ਐਕਟਿੰਗ ਦੇ ਨਾਲ-ਨਾਲ ਪ੍ਰੋਡਕਸ਼ਨ ਦੇ ਖੇਤਰ ‘ਚ ਕਦਮ ਰੱਖ ਕੇ ਅਨੁਸ਼ਕਾ ਨੇ ਫ਼ਿਲਮ ‘ਐੱਨ.ਐੱਚ 10’ ਦਾ ਪ੍ਰੋਡਕਸ਼ਨ ਕਰ ਕੇ ਜ਼ਬਰਦਸਤ ਸ਼ੋਹਰਤ ਖੱਟੀ ਸੀ। ਜਿਸ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਨੇ ‘ਫ਼ਿਲੌਰੀ’ ਅਤੇ ‘ਕੈਨੇਡਾ’ ਫ਼ਿਲਮਾਂ ਦੇ ਨਿਰਮਾਣ ਦਾ ਐਲਾਨ ਕੀਤਾ ਸੀ। ਇਨ੍ਹਾਂ ਦੋਹਾਂ ਹੀ ਫ਼ਿਲਮਾਂ ਨੇ ਅਨੁਸ਼ਕਾ ਨਾਲ ਦਲਜੀਤ ਦੋਸਾਂਝ ਦੀ ਜੋੜੀ ਹੈ। ਪਰ ‘ਫ਼ਿਲੌਰੀ’ ਦਾ ਬਾਕਸ ਆਫ਼ਿਸ ‘ਤੇ ਜੋ ਹਸ਼ਰ ਹੋਇਆ ਉਸ ਤੋਂ ਬਾਅਦ ਹੁਣ ਸਵਾਲ ਉੱਠ ਰਿਹਾ ਹੈ ਕਿ ਕੀ ਹੋਵੇਗਾ ‘ਕੈਨੇਡਾ’ ਦਾ? ਫ਼ਿਲਮ ‘ਫ਼ਿਲੌਰੀ’ ਨੂੰ ਬਾਕਸ ਆਫ਼ਿਸ ‘ਤੇ ਅਸਫ਼ਲਮ ਮੰਨਿਆ ਜਾ ਰਿਹਾ ਹੈ। ਉੱਧਰ ਪੰਜਾਬ ਸਮੇਤ ਪੂਰੇ ਦੇਸ਼ ਦੇ ਦਰਸ਼ਕਾਂ ਨੇ ਅਨੁਸ਼ਕਾ-ਦਲਜੀਤ ਦੋਸਾਂਝ ਦੀ ਜੋੜੀ ਨੂੰ ਰੱਦ ਕਰ ਦਿੱਤਾ ਹੈ। ਜਿਸ ਦੇ ਚੱਲਦੇ ਹੁਣ ਸੂਤਰਾਂ ਦਾ ਦਾਅਵਾ ਹੈ ਕਿ ਅਨੁਸ਼ਕਾ ਨੇ ‘ਕੈਨੇਡਾ’ ਨੂੰ ਨਾ ਬਣਾਉਣ ਦਾ ਫ਼ੈਸਲਾ ਕਰਦੇ ਹੋਏ ਕਿਸੇ ਹੋਰ ਸਬਜੈਕਟ ‘ਤੇ ਕੰਮ ਕਰਨ ਲਈ ਆਪਣੀ ਟੀਮ ਨੂੰ ਕਿਹਾ ਹੈ। ਉੱਧਰ ‘ਕੈਨੇਡਾ’ ਦੇ ਮਸਲੇ ‘ਤੇ ਅਨੁਸ਼ਕਾ ਅਤੇ ਉਨ੍ਹਾਂ ਦੇ ਭਾਈ ਕਰਣੇਸ਼ ਸ਼ਰਮਾ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਪਰ ਇਹ ਦਾਅਵਾ ਕਰ ਰਹੇ ਹਨ ਕਿ ‘ਫ਼ਿਲੌਰੀ’ ਦੀ ਲਾਗਤ 21 ਕਰੋੜ ਰੁਪਏ ਹੈ। ਹੁਣ ਤਕ ਇਹ ਫ਼ਿਲਮ ਬਾਕਸ ਆਫ਼ਿਸ ‘ਤੇ 22 ਕਰੋੜ ਰੁਪਏ ਕਮਾ ਚੁੱਕੀ ਹੈ। ਪਰ ਅਨੁਸ਼ਕਾ ਜਾਂ ਕਰਣੇਸ਼ ਇਹ ਨਹੀਂ ਦੱਸ ਰਹੇ ਕਿ 21 ਕਰੋੜ ਰੁਪਏ ‘ਚ ਐਕਟ੍ਰੈਸ ਦੇ ਤੌਰ ‘ਤੇ ਅਨੁਸ਼ਕਾ ਦਾ ਮਿਹਨਤਾਨਾ ਸ਼ਾਮਲ ਹੈ ਜਾਂ ਨਹੀਂ ਹੈ? ਦੂਜੀ ਗੱਲ ਸਾਨੂੰ ਇਹ ਨਹੀਂ ਭੁੱਲਣੀ ਚਾਹੀਦੀ ਕਿ ਬਾਕਸ ਆਫ਼ਿਸ ‘ਤੇ ਜੋ ਕਮਾਈ ਹੁੰਦੀ ਹੈ, ਉਸਦਾ 40 ਫ਼ੀਸਦੀ ਹੀ ਨਿਰਮਾਤਾ ਦੇ ਹੱਥ ‘ਚ ਆਉਂਦੇ ਹਨ।