ਨਵੀਂ ਦਿੱਲੀ : ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਜਾਸੂਸੀ ਦੇ ਦੋਸ਼ ਹੇਠ ਫਾਂਸੀ ਦੇਣ ਲਈ ਪਾਕਿਸਤਾਨ ਆਪਣੇ ਅੜੀਅਲ ਰਵੱਈਏ ਉਤੇ ਕਾਇਮ ਹੈ| ਇਸ ਦੌਰਾਨ ਪਾਕਿਸਤਾਨ ਨੇ ਅੱਜ ਭਾਰਤ ਦੇ ਉਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਕੁਲਭੂਸ਼ਨ ਨੂੰ ਫਾਂਸੀ ਦਿੱਤੀ ਜਾ ਰਹੀ ਹੈ|
ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਨੇ ਕਿਹਾ ਹੈ ਕਿ ਇਕ ਨਿਰਦੋਸ਼ ਵਿਅਕਤੀ ਆਪਣੇ ਕੋਲ ਦੋ ਪਾਸਪੋਰਟ ਕਿਉਂ ਰੱਖੇਗਾ? ਇਕ ਹਿੰਦੂ ਨਾਮ ਨਾਲ ਅਤੇ ਦੂਸਰਾ ਮੁਸਲਿਮ ਨਾਮ ਨਾਲ| ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਨ ਤੋਂ ਬਾਅਦ ਹੀ ਜਾਧਵ ਨੂੰ ਸਜਾ ਸੁਣਾਈ ਗਈ ਹੈ|
ਇਸ ਦੌਰਾਨ ਪਾਕਿਸਤਾਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੇ ਪਾਕਿਸਤਾਨ ਦੇ ਵਿਦੇਸ਼ ਸਕੱਤਰ ਨਾਲ ਇਸ ਸਬੰਧੀ ਮੁਲਾਕਾਤ ਕੀਤੀ ਹੈ| ਉਨ੍ਹਾਂ ਕਿਹਾ ਕਿ ਭਾਰਤ ਜਾਧਵ ਨੂੰ ਦਿੱਤੀ ਗਈ ਫਾਂਸੀ ਦੀ ਸਜਾ ਖਿਲਾਫ ਅਪੀਲ ਕਰੇਗਾ|