ਧਕ ਧਕ ਗਰਲ ਮਾਧੁਰੀ ਦੀਕਸ਼ਿਤ ਦੀਆਂ ਅਦਾਵਾਂ ਤੇ ਅਦਾਕਾਰੀ ਦਾ ਕੌਣ ਕਾਇਲ ਨਹੀਂ? ਇੱਕ ਲੰਬਾ ਅਰਸਾ ਉਸ ਨੇ ਸੁਨਹਿਰੀ ਪਰਦੇ ‘ਤੇ ਰਾਜ ਕੀਤਾ ਹੈ। ਹਾਲ ਹੀ ਵਿੱਚ ਮੁੰਬਈ ‘ਚ ਹੋਏ ਇੱਕ ਵੱਡੇ ਫ਼ਿਲਮੀ ਸਮਾਰੋਹ ‘ਚ ਮਾਧੁਰੀ ਪੁੱਜੀ ਤਾਂ ਇਸ ਮੌਕੇ ‘ਤੇ ਫ਼ਿਲਮ ਇੰਡਸਟਰੀ ਨਾਲ ਜੁੜੀਆਂ ਤਮਾਮ ਹੋਰ ਗੱਲਾਂ ਦੌਰਾਨ ਮਾਧੁਰੀ ਨੇ ਸਪਸ਼ਟ ਕੀਤਾ ਉਹ ਕਿਸੇ ਔਰਤ ਪ੍ਰਧਾਨ ਕਹਾਣੀ ਨਾਲ ਪਰਦੇ ‘ਤੇ ਵਾਪਸੀ ਕਰੇਗੀ। ਮਾਧੁਰੀ ਨੇ ਕਿਹਾ ਕਿ ਫ਼ਿਲਹਾਲ ਉਹ ਕਿਸੇ ਅਜਿਹੀ ਹੀ ਸਕ੍ਰਿਪਟ ਦੀ ਭਾਲ ਵਿੱਚ ਹੈ ਜਿਸ ਵਿਜ ਔਰਤ ਕੇਂਦਰਤ ਕਿਰਦਾਰ ਹੋਵੇ। ਮਾਧੁਰੀ ਆਪਣੇ ਪਤੀ ਸ੍ਰੀਰਾਮ ਨੇਨੇ ਨਾਲ ਪੁੱਜੀ ਸੀ। ਆਪਣੇ ਐਕਟਿੰਗ ਸਫ਼ਰ ਦੇ ਕਈ ਪਹਿਲੂਆਂ ਨੂੰ ਯਾਦ ਕਰਦਿਆਂ ਮਾਧੁਰੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਵਿੱਚ ਫ਼ਿਲਮ ਇੰਡਸਟਰੀ ਵਿੱਚ ਬਹੁਤ ਅਨੁਸ਼ਾਸਨ ਆਇਆ ਹੈ। ਇਸੇ ਕਾਰਨ ਫ਼ਿਲਮਾਂ ਸਮੇਂ ਸਿਰ ਬਣਨ ਲੱਗੀਆਂ ਹਨ ਅਤੇ ਹੁਣ ਸਾਰੇ ਸਮੇਂ ਦੇ ਪਾਬੰਦ ਹੋ ਗਏ ਹਨ। ਮਾਧੁਰੀ ਨੇ ਕਿਹਾ, ‘ਹੁਣ ਫ਼ਿਲਮਾਂ ਦੇ ਕੰਸੈਪਟ ਵੀ ਬਿਲਕੁਲ ਵੱਖਰੀ ਤਰ੍ਹਾਂ ਦੇ ਹੋ ਗਏ ਹਨ ਤੇ ਹਰ ਤਰ੍ਹਾਂ ਦੀਆਂ ਫ਼ਿਲਮਾਂ ਚੰਗਾ ਬਿਜ਼ਨਸ ਕਰਦੀਆਂ ਹਨ। ਹੁਣ ਅਜਿਹੇ ਫ਼ਿਲਮਕਾਰ ਆ ਗਏ ਹਨ ਜੋ ਸਿਰਫ਼ ਗੀਤ ਅਤੇ ਡਾਂਸ ‘ਤੇ ਹੀ ਜ਼ੋਰ ਨਹੀਂ ਦਿੰਦੇ ਸਗੋਂ ਫ਼ਿਲਮ ਦੀ ਕਹਾਣੀ ‘ਤੇ ਵੀ ਧਿਆਨ ਦਿੰਦੇ ਹਨ। ਅੱਜ ਕਈ ਅਭਿਨੇਤਰੀਆਂ ਖ਼ੁਦ ਫ਼ਿਲਮਾਂ ਪ੍ਰੋਡਿਊਸ ਕਰ ਰਹੀਆਂ ਹਨ ਜੋ ਸੱਚਮੁਚ ਬਹੁਤ ਵਧੀਆ ਗੱਲ ਹੈ।’ ਮਾਧੁਰੀ ਨੇ ਅੱਗੇ ਕਿਹਾ, ‘ਅੱਜਕੱਲ੍ਹ ਅਜਿਹਾ ਕੰਮ ਹੋ ਰਿਹਾ ਹੈ ਜਿਸ ਨਾਲ ਐਕਟਰ ਸਟੋਰੀ ਨਾਲ ਬੱਝੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਰੋਲ ਬਾਰੇ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਕਲਾਕਾਰ ਆਪਣੀ ਪ੍ਰਫ਼ਾਰਮੈਂਸ ‘ਤੇ ਫ਼ੋਕਸ ਕਰਦੇ ਹਨ। ਫ਼ਿਲਮ ਇੰਡਸਟਰੀ ਇੱਕ ਸਹੀ ਦਿਸ਼ਾ ਵੱਲ ਵਧ ਰਹੀ ਹੈ।’