਲਮ ‘ਬੇਬੀ’ ਦਾ ਵਿਸ਼ਾ ਵੀ ਪੁਰਸ਼ ਪ੍ਰਧਾਨ ਸੀ। ਇਸ ਦੇ ਨਾਲ ਫ਼ਿਲਮ ਵਿੱਚ ਮੇਰਾ ਕਿਰਦਾਰ ਸੀਮਿਤ ਸੀ। ਮਤਲਬ ਵੀਹ ਮਿੰਟ ਦਾ ਸੀ ਤਾਂ ਅਜਿਹੇ ਵਿੱਚ ਲੋਕ ਮੈਨੂੰ ਹੀਰੋਇਨ ਦੇ ਤੌਰ ‘ਤੇ ਤਵੱਜੋ ਕਿਉਂ ਦਿੰਦੇ?
-ਕੀ ਤੁਸੀਂ ਆਪਣੇ ਵਿਆਹ ਬਾਰੇ ਸੋਚਿਆ ਹੈ?
-ਮੈਂ ਉਸ ਦਿਨ ਵਿਆਹ ਕਰਵਾ ਲਵਾਂਗੀ, ਜਦੋਂ ਮੈਨੂੰ ਲੱਗਿਆ ਕਿ ਹੁਣ ਮੈਨੂੰ ਆਪਣੀ ਜ਼ਿੰਦਗੀ ਵਿੱਚ ਆਪਣੀ ਪੀੜ੍ਹੀ ਨੂੰ ਅੱਗੇ ਵਧਾਉਣਾ ਹੈ। ਜਿਸ ਦਿਨ ਮੈਂ ਬੱਚਾ ਚਾਹਾਂਗੀ, ਉਸ ਦਿਨ ਵਿਆਹ ਕਰ ਲਵਾਂਗੀ। ਮੈਂ ਦਾਅਵੇ ਨਾਲ ਕਹਿ ਰਹੀ ਹਾਂ ਕਿ ਮੈਂ ਕਦੇ ਕਿਸੇ ਹੀਰੋ ਨਾਲ ਵਿਆਹ ਨਹੀਂ ਕਰਾਂਗੀ।
-ਦੱਖਣ ਦੇ ਇੱਕ ਹੀਰੋ ਰਾਘਵੇਂਦਰ ਨਾਲ ਤੁਹਾਡੇ ਰੁਮਾਂਸ ਦੀਆਂ ਖ਼ਬਰਾਂ ਆ ਰਹੀਆਂ ਹਨ?
-ਇਹ ਪੂਰੀ ਤਰ੍ਹਾਂ ਨਾਲ ਗ਼ਲਤ ਖ਼ਬਰ ਸੀ। ਮੈਂ ਕਿਸੇ ਵੀ ਸੂਰਤ ਵਿੱਚ ਕਿਸੇ ਫ਼ਿਲਮ ਵਾਲੇ ਨਾਲ ਵਿਆਹ ਨਹੀਂ ਕਰਾਂਗੀ। ਇਸਦਾ ਕਾਰਨ ਇਹ ਹੈ ਕਿ ਮੇਰੀ ਜ਼ਿੰਦਗੀ ਫ਼ਿਲਮਾਂ ਤੋਂ ਬਾਹਰ ਬਹੁਤ ਵੱਡੀ ਹੈ। ਮੈਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਫ਼ਿਲਮਾਂ ਨੂੰ ਨਹੀਂ ਲਿਆਉਣਾ ਚਾਹੁੰਦੀ। ਜੇਕਰ ਮੈਂ ਵਿਆਹ ਫ਼ਿਲਮਾਂ ਦੇ ਹੀਰੋ ਨਾਲ ਕਰ ਲਿਆ ਤਾਂ ਸਭ ਕੁਝ ਫ਼ਿਲਮ ਦਾ ਹੀ ਰਹਿ ਜਾਏਗਾ।
-ਇਸ ਦਾ ਮਤਲਬ ਹੈ ਕਿ ਡੈਨਮਾਰਕ ਦੇ ਬੈਡਮਿੰਟਨ ਖਿਡਾਰੀ ਨਾਲ ਤੁਹਾਡੇ ਰੁਮਾਂਸ ਦੀਆਂ ਖ਼ਬਰਾਂ ਸੱਚ ਹਨ?
-ਇਸ ਬਾਰੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਰਿਸ਼ਤੇ ਦੀ ਸਥਿਤੀ ‘ਤੇ ਗੱਲ ਕਰਨ ਵਿੱਚ ਕੋਈ ਸ਼ਰਮਿੰਦਗੀ ਨਹੀਂ ਹੁੰਦੀ। ਮੇਰੇ ਮਾਂ ਬਾਪ ਨੂੰ ਸੱਚ ਪਤਾ ਹੈ। ਇਸ ਲਈ ਮੈਂ ਉਸ ‘ਤੇ ਜੇਕਰ ਮੀਡੀਆ ਵਿੱਚ ਗੱਲ ਕਰਾਂਗੀ ਤਾਂ ਉਹ ਵੀ ਗ਼ਲਤ ਨਹੀਂ ਹੈ, ਪਰ ਮੈਂ ਮੀਡੀਆ ਨਾਲ ਆਪਣੇ ਰਿਸ਼ਤੇ ‘ਤੇ ਗੱਲ ਨਹੀਂ ਕਰਦੀ। ਇਸਦੀ ਵਜ੍ਹਾ ਹੈ ਕਿ ਮੈਂ ਨਹੀਂ ਚਾਹੁੰਦੀ ਕਿ ਮੀਡੀਆ ਵਿੱਚ ਮੇਰੇ ਰਿਸ਼ਤੇ ‘ਤੇ ਗੱਲ ਹੋਵੇ। ਮੈਂ ਇਸ ਪ੍ਰਕਾਰ ਦੇ ਰਿਸ਼ਤੇ ਨੂੰ ਬਹੁਤ ਨਿੱਜੀ ਪੱਧਰ ‘ਤੇ ਹੀ ਰੱਖਣਾ ਚਾਹੁੰਦੀ ਹਾਂ। ਮੈਂ ਨਹੀਂ ਚਾਹੁੰਦੀ ਕਿ ਮੇਰੇ ਰਿਸ਼ਤੇ ਦੀਆਂ ਸੁਰਖੀਆਂ ਬਣਨ। ਜਿਸ ਦਿਨ ਇਹ ਬਣ ਗਈਆਂ ਮੇਰੀਆਂ ਉਪਲੱਬਧੀਆਂ ਦਾ ਮਹੱਤਵ ਘੱਟ ਹੋ ਜਾਏਗਾ। ਮੈਂ ਅਜਿਹਾ ਖ਼ੁਦ ਦੇਖਿਆ ਹੈ ਕਿ ਜੋ ਕਲਾਕਾਰ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕਰਦੇ ਹਨ, ਉਨ੍ਹਾਂ ਬਾਰੇ ਜੋ ਵੀ ਲੇਖ ਛਪਦਾ ਹੈ, ਉਸ ਵਿੱਚ ਉਨ੍ਹਾਂ ਦਾ ਰਿਸ਼ਤਾ ਹੀ ਭਾਰੂ ਰਹਿੰਦਾ ਹੈ। ਉਨ੍ਹਾਂ ਦੀ ਪ੍ਰਤਿਭਾ ਦੂਜੇ ਦਰਜੇ ਜਾਂ ਹਾਸ਼ੀਏ ‘ਤੇ ਪਹੁੰਚ ਜਾਂਦੀ ਹੈ। ਇਹ ਬਹੁਤ ਦੁਖਤ ਸਥਿਤੀ ਹੈ।
-ਮਤਲਬ ਤੁਸੀਂ ਬੈਡਮਿੰਟਨ ਖਿਡਾਰੀ ਨਾਲ ਆਪਣੇ ਰਿਸ਼ਤੇ ਤੋਂ ਇਨਕਾਰ ਨਹੀਂ ਕਰਦੇ?
-ਮੈਂ ਨਾ ਇਨਕਾਰ ਕਰ ਰਹੀ ਹਾਂ ਅਤੇ ਨਾ ਹੀ ਸਵੀਕਾਰ ਰਹੀ ਹਾਂ। ਮੈਂ ਗੱਲ ਹੀ ਨਹੀਂ ਕਰ ਰਹੀ। ਮੈਂ ਉਹ ਸਮਾਂ ਨਹੀਂ ਆਉਣ ਦੇਣਾ ਚਾਹੁੰਦੀ ਜਿੱਥੇ ਹਰ ਅਖ਼ਬਾਰ ਦੀ ਹੈੱਡਲਾਈਨ ਵਿੱਚ ਮੇਰਾ ਰਿਸ਼ਤਾ ਛਾਇਆ ਹੋਵੇ।
-ਕੀ ਤੁਸੀਂ ਹੁਣ ਦੱਖਣ ਦੀਆਂ ਫ਼ਿਲਮਾਂ ਨਹੀਂ ਕਰ ਰਹੇ?
-ਇੱਕ ਫ਼ਿਲਮ ਦੀ ਸ਼ੂਟਿੰਗ ਕਰਨ ਵਾਲੀ ਹਾਂ। ਮੈਂ ਸੋਚਿਆ ਹੈ ਕਿ ਦੱਖਣ ਵਿੱਚ ਘੱਟ ਤੋਂ ਘੱਟ ਹਰ ਸਾਲ ਇੱਕ ਫ਼ਿਲਮ ਜ਼ਰੂਰ ਕਰਾਂਗੀ। .