ਜਲੰਧਰ (ਚੋਪੜਾ)-ਹਲਕਾ ਉੱਤਰੀ ਵਿਧਾਨ ਸਭਾ ਦੇ ਗੁਰੂ ਅਮਰਦਾਸ ਨਗਰ ਵਿਚ ਕਾਂਗਰਸ ਦੀ ਬੈਠਕ ਹੋਈ, ਜਿਸ ‘ਚ ਨਾਰਥ ਹਲਕੇ ਦੇ ਵਿਧਾਇਕ ਜੂਨੀਅਰ ਹੈਨਰੀ ਦੇ ਪਿਤਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਹਾਜ਼ਰ ਹੋਏ। ਬੈਠਕ ਦੌਰਾਨ ਜਨਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ, ਜੋ ਪੰਜਾਬ ਨੂੰ ਲੁੱਟਿਆ ਹੈ, ਉਸ ਦਾ ਹਿਸਾਬ ਜਨਤਾ ਸਾਹਮਣੇ ਹੋਵੇਗਾ। ਹੈਨਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਨਿੱਜੀ ਸਵਾਰਥ ਲਈ ਵਿਕਾਸ ਦਾ ਝੂਠਾ ਦਾਅਵਾ ਜਨਤਾ ਦੇ ਸਾਹਮਣੇ ਪੇਸ਼ ਕੀਤਾ, ਜਿਸ ਦਾ ਕਰਾਰਾ ਜਵਾਬ ਜਨਤਾ ਇਨ੍ਹਾਂ ਨੂੰ ਦੇ ਚੁੱਕੀ ਹੈ।  ਉਨ੍ਹਾਂ ਕਿਹਾ ਕਿ ਨਾਰਥ ਹਲਕੇ ਦਾ ਵਿਕਾਸ ਹੀ ਸਾਡਾ ਟੀਚਾ ਹੈ। ਅਕਾਲੀ-ਭਾਜਪਾ ਦੀ ਸੱਤਾ ਦੌਰਾਨ ਨਾਰਥ ਹਲਕਾ ਕਾਫੀ ਪੱਛੜ ਚੁੱਕਾ ਹੈ। ਸੂਬੇ ਦੀਆਂ ਲਗਭਗ 20 ਹਜ਼ਾਰ ਇੰਡਸਟਰੀਆਂ ਬੰਦ ਹੋ ਚੁੱਕੀਆਂ ਹਨ ਜਾਂ ਫਿਰ ਦੂਜੇ ਸੂਬਿਆਂ ਵਿਚ ਸ਼ਿਫਟ ਹੋ ਚੁੱਕੀਆਂ ਹਨ, ਜਿਸ ਦਾ ਪ੍ਰਭਾਵ ਸਿੱਧਾ ਪੰਜਾਬ ਦੀ ਨੌਜਵਾਨ ਪੀੜ੍ਹੀ ‘ਤੇ ਪਿਆ। ਹੈਨਰੀ ਨੇ ਕਿਹਾ ਕਿ ਅੱਜ ਪੰਜਾਬ ‘ਚ ਜਨਤਾ ਦੇ ਆਸ਼ੀਰਵਾਦ ਨਾਲ ਕਾਂਗਰਸ ਸਰਕਾਰ ਬਣੀ ਹੈ ਤੇ ਨਾਰਥ ਹਲਕੇ ਵਿਚ ਮੇਰੇ ਪੁੱਤਰ ਜੂਨੀਅਰ ਹੈਨਰੀ ਨੂੰ ਜੋ ਸੇਵਾ ਬਖਸ਼ੀ ਹੈ, ਮੈਨੂੰ ਯਕੀਨ ਹੈ ਕਿ ਉਹ ਬੜੀ ਈਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵੇਗਾ।