ਨਵੀਂ ਦਿੱਲੀ — ਗਊ ਹੱਤਿਆ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੋਲੀ-ਹੋਲੀ ਵੱਧਦਾ ਹੀ ਜਾ ਰਿਹਾ ਹੈ। ਗਊ ਰੱਖਿਅਕ ਦਲਾਂ ਵਲੋਂ ਲੋਕਾਂ ਨਾਲ ਕੀਤੀ ਜਾ ਰਹੀ ਮਾਰਕੁੱਟ ਦਾ ਮਾਮਲਾ ਭੱਖਣ ਲੱਗਾ ਹੈ। ਇਸੇ ਮਾਮਲੇ ‘ਚ ਰਾਸ਼ਟਰੀ ਸੇਵਕ ਸੰਘ ਦੇ ਪ੍ਰਧਾਨ ਮੋਹਨ ਭਾਗਵਤ ਨੇ ਕਿਹਾ ਕਿ ਪੂਰੇ ਦੇਸ਼ ‘ਚ ਗਊ ਹੱਤਿਆ ‘ਤੇ ਰੋਕ ਲਗਾਉਣ ਵਾਲਾ ਕਾਨੂੰਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਊ ਵਧ ਦੇ ਨਾਂ ‘ਤੇ ਕੋਈ ਵੀ ਹਿੰਸਾ ਉਦੇਸ਼ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਇਸ ਮੁੱਦੇ ‘ਤੇ ਕਾਨੂੰਨ ਦੀ ਹਰ ਹਾਲਤ ‘ਚ ਪਾਲਣਾ ਕਰਨੀ ਚਾਹੀਦੀ ਹੈ। ਭਾਗਵਤ ਨੇ ਦਿੱਲੀ ‘ਚ ਭਗਵਾਨ ਮਹਾਂਵੀਰ ਦੀ ਜੈਯੰਤੀ ਦੇ ਮੌਕੇ ‘ਤੇ ਆਯੋਜਿਤ ਇਕ ਪ੍ਰੋਗਰਾਮ ‘ਚ ਬੋਲਦੇ ਹੋਏ ਕਿਹਾ ਕਿ ਅਸੀਂ ਦੇਸ਼ ਭਰ ‘ਚ ਗਊ ਵਧ ਨੂੰ ਰੋਕਣ ਵਾਲਾ ਕਾਨੂੰਨ ਚਾਹੁੰਦੇ ਹਾਂ।
ਭਾਗਵਤ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਗਊ ਭਗਤਾਂ ਵਲੋਂ ਰਾਜਸਥਾਨ ਦੇ ਇਕ ਵਿਅਕਤੀ ਦੀ ਹੱਤਿਆ ਕਰਨ ‘ਤੇ ਪੂਰੇ ਦੇਸ਼ ‘ਚ ਸਿਆਸੀ ਭੂਚਾਨ ਆਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਲਵਰ ‘ਚ ਗਊ ਰੱਖਿਅਕਾਂ ਨੇ ਪਹਲੂ ਖਾਨ ਨਾਂ ਦੇ ਇਕ ਵਿਅਕਤੀ ਨੂੰ ਗਾਂ ਨੂੰ ਮਾਰਨ ਲਈ ਲੈ ਜਾਣ ਦਾ ਦੋਸ਼ ਲਗਾ ਕੇ ਕੁੱਟ-ਕੁੱਟ ਕੇ ਮਾਰ ਦਿੱਤਾ। ਪਹਲੂ ਖਾਨ ਆਪਣੇ ਬੇਟਿਆਂ ਦੇ ਨਾਲ ਰਾਜਸਥਾਨ ਤੋਂ ਗਾਂ ਸਮੇਤ ਕੁਝ ਮਵੇਸ਼ੀ ਖਰੀਦ ਕੇ ਹਰਿਆਣਾ ਦੇ ਮੇਵਾਤ ਜਾ ਰਿਹਾ ਸੀ। ਪੁਲਸ ਦਾ ਕਹਿਣਾ ਸੀ ਕਿ ਪਹਲੂ ਖਾਨ ਚਾਰ ਹੋਰ ਸਹਿਯੋਗੀਆਂ ਨੇ ਗਾਂ ਨੂੰ ਖਰੀਦਣ ਸਬੰਧੀ ਕਾਗਜ਼ਾਤ ਵੀ ਪੇਸ਼ ਕੀਤੇ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕੁੱਟਿਆ ਗਿਆ।
ਇਹ ਮੁੱਦਾ ਸੰਸਦ ‘ਚ ਵੀ ਪੇਸ਼ ਕੀਤਾ ਅਤੇ ਵਿਰੋਧੀ ਦਲਾਂ ਨੇ ਇਸ ਮੌਤ ਲਈ ਸੂਬੇ ਦੀ ਭਾਜਪਾ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਇਆ।
ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸਚਿਨ ਪਾਇਲਟ ਨੇ ਇਸ ਮੁੱਦੇ ‘ਤੇ ਬੀਜੇਪੀ ਨੂੰ ਘੇਰਦੇ ਹੋਏ ਕਿਹਾ ਕਿ ਐਂਟੀ ਰੋਮੀਓ ਦਸਤਾ ਹੋਵੇ, ਲਵ ਜਿਹਾਦ ਹੋਵੇ, ਗਊ ਰੱਖਿਅਕਾਂ ਦੇ ਗੈਰਕਾਨੂੰਨੀ ਕੰਮ ਹੋਣ ਜਾਂ ਬੂਚੜਖਾਣੇ ਦੇ ਖਿਲਾਫ ਕਾਰਵਾਈ ਹੋਵੇ, ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਫ ਹੈ ਕਿ ਭਾਜਪਾ ਸਰਕਾਰ ਪੂਰੇ ਦੇਸ਼ ‘ਚ ਜ਼ਬਰਦਸਤੀ ਆਪਣੀ ਵਿਚਾਰ ਧਾਰਾਂ ਨੂੰ ਥੋਪਣ ਦਾ ਕੰਮ ਬਹੁਤ ਹੀ ਤੇਜ਼ੀ ਨਾਲ ਕਰ ਰਹੀ ਹੈ।