ਚੰਡੀਗੜ੍ਹ : ਚੰਡੀਗੜ੍ਹ ਵਿਚ ਫਿਲਹਾਲ ਹਾਈ ਸਕਿਓਰਿਟੀ ਨੰਬਰ ਪਲੇਟ ਦਾ ਚਲਾਨ ਨਹੀਂ ਹੋਵੇਗਾ| ਇਸ ਦਾ ਕੰਟ੍ਰੈਕਟ ਲੈਣ ਵਾਲੀ ਕੰਪਨੀ ਦੀਆਂ ਸੇਵਾਵਾਂ ਖਤਮ ਹੋਣ ਦੇ ਚਲਦਿਆਂ ਹੁਣ ਦੂਸਰੀ ਕੰਪਨੀ ਨੂੰ ਟੈਂਡਰ ਅਲਾਟ ਹੋਣ ਤੱਕ ਹਾਈ ਸਕਿਓਰਿਟੀ ਨੰਬਰ ਪਲੇਟ ਦਾ ਚਲਾਨ ਨਹੀਂ ਕੀਤਾ ਜਾਵੇਗਾ| ਇਹ ਜਾਣਕਾਰੀ ਐਡੀਸ਼ਨਲ ਸਾਲਿਸਟਰ ਜਨਰਲ ਸੱਤਪਾਲ ਜੈਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਦਿੱਤੀ| ਜੈਨ ਨੇ ਕਿਹਾ ਕਿ ਟੈਂਡਰ ਪ੍ਰਕਿਰਿਆ 10 ਦਿਨ ਵਿਚ ਪੂਰੀ ਕਰ ਲਈ ਜਾਵੇਗੀ| ਇਸ ਤੇ ਹਾਈਕੋਰਟ ਨੇ ਕਿਹਾ ਕਿ ਇਸ ਦੌਰਾਨ ਕੋਈ ਚਲਾਨ ਨਾ ਹੋਵੇ| ਜੈਨ ਨੇ ਚੰਡੀਗੜ੍ਹ ਦੇ ਵਧੀਕ ਟਰਾਂਸਪੋਰਟ ਸਕੱਤਰ ਦੇ 6 ਮਾਰਚ ਨੂੰ ਐਸ.ਐਸ.ਪੀ ਟ੍ਰੈਫਿਕ ਨੂੰ ਲਿਖੇ ਪੱਤਰ ਦੇ ਹਵਾਲੇ ਨਾਲ ਦੱਸਿਆ ਕਿ ਐਸ.ਐਸ.ਪੀ ਟ੍ਰੈਫਿਕ ਨੂੰ ਕਿਹਾ ਗਿਆ ਹੈ ਕਿ ਫਿਲਹਾਲ ਜਿਹੜੇ ਵਾਹਨਾਂ ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਹਨ ਉਨ੍ਹਾਂ ਦੇ ਚਲਾਨ ਨਾ ਕੱਟੇ ਜਾਣ|