ਚੰਡੀਗਡ਼੍ਹ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਾਨ ਸ਼ਖਸੀਅਤ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਨੂੰ ਉਨ੍ਹਾਂ ਦੇ 126ਵੇਂ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਮਾਜ ਦੇ ਕਮਜ਼ੋਰ ਤਬਕਿਆਂ ਦਾ ਪੱਧਰ ਉਚਾ ਚੁੱਕਣ ਲਈ ਪਾਏ ਲਾਮਿਸਾਲ ਯੋਗਦਾਨ ਨੂੰ ਚੇਤੇ ਕੀਤਾ।
ਲੋਕਾਂ ਨੂੰ ਦਿੱਤੇ ਇਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਡਾ. ਅੰਬੇਦਕਰ ਨੂੰ ਇਕ ਮਹਾਨ ਵਿਦਵਾਨ, ਕਾਨੂੰਨਦਾਨ, ਅਰਥਸਾਸ਼ਤਰੀ, ਸਮਾਜ ਸੁਧਾਰਕ ਅਤੇ ਇਕ ਉੱਘੀ ਸਖਸ਼ੀਅਤ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਡਾ. ਅੰਬੇਦਕਰ ਇਕ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਸਨ ਪਰ ਪੱਛਡ਼ੇ ਤੇ ਕਮਜ਼ੋਰ ਤਬਕਿਆਂ ਪ੍ਰਤੀ ਮਹਾਨ ਯੋਗਦਾਨ ਨੇ ਉਨ੍ਹਾਂ ਨੂੰ ਵਿਸ਼ਵ ਆਗੂਆਂ ਦੀ ਕਤਾਰ ਵਿਚ ਖਡ਼੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਡਾ. ਅੰਬੇਦਕਰ ਦੀ ਸਖ਼ਤ ਮਿਹਨਤ, ਸਮਰਪਣ ਅਤੇ ਦੂਰ ਦ੍ਰਿਸ਼ਟੀ ਦਾ ਨਤੀਜਾ ਸੀ।
ਮੁੱਖ ਮੰਤਰੀ ਨੇ ਲੋਕਾਂ ਨੂੰ ਮਹਾਨ ਸਮਾਜ ਸੁਧਾਰਕ ਵੱਲੋਂ ਦਿਖਾਏ ਰਸਤੇ ‘ਤੇ ਚੱਲਣ ਦਾ ਸੱਦਾ ਦਿੰਦਿਆਂ ਡਾ. ਅੰਬੇਦਕਰ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਕੰਮ ਕਰਨ ਦੀ ਅਪੀਲ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਡਾ. ਅੰਬੇਦਕਰ ਦੇ ਵਿਚਾਰਾਂ ਦੇ ਧਾਰਨੀ ਬਣਨ ਦਾ ਸੱਦਾ ਦਿੰਦਿਆਂ ਮੁਲਕ ਨੂੰ ਤਰੱਕੀ ਦੀ ਮੰਜ਼ਲ ਵੱਲ ਲਿਜਾਣ ਲਈ ਧਰਮ, ਜਾਤ, ਰੰਗ ਤੇ ਨਸਲ ਦੀਆਂ ਸੰਕੀਰਣ ਵਲਗਣਾਂ ਤੋਂ ਉਪਰ ਉੱਠਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਆਪਣੀ ਸਿਹਤ ਨਾਸਾਜ਼ ਹੋਣ ਕਾਰਨ ਇਸ ਮਹਾਨ ਸ਼ਖਸੀਅਤ ਦੇ ਸਤਿਕਾਰ ਵਿੱਚ ਅੱਜ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਲ ਨਾ ਹੋ ਸਕਣ ‘ਤੇ ਅਫਸੋਸ ਜ਼ਾਹਰ ਕੀਤਾ।