ਚੰਡੀਗਡ਼੍ਹ -ਸੀਨੀਅਰ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਕਿਹਾ ਹੈ ਕਿ ਉਹ ਖਾਲਿਸਤਾਨ ਦੇ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ। ਉਨਾਂ ਕਿਹਾ ਕਿ ਇਹ ਦੋਹਾਂ ਦੇਸ਼ਾਂÎ ਭਾਰਤ ਤੇ ਕੈਨੇਡਾ ਦੇ ਚੰਗੇ ਸਬੰਧਾਂ ਲਈ ਜ਼ਰੂਰੀ ਹੈ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ।
ਕੈਨੇਡਾ ਦੇ ਹਾਈ ਕਮਿਸ਼ਨਰ ਵਲੋਂ ਇਸ ਮੁੱਦੇ ‘ਤੇ ਜਾਰੀ ਬਿਆਨ ਬਾਰੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਕੇਨੈਡੀਅਨ ਅਧਿਕਾਰੀਆਂ ਵਲੋਂ ਸਥਿਤੀ ਸਪਸ਼ਟ ਕਰਨ ਦੀ ਥਾਂ ‘ਤੇ ਤੱਥਾਂ ਨੂੰ ਲੁਕਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਸ਼ਾਂਤੀ ਪਾਸੰਦ ਪੰਜਾਬੀਆਂ ਲਈ ਇਸ ਗੰਭੀਰ ਮਸਲੇ ‘ਤੇ ਕੇਨੈਡੀਅਨ ਅਧਿਕਾਰੀਆਂ ਵਲੋਂ ਚੁੱਪ ਧਾਰੀ ਗਈ ਹੈ ।
ਕਾਂਗਰਸੀ ਵਿਧਾਇਕਾਂ ਸੁਖਜਿੰਦਰ ਸਿੰਘ ਰੰਧਾਵਾ, ਸੁਖ ਸਰਕਾਰੀਆ ਅਤੇ ਨਵਤੇਜ ਸਿੰਘ ਚੀਮਾ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਇਹ ਸਲਾਹ ਦਿੱਤੀ ਕਿ ਉਹ ਹਰਜੀਤ ਸਿੰਘ ਸੱਜਣ ਦੇ ਵਕੀਲ ਬਣਨ ਦੀ ਕੋਸ਼ਿਸ਼ ਨਾ ਕਰਨ ਕਿਉਂ ਜੋ ਕੇਨੈਡੀਅਨ ਰੱਖਿਆ ਮੰਤਰੀ ਵਲੋਂ ਖਾਲਿਸਤਾਨ ਦਾ ਸਮਰੱਥਕ ਹੋਣ ਦਾ ਖੰਡਨ ਤੱਕ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਸੱਜਣ ਤੋਂ ਇਲਾਵਾ ਉਨ੍ਹਾਂ ਦੇ ਸਾਥੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਦਾ ਭਾਰਤ ਵਿਰੋਧੀ ਤਾਕਤਾਂ ਨਾਲ ਇੱਕਮਿਕ ਹੋਣਾ ਜੱਗ ਜਾਹਿਰ ਹੈ ਅਤੇ ਇਨ੍ਹਾਂ ਵਿਚੋਂ ਕਿਸੇ ਨੇ ਵੀ ਇਸ ਤੱਥ ਨੂੰ ਨਕਾਰਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ,ਸੁਖਪਾਲ ਸਿੰਘ ਖਹਿਰਾ ਅਤੇ ਐਚ.ਐਸ.ਫੂਲਕਾ ਵਲੋਂ ਅਪਣੇ ਆਪ ਹੀ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਇਦ ਸ੍ਰੀ ਖਹਿਰਾ ਅਤੇ ਸ੍ਰੀ ਫੂਲਕਾ ਵਿਦੇਸ਼ਾਂ ਵਿਚੋਂ ਫੰਡ ਇਕੱਠੇ ਕਰਨ ਕਰਕੇ ਇਸ ਮਸਲੇ ‘ਤੇ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਵਲ ਇਕ ਤੱਥ ਸਾਹਮਣੇ ਲਿਆਂਦਾ ਗਿਆ ਹੈ ਜਿਸ ਦਾ ਕੇਨੈਡੀਅਨ ਮੰਤਰੀ ਵਲੋਂ ਖੁਦ ਵੀ ਖੰਡਨ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਹ ਕਿਸੇ ਪੰਜਾਬੀ ਜਾਂ ਸਿੱਖ ਦੀ ਹੱਤਕ ਕਰਨ ਦਾ ਸਵਾਲ ਨਹੀਂ ਹੈ ਸਗੋਂ ਕਿਸੇ ਆਗੂ ਦੇ ਸਿਆਸੀ ਝੁਕਾਅ ਵੱਲ ਹੈ।
ਕਾਂਗਰਸੀ ਆਗੂਆਂ ਵਲੋਂ ਮੁੱਖ ਮੰਤਰੀ ਦੇ ਸਟੈਂਡ ਦਾ ਡੱਟ ਕੇ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਦੇ ਹਿੱਤਾਂ ਲਈ ਸਪਸ਼ਟ ਰੇਖਾ ਖਿੱਚਣੀ ਹੋਵੇਗੀ ਤਾਂ ਜੋ ਪੰਜਾਬ ਨੂੰ ਕਾਲੇ ਦਿਨਾਂ ਵੱਲ ਧੱਕੇ ਜਾਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਵੀ ਸਪਸ਼ਟ ਸੰਕੇਤ ਜਾਂਦਾ ਹੈ ਕਿ ਪੰਜਾਬ ਸਰਕਾਰ ਸੂਬੇ ਵਿਚ ਅਮਨ ਅਤੇ ਭਾਈਚਾਰਕ ਸਾਂਝ ਸਬੰਧੀ ਕੋਈ ਸਮਝੌਤਾ ਨਹੀਂ ਕਰੇਗੀ।