ਨਵੀਂ ਦਿੱਲੀ  : ਦਿੱਲੀ ਵਿਧਾਨ ਸਭਾ ਦੀ ਖਾਲੀ ਹੋਈ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ ਭਲਕੇ 9 ਅਪ੍ਰੈਲ ਨੂੰ ਹੋਣ ਜਾ ਰਹੀ ਹੈ| ਦੱਸਣਯੋਗ ਹੈ ਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ, ਜਿਸ ਕਾਰਨ ਇਸ ਸੀਟ ਉਤੇ ਮੁੜ ਤੋਂ ਵੋਟਾਂ ਪੈ ਰਹੀਆਂ ਹਨ| ‘ਆਪ’ ਨੇ ਜਰਨੈਲ ਸਿੰਘ ਨੂੰ ਲੰਮੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲੰਬੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਉਮੀਦਵਾਰ ਉਤਾਰਿਆ ਸੀ| ਇਨ੍ਹਾਂ ਚੋਣਾਂ ਵਿਚ ਜਰਨੈਲ ਸਿੰਘ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ|
ਦੂਸਰੇ ਪਾਸੇ ਭਾਜਪਾ-ਅਕਾਲੀ ਗਠਜੋੜ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਰਾਜੌਰੀ ਗਾਰਡਨ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ| ਕਾਂਗਰਸ ਨੇ ਮੀਨਾਕਸ਼ੀ ਸੰਦੇਲਾ ਅਤੇ ਆਮ ਆਦਮੀ ਪਾਰਟੀ ਨੇ ਹਰਜੀਤ ਸਿੰਘ ਨੂੰ ਰਾਜੌਰੀ ਗਾਰਡਨ ਤੋਂ ਉਮੀਦਵਾਰ ਐਲਾਨਿਆ ਹੈ|

ਮਨਜਿੰਦਰ ਸਿੰਘ ਸਿਰਸਾ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ  ਗਠਜੋਡ਼ ਦੇ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭਲਕੇ 9 ਅਪ੍ਰੈਲ ਨੂੰ ਵੋਟਿੰਗ ਵਾਲੇ ਦਿਨ ਵੱਧ ਤੋਂ ਵੱਧ ਗਿਣਤੀ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤਾਂ ਕਿ ਲੋਕਤੰਤਰ ਦੀ ਜਿੱਤ ਯਕੀਨੀ ਬਣਾਈ ਜਾ ਸਕੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਇਸ ਚੋਣ ਦੀ ਦਿੱਲੀ ਦੇ ਲੋਕਾਂ ਵਾਸਤੇ ਆਪਣੀ ਇਤਿਹਾਸਕ ਮਹੱਤਤਾ ਹੈ ਕਿਉਂਕਿ ਇਹ ਨਤੀਜੇ ਨਾ ਸਿਰਫ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ  ਬਲਕਿ ਦਿੱਲੀ ਦੇ ਲੋਕਾਂ ਦਾ ਭਵਿੱਖ ਤੈਅ ਕਰਨਗੇ ਕਿਉਂਕਿ ਇਸਦਾ ਨਤੀਜਾ  ਆਉਂਦੀਆਂ ਐਮ ਸੀ ਡੀ ਚੋਣਾਂ ਤੇ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਵਾਸਤੇ ਲੋਕਾਂ ਦਾ ਰੁਝਾਨ ਤੇ ਦਿਸ਼ਾ ਤੈਅ ਕਰਨ ਵਾਲਾ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਇਸ ਚੋਣ ਵਿਚ ਉਹਨਾਂ ਝੂਠੇ ਲੋਕਾਂ ਦਾ ਵੀ ਭਵਿੱਖ ਤੈਅ ਹੋਵੇਗਾ ਜਿਹਨਾਂ ਬਿਨਾਂ ਸਿਰ ਪੈਰ ਦੇ ਦੋਸ਼ਾਂ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਆਪਣੇ ਆਪ ਨੂੰ ਉੱਚਾ ਚੁੱਕਣ ਵਾਸਤੇ ਟੈਕਸ ਦਾਤਿਆਂ ਦੇ ਪੈਸੇ ਦੀ ਵਰਤੋਂ ਕੀਤੀ।
ਸ੍ਰੀ ਸਿਰਸਾ ਨੇ ਕਿਹਾ ਕਿ ਉਹ ਲੋਕਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਉਹਨਾਂ ਨੂੰ ਦਿਲੋਂ ਡਟਵੀਂ ਹਮਾਇਤ ਦਿੱਤੀ ਤੇ ਕਿਹਾ ਕਿ ਇਸ ਪ੍ਰਚਾਰ ਮੁਹਿੰਮ ਦੌਰਾਨ ਲੋਕਾਂ ਦੇ ਉਤਸ਼ਾਹ ਨੇ ਹੀ ਦਰਸਾ ਦਿੱਤਾ ਸੀ ਕਿ ਇਸ ਸੀਟ ‘ਤੇ ਭਾਜਪਾ ਤੇ ਅਕਾਲੀ ਦਲ ਗਠਜੋਡ਼ ਦੀ ਭਾਰੀ ਬਹੁਮਤ ਨਾਲ ਜਿੱਤ ਹੋਵੇਗੀ ਪਰ ਫਿਰ ਵੀ ਵੋਟਾਂ ਪਾਉਣ ਤੇ ਨਤੀਜੇ ਐਲਾਨ ਦੀ ਪ੍ਰਕਿਰਿਆ ਹਲਕੇ ਦੇ ਲੋਕਾਂ ਦੇ ਜੀਵਨ ਵਿਚੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਹਮੇਸ਼ਾ ਲਈ ਬਾਹਰ ਕੱਢਣ ਵਾਸਤੇ ਪੂਰੀ ਕਰਨੀ ਜ਼ਰੂਰੀ ਹੈ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਜੁਰਗਾਂ ਦੀ ਵੋਟ ਪਾਉਣ ਦੀ ਪ੍ਰਕਿਰਿਆ ਵਿਚ ਮਦਦ ਕਰਨ ਤੇ ਵੱਧ ਤੋਂ ਵੱਧ ਗਿਣਤੀ ਵਿਚ ਵੋਟਾਂ ਪਾਉਣ ਕਿਉਂਕਿ ਲੋਕਤੰਤਰ ਦੀ ਜਿੱਤ ਉਦੋਂ ਹੀ ਹੁੰਦੀ ਹੈ ਜਦੋਂ ਲੋਕ ਵੱਧ ਤੋਂ ਵੱਧ ਗਿਣਤੀ ਵਿਚ ਵੋਟ ਪਾਉਂਦੇ ਹਨ।