ਮੁੰਬਈ — ਦੇਸ਼ ਦੇ ਤਿੰਨ ਹਵਾਈ ਅੱਡੇ ਮੁੰਬਈ, ਚੇਨਈ ਅਤੇ ਹੈਦਰਾਬਾਦ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮਹਿਲਾ ਨੇ ਈਮੇਲ ਦੇ ਜ਼ਰੀਏ ਮੁੰਬਈ ਪੁਲਸ ਨੂੰ ਸਤਰਕ ਕਰਦੇ ਹੋਏ ਕਿਹਾ ਹੈ ਕਿ ਉਸਨੇ 6 ਅਣਪਛਾਤਿਆਂ ਦੀ ਗੱਲ ਸੁਣੀ। ਅੱਡਿਆਂ ਦੀ ਸੁਰੱਖਿਆ ਲਈ ਜ਼ਰੂਰੀ ਕਾਰਵਾਈ ਕਰਦੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।
ਦੇਸ਼ ਭਰ ‘ਚ ਹਵਾਈ ਅੱਡਿਆਂ ਦੀ ਜ਼ਿੰਮੇਦਾਰੀ ਸੰਭਾਲਣ ਵਾਲੀ ਏਜੰਸੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡੀ.ਸੀ.ਪੀ. ਮੁੰਬਈ ਨੂੰ ਕੱਲ੍ਹ ਜਹਾਜ ਹਾਈਜੈਕ ਕਰਨ ਦੀ ਚੇਤਾਵਨੀ ਵਾਲਾ ਇਕ ਈ-ਮੇਲ ਮਿਲਿਆ ਸੀ। ਈ-ਮੇਲ ‘ਚ ਦੱਸਿਆ ਗਿਆ ਸੀ ਕਿ ਇਕ ਔਰਤ ਨੇ 6 ਲੜਕਿਆਂ ਨੂੰ ਮੁੰਬਈ,ਹੈਦਰਾਬਾਦ, ਅਤੇ ਚੇੱਨਈ ਤੋਂ ਇਕੋ ਵਾਰ ਜਹਾਜ ਹਾਈਜੈਕ ਕਰਨ ਬਾਰੇ ਸੁਣਿਆ।
ਸੀ.ਆਈ.ਐਸ.ਐਫ. ਨੇ ਦੱਸਿਆ ਕਿ ਈ-ਮੇਲ ਫਰਜ਼ੀ ਵੀ ਹੋ ਸਕਦਾ ਹੈ। ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਮੋਲ ਨਾ ਲੈਂਦੇ ਹੋਏ ਸਾਰੇ ਹਵਾਈ ਅੱਡਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਕਿਸੇ ਵੀ ਤਰ੍ਹਾਂ ਦੇ ਖਤਰੇ ਦਾ ਸਾਹਮਣਾ ਕਰਨ ਦੀ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਸੁਰੱਖਿਆ ਨਾਲ ਸਬੰਧਤ ਸਾਰਿਆਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਈ-ਮੇਲ ‘ਚ ਹਾਈਜੈਕ ਦੀ ਯੋਜਨਾ ਬਣਾਉਣ ਲਈ 23 ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਕੀਤੀ ਗਈ ਹੈ। ਤਿੰਨਾਂ ਹਵਾਈ ਅੱਡਿਆਂ ਨੇ ਹਾਈ ਅਲਰਟ ‘ਤੇ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਵਾਧੂ ਸੁਰੱਖਿਆ ਜਾਂਚ ਦੇ ਮੱਦੇਨਜ਼ਰ ਉਹ ਹਵਾਈ ਅੱਡੇ ਲਈ ਘਰੋਂ ਪਹਿਲਾਂ ਰਵਾਨਾ ਹੋਣ।