ਅਲੀਗੜ੍ਹ — ਤਿੰਨ ਤਲਾਕ ਦੇ ਖਿਲਾਫ ਮੁਸਲਮਾਨ ਔਰਤਾਂ ਦੇ ਇਕ ਵਰਗ ਵਲੋਂ ਉੱਠ ਰਹੀ ਅਵਾਜ਼ ਦਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਪਤਨੀ ਸਲਮਾ ਅੰਸਾਰੀ ਨੇ ਵੀ ਸਮਰਥਨ ਕੀਤਾ ਹੈ। ਸਲਮਾ ਅੰਸਾਰੀ ਨੇ ਤਿੰਨ ਤਲਾਕ ਨੂੰ ਵਿਅਰਥ ਦੱਸਦੇ ਹੋਏ ਕਿਹਾ ਹੈ ਕਿ ਕੁਰਾਨ ‘ਚ ਇਸ ਬਾਰੇ ਕੁਝ ਨਹੀਂ ਲਿਖਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁਸਲਮਾਨ ਔਰਤਾਂ ਨੂੰ ਕੁਰਾਨ ਪੜਣ ਦੇ ਨਾਲ-ਨਾਲ ਸਮਝਣ ਨੂੰ ਵੀ ਕਿਹਾ ਹੈ, ਜਿਸ ਕਾਰਨ ਕੋਈ ਵੀ ਮੁੱਲਾ ਕਿਸੇ ਨੂੰ ਵੀ ਗੁਮਰਾਹ ਨਾ ਕਰ ਸਕੇ।
ਅਲੀਗੜ੍ਹ ‘ਚ ਅਲ ਨੂਰ ਚੈਰੀਟੇਬਲ ਸੋਸਾਇਟੀ ਵਲੋਂ ਚਲਾਏ ਜਾ ਰਹੇ ਚਾਚਾ ਨਹਿਰੂ ਮਦਰਸੇ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣ ਆਈ ਸਲਮਾ ਅੰਸਾਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ‘ਬਸ ਕਿਸੇ ਨੂੰ ਤਿੰਨ ਵਾਰ ਤਲਾਕ ਕਹਿਣ ਨਾਲ ਤਲਾਕ ਨਹੀਂ ਹੋ ਜਾਂਦਾ’। ਕੁਰਾਨ ਪੜ੍ਹਣ ‘ਤੇ ਖੁਦ ਹੀ ਇਸ ਦਾ ਨਤੀਜਾ ਮਿਲ ਜਾਵੇਗਾ। ਕੁਰਾਨ ‘ਚ ਇਸ ਤਰ੍ਹਾਂ ਦਾ ਕੁਝ ਨਹੀਂ ਲਿਖਿਆ ਹੈ।
ਇਸ ਨੂੰ ਬੇਕਾਰ ਦਾ ਮੁੱਦਾ ਬਣਾ ਕੇ ਰੱਖਿਆ ਹੈ, ਜਿਨ੍ਹਾਂ ਨੇ ਕੁਰਾਨ ਨਹੀਂ ਪੜ੍ਹਿਆ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਕੀ ਲਿਖਿਆ ਹੈ।
ਅੰਸਾਰੀ ਨੇ ਇਸ ਦੇ ਨਾਲ ਹੀ ਕਿਹਾ ਕਿ ‘ਤੁਸੀਂ ਅਰਬੀ ‘ਚ ਕੁਰਾਨ ਪੜ੍ਹਦੇ ਹੋ ਅਤੇ ਟ੍ਰਾਂਸਲੇਸ਼ਨ(ਅਨੁਵਾਦ) ਨਹੀਂ ਪੜ੍ਹਦੇ । ਜੋ ਵੀ ਮੁੱਲਾ-ਮੌਲਾਨਾ ਨੇ ਕਿਹਾ ਉਸਨੂੰ ਹੀ ਸੱਚ ਮੰਨ ਲੈਂਦੇ ਹੋ। ਕੁਰਾਨ ਪੜ੍ਹ ਕੇ ਦੇਖੋ, ਹਦੀਸ ਪੜ੍ਹ ਕੇ ਦੇਖੋ ਕਿ ਰਸੂਲ ਨੇ ਕੀ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ‘ਮੈਂ ਤਾਂ ਕਹਿੰਦੀ ਹਾਂ ਕਿ ਔਰਤਾਂ ‘ਚ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਕਿ ਖੁਦ ਕੁਰਾਨ ਪੜ੍ਹਣ, ਉਸਦੇ ਬਾਰੇ ਸੋਚਣ, ਗਿਆਨ ਹਾਸਲ ਕਰਨ ਕਿ ਰਸੂਲ ਨੇ ਕੀ ਕਿਹਾ , ਸ਼ਰੀਯਤ ਕੀ ਕਹਿੰਦਾ ਹੈ, ਕਿਸੇ ਨੂੰ ਵੀ ਇਸੇ ਤਰ੍ਹਾਂ ਹੀ ਨਹੀਂ ਅਪਨਾਉਣਾ ਚਾਹੀਦਾ।
ਜ਼ਿਕਰਯੋਗ ਹੈ ਕਿ ਮੁਸਲਿਮ ਭਾਈਚਾਰੇ ‘ਚ ਜਾਰੀ ਤਿੰਨ ਤਲਾਕ ਦੀ ਪ੍ਰਥਾ ਪਿਛਲੇ ਕੁਝ ਸਮੇਂ ਤੋਂ ਚਰਚਾ ਦਾ ਕੇਂਦਰ ਰਹੀ ਹੈ। ਇਸ ਪ੍ਰਥਾ ਨੂੰ ਸੁਪਰੀਮ ਕੋਰਟ ‘ਚ ਚੁਣੋਤੀ ਮਿਲੀ ਹੋਈ ਹੈ ਅਤੇ 11 ਮਈ ਨੂੰ ਇਸ ਦੀ ਅਗਲੀ ਸੁਣਵਾਈ ਹੋਣੀ ਹੈ।
ਇਸ ਦੇ ਉਲਟ ਮੁਸਲਿਮ ਭਾਈਚਾਰਾ ਇਸ ਤਰ੍ਹਾਂ ਦੀਆਂ ਚੁਣੋਤੀਆਂ ਨੂੰ ਨਾ ਵਿਚਾਰਦੇ ਹੋਏ, ਇਨ੍ਹਾਂ ਪਟੀਸ਼ਨਾਂ ਨੂੰ ਆਪਣੇ ਧਰਮ ‘ਚ ਨਾ ਵਿਚਾਰਣ ਦਾ ਸਖ਼ਤ ਰੁਖ ਆਪਣਾਇਆ ਹੋਇਆ ਹੈ।