ਜੇ ਹਿੰਮਤ ਹੋਵੇ, ਲਗਨ ਹੋਵੇ, ਹੌਸਲਾ ਹੋਵੇ ਅਤੇ ਇਰਾਦਾ ਦ੍ਰਿੜ੍ਹ ਹੋਵੇ ਤਾਂ ਬੰਦਾ ਜੀਰੋ ਤੋਂ ਹੀਰੋ ਹੋ ਸਕਦਾ ਹੈ। ਅਰਸ਼ ਤੋਂ ਫ਼ਰਸ਼ ਤੱਕ ਦੀ ਉਡਾਰੀ ਮਾਰ ਸਕਦਾ ਹੈ। ਸੰਕਲਪ ਤੇ ਇਰਾਦੇ ਹੀ ਅਮਲੀ ਸਰਗਰਮੀਆਂ ਸਿਰਜਦੇ ਹਨ। ਇੱਛਾ ਵਿਉਂਤ ਦੀ ਜਨਣੀ ਹੈ ਅਤੇ ਵਿਉਂਤਾਂ ਇਤਿਹਾਸ ਸਿਰਜਦੀਆਂ ਹਨ। ਜੋ ਐਵਰੈਸਟ ਦੀ ਤਮੰਨਾ ਦਿਲ ਵਿੱਚ ਪਾਲਦੇ ਹਨ, ਉਹੀ ਇੱਕ ਦਿਨ ਜੋਖਮਾਂ ਵਿੱਚੋਂ ਲੰਘ ਕੇ ਮੰਜ਼ਿਲਾਂ ਦੇ ਮੁਹਾਂਦਰੇ ਦੇ ਰੂਬਰੂ ਹੁੰਦੇ ਹਨ। ਕੁਝ ਕਰ ਗੁਜ਼ਰਨ ਦੀ ਇੱਛਾ ਵਾਲੇ ਤੌਫ਼ੀਕਾਂ ਨਾਲ ਹੀ ਲੈ ਕੇ ਜੰਮਦੇ ਹਨ। ਅਜਿਹਾ ਹੀ ਇੱਕ ਸਖਸ਼ ਹੈ ਜੋਧ ਸਿੰਘ। ਅੱਜਕਲ੍ਹ ਉਹ ਕਲਕੱਤੇ ਵਾਲਾ ਜੋਧ ਸਿੰਘ ਹੈ। ਅੱਜ ਤੋਂ 15-18 ਵਰ੍ਹੇ ਪਹਿਲਾਂ ਮੇਰੇ ਅਧਿਆਪਕ ਅਤੇ ਗਰੀਬ ਮਿੱਤਰ ਸਵਰਗੀ ਡਾ. ਆਤਮ ਹਮਰਾਹੀ ਨੇ ਇਸ ਜੋਧ ਸਿੰਘ ਬਾਰੇ ਲਿਖੇ ਰੇਖਾ ਚਿੱਤਰ ਦਾ ਸਿਰਲੇਖ ‘ਦੁੱਧ ਦਾ ਦਰਿਆ ਜੋਧ ਸਿੰਘ’ ਲਿਖਿਆ ਸੀ। 30 ਅਪ੍ਰੈਲ 2015 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਦੌਰਾਨ ਜੋਧ ਸਿੰਘ ਨੂੰ ਸਨਮਾਨਿਤ ਕੀਤਾ ਸੀ। ਜੋਧ ਸਿੰਘ ਦਾ ਸਨਮਾਨ ਕਰਨਾ ਬਣਦਾ ਹੈ ਕਿਉਂਕਿ ਉਹ ਅਜਿਹੇ ਅਨੇਕਾਂ ਲੋਕਾਂ ਲਈ ਪ੍ਰੇਰਨਾ ਸਰੋਤ ਹੈ, ਜੋ ਜ਼ਿੰਦਗੀ ਵਿੱਚ ਕੁਝ ਵੱਡਾ ਕਰਨ ਦੀ ਇੱਛਾ ਰੱਖਦੇ ਹਨ ਪਰ ਉਹਨਾਂ ਕੋਲ ਸਾਧਨਾਂ ਦੀ ਕਮੀ ਹੈ।
ਜੋਧ ਸਿੰਘ ਦੀ ਕਹਾਣੀ ਅਜਿਹੇ ਸ਼ਖਸ ਦੀ ਕਹਾਣੀ ਹੈ ਜੋ ਹੋਰ ਸੈਂਕੜੇ ਲੋਕਾਂ ਦੀ ਤਰ੍ਹਾਂ ਹਿੰਦੋਸਤਾਨ ਦੀ ਵੰਡ ਦਾ ਸ਼ਿਕਾਰ ਹੋ ਕੇ ਬਿਲਕੁਲ ਖਾਲੀ ਹੱਥ ਆਪਣੀ ਜਾਨ ਬਚਾ ਕੇ ਹਿੰਦੋਸਤਾਨ ਪਹੁੰਚੇ ਸਨ। ਪਾਕਿਸਤਾਨੀ ਪੰਜਾਬ ਦੇ ਪਿੰਡ ਵਿੱਚ ਜੋਧ ਸਿੰਘ ਦਾ ਪਰਿਵਾਰ ਖੇਤੀ ਦੇ ਨਾਲ ਨਾਲ ਦੁੱਧ ਵੇਚਣ ਦਾ ਕੰਮ ਵੀ ਕਰਦਾ ਸੀ। ਜਿੰਨਾ ਵੀ ਧਨ ਦੌਲਤ ਇਸ ਪਰਿਵਾਰ ਕੋਲ ਸੀ, ਉਹ ਵੰਡ ਦੀ ਭੇਂਟ ਚੜ੍ਹ ਗਿਆ। ਜੋਧ ਸਿੰਘ ਦਾ ਪਰਿਵਾਰ ਢਿੱਡੋਂ ਭੁੱਖਾ ਲੁਧਿਆਣਾ ਨੇੜੇ ਇੱਕ ਗੁਰੂ ਘਰ ਵਿੱਚ ਦਿਨ ਕੱਟੀ ਕਰ ਰਿਹਾ ਸੀ। ਜਿਹਨਾਂ ਹਾਲਾਤਾਂ ਵਿੱਚ ਲੋਕ ਬਿਲਕੁਲ ਦਿਲ ਛੱਡ ਕੇ ਉਦਾਸੀ ਦੇ ਆਲਮ ਵਿੱਚ ਚਲੇ ਜਾਂਦੇ ਹਨ, ਉਸ ਹਾਲਾਤ ਵਿੱਚ ਜੋਧ ਸਿੰਘ ਨੇ ਇੱਕ ਮੁਸਲਮਾਨ ਤੋਂ 40 ਰੁਪਏ ਵਿੱਚ ਇੱਕ ਮੱਝ ਖਰੀਦ ਕੇ ਫ਼ਿਰ ਤੋਂ ਜੜ੍ਹਾਂ ਲਾਉਣ ਲਈ ਮਿਹਨਤ ਆਰੰਭ ਕਰ ਦਿੱਤੀ। ਇਹ ਉਸਦੇ ਮੱਝਾਂ ਅਤੇ ਗਾਵਾਂ ਦੇ ਵਪਾਰ ਦਾ ਪਹਿਲਾ ਸੌਦਾ ਸੀ। ਹੌਲੀ ਹੌਲੀ ਇਹ ਵਪਾਰ ਚੱਲ ਨਿਕਲਿਆ। ਜਦੋਂ ਉਹ ਆਪਣੇ ਪੈਰਾਂ ਸਿਰ ਖੜ੍ਹ ਗਿਆ ਤਾਂ ਉਸਨੇ ਆਪਣਾ ਕਰਮ ਖੇਤਰ ਕਲਕੱਤਾ ਬਣਾ ਲਿਆ। ਕਲਕੱਤੇ ਜਾ ਕੇ ਉਸਨੇ ਦੁੱਧ ਦੇ ਵਪਾਰ ਨੂੰ ਵੱਡੇ ਪੱਧਰ ‘ਤੇ ਫ਼ੈਲਾ ਲਿਆ। ਦੁੱਧ ਦੀ ਸਪਲਾਈ ਵਿੱਚ ਉਸਨੇ ਬਹੁਤ ਧਨ ਕਮਾਉਣਾ ਸ਼ਰੂ ਕਰ ਦਿੱਤਾ ਸੀ।
ਇੱਕ ਹੋਰ ਦਿਲਚਸਪ ਘਟਨਾ ਵਾਪਰੀ, ਜਦੋਂ ਆਪਣੇ ਬੇਟੇ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਾਉਣ ਗਿਆ ਤਾਂ ਦਾਖਲਾ ਨਾ ਮਿਲਿਆ। ਇਹ ਜੋਧ ਸਿੰਘ ਦਾ ਸਿੱਖਿਆ ਦੇ ਖੇਤਰ ਵਿੱਚ ਦਾਖਲਾ ਸੀ। ਅੱਜ ਜੋਧ ਸਿੰਘ ਦੇ ਸਿੱਖਿਆ ਸੰਸਥਾਨ ਬੰਗਾਲ ਦਾ ਸਿੱਖਿਆ ਦੇ ਖੇਤਰ ਵਿੱਚ ਇੱਕ ਵੱਡਾ ਗਰੁੱਪ ਹੈ। ‘ਜਿਸ ਗਰੁੱਪ ਦਾ ‘ਦੀ ਨਰੂਲਾ ਇੰਸਟੀਚਿਊਟ ਆਫ਼ ਟੈਕਨਾਲੌਜੀ (ਨਿਟ)’ ਪੱਛਮੀ ਬੰਗਾਲ ਦਾ ਨਾਮੀ ਇੰਜੀਨੀਅਰਿੰਗ ਕਾਲਜ ਹੈ। ਇਸ ਗਰੁੱਪ ਦਾ ਮੈਡੀਕਲ ਕਾਲਜ ਵੀ ਹੈ। ਅੱਜ ਇਸ ‘ਜਿਸ ਗਰੁੱਪ’ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਬਣ ਚੁੱਕੀਆਂ ਹਨ। ‘ਆਜ ਤੱਕ’ ਦੇ ਐਂਕਰ ਨੇ ਪਿਛਲੇ ਵਰ੍ਹੇ ਇੱਕ ਪ੍ਰੋਗਰਾਮ ਦੌਰਾਨ ਠੀਕ ਹੀ ਕਿਹਾ ਸੀ ਕਿ ‘ਫ਼ੌਲਾਦੀ ਇਰਾਦੇ ਅਤੇ ਲੋਹੇ ਵਰਗੇ ਮਜ਼ਬੂਤ ਦਿਲ ਰੱਖਣ ਵਾਲਾ ਇਹ ਸਿੱਖ ਅੱਜ ‘ਲੋਹੇ ਅਤੇ ਇਸਪਾਤ’ ਦਾ ਕਾਰੋਬਾਰ ਵੀ ਕਰ ਰਿਹਾ ਹੈ। ਵੰਡ ਦੇ ਸਮੇਂ ਬਿਨਾਂ ਘਰ-ਬਾਰ ਅਤੇ ਗੁਰਦੁਆਰੇ ਵਿੱਚ ਦਿਲ ਕੱਟਣ ਵਾਲੇ ਜੋਧ ਸਿੰਘ ਅੱਜ ਆਪਣੀਆਂ ਰੀਅਲ  ਅਸਟੇਟ ਕੰਪਨੀਆਂ  ਰਾਹੀਂ ਵੱਡੇ ਵੱਡੇ ਮਕਾਨ ਅਤੇ ਭਵਨ ਬਣਵਾ ਰਿਹਾ ਹੈ।”
ਸੱਚਮੁਚ ਇਹ ਕਹਾਣੀ ਦ੍ਰਿੜ੍ਹ ਇਰਾਦੇ, ਮਜ਼ਬੂਤ ਇੱਛਾ ਸ਼ਕਤੀ ਅਤੇ ਮਿਹਨਤੀ ਹੱਥਾਂ ਦੀ ਜਿੱਤ ਦੀ ਕਹਾਣੀ ਹੈ। ਇਸ ਸਫ਼ਲ ਇਨਸਾਨ ਦੀ ਕਹਾਣੀ ਦੱਸਦੀ ਹੈ ਕਿ ਨਿਆਰੀ ਮੰਜ਼ਿਲ ਦੇ ਰਾਹ ਵਿੱਚ ਦੁਸ਼ਵਾਰੀਆਂ ਵੀ ਜਾਨ-ਲੇਵਾ ਆਉਂਦੀਆਂ ਹਨ। ਕੀਰਤੀ ਦੀ ਡਿਗਰੀ ਪ੍ਰਾਪਤ ਕਰਨ ਵਿੱਚ ਹਯਾਤੀ ਦਾ ਖਿਣ-ਖਿਣ ਤੇ ਸ਼ਕਤੀ ਦੀ ਤਿੱਪ-ਤਿੱਪ ਲੱਗ ਜਾਂਦੀ ਹੈ। ਸਿਖਰ ਤੇ ਪੁੱਜੇ ਟੰਬਾ-ਟੰਬਾ ਚੜ੍ਹੇ ਹੁੰਦੇ ਹਨ। ਵਕਤ ਤੇ ਪ੍ਰੀਖਿਆ ਦੀ ਆਵੀ ਵਿੱਚੋਂ ਦੀ ਪੱਕਿਆਂ ਦੀ ਹੀ ਅਹਿਮੀਅਤ ਹੀਰਕ ਅਤੇ ਪਲਾਟੀਨਮੀ ਹੁੰਦੀ ਹੈ। ਕੁਝ ਬਣਨ ਲਈ ਸਾਧਨਾਂ, ਰਿਆਜ਼, ਭਗਤੀ, ਮੁਸ਼ੱਕਤ, ਅਭਿਆਸ ਤੇ ਸ਼ਕਤੀ ਦੇ ਇਕਾਗਰਨ ਦੀ ਲੋੜ ਹੈ। ਨਿਸ਼ਾਨਾ ਕੇਵਲ ਉਹਨਾਂ ਦਾ ਹੀ ਸਫ਼ਲ ਹੁੰਦੈ, ਜਿਹਨਾਂ ਨੂੰ ਕੇਵਲ ਘੁੰਮਦੀ ਮੱਛੀ ਦੀ ਅੱਖ ਹੀ ਦਿੱਸਦੀ ਹੈ।
ਅਜਿਹੀ ਅਰਜਨੀ ਅੱਖ ਦਾ ਮਾਲਕ ਇੱਕ ਹੋਰ ਸ਼ਖਸ ਸਫ਼ਲਤਾ ਦੇ ਸਿਖਰ ਖੜ੍ਹੇ ਹੋ ਕੇ ਦੂਜੇ ਸਾਥੀਆਂ ਲਈ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਭਾਵੇਂ ਇਸ ਸ਼ਖਸ ਦੀ ਨਜ਼ਰ ਆਪਣੀ ਮੰਜ਼ਿਲ ‘ਤੇ ਸੀ ਪਰ ਕੁਦਰਤ ਵੱਲੋਂ ਉਸ ਕੋਲ ਅੱਖਾਂ ਦੀ ਜੋਤ ਨਹੀਂ ਸੀ।
ਜਵਾਨੀ ਰੁੱਤੇ ਉਸਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਪਰ ਉਸਨੇ ਦੁਨੀਆਂ ਨੂੰ ਰੌਸ਼ਨੀ ਦਿਖਾਉਣ ਦਾ ਰਸਤਾ ਚੁਣ ਲਿਆ ਸੀ। ਉਸਨੂੰ ਰੇਟਿਨਾ ਮੁਸਕਲਰ ਡਿਟੇਰਿਸ਼ੇਨ ਨਾਮ ਦੀ ਨਾਮੁਰਾਦ ਬਿਮਾਰੀ ਸੀ। ਇਸ ਬਿਮਾਰੀ ਨਾਲ ਮਰੀਜ਼ ਦੀਆਂ ਅੱਖਾਂ ਦੀ ਜੋਤ ਹੌਲੀ-ਹੌਲੀ ਚਲੀ ਜਾਂਦੀ ਹੈ। ਉਹ ਵੀ 23 ਵਰ੍ਹਿਆਂ ਵਿੱਚ ਉਹ ਬਿਲਕੁਲ ਜੋਤਹੀਣ ਹੋ ਗਿਆ ਸੀ। ਕਈ ਇਨਸਾਨਾਂ ਦੀ ਉਮਰ ਵਿੱਚ ਦੁੱਖਾਂ ਦੀ ਭਰਮਾਰ ਹੁੰਦੀ ਹੈ। ਉਹ ਵੀ ਦੁੱਖਾਂ ਨਾਲ ਘਿਰਿਆ ਇਨਸਾਨ ਸੀ। ਇਧਰੋਂ ਉਸਦੀਆਂ ਅੱਖਾਂ ਦੀ ਰੌਸ਼ਲੀ ਗਈ, ਉਧਰੋਂ ਉਸਦੀ ਕੈਂਸਰ ਨਾਲ ਪੀੜਤ ਮਾਂ ਚੱਲ ਵੱਸੀ। ਮਾਂ ਜੋ ਉਸਦੇ ਦੁੱਖਾਂ ਸੁੱਖਾਂ ਦੀ ਸਾਥੀ ਸੀ। ਮਾਂ ਜੋ ਉਸਦੀ ਪ੍ਰੇਰਨਾ ਸੀ। ਮਾਂ ਜੋ ਉਸਦੀ ਗੁਰੂ ਸੀ। ਜਦੋਂ ਵੀ ਸਕੂਲ ਵਿੱਚ ਬੱਚੇ ਘੱਟ ਨਿਗਾ ਕਾਰਨ ਹੋਈਆਂ ਗਲਤੀਆਂ ਕਾਰਨ ਉਸਨੂੰ ਛੇੜਦੇ ਤਾਂ ਮਾਂ ਹੀ ਸੀ ਜੋ ਉਸਨੂੰ ਸੀਨੇ ਨਾਲ ਲਾ ਕੇ ਪੁਚਕਾਰਦੀ ਸੀ ਅਤੇ ਕਹਿੰਦੀ ਸੀ, ”ਕੋਈ ਨੀ ਪੁੱਤ ਕਦੇ ਇਹ ਸਾਰੇ ਤੇਰੀ ਦੋਸਤੀ ਨੂੰ ਲੋਚਣਗੇ।” ਉਸਦੀ ਮਾਂ ਦੇ ਜਾਣ ਤੋਂ ਬਾਅਦ ਉਹ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਇੱਕ ਨੇਤਰਹੀਣ ਬੇਰੁਜ਼ਗਾਰ ਮਨੁੱਖ ਇਸ ਦੁਨੀਆਂ ਵਿੱਚ ਪੂਰੀ ਤਰ੍ਹਾਂ ਇੱਕੱਲਾ ਹੋ ਗਿਆ ਸੀ।
ਮੈਂ ਇਸ ਇਨਸਾਨ ਦੀ ਕਹਾਣੀ ਤੁਹਾਨੂੰ ਦੱਸ ਰਿਹਾ ਹਾਂ। ਉਸਦਾ ਨਾਮ ਭੁਪੇਸ਼ ਭਾਟੀਆ ਹੈ। ਨੇਤਰਹੀਣ ਭੁਪੇਸ਼ ਭਾਟੀਆ ਅੱਜ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਅਤੇ ਉਸਦੀ ਕੰਪਨੀ ਦੀ ਰਿਟਰਨ 25 ਕਰੋੜ ਸਾਲਾਨਾ ਦੇ ਲੱਗਭੱਗ ਹੈ।ਭੁਪੇਸ਼ ਦੀ ਸਫ਼ਲਤਾ ਪਿੱਛੇ ਕੋਈ ਕਰਾਮਾਤ ਜਾਂ ਜਾਦੂ ਨਹੀਂ ਸਗੋਂ ਮਿਹਨਤ ਅਤੇ ਸੰਘਰਸ਼ ਪੂਰਨ ਜ਼ਿੰਦਗੀ ਹੈ। ਭੁਪੇਸ਼ ਦੀਆਂ ਨੇਤਰਹੀਣ ਅੱਖਾਂ ਦੇ ਵੱਡੇ ਸੁਪਨੇ ਹਨ। ਇਹਨਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਿਆ ਉਸਦੀ ਬਣਾਈ ‘ਸਨਰਾਈਜ਼ ਕੈਂਡਲਜ਼ ਕੰਪਨੀ’ ਨੇ, ਜੋ ਅੱਜ 9000 ਤੋਂ ਵੱਧ ਡਿਜ਼ਾਇਨ ਵਾਲੀਆਂ ਸਧਾਰਨ ਅਤੇ ਸੁਗੰਧਿਤ ਮੋਮਬੱਤੀਆਂ ਬਣਾਉਂਦੀ ਹੈ। ਇਸ ਪੱਖੋਂ ਵੀ ਭੁਪੇਸ਼ ਦੀ ਕਹਾਣੀ ਬੜੀ ਦਿਲਚਸਪ ਹੈ। ਬੇਰੁਜ਼ਗਾਰ ਭੁਪੇਸ਼ ਨੇ ਆਪਣੀਆਂ ਰੌਸ਼ਨੀਹੀਣ ਅੱਖਾਂ ਦੇ ਬਾਵਜੂਦ ਹੱਥੀਂ ਕੰਮ ਕਰਕੇ ਪੈਸਾ ਕਮਾਉਣ ਦਾ ਨਿਰਣਾ ਕੀਤਾ ਅਤੇ ਪਤੰਗ ਬਣਾਉਣੇ ਸ਼ੁਰੂ ਕੀਤੇ। ਪਤੰਗਾਂ ਦੇ ਕੰਮ ਵਿੱਚ ਜ਼ਿਆਦਾ ਆਮਦਨ ਨਹੀਂ ਹੁੰਦੀ ਸੀ। ਫ਼ਿਰ ਭੁਪੇਸ਼ ਨੇ ‘ਨੈਸ਼ਨਲ ਐਸੋਸੀਏਸ਼ਨ ਫ਼ਾਰ ਦੀ ਬਲਾਈਂਡ’ ਤੋਂ ਮੋਮਬੱਤੀਆਂ ਬਣਾਉਣ ਦੀ ਟਰੇਨਿੰਗ ਲਈ ਅਤੇ ਉਹ ਮੋਮਬੱਤੀਆਂ ਬਣਾਉਣ ਨੂੰ ਰੁਜ਼ਗਾਰ ਦੇ ਤੌਰ ‘ਤੇ ਅਪਣਾਉਣਾ ਚਾਹੁੰਦਾ ਸੀ ਪਰ ਉਸ ਕੋਲ ਸਰਮਾਏ ਦੀ ਘਾਟ ਸੀ। ਭੁਪੇਸ਼ ਨੇ ਮਹਾਰਾਸ਼ਟਰ ਦੇ ਮਹਾਂਬਲੇਸ਼ਵਰ ਵਿੱਚ ਮਸਾਜ ਅਤੇ ਐਕੂਪ੍ਰੈਸ਼ਰ ਦਾ ਧੰਦਾ ਸ਼ੁਰੂ ਕੀਤਾ ਪਰ ਸਫ਼ਲ ਨਹੀਂ ਹੋ ਸਕਿਆ। ਫ਼ਿਰ ਉਸਨੇ ਆਪਣਾ ਮਨਪਸੰਦ ਮੋਮਬੱਤੀਆਂ ਬਣਾਉਣ ਦਾ ਧੰਦਾ ਛੋਟੇ ਉਦਯੋਗ ਦੇ ਤੌਰ ‘ਤੇ ਸ਼ੁਰੂ ਕੀਤਾ। ਉਹ ਆਪਣੀਆਂ ਬਣਾਈਆਂ ਮੋਮਬੱਤੀਆਂ ਨੂੰ ਚਰਚ ਦੇ ਸਾਹਮਣੇ ਵੇਚਣ ਜਾਣ ਲੱਗਾ। ਉਥੇ ਉਸਨੂੰ ਨੀਤਾ ਨਾਮ ਦੀ ਇੱਕ ਲੜਕੀ ਮਿਲੀ। ਨੀਤਾ ਨੂੰ ਇਸ ਨੇਤਰਹੀਣ ਭੁਪੇਸ਼ ਨਾਲ ਪ੍ਰੇਮ ਹੋ ਗਿਆ ਅਤੇ ਉਸਨੇ ਆਪਣੇ ਘਰਦਿਆਂ ਦੇ ਵਿਰੋਧ ਦੇ ਬਾਵਜੂਦ ਭੁਪੇਸ਼ ਨਾਲ ਵਿਆਹ ਕਰਵਾ ਲਿਆ। ਭੁਪੇਸ਼ ਨੇ ਬੜੀ ਮੁਸ਼ਕਿਲ ਨਾਲ ਇੱਕ ਬੈਂਕ ਤੋਂ ਕਰਜਾ ਲਿਆ ਅਤੇ ‘ਸਨਰਾਈਜ਼ ਕੈਂਡਲਜ਼ ਕੰਪਨੀ’ ਖੋਲ੍ਹ ਲਈ। ਹੌਲੀ ਹੌਲੀ ਉਸ ਦੀ ਮਿਹਨਤ ਰੰਗ ਲਿਆਉਣ ਲੱਗੀ। ਉਸਦੀਆਂ ਮੋਮਬੱਤੀਆਂ ਦੀ ਮੰਗ ਵਧਣ ਲੱਗੀ। ਉਸਨੇ ਨਵੇਂ ਨਵੇਂ ਡਿਜ਼ਾਇਨ ਵਿੱਚ ਮੋਮਬੱਤੀਆਂ ਬਣਾਉਣੀਆਂ ਆਰੰਭ ਕਰ ਦਿੱਤੀਆਂ। ਇਸੇ ਤਰ੍ਹਾਂ ਉਸ ਨੇ ਸੁਗੰਧ ਦੇਣ ਵਾਲੀਆਂ ਮੋਮਬੱਤੀਆਂ ਵੀ ਬਣਾ ਕੇ ਮਾਰਕੀਟ ਵਿੱਚ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਰਿਲਾਇੰਸ ਅਤੇ ਹੋਰ ਵੱਡੀਆਂ ਕੰਪਨੀਆਂ ਨੇ ਭੁਪੇਸ਼ ਤੋਂ ਮਾਲ ਖਰੀਦਣਾ ਸ਼ੁਰੂ ਕਰ ਦਿੱਤਾ। ਅੱਜ ਠੇਲੇ ‘ਤੇ ਮੋਮਬੱਤੀਆਂ ਵੇਚਣ ਵਾਲਾ ਭੁਪੇਸ਼ ਕਰੋੜਾਂ ਦੀ ਸੰਪਤੀ ਦਾ ਮਾਲਕ ਹੈ ਅਤੇ ਉਸਦਾ ਮਜ਼ਾਕ ਉਡਾਉਣ ਵਾਲੇ ਉਸਦੇ ਸਾਥੀ ਉਸਦੇ ਮੁਲਾਜ਼ਮਾਂ ਵਿੱਚ ਸ਼ਾਮਲ ਹਨ। ਭੁਪੇਸ਼ ਦੀ ਕਹਾਣੀ ਸਪਸ਼ਟ ਸੂਤਰ ਦੇ ਰਹੀ ਹੈ ਕਿ
ਕੁਝ ਕਰਨੇ ਕੇ ਲੀਏ ਮੌਸਮ ਨਹੀਂ ਮਨ ਚਾਹੀਏ
ਸਾਧਨ ਸਭੀ ਜੁਟ ਜਾਏਂਗੇ ਸੰਕਲਪ ਕਾ ਧਨ ਚਾਹੀਏ।
ਸੋ, ਜੋਧ ਸਿੰਘ ਹੋਵੇ ਜਾਂ ਭੁਪੇਸ਼ ਭਾਟੀਆ, ਇੱਕ ਗੱਲ ਤਾਂ ਸਪਸ਼ਟ ਨਜ਼ਰ ਆਉਂਦੀ ਹੈ ਕਿ ਸੰਕਲਪ ਤੇ ਇਰਾਦੇ ਹੀ ਅਸਲੀ ਸਰਗਰਮੀਆਂ ਸਿਰਜਦੇ ਹਨ। ਉਹਨਾਂ ਨੂੰ ਸੁਭਾਵਿਕ ਹੀ ਇਹ ਇਲਮ ਹੁੰਦਾ ਹੈ ਕਿ ਕੇਵਲ ਚਾਹੁਣ ਨਾਲ ਨਹੀਂ, ਕੁਝ ਸਾਰਥਕ ਕਰਨ ਨਾਲ ਹੀ ਪ੍ਰਾਪਤੀਆਂ ਹੁੰਦੀਆਂ ਹਨ। ਲਗਨ ਤੇ ਮਿਹਨਤ ਦੀ ਨਿਰੰਤਰਤਾ ਜਿੱਤ ਦੀ ਜ਼ਾਮਨ ਹੁੰਦੀ ਹੈ। ਅਜਿਹੇ ਲੋਕ ਵਿਪਰੀਤ ਹਾਲਾਤ ਤੋਂ ਨਹੀਂ ਘਬਰਾਉਂਦੇ। ਉਹ ਤਾਂ ਇਹ ਕਹਿੰਦੇ ਸੁਣਾਈ ਦਿੰਦੇ ਹਨ:
ਜ਼ਿੰਦਗੀ ਅਪਨੀ ਕਸ਼ਮਕਸ਼ ਹੀ ਮੇਂ ਘਿਰ ਕਰ ਉਭਰੀ
ਹੈਂ ਵੋ ਔਰ ਜੋ ਹਾਲਾਤ ਸੇ ਘਬਰਾਤੇ ਹੈਂ।