ਨਵੀਂ ਦਿੱਲੀ — ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਦੇ ਨਾਲ ਮਤਭੇਦ ਦੀਆਂ ਖਬਰਾਂ ਨੂੰ ਸਿਰੇ ‘ਤੋਂ ਨਕਾਰ ਦਿੱਤਾ ਹੈ। ਕੇਜਰੀਵਾਲ ਨੇ ਇਕ ਟੀ.ਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਕਲਿੱਪ ਨੂੰ ਰੀਟਵੀਟ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਕਿਹਾ ਕਿ ਮੈਂ ਨਰਾਜ਼ ਨਹੀਂ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪਾਰਟੀ ਦੇ ਮੈਂਬਰ ਹੀ ਨਹੀਂ ਪਰਿਵਾਰਕ ਮੈਂਬਰ ਵੀ ਹਨ। ਮੀਡੀਆ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਵਧਾ ਪੇਸ਼ ਕਰਨਾ ਪਸੰਦ ਕਰਦਾ ਹੈ। ਹੁਣ ਤਾਂ ਤੁਸੀਂ ਇਸ ਤੋਂ ਅੱਗੇ ਕਹੋਗੇ ਕਿ ਮੇਰੀ ਪਤਨੀ ਮੇਰੇ ‘ਤੇ ਨਿਸ਼ਾਨਾ ਸਾਧ ਰਹੀ ਹੈ।
ਵਿਸ਼ਵਾਸ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਕਸ਼ਮੀਰ, ਪਾਕਿਸਤਾਨ ਭਰਿਸ਼ਟਾਚਾਰ ਸਮੇਤ ਕਈ ਮੁੱਦਿਆਂ ‘ਤੇ ਆਪਣੀ ਰਾਏ ਰੱਖੀ ਸੀ। ਵਿਸ਼ਵਾਸ ਨੇ ਕਸ਼ਮੀਰ ‘ਚ ਸੀ.ਆਰ.ਪੀ.ਐਫ., ਜਵਾਨਾਂ ਦੇ ਨਾਲ ਕੁਝ ਸਥਾਨਕ ਨੌਜਵਾਨਾਂ ਦੁਆਰਾ ਕੀਤੀ ਗਈ ਬਦਤਮੀਜ਼ੀ ਦੇ ਮਾਮਲੇ ਨੂੰ ਵੀਡੀਓ ਦਾ ਅਧਾਰ ਬਣਾਇਆ ਸੀ। ਉਨ੍ਹਾਂ ਨੇ ਪੁੱਛਿਆ ਕਿ ਰਾਸ਼ਟਰਵਾਦ ਦੇ ਨਾਮ ‘ਤੇ ਬਣੀ ਸਰਕਾਰ ਦੇ ਰਹਿੰਦੇ ਹੋਏ ਕਿਸੇ ਦੀ ਜਵਾਨਾਂ ਨੂੰ ਹੱਥ ਲਗਾਉਣ ਦੀ ਹਿੰਮਤ ਕਿਸ ਤਰ੍ਹਾਂ ਹੋ ਗਈ। ਵਿਸ਼ਵਾਸ ਨੇ ਕਿਹਾ ਕਿ ਅਸੀਂ ਇਸ ਦੇਸ਼ ‘ਚ ਕੁਝ ਦੇਰ ਲਈ ਆਪਣੀ-ਆਪਣੀ ਪਾਰਟੀ ਅਤੇ ਆਪਣੇ-ਆਪਣੇ ਨੇਤਾਵਾਂ ਦੀ ਖੁਸ਼ਾਮਦ ਦੇ ਘੇਰੇ ਤੋਂ ਬਾਹਰ ਆ ਕੇ ਸੋਚ ਸਕਦੇ ਹਾਂ।