ਸਾਧਾਰਨ ਪਰ ਆਤਮਵਿਸ਼ਵਾਸੀ, ਬੇਬਾਕ ਪਰ ਕਰੀਅਰ ਪ੍ਰਤੀ ਸੰਜੀਦਾ, ਇਹੀ ਹੈ ਅੱਜ ਦੀ ਲੜਕੀ ਦੀ ਪਛਾਣ ਅਤੇ ਇਸ ਪਛਾਣ ਨਾਲ ਹਜ਼ਾਰਾਂ ਲੜਕੀਆਂ ਦੀ ਆਦਰਸ਼ ਅਤੇ ਹਜ਼ਾਰਾਂ ਲੜਕਿਆਂ ਦੇ ਦਿਲਾਂ ਦੀ ਧੜਕਣ ਬਣ ਚੁੱਕੀ ਹੈ ਦੀਪਿਕਾ ਪਾਦੂਕੋਣ। ਜੋ ਸਾੜੀ ਵਿੱਚ ਜਿੰਨੀ ਖ਼ੂਬਸੂਰਤ ਲੱਗਦੀ ਹੈ, ਉੱਨੀ ਹੀ ਪਿਆਰੀ ਪੱਛਮੀ ਪਹਿਰਾਵੇ ਵਿੱਚ ਲੱਗਦੀ ਹੈ। ਆਪਣੇ ਟੀਚੇ ‘ਤੇ ਨਜ਼ਰਾਂ ਰੱਖਣ ਵਾਲੀ ਇਹ ਅਭਿਨੇਤਰੀ ਬਿਨਾਂ ਝਿਜਕ ਤੋਂ ਆਪਣੀ ਗੱਲ ਕਹਿ ਦਿੰਦੀ ਹੈ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
-ਤੁਹਾਡੇ ਕੰਮ ਤੋਂ ਕਿਧਰੇ ਜ਼ਿਆਦਾ ਚਰਚਾ ਤੁਹਾਡੇ ਪ੍ਰੇਮ ਪ੍ਰਸੰਗ ਦੀ ਹੁੰਦੀ ਹੈ। ਕੀ ਇਹ ਸਭ ਤੁਹਾਨੂੰ ਪਸੰਦ ਆਉਂਦਾ ਹੈ?
-ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਮੈਂ ਜਾਣਦੀ ਹਾਂ ਕਿ ਫ਼ਿਲਹਾਲ ਮੈਂ ਸਿੰਗਲ ਹਾਂ ਅਤੇ ਮੈਂ ਆਪਣੀ ਜ਼ਿੰਦਗੀ ਖ਼ੁਸ਼ੀ ਨਾਲ ਆਪਣੇ ਮੁਤਾਬਿਕ ਬਿਤਾ ਰਹੀ ਹਾਂ। ਵੈਸੇ ਵੀ ਸਿੰਗਲ ਲੜਕੀ ਵੱਲੋਂ ਲੜਕਿਆਂ ਨਾਲ ਦੋਸਤੀ ਰੱਖਣ ਅਤੇ ਉਨ੍ਹਾਂ ਨੂੰ ਮਿਲਣ ਜੁਲਣ ਵਿੱਚ ਕੀ ਬੁਰਾਈ ਹੈ। ਲੋਕ ਮੇਰੇ ਬਾਰੇ ਵਿੱਚ ਜੋ ਵੀ ਸੋਚਣ ਜਾਂ ਬੋਲਣ, ਪਰ ਮੈਂ ਕਿਸੇ ਅਜਿਹੇ ਲੜਕੇ ਦੇ ਨਾਲ ਰਿਸ਼ਤਾ ਰੱਖਣਾ ਚਾਹੁੰਗੀ ਜੋ ਸਾਧਾਰਨ, ਇਮਾਨਦਾਰ ਅਤੇ ਦਿਲਚਸਪ ਹੋਣ ਦੇ ਨਾਲ ਹੀ ਮੈਨੂੰ ਹਸਾ ਵੀ ਸਕੇ। ਆਪਣੇ ਪਿਛਲੇ ਬ੍ਰੇਕਅਪ ਤੋਂ ਬਾਅਦ ਮੈਂ ਕਾਫ਼ੀ ਨਿਰਾਸ਼ ਹੋ ਗਈ ਸੀ ਅਤੇ ਦੂਜੇ ਲੜਕਿਆਂ ਨਾਲ ਮਿਲਣ ਜੁਲਣ ਵਿੱਚ ਮੈਨੂੰ ਸਮਾਂ ਲੱਗਾ, ਪਰ ਇੱਕ ਵਾਰ ਦੁੱਖ ਤੋਂ ਬਾਹਰ ਆਉਣ ਤੋਂ ਬਾਅਦ ਦੂਜੀ ਵਾਰ ਪਿਆਰ ਹੋਣ ਵਿੱਚ ਸਮਾਂ ਨਹੀਂ ਲੱਗਦਾ। ਫ਼ਿਰ ਅਭਿਨੇਤਰੀਆਂ ਦੀ ਜ਼ਿੰਦਗੀ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਹੁੰਦੀ ਹੈ। ਜੇਕਰ ਲੋਕ ਇਸ ਬਾਰੇ ਜਾਣਦੇ ਹਨ ਤਾਂ ਉਸ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ।
-ਹੁਣ ਰਣਵੀਰ ਸਿੰਘ ਨਾਲ ਤੁਹਾਡਾ ਨਾਂ ਜੋੜਿਆ ਜਾ ਰਿਹਾ ਹੈ?
-ਰਣਵੀਰ ਸਿੰਘ ਨਾਲ ਮੇਰਾ ਵਿਸ਼ੇਸ਼ ਰਿਸ਼ਤਾ ਹੈ ਕਿਉਂਕਿ ਉਹ ਮੇਰੇ ਚੰਗੇ ਦੋਸਤਾਂ ਵਿੱਚੋਂ ਇੱਕ ਹੈ। ਹਾਲਾਂਕਿ ਤੁਸੀਂ ਮੇਰੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਦੇਖੋ ਤਾਂ ਮੇਰੀ ਹਰ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਮੇਰੇ ਸਬੰਧਾਂ ਦੀਆਂ ਅਫ਼ਵਾਹਾਂ ਸ਼ੁਰੂ ਹੋ ਜਾਂਦੀਆਂ ਹਨ। ਪਤਾ ਨਹੀਂ, ਇਹ ਪਬਲੀਸਿਟੀ ਗੇਮ ਹੈ ਜਾਂ ਕੁਝ ਹੋਰ, ਪਰ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ, ਮੈਨੂੰ ਇਹ ਅਫ਼ਵਾਹਾਂ ਬੁਰੀਆਂ ਨਹੀਂ ਲੱਗਦੀਆਂ।
-ਤੁਹਾਡੇ ਕੋਲ ਬਹੁਤ ਸਾਰੀਆਂ ਇਸ਼ਤਿਹਾਰੀ ਡੀਲਾਂ ਹਨ। ਕੀ ਤੁਸੀਂ ਮੰਨਦੇ ਹੋ ਕਿ ਐਕਟਰ ਦੀ ਕਮਾਈ ਦਾ ਖ਼ਾਸਾ ਹਿੱਸਾ ਇਨ੍ਹਾਂ ਤੋਂ ਹੀ ਆਉਂਦਾ ਹੈ?
– ਅਜਿਹਾ ਨਹੀਂ ਹੈ। ਬੇਸ਼ੱਕ ਇਸ਼ਤਿਹਾਰਾਂ ਤੋਂ ਕਾਫ਼ੀ ਪੈਸਾ ਮਿਲਦਾ ਹੈ, ਪਰ ਹਰ ਡੀਲ ਦੇ ਪਿੱਛੇ ਬਹੁਤ ਸਾਰੀਆਂ ਵਚਨਬੱਧਤਾਵਾਂ ਛੁਪੀਆਂ ਹੁੰਦੀਆਂ ਹਨ। ਫ਼ਿਰ ਤੁਸੀਂ ਕੋਈ ਵੀ ਬੇਤੁਕਾ ਜਾਂ ਫ਼ਜ਼ੂਲ ਦਾ ਇਸ਼ਤਿਹਾਰ ਵੀ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਤੁਹਾਡੀ ਦਿੱਖ ‘ਤੇ ਵੀ ਅਸਰ ਪੈਂਦਾ ਹੈ। ਜੇਕਰ ਮੈਂ ਕਿਸੇ ਬਰਾਂਡ ਨਾਲ ਜੁੜੀ ਹਾਂ ਤਾਂ ਮੈਨੂੰ ਸਾਈਨ ਕਰਨ ਵਾਲੇ ਜ਼ਰੂਰ ਚਾਹੁਣਗੇ ਕਿ ਇਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਪੈਸਾ ਬਣਾਉਣ ਦਾ ਮੌਕਾ ਮਿਲੇ। ਜਿੱਥੋਂ ਤਕ ਮੇਰੀ ਗੱਲ ਹੈ ਤਾਂ ਮੈਨੂੰ ਕੰਮ ਤੋਂ ਰਚਨਾਤਮਕ ਸੰਤੁਸ਼ਟੀ ਮਿਲਣੀ ਚਾਹੀਦੀ ਹੈ। ਫ਼ਿਰ ਬੇਸ਼ੱਕ ਉਹ ਫ਼ਿਲਮ ਹੋਵੇ ਜਾਂ ਫ਼ਿਰ ਕੋਈ ਇਸ਼ਤਿਹਾਰ।
-ਇਸ਼ਤਿਹਾਰ ਦੀ ਚੋਣ ਕਰਦੇ ਹੋਏ ਤੁਸੀਂ ਕੀ ਦੇਖਦੇ ਹੋ?
-ਮੈਂ ਉਹ ਬਰਾਂਡ ਚੁਣਦੀ ਹਾਂ ਜਿਨ੍ਹਾਂ ਲਈ ਮੈਨੂੰ ਲੱਗਦਾ ਹੈ ਕਿ ਮੈਂ ਖਪਤਕਾਰਾਂ ਤਕ ਉਨ੍ਹਾਂ ਦੀ ਗੱਲ ਪਹੁੰਚਾ ਸਕਾਂਗੀ ਅਤੇ ਮੈਂ ਉਨ੍ਹਾਂ ਦੇ ਸੰਦੇਸ਼ ਨਾਲ ਨਿਆਂ ਕਰਦੀ ਨਜ਼ਰ ਆਵਾਂਗੀ। ਜੇਕਰ ਮੈਨੂੰ ਇਹ ਮਹਿਸੂਸ ਨਹੀਂ ਹੁੰਦਾ ਤਾਂ ਮੈਂ ਉਸ ਬਰਾਂਡ ਲਈ ਮਨ੍ਹਾ ਕਰ ਦਿੰਦੀ ਹਾਂ। ਮੇਰੇ ਲਈ ਜ਼ਿਆਦਾ ਅਹਿਮ ਇਹ ਹੈ ਕਿ ਮੈਂ ਜੋ ਵੀ ਕਹਿ ਰਹੀ ਹਾਂ ਜਾਂ ਕਰ ਰਹੀ ਹਾਂ, ਉਸ ਨੂੰ ਦੇਖਕੇ ਜਨਤਾ ਦੇ ਮਨ ਵਿੱਚ ਵਿਸ਼ਵਾਸ ਆਉਣਾ ਚਾਹੀਦਾ ਹੈ ਕਿ ‘ਹਾਂ’ ਦੀਪਿਕਾ ਸੱਚ ਕਹਿ ਰਹੀ ਹੈ ਜਾਂ ‘ਸਹੀ ਕਰ ਰਹੀ ਹੈ।’
-ਤੁਸੀਂ ਕਾਮਯਾਬੀ ਨੂੰ ਨਿੱਜੀ ਜ਼ਿੰਦਗੀ ਨਾਲ ਕਿਵੇਂ ਜੋੜਦੇ ਹੋ?
-ਕਾਮਯਾਬੀ ਪੇਸ਼ੇਵਰ ਮੋਰਚੇ ‘ਤੇ ਮਿਲਦੀ ਹੈ, ਜਦੋਂਕਿ ਅਸਲੀ ਜ਼ਿੰਦਗੀ ਇਸ ਤੋਂ ਬਿਲਕੁਲ ਅਲੱਗ ਚੀਜ਼ ਹੁੰਦੀ ਹੈ। ਸ਼ੋਹਰਤ ਕੀ ਹੁੰਦੀ ਹੈ, ਇਹ ਮੇਰੇ ਲਈ ਕੋਈ ਨਵੀਂ ਚੀਜ਼ ਨਹੀਂ ਹੈ। ਮੇਰੇ ਪਿਤਾ ਮਸ਼ਹੂਰ ਖਿਡਾਰੀ ਹਨ ਅਤੇ ਉਨ੍ਹਾਂ ਦੀ ਕਾਫ਼ੀ ਸ਼ੋਹਰਤ ਹੈ। ਮੈਂ ਬਚਪਨ ਤੋਂ ਹੀ ਉਹ ਮਾਹੌਲ ਦੇਖਿਆ ਹੈ, ਜਿੱਥੇ ਲੋਕ ਜਾਂ ਪ੍ਰਸ਼ੰਸਕ ਪਲਕਾਂ ‘ਤੇ ਬਿਠਾਉਂਦੇ ਹਨ। ਇਸ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਮੈਂ ਪਹਿਲਾਂ ਹੀ ਵਾਕਿਫ਼ ਸੀ। ਇਸ ਦੇ ਨਾਲ ਹੀ ਜਿਸ ਤਰ੍ਹਾਂ ਦਾ ਮੇਰਾ ਪਾਲਣ ਪੋਸ਼ਣ ਹੋਇਆ ਹੈ ਜਾਂ ਫ਼ਿਰ ਜਿਸ ਤਰ੍ਹਾਂ ਦੇ ਸੰਸਕਾਰ ਮੈਨੂੰ ਮਿਲੇ ਹਨ, ਉਨ੍ਹਾਂ ਦਾ ਵੀ ਮੇਰੀ ਸ਼ਖ਼ਸੀਅਤ ਵਿੱਚ ਬਹੁਤ ਵੱਡਾ ਹੱਥ ਹੈ। ਇਸ ਲਈ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਬਿਲਕੁਲ ਅਲੱਗ ਰੱਖਦੀ ਹਾਂ।
-ਅੱਜਕਲ੍ਹ ਫ਼ਿਲਮਾਂ ਵਿੱਚ ਅਭਿਨੇਤਰੀਆਂ ਨੂੰ ਬਦਲਣ ਦਾ ਚਲਣ ਹੈ। ਇਸ ਤਰ੍ਹਾਂ ਦੇ ਮਾਹੌਲ ਵਿੱਚ ਕੀ ਅਭਿਨੇਤਰੀਆਂ ਦੇ ਵਿਚਕਾਰ ਦੋਸਤੀ ਦੀ ਸੰਭਾਵਨਾ ਹੈ?
-ਮੈਂ ਇੱਕ ਖਿਡਾਰਨ ਹਾਂ। ਮੈਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਮੈਚ ਖੇਡੇ ਹਨ ਜਿਨ੍ਹਾਂ ਨਾਲ ਮੇਰੀ ਪੱਕੀ ਦੋਸਤੀ ਰਹੀ ਹੈ ਅਤੇ ਫ਼ਿਰ ਉਨ੍ਹਾਂ ਨਾਲ ਹੀ ਇੱਕ ਕਮਰੇ ਵਿੱਚ ਰਹੀ ਹਾਂ। ਇਹ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਹੈ ਕਿ ਪੇਸ਼ੇ ਦੇ ਕਾਰਨ ਅਸੀਂ ਇੱਕ ਦੂਜੇ ਨਾਲ ਦੁਸ਼ਮਣੀ ਕਰੀਏ। ਮੇਰੇ ਹਿਸਾਬ ਨਾਲ ਅਸੀਂ ਸਾਰੇ ਜਦੋਂ ਇੱਕ ਦੂਜੇ ਨੂੰ ਮਿਲੀਏ ਤਾਂ ਗਰਮਜੋਸ਼ੀ ਅਤੇ ਆਪਣੇਪਣ ਨਾਲ ਮਿਲ ਸਕਦੇ ਹਾਂ।
-ਬੌਲੀਵੁੱਡ ਦੇ ਹੁਣ ਤਕ ਦੇ ਸਫ਼ਰ ਵਿੱਚ ਜਦੋਂ ਤੁਸੀਂ ਪਿੱਛੇ ਮੁੜਕੇ ਦੇਖਦੇ ਹੋ ਤਾਂ ਕੀ ਲੱਗਦਾ ਹੈ?
-ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਕਿਸਮਤ ਵਾਲੀ ਹਾਂ। ਜਿਸ ਤਰ੍ਹਾਂ ਦੀਆਂ ਫ਼ਿਲਮਾਂ ਅਤੇ ਕਿਰਦਾਰ ਮੈਨੂੰ ਮਿਲਦੇ ਆਏ ਹਨ, ਜਿਨ੍ਹਾਂ ਕਲਾਕਾਰਾਂ ਅਤੇ ਨਿਰਦੇਸ਼ਕਾਂ ਨਾਲ ਮੈਂ ਹੁਣ ਤਕ ਕੰਮ ਕੀਤਾ ਹੈ, ਇਹ ਇੱਕ ਬਹੁਤ ਵੱਡੀ ਉਪਲੱਬਧੀ ਹੈ, ਪਰ ਇਸ ਉਪਲੱਬਧੀ ਦੇ ਨਾਲ ਮੈਂ ਰੁਕਣਾ ਨਹੀਂ ਚਾਹੁੰਦੀ, ਬਲਕਿ ਬੌਲੀਵੁੱਡ ਅਤੇ ਹੌਲੀਵੁੱਡ ਵਿੱਚ ਹੋਰ ਅੱਗੇ ਵਧਣਾ ਚਾਹੁੰਦੀ ਹਾਂ। ਇਸ ਲਈ ਮਿਹਨਤ ਕਰਦੀ ਜਾ ਰਹੀ ਹਾਂ। ਹਾਲਾਂਕਿ ਰਾਜੂ ਹਿਰਾਨੀ, ਜ਼ੋਆ ਅਖ਼ਤਰ ਅਤੇ ਅਨੁਰਾਗ ਕਸ਼ਿਅਪ ਦੇ ਨਾਲ ਕੰਮ ਕਰਨ ਦੀ ਦਿਲੀ ਤਮੰਨਾ ਹੈ।
-ਕਿਹਾ ਜਾਂਦਾ ਹੈ ਕਿ ਹੌਲੀਵੁੱਡ ਵਿੱਚ ਕੰਮ ਕਰਨ ਲਈ ਤੁਸੀਂ ਆਪਣੀਆਂ ਬੌਲੀਵੁੱਡ ਦੀਆਂ ਫ਼ਿਲਮਾਂ ਤੋਂ ਧਿਆਨ ਹਟਾ ਲਿਆ, ਜਿਸ ਕਾਰਨ ਅੱਜ ਤੁਹਾਡੇ ਹੱਥ ਵਿੱਚ ਫ਼ਿਲਮਾਂ ਨਹੀਂ ਹਨ?
-ਅਜਿਹੀ ਗੱਲ ਬਿਲਕੁਲ ਵੀ ਨਹੀਂ ਹੈ। ਇਹ ਸੱਚ ਹੈ ਕਿ ਹਰ ਕਲਾਕਾਰ ਆਪਣੀ ਕਲਾ ਨੂੰ ਵਿਸਥਾਰ ਦੇਣਾ ਚਾਹੁੰਦਾ ਹੈ, ਅਲੱਗ ਅਲੱਗ ਪਲੈਟਫ਼ਾਰਮ ਅਤੇ ਕੈਨਵਸ ‘ਤੇ ਖ਼ੁਦ ਨੂੰ ਚਮਕਦੇ ਦੇਖਣਾ ਚਾਹੁੰਦਾ ਹੈ, ਵਿਭਿੰਨ ਮਾਧਿਅਮਾਂ ‘ਤੇ ਕੰਮ ਕਰਨਾ ਚਾਹੁੰਦਾ ਹੈ, ਪਰ ਇਸ ਲਈ ਉਹ ਆਪਣੀ ਜੜ ਨੂੰ ਨਹੀਂ ਭੁੱਲਦਾ। ਜਿੱਥੋਂ ਤਕ ਘੱਟ ਫ਼ਿਲਮਾਂ ਹੋਣ ਦਾ ਸੁਆਲ ਹੈ ਤਾਂ ਮੈਂ ਸ਼ੁਰੂ ਤੋਂ ਹੀ ਫ਼ਿਲਮਾਂ ਦੀ ਭੀੜ ਇੱਕੱਠੀ ਕਰਨ ਦੇ ਖ਼ਿਲਾਫ਼ ਰਹੀ ਹਾਂ। ਉਹ ਫ਼ਿਲਮਾਂ ਸਵੀਕਾਰਦੀ ਹਾਂ ਜੋ ਹਰ ਤਰ੍ਹਾਂ ਨਾਲ ਮੈਨੂੰ ਆਪਣੇ ਅਨੁਕੂਲ ਲੱਗਦੀਆਂ ਹੋਣ। ਅਜਿਹੇ ਵਿੱਚ ਹੱਥ ਵਿੱਚ ਘੱਟ ਕੰਮ ਹੋਣਾ ਸੁਭਾਵਿਕ ਹੈ। ਵੈਸੇ ਸੰਜੇ ਲੀਲਾ ਭੰਸਾਲੀ ਦੀ ‘ਪਦਮਾਵਤੀ’ ਤਾਂ ਕਰ ਹੀ ਰਹੀ ਹਾਂ।
-100 ਕਰੋੜ ਕਮਾਉਣ ਵਾਲੀਆਂ ਫ਼ਿਲਮਾਂ ਦੀ ਸੰਖਿਆ ਵਧ ਰਹੀ ਹੈ, ਪਰ ਇਨ੍ਹਾਂ ਵਿੱਚ ਅਭਿਨੇਤਰੀਆਂ ਲਈ ਕੁਝ ਖ਼ਾਸ ਕਰਨ ਲਈ ਨਹੀਂ ਹੁੰਦਾ। ਕੀ ਤੁਸੀਂ ਵੀ ਅਜਿਹੀਆਂ ਫ਼ਿਲਮਾਂ ਕਰਨਾ ਚਾਹੋਗੇ ਜਾਂ ਫ਼ਿਰ ਤੁਹਾਡੀ ਪਸੰਦ ਅਲੱਗ ਤਰ੍ਹਾਂ ਦੀਆਂ ਫ਼ਿਲਮਾਂ ਹੀ ਰਹਿਣਗੀਆਂ?
-ਇਹ ਅਫ਼ਸੋਸ ਦੀ ਗੱਲ ਹੈ ਕਿ ਸਫ਼ਲ ਹੋਣ ਵਾਲੀ ਹਰ ਫ਼ਿਲਮ ਦਾ ਸਿਹਰਾ ਬੌਲੀਵੁੱਡ ਵਿੱਚ ਨਾਇਕ ਨੂੰ ਜਾਂਦਾ ਹੈ। ਹਾਲਾਂਕਿ 100 ਕਰੋੜ ਕਮਾਈ ਵਾਲੀ ਕਿਸੇ ਫ਼ਿਲਮ ਵਿੱਚ ਮੈਂ ਕੋਈ ਵੀ ਫ਼ਜ਼ੂਲ ਦਾ ਕਿਰਦਾਰ ਨਹੀਂ ਕਰਨਾ ਚਾਹੁੰਗੀ। ਕਈ ਅਭਿਨੇਤਰੀਆਂ ਨੂੰ ਇਨ੍ਹਾਂ ਫ਼ਿਲਮਾਂ ਵਿੱਚ ਕੰਮ ਕਰਨ ਵਿੱਚ ਮਜ਼ਾ ਆਉਂਦਾ ਹੈ, ਪਰ ਮੇਰੀ ਪਸੰਦ ਹਮੇਸ਼ਾਂ ਅਲੱਗ ਤਰ੍ਹਾਂ ਦੀ ਫ਼ਿਲਮ ਹੀ ਰਹੇਗੀ। ਬੇਸ਼ੱਕ ਉਹ 100 ਕਰੋੜ ਕਮਾਏ ਜਾਂ ਨਾ ਕਮਾਏ।
-ਕਿਹਾ ਜਾਂਦਾ ਹੈ ਕਿ ਤੁਹਾਨੂੰ ਜੋ ਕਿਰਦਾਰ ਪਸੰਦ ਆ ਜਾਵੇ, ਉਸ ਨੂੰ ਹਾਸਿਲ ਕਰਨ ਲਈ ਤੁਸੀਂ ਖ਼ੁਦ ਪਹੁੰਚ ਕਰਨ ਤੋਂ ਨਹੀਂ ਝਿਜਕਦੇ?
-ਇਸ ਵਿੱਚ ਬੁਰਾਈ ਕੀ ਹੈ? ਇੱਕ ਅਭਿਨੇਤਰੀ ਅੰਦਰ ਤੋਂ ਮਹਿਸੂਸ ਕਰਦੀ ਹੈ ਕਿ ਉਹ ਫ਼ਲਾਣੇ ਕਿਰਦਾਰ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਸਕਦੀ ਹੈ ਅਤੇ ਜੇਕਰ ਉਹ ਖ਼ੁਦ ਇਸ ਲਈ ਪਹੁੰਚ ਕਰਦੀ ਹੈ ਤਾਂ ਇਸ ਨੂੰ ਗ਼ਲਤ ਨਜ਼ਰਾਂ ਨਾਲ ਕਿਉਂ ਦੇਖਿਆ ਜਾਵੇ। ਹਾਂ, ਇਹ ਸੱਚ ਹੈ ਕਿ ਮੈਂ ਹਮੇਸ਼ਾਂ ਆਪਣੇ ਇੰਟਰਵਿਊ ਵਿੱਚ ਉਨ੍ਹਾਂ ਨਿਰਦੇਸ਼ਕਾਂ ਦੇ ਨਾਂ ਲੈਂਦੀ ਹਾਂ ਜਿਨ੍ਹਾਂ ਨਾਲ ਮੈਂ ਕੰਮ ਕਰਨਾ ਚਾਹੁੰਦੀ ਹਾਂ, ਪਰ ਮੈਂ ਉਸ ਤਰ੍ਹਾਂ ਦੀ ਇਨਸਾਨ ਨਹੀਂ ਹਾਂ ਜੋ ਫ਼ੋਨ ਚੁੱਕ ਕੇ ਕਿਸੇ ਨੂੰ ਕਹੇ ਕਿ ਤੁਹਾਨੂੰ ਮੈਨੂੰ ਆਪਣੀ ਫ਼ਿਲਮ ਵਿੱਚ ਲੈਣਾ ਚਾਹੀਦਾ ਹੈ। ਜੇਕਰ ਉਨ੍ਹਾਂ ਦੀ ਤਰਫ਼ ਤੋਂ ਬੁਲਾਵਾ ਆਉਂਦਾ ਹੈ ਤਾਂ ਇਹ ਮੇਰੇ ਲਈ ਜ਼ਿਆਦਾ ਮਾਣ ਵਾਲੀ ਗੱਲ ਹੋਏਗੀ। ਇਸ ਨਾਲ ਮੇਰਾ ਆਤਮ ਵਿਸ਼ਵਾਸ ਵਧੇਗਾ। ਮੈਨੂੰ ਲੱਗੇਗਾ ਕਿ ਇਸ ਨਿਰਦੇਸ਼ਕ ਨੂੰ ਮੇਰੇ ‘ਤੇ ਭਰੋਸਾ ਹੈ ਕਿ ਮੈਂ ਫ਼ਿਲਮ ਦੇ ਉਸ ਕਿਰਦਾਰ ਨਾਲ ਨਿਆਂ ਕਰ ਸਕਾਂਗੀ।
-ਤੁਸੀਂ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਕੀ ਤੁਹਾਨੂੰ ਨਹੀਂ ਲੱਗਦਾ ਕਿ ਗਲੈਮਰਸ ਕਿਰਦਾਰ ਲਈ ਕਿਸੇ ਖ਼ਾਸ ਪ੍ਰਤਿਭਾ ਦੀ ਜ਼ਰੂਰਤ ਨਹੀਂ ਹੁੰਦੀ?
-ਹਾਂ, ਇਹ ਸੱਚ ਹੈ ਕਿ ਮੈਂ ਚਮਕ-ਦਮਕ ਵਾਲੇ ਕਿਰਦਾਰਾਂ ਦੇ ਨਾਲ ਨਾਲ ਸਿੱਧੇ ਸਾਦੇ ਦਿਖਣ ਵਾਲੇ ਕਿਰਦਾਰ ਵੀ ਨਿਭਾਏ ਹਨ, ਪਰ ਮੈਨੂੰ ਲੋਕਾਂ ਦੀ ਇਹ ਗੱਲ ਬੁਰੀ ਲੱਗਦੀ ਹੈ ਕਿ ਇਨ੍ਹਾਂ ਚਮਕ ਦਮਕ ਭਰੇ ਕਿਰਦਾਰਾਂ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਨਹੀਂ ਪੈਂਦੀ। ਸੱਚ ਤਾਂ ਇਹ ਹੈ ਕਿ ਮੈਨੂੰ ਗਲੈਮਰਸ ਕਿਰਦਾਰ ਕਾਫ਼ੀ ਮਹੱਤਵਪੂਰਨ ਲੱਗਦੇ ਹਨ, ਪਰ ਇਹ ਗ਼ਲਤ ਧਾਰਨਾ ਹੈ ਕਿ ਇਨ੍ਹਾਂ ਕਿਰਦਾਰਾਂ ਲਈ ਪ੍ਰਤਿਭਾ ਦੀ ਜ਼ਰੂਰਤ ਨਹੀਂ ਹੁੰਦੀ। ਜਦੋਂਕਿ ਕਿਸੇ ਵੀ ਤਰ੍ਹਾਂ ਦੇ ਕਿਰਦਾਰ ਹੋਣ, ਉਨ੍ਹਾਂ ਵਿੱਚ ਅਭਿਨੈ ਦੀ ਜ਼ਰੂਰਤ ਹੁੰਦੀ ਹੈ ਅਤੇ ਅਭਿਨੈ ਕੇਵਲ ਅਭਿਨੈ ਹੁੰਦਾ ਹੈ।
-ਤੁਹਾਡੇ ਲਈ ਕਿਰਦਾਰ ਜ਼ਿਆਦਾ ਜ਼ਰੂਰੀ ਹੈ ਜਾਂ ਫ਼ਿਲਮ ਦਾ ਟਿਕਟ ਖਿੜਕੀ ‘ਤੇ ਪ੍ਰਦਰਸ਼ਨ?
-ਮੇਰੇ ਲਈ ਫ਼ਿਲਮ ਅਤੇ ਕਿਰਦਾਰ ਦੋਨੋਂ ਜ਼ਰੂਰੀ ਹਨ ਨਾ ਕਿ ਚਮਕ-ਦਮਕ। ਮੈਨੂੰ ਨਾ ਸਿਰਫ਼ ਆਪਣੀ ਭੂਮਿਕਾ ਦੀ ਸ਼ਲਾਘਾ ਸੁਣਨੀ ਪਸੰਦ ਹੈ , ਬਲਕਿ ਟਿਕਟ ਖਿੜਕੀ ‘ਤੇ ਫ਼ਿਲਮ ਦਾ ਪ੍ਰਦਰਸ਼ਨ ਵੀ ਮੇਰੇ ਲਈ ਅਹਿਮੀਅਤ ਰੱਖਦਾ ਹੈ। ਦਰਅਸਲ, ਜਦੋਂ ਤੁਸੀਂ ਫ਼ਿਲਮ ਕਰਨ ਬਾਰੇ ਸੋਚਦੇ ਹੋ ਤਾਂ ਤੁਸੀਂ ਇਹ ਉਮੀਦ ਕਰਦੇ ਹੋ ਕਿ ਤੁਹਾਡੇ ਅਭਿਨੈ ਦੀ ਸ਼ਲਾਘਾ ਹੋਣ ਦੇ ਨਾਲ ਨਾਲ ਫ਼ਿਲਮ ਦਾ ਪ੍ਰਦਰਸ਼ਨ ਵੀ ਚੰਗਾ ਹੋਵੇ।
-ਤੁਹਾਡੇ ਵਿਆਹ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਕੋਈ ਖ਼ੁਲਾਸਾ ਕਰੋਗੇ?
-ਅਗਲੇ ਕੁਝ ਸਾਲਾਂ ਤਕ ਸਿਰਫ਼ ਆਪਣੇ ਕਰੀਅਰ ‘ਤੇ ਧਿਆਨ ਦੇਣ ਦਾ ਇਰਾਦਾ ਹੈ। ਵਿਆਹ ਦਾ ਖ਼ਿਆਲ ਮੇਰੇ ਦਿਮਾਗ਼ ਵਿੱਚ ਬਿਲਕੁਲ ਨਹੀਂ ਹੈ। ਇਸ ਸਬੰਧ ਵਿੱਚ ਮੈਂ ਬਿਲਕੁਲ ਸਪੱਸ਼ਟ ਤੌਰ ‘ਤੇ ਕਹਿਣਾ ਚਾਹੁੰਦੀ ਹਾਂ ਕਿ ਮੈਂ ਫ਼ਿਲਹਾਲ ਵਿਆਹ ਨਹੀਂ ਕਰ ਰਹੀ।
-ਸੰਜੀਵ ਕੁਮਾਰ ਝਾਅ