ਨਵੀਂ ਦਿੱਲੀ : ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਭਾਜਪਾ ਤੇ ਅਕਾਲੀ ਦਲ ਗਠਜੋਡ਼ ਦੇ ਵੱਡੇ ਆਗੂ ਸ੍ਰੀ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ।
ਕੇਂਦਰੀ ਕਪਡ਼ਾ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਨੇ ਚੋਣ ਮੁਹਾਜ਼ ਦੀ ਅਗਵਾਈ ਕਰਦਿਆਂ ਪਹਿਲਾਂ ਰੋਡ ਸ਼ੌਅ ਕੀਤਾ ਤੇ ਫਿਰ ਹਲਕੇ ਵਿਚ ਸਿਰਸਾ ਦੇ ਹੱਕ ਵਿਚ ਚੋਣ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸੰਮ੍ਰਿਤੀ ਇਰਾਨੀ ਨੇ ਕਿਹਾ ਕਿ ਸ੍ਰੀ ਸਿਰਸਾ ਲੰਬੇ ਸਮੇਂ ਤੋਂ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਤੇ ਜਦੋਂ ਉਹਨਾਂ ਨੇ ਕੇਂਦਰੀ ਮੰਤਰੀ ਵਜੋਂ ਚਾਰਜ ਸੰਭਾਲਿਆ ਸੀ ਤਾਂ ਉਹ ਕਈ ਮਸਲੇ ਲੈ ਕੇ ਉਹਨਾਂ ਕੋਲ ਪਹੁੰਚੇ ਸਨ। ਉਹਨਾਂ ਕਿਹਾ ਕਿ ਇਹ ਸ੍ਰੀ ਸਿਰਸਾ ਦੀ ਸਖ਼ਤ ਮਿਹਨਤ ਦਾ ਹੀ ਨਤੀਜਾ ਸੀ ਕਿ ਅਜਿਹੇ ਮਸਲੇ ਵੀ ਹੱਲ ਕੀਤੇ ਗਏ ਜੋ ਪਿਛਲੇ 30 ਸਾਲਾਂ ਤੋਂ ਲਟਕ ਰਹੇ ਸਨ।
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ‘ਤੇ ਵਰਦਿਆਂ ਸ੍ਰੀਮਤੀ ਇਰਾਨੀ ਨੇ ਕਿਹਾ ਕਿ ਉਹਨਾਂ ਨੇ ਲੋਕਾਂ ਦੇ ਵਿਸ਼ਵਾਸ ਨਾਲ ਧੋਖਾ ਕੀਤਾ ਹੈ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਵਿਚ ਅਸਫਲ ਰਹੇ ਹਨ। ਉਹਨਾਂ ਕਿਹਾ ਕਿ ਆਪ ਦਾ ਇਥੇ ਵੀ ਉਹੀ ਹਾਲ ਹੋਵੇਗਾ ਜੋ ਗੋਆ ਤੇ ਪੰਜਾਬ ਵਿਚ ਹੋਇਆ ਹੈ।
ਸ੍ਰੀਮਤੀ ਇਰਾਨੀ ਨੇ ਕਿਹਾ ਕਿ ਇਸੇ ਤਰਾਂ ਦਾ ਹਾਲ ਕਾਂਗਰਸ ਪਾਰਟੀ ਦਾ ਹੈ ਜੋ ਯੂ. ਪੀ. ਏ. ਸਰਕਾਰ ਦੇ ਕਾਰਜਕਾਲ ਤੇ ਦਿੱਲੀ ਵਿਚ ਆਪਣੇ ਰਾਜਕਾਲ ਦੌਰਾਨ ਅਪਣਾਈਆਂ ਗਲਤ ਨੀਤੀਆਂ ਤੇ ਪ੍ਰੋਗਰਾਮਾਂ ਦੇ ਕਾਰਨ ਇਕ ਤੋਂ ਬਾਅਦ ਇਕ ਹਾਰ ਦਾ ਸਾਹਮਣਾ ਕਰ ਰਹੀ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਭਾਜਪਾ ਦੀ ਅਗਵਾਈ ਕਰਦਿਆਂ ਜਿੱਤ ਉਪਰ ਜਿੱਤ ਦਰਜ ਕਰ ਰਹੇ ਹਨ ਕਿਉਂਕਿ ਭਾਜਪਾ ਦੀਆਂ ਨੀਤੀਆਂ ਗਰੀਬ ਪੱਖੀ ਤੇ ਭਲਾਈ ਪੱਖੀ ਹਨ।
ਮਨਜਿੰਦਰ ਸਿੰਘ ਸਿਰਸਾ ਦੇ ਹੱਕ ਵਿਚ ਇਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਂਬਰ ਪਾਰਲੀਮੈਂਟ ਤੇ ਬਾਲੀਵੁਡ ਸਿਤਾਰੇ ਸ੍ਰੀ ਪਰੇਸ਼ ਰਾਵਲ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਭਾਜਪਾ ਦੀ ਅਗਵਾਈ ਕਰ ਰਹੇ ਹਨ ਜੋ ਆਪਣੇ ਵਚਨ ਨਿਭਾਉਣ ਲਈ ਜਾਣੇ ਜਾਂਦੇ ਹਨ ਅਤੇ ਦੇਸ਼ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ। ਦੂਜੇ ਪਾਸੇ ਸ੍ਰੀ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਸਹੁੰ ਖਾਧੀ ਸੀ ਕਿ ਉਹ ਕਦੇ ਵੀ ਰਾਜਨੀਤੀ ਵਿਚ ਨਹੀਂ ਆਉਣਗੇ ਪਰ ਜਦੋਂ ਮੁੱਖ ਮੰਤਰੀ ਬਣਨ ਦਾ ਸਮਾਂ ਆਇਆ ਤਾਂ ਉਹ ਇਹ ਸਹੁੰ ਭੁੱਲ ਗਏ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਬਣਨ ਦੇ ਸੁਫਨੇ ਵੇਖਣੇ ਸ਼ੁਰੂ ਕਰ ਦਿੱਤੇ ਤੇ ਗੋਆ ਚਲਾ ਗਏ ਜਿਥੋਂ ਉਹਨਾਂ ਦਾ ਖਾਤਾ ਵੀ ਨਾ ਖੁਲ ਸਕਿਆ ਤੇ ਪੰਜਾਬ ਵਿਚ ਜੋ ਕੁਝ ‘ਆਪ’ ਨਾਲ ਹੋਇਆ ਉਹ ਜੱਗ ਜਾਹਰ ਹੈ। ਉਹਨਾਂ ਕਿਹਾ ਕਿ ਹੁਣ ਇਹ ਝੂਠੇ ਵਿਅਕਤੀ ਲੋਕਾਂ ਦਾ ਸਾਹਮਣਾ ਕਰਨ ਤੋਂ ਵੀ ਡਰ ਰਹੇ ਹਨ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਸਿਰਸਾ ਨੂੰ ਵੋਟ ਪਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਅਤੇ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਦੀ ਜਿੱਤ ਮਗਰੋਂ ਉਹ ਯਕੀਨੀ ਬਣਾਏਗਾ ਕਿ ਪਿਛਲੇ ਦੋ ਸਾਲ ਤੋਂ ਵੱਧ ਸਮੇਂ ਤੋਂ ਜੋ ਕੰਮ ਆਪ ਸਰਕਾਰ ਦੇ ਕਾਰਨ ਲਈਂ ਹੋਏ ਉਹ ਸ੍ਰੀ ਸਿਰਸਾ ਪੂਰੇ ਕਰਵਾਉਣਗੇ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਵੀ ਸ੍ਰੀ ਸਿਰਸਾ ਦੇ ਹੱਕ ਵਿਚ ਬੀਤੀ ਸ਼ਾਮ ਇਕ ਰੈਲੀ ਕੀਤੀ। ਉਹਨਾਂ ਕਿਹਾ ਕਿ ਆਪ ਦੇ 37 ਉਮੀਦਵਾਰਾਂ ਨੇ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਆਪਣੀ ਜ਼ਮਾਨਤ ਜ਼ਬਤ ਕਰਵਾ ਲਈ ਸੀ ਤੇ ਆਪ ਨੂੰ ਸਿਰਫ 21 ਫੀਸਦੀ ਵੋਟਾਂ ਮਿਲੀਆਂ। ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਦਿੱਲੀ ਵਿਚ ਵੀ ਇਹਨਾਂ ਚੋਣਾਂ ਵਿਚ ‘ਆਪ’ ਅਤੇ ਕਾਂਗਰਸ ਦਾ ਇਹੀ ਹਸ਼ਰ ਹੋਵੇਗਾ।