ਤਲਵਾੜਾ/ਚੰਡੀਗੜ੍ਹ -ਹੁਸ਼ਿਆਰਪੁਰ ਵਿਖੇ ਹਾਦਸੇ ਦਾ ਸ਼ਿਕਾਰ ਹੋਈ ਪ੍ਰਾਈਵੇਟ ਸਕੂਲ ਦੀ ਬੱਸ ਵਿੱਚ ਸਵਾਰ ਤਿੰਨ ਵਿਦਿਆਰਥੀਆਂ ਅਤੇ ਇਕ ਡਰਾਈਵਰ ਦੇ ਦੇਹਾਂਤ ‘ਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅੱਜ ਹੁਸ਼ਿਆਰਪੁਰ ਜ਼ਿਲੇ ਦੇ ਕਸਬਾ ਤਲਵਾੜਾ ਵਿਖੇ ਪੁੱਜੇ। ਸਿੱਖਿਆ ਮੰਤਰੀ ਨੇ ਜਿੱਥੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਉਥੇ ਇਸ ਮੌਕੇ ਮ੍ਰਿਤਕ ਵਿਦਿਆਰਥੀਆਂ ਅਤੇ ਡਰਾਈਵਰ ਦੇ ਪਰਿਵਾਰ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਡਰਾਈਵਰ ਦੀ ਪਤਨੀ ਨੂੰ ਨੌਕਰੀ ਅਤੇ ਵਿਧਵਾ ਪੈਨਸ਼ਨ ਦਾ ਵੀ ਐਲਾਨ ਕੀਤਾ।
ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਆਪਣੇ ਇਸੇ ਦੌਰੇ ਦੌਰਾਨ ਸਭ ਤੋਂ ਪਹਿਲਾਂ ਤਲਵਾੜਾ ਵਿਖੇ ਅਧਿਕਾਰੀਆਂ ਕੋਲੋਂ ਵਾਪਰੇ ਦਰਦਨਾਕ ਹਾਦਸੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਇਸ ਉਪਰੰਤ ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਇਸ ਹਾਦਸੇ ਕਾਰਨ ਡਾਹਢੀ ਪੀੜਾ ਵਿਚ ਹਨ ਅਤੇ ਮੁੱਖ ਮੰਤਰੀ ਜੀ ਨੇ ਵੀ ਆਪਣਾ ਸ਼ੋਕ ਸੁਨੇਹਾ ਭੇਜਿਆ ਹੈ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਕੂਲੀ ਬੱਚਿਆਂ ਵਾਲੀ ਬੱਸ ਨਾਲ ਵਾਪਰਿਆ ਹਾਦਸਾ ਬਹੁਤ ਅਸਹਿ ਤੇ ਅਕਹਿ ਸੀ ਦੁੱਖ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਪਰਿਵਾਰਾਂ ਨੂੰ ਜੋ ਘਾਟਾ ਪਿਆ ਹੈ, ਉਸਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਪੰਜਾਬ ਸਰਕਾਰ ਵਲੋਂ ਤਿੰਨ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਾਂ ਅਤੇ ਬੱਸ ਡਰਾਈਵਰ ਦੇ ਪਰਿਵਾਰ ਨੂੰ ਇਕ-ਇਕ ਲੱਖ ਰੁਪਏ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਡਰਾਈਵਰ ਦੀ ਪਤਨੀ ਨੂੰ ਵਿਧਵਾ ਪੈਨਸ਼ਨ ਤੋਂ ਇਲਾਵਾ ਕਿਸੇ ਪ੍ਰਾਈਵੇਟ ਸਕੂਲ ਵਿਚ ਨੌਕਰੀ ਵੀ ਦਿਵਾਈ ਜਾਵੇਗੀ। ਉਨ੍ਹਾਂ ਪਿੰਡ ਦੇਪਰ, ਪਿੰਡ ਸਾਂਡਪੁਰ ਅਤੇ ਤਲਵਾੜਾ (ਨਗਰ) ਵਿਖੇ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਸਾਂਝੀ ਕਰਦਿਆਂ ਕਿਹਾ ਕਿ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਜ਼ਖਮੀ ਵਿਦਿਆਰਥੀਆਂ ਦੀ ਜਲਦ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ।
ਜ਼ਿਕਰਯੋਗ ਹੈ ਕਿ 7 ਅਪ੍ਰੈਲ ਸਵੇਰੇ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਸਿੰਘਪੁਰ ਨੇੜੇ ਕੈਬ੍ਰਿਜ ਇੰਟਰੈਨਸ਼ਨਲ ਪਬਲਿਕ ਸਕੂਲ ਦਸੂਹਾ ਦੀ ਬੱਸ ਦਾ ਮਹਿੰਦਰਾ ਬਲੈਰੋ ਕੈਂਟਰ ਨਾਲ ਟੱਕਰ ਹੋਣ ਕਰ ਕੇ ਹਾਦਸਾ ਵਾਪਰ ਗਿਆ, ਜਿਸ ਵਿੱਚ ਤਿੰਨ ਵਿਦਿਆਰਥੀਆਂ ਸੁਰਭੀ, ਅਨਿਰੁੱਧ (ਭੈਣ-ਭਰਾ), ਤਨਿਸ਼ ਅਤੇ ਬੱਸ ਡਰਾਈਵਰ ਰਣਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਮੌਕੇ ਹਲਕਾ ਵਿਧਾਇਕ ਸ੍ਰੀ ਅਰੁਣ ਕੁਮਾਰ ਡੋਗਰਾ, ਐਸ.ਡੀ.ਐਮ. ਮੁਕੇਰੀਆਂ ਸ੍ਰੀ ਅਮਿਤ ਮਹਾਜਨ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਦਿਨੇਸ਼ ਕੁਮਾਰ ਵੀ ਹਾਜ਼ਰ ਸਨ।