ਓਟਾਵਾ/ਹੁਸ਼ਿਆਰਪੁਰ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪੰਜਾਬ ਸਰਕਾਰ ਵੱਲੋਂ ਗੱਡੀ ਅਤੇ ਸੁਰੱਖਿਆ ਆਦਿ ਤਾਂ ਮੁਹੱਈਆ ਕਰਵਾਈ ਜਾਵੇਗੀ ਪਰ ਉਨ੍ਹਾਂ ਦੀ ਗੱਡੀ ‘ਤੇ ਕੋਈ ਲਾਲ ਬੱਤੀ ਨਹੀਂ ਹੋਵੇਗੀ। ਉਨ੍ਹਾਂ ਨਾਲ ਚੱਲਣ ਵਾਲੀਆਂ ਐਸਕਾਰਟ ਗੱਡੀਆਂ ‘ਤੇ ਨੀਲੀ ਬੱਤੀ ਹੋਵੇਗੀ ਪਰ ਜਿਸ ਗੱਡੀ ‘ਚ ਸੱਜਣ ਸਫਰ ਕਰਨਗੇ, ਉਸ ਦੇ ਅੱਗਲੇ ਹਿੱਸੇ ਦੇ ਸੱਜੇ ਪਾਸੇ ਭਾਰਤ ਅਤੇ ਖੱਬੇ ਪਾਸੇ ਕੈਨੇਡਾ ਦਾ ਰਾਸ਼ਟਰੀ ਝੰਡਾ ਹੋਵੇਗਾ। ਤਕਰੀਬਨ ਦਰਜਨ ਭਰ ਪੁਲਸ ਕਰਮਚਾਰੀ ਉਨ੍ਹਾਂ ਨਾਲ ਚੱਲਣਗੇ। ਜਿਸ ਜ਼ਿਲੇ ਤੋਂ ਉਹ ਗੁਜ਼ਰਨਗੇ, ਉਸ ਜ਼ਿਲੇ ਦੀ ਇਕ ਪੁਲਸ ਜਿਪਸੀ ਉਨ੍ਹਾਂ ਦੇ ਸੁਰੱਖਿਆ ਅਮਲੇ ਨਾਲ ਜੁੜੇਗੀ।
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਕੋਲ ਗ੍ਰਹਿ ਮੰਤਰਾਲੇ ਰਾਹੀਂ ਸੱਜਣ ਦੀ ਯਾਤਰਾ ਸੰਬੰਧੀ ਸਰਕਾਰੀ ਸੂਚਨਾ ਆ ਗਈ ਹੈ, ਜਿਸ ‘ਚ ਉਨ੍ਹਾਂ ਦੇ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਅਤੇ ਚੰਡੀਗੜ੍ਹ ਦੌਰੇ ਦਾ ਬਿਓਰਾ ਹੈ। ਪੰਜਾਬ ਸਰਕਾਰ ਨੇ ਇਸ ਸੰਬੰਧੀ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ, ਐੱਸ.ਐੱਸ.ਪੀ ਅਤੇ ਪੁਲਸ ਕਮਿਸ਼ਨਰਾਂ ਨੂੰ ਵੀ ਸੂਚਨਾ ਦੇ ਦਿੱਤੀ ਹੈ। ਅੰਮ੍ਰਿਤਸਰ ਦੇ ਜਿਸ ਹੋਟਲ ‘ਚ ਉਹ ਰੁਕਣਗੇ, ਉਸਦੀ ਸੂਚਨਾ ਵੀ ਕੇਂਦਰ ਨੇ ਭੇਜ ਦਿੱਤੀ ਹੈ।
ਇਹ ਹੈ ਪੈਟ੍ਰੋਕਾਲ
ਪੈਟ੍ਰੋਕਾਲ ਦੇ ਮੁਤਾਬਕ ਕਿਸੇ ਹੋਰ ਦੇਸ਼ ਦੇ ਰਾਸ਼ਟਰਪਤੀ, ਹੈੱਡ ਆਫ ਗਵਰਨਰ, ਪ੍ਰਧਾਨ ਮੰਤਰੀ ਅਤੇ ਮੰਤਰੀ ਨੂੰ ਗਾਰਡ ਆਫ ਆਨਰ ਦੇਣ ਤੋਂ ਇਲਾਵਾ ਉਨ੍ਹਾਂ ਦੇ ਸਵਾਗਤ, ਰੁਕਣ, ਖਾਣ-ਪੀਣ ਅਤੇ ਵਿਦਾਈ ਤਕ ਦਾ ਬੰਦੋਬਸਤ ਸੂਬੇ ਨੇ ਹੀ ਕਰਨਾ ਹੁੰਦਾ ਹੈ। ਇਸ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਪੈਟ੍ਰੋਕਾਲ ਡਿਵੀਜ਼ਨ ਵੱਲੋਂ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ। ਤਾਜਾ ਮਾਮਲੇ ‘ਚ ਵੀ ਸੱਜਣ ਨੂੰ ਪੂਰੇ ਪ੍ਰੋਗਰਾਮ ਦੀ ਸੂਚਨਾ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ।
ਸੱਜਣ ਦੇ ਪਿਤਾ ਨੇ ਦਿੱਤਾ ਇਹ ਬਿਆਨ
ਹੁਸ਼ਿਆਰਪੁਰ ਜ਼ਿਲੇ ‘ਚ ਮਾਹਿਲਪੁਰ ਨੇੜਲੇ ਪਿੰਡ ਬੰਬੇਲੀ ‘ਚ ਜੰਮੇ ਸੱਜਣ ਦੇ ਪਿਤਾ ਕੁੰਦਨ ਸਿੰਘ ਨੇ ਕੈਪਟਨ ਦੇ ਬਿਆਨਾਂ ‘ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਕੈਨੇਡਾ ਦੀ ਏਜੰਸੀ ਨੇ ਜਾਂਚ ਦੇ ਬਾਅਦ ਹੀ ਹਰਜੀਤ ਸੱਜਣ ਨੂੰ ਰੱਖਿਆ ਮੰਤਰੀ ਬਣਾਇਆ ਹੋਵੇਗਾ। ਉਨ੍ਹਾਂ ਕਿਹਾ,’ਅਮਰਿੰਦਰ ਸਿੰਘ ਨੂੰ ਫਰੈਂਡਲੀ ਰਹਿਣਾ ਚਾਹੀਦਾ ਹੈ, ਪਤਾ ਨਹੀਂ ਉਹ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਿਉਂ ਕਰ ਰਹੇ ਹਨ। ਸਾਨੂੰ ਤਾਂ ਪਤਾ ਹੀ ਨਹੀਂ ਕਿ ਸਰਕਾਰ ਨੇ ਸਾਨੂੰ ਬਲੈਕ ਲਿਸਟਡ ਕੀਤਾ ਹੈ।
ਢੋਲ ਵਜਾ ਕੇ ਕੀਤਾ ਜਾਵੇਗਾ ਸਵਾਗਤ
ਸੱਜਣ ਦੇ ਪਿੰਡ ਦੇ ਸਰਪੰਚ ਪਰਮਜੀਤ ਸਿੰਧ ਨੇ ਕਿਹਾ ਕਿ ਢੋਲ ਵਜਾ ਕੇ ਉਹ ਉਨ੍ਹਾਂ ਦਾ ਸਵਾਗਤ ਕਰਨਗੇ। ਪਿੰਡ ਦੇ ਲੋਕਾਂ ਨੂੰ ਉਨ੍ਹਾਂ ਤੋਂ ਕੋਈ ਸ਼ਿਕਾਇਤ ਨਹੀਂ ਹੈ। ਕੈਨੇਡਾ ਦੇ ਰੱਖਿਆ ਮੰਤਰੀ ਸੱਜਣ ਪਹਿਲੀ ਵਾਰ ਆਪਣੇ ਜੱਦੀ ਪਿੰਡ ਆ ਰਹੇ ਹਨ। ਅਜਿਹੇ ‘ਚ ਲੋਕ ਉਨ੍ਹਾਂ ਨੂੰ ਸਿਰ ਅੱਖਾਂ ‘ਤੇ ਬਿਠਾਉਣ ਨੂੰ ਉਤਸਾਹਿਤ ਹਨ। 20 ਅਪ੍ਰੈਲ ਨੂੰ ਸੱਜਣ ਸਿੰਘ ਦਾ ਆਪਣੇ ਪਿੰਡ ‘ਚ ਜਾਣ ਦਾ ਪ੍ਰੋਗਰਾਮ ਹੈ। ਜ਼ਿਕਰਯੋਗ ਹੈ ਕਿ ਹਰਜੀਤ ਸੱਜਣ 1970 ‘ਚ ਭਾਰਤ ਤੋਂ ਆਪਣੇ ਪਿਤਾ ਕੁੰਦਨ ਸਿੰਘ ਸੱਜਣ ਨਾਲ ਕੈਨੇਡਾ ‘ਚ ਜਾ ਵਸੇ ਸਨ।