ਚੰਡੀਗੜ੍ਹ  – ਊਰਜਾ ਤੇ ਸਿੰਜਾਈ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਅੱਜ ਇਥੇ ਐਲਾਨ ਕੀਤਾ ਕਿ ਬਟਾਲਾ ਵਿਖੇ ਸਥਿਤ ਸ਼ਿਵ ਕੁਮਾਰ ਬਟਾਲਵੀ ਮੈਮੋਰੀਅਲ ਆਡੀਟੋਰੀਅਮ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦਿਆਂ ਇਸ ਨੂੰ 24 ਘੰਟੇ ਨਿਰਵਿਘਨ ਬਿਜਲੀ ਮੁਹੱਈਆ ਕੀਤੀ ਜਾਵੇਗੀ।
ਰਾਣਾ ਗੁਰਜੀਤ ਸਿੰਘ ਵੱਲੋਂ ਇਹ ਕਾਰਵਾਈ ਮੀਡੀਆ ਰਾਹੀਂ ਪ੍ਰਾਪਤ ਉਨ੍ਹਾਂ ਰਿਪੋਰਟਾਂ ‘ਤੇ ਆਧਾਰਤ ਕੀਤੀ ਗਈ ਹੈ ਜਿੰਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਗਰਮੀ ਰੁੱਤ ਦੌਰਾਨ ਆਡੀਟੋਰੀਅਮ ਦੇ ਏ.ਸੀ. ਯੂਨਿਟਾਂ ਲਈ ਲੋੜੀਂਦੀ ਬਿਜਲੀ ਮੁਹੱਈਆ ਨਾ ਹੋਣ ਕਾਰਨ ਆਡੀਟੋਰੀਅਮ ਲਗਭਗ ਬੰਦ ਦੀ ਹਾਲਤ ਵਿੱਚ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਡੀਟੋਰੀਅਮ ਲਈ ਲੋੜੀਂਦਾ ਟਰਾਂਸਫਾਰਮਰ ਜਲਦ ਤੋਂ ਜਲਦ ਲਗਾਇਆ ਜਾਵੇਗਾ ਤਾਂ ਜੋ ਬਿਜਲੀ ਸਬੰਧੀ ਕੋਈ ਸਮੱਸਿਆ ਪੇਸ਼ ਨਾ ਆਵੇ।
ਊਰਜਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਨਾ ਸਿਰਫ ਘੱਟ ਤੋਂ ਘੱਟ ਸਮੇਂ ਅੰਦਰ ਆਡੀਟੋਰੀਅਮ ਦੀਆਂ ਲੋੜਾਂ ਅਨੁਸਾਰ ਉਥੇ ਟਰਾਂਸਫਾਰਮਰ ਲਗਾ ਦਿੱਤਾ ਜਾਵੇਗਾ ਬਲਕਿ ਆਡੀਟੋਰੀਅਮ ਲਈ 24 ਘੰਟੇ ਬਿਜਲੀ ਸਪਲਾਈ ਵੀ ਯਕੀਨੀ ਬਣਾਈ ਜਾਵੇਗੀ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਆਡੀਟੋਰੀਅਮ ਦਾ ਮਹੱਤਵ ਨਾ ਸਿਰਫ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਸਮਾਗਮ ਕਰਵਾਉਣਾ ਹੈ ਬਲਕਿ ਇਸ ਆਡੀਟੋਰੀਅਮ ਵਿਖੇ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਵੱਖ-ਵੱਖ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ।
ਊਰਜਾ ਮੰਤਰੀ ਨੇ ਇਸ ਗੱਲ ‘ਤੇ ਖੇਦ ਪ੍ਰਗਟ ਕੀਤਾ ਕਿ ਪੰਜਾਬੀ ਵਿਰਸੇ ਦੇ ਮਹਾਨ ਸਪੂਤ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਬਣੇ ਇਸ ਆਡੀਟੋਰੀਅਮ ਨੂੰ ਗਰਮੀਆਂ ਦੌਰਾਨ ਏ.ਸੀ. ਚਲਾਉਣ ਲਈ ਬਿਜਲੀ ਦੀ ਤੰਗੀ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।