ਚੰਡੀਗੜ : ਮਿਆਰੀ ਤਕਨੀਕੀ ਸਿੱਖਿਆ ਪ੍ਰਦਾਨ ਕਰਵਾ ਕੇ ਅਜੋਕੇ ਦੌਰ ਦੀਆਂ ਵਿਸ਼ਵ ਪੱਧਰੀ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੀ ਇੱਕੋ ਇੱਕ ਮਾਪਦੰਡ ਹੋਵੇਗਾ ਨਿੱਜੀ ਤਕਨੀਕੀ ਸਿੱਖਿਆ ਅਦਾਰਿਆਂ ਦਾ ਸਰਕਾਰ ਦੇ ਭਰੋਸੇ ‘ਤੇ ਖਰਾ ਉਤਰਨ ਲਈ।ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਬਹੁਤ ਹੀ ਸਪੱਸ਼ਟ ਲਫਜਾਂ ਵਿਚ ਨਿੱਜੀ ਅਦਾਰਿਆਂ ਦੇ ਮੁੱਖੀਆਂ ਨਾਲ ਮੀਟਿੰਗ ਕਰਕੇ ਸਾਫ ਕਰ ਦਿੱਤਾ ਹੈ ਕਿ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿਚ ਕਿਸੇ ਨਾਲ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਨੂੰ ਰਿਆਇਤ ਦਿੱਤੀ ਜਾਵੇਗੀ।
ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਆਲ ਇੰਡੀਆਂ ਤਕਨੀਕੀ ਸਿੱਖਿਆ ਕਾਉਂਸਲ ਵਲੋਂ ਅਤੇ ਪੰਜਾਬ ਸਰਕਾਰ ਵਲੋਂ ਤੈਅ ਕੀਤੇ ਮਾਪਦੰਡਾਂ ‘ਤੇ ਜੇਕਰ ਕੋਈ ਤਕਨੀਕੀ ਸਿੱਖਿਆ ਅਦਾਰਾ ਖਰਾ ਨਹੀਂ ਉਤਰਦਾ ਤਾਂ ਉਸ ਦੇ ਖਿਲਾਫ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।ਉਨ•ਾਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਨਿੱਜੀ ਅਦਾਰਿਆਂ ਦੀ ਨਿਰੰਤਰ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਅਦਾਰੇ ਵਿਚ ਕੋਈ ਘਾਟਾਂ ਪਾਈਆਂ ਗਈਆਂ ਤਾਂ ਉਨ•ਾਂ ਦੇ ਖਿਲਾਫ ਕਾਰਵਾਈ ਮੌਕੇ ‘ਤੇ ਹੀ ਕੀਤੀ ਜਾਵੇਗੀ।ਇਸ ਦੇ ਨਾਲ ਹੀ ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਵਿਭਾਗੀ ਅਧਿਕਾਰੀਆਂ ਵਲੋਂ ਜੇਕਰ ਕਮੀਆਂ ਹੋਣ ਦੇ ਬਾਵਜੂਦ ਕਾਰਵਾਈ ਨਾ ਕੀਤੀ ਗਈ ਅਤੇ ਉਨਾਂ ਵਲੋਂ ਨਿੱਜੀ ਦੌਰੇ ਦੌਰਾਨ ਕੋਈ ਕਮੀ ਕਿਸੇ ਅਦਾਰੇ ਵਿਚ ਪਾਈ ਗਈ ਤਾਂ ਅਦਾਰੇ ਦੇ ਨਾਲ ਨਾਲ ਚੈਕਿੰਗ ਕਰਨ ਵਾਲੇ ਵਿਭਾਗ ਦੇ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਸ. ਚੰਨੀ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਨਿੱਜੀ ਤਕਨੀਕੀ ਸਿੱਖਿਆ ਅਦਾਰਿਆਂ ਵਿੱਚ ਫਰਜੀ ਦਾਖਲੇ ਰੋਕਣ ਲਈ ਵਿਦਿਆਰਥੀਆਂ ਦੀ ਬਾਇਓ-ਮੀਟਰਿਕ ਹਾਜ਼ਰੀ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਹਨ।ਉਨ•ਾਂ ਕਿਹਾ ਕਿ ਇਸ ਦੇ ਲਾਗੂ ਹੋਣ ਨਾਲ ਜਿੱਥੇ ਵਿਦਿਆਰਥੀਆਂ ਦੇ ਫਰਜੀ ਦਾਖਲਿਆਂ ਨੂੰ ਠੱਲ ਪਵੇਗੀ ਉੱਥੇ ਵਿਦਿਅਰਥੀਆਂ ਦੀ ਹਾਜ਼ਰੀ ਵੀ ਯਕੀਨੀ ਹੋਵੇਗੀ।ਉਨ•ਾਂ ਨਾਲ ਹੀ ਕਿਹਾ ਇਸ ਸਿਸਟਮ ਨੂੰ ਨਿੱਜੀ ਅਦਾਰਿਆਂ ਵਲੋਂ ਤਕਨੀਕੀ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਨਾਲ ਜੋੜਿਆ ਜਾਵੇਗਾ ਜਿੱਥੇ ਵਿਭਾਗ ਵਲੋਂ ਇਨ•ਾਂ ਦੀ ਆਨਲਾਈਨ ਨਿਗਰਾਨੀ ਕੀਤੀ ਜਾਵੇਗੀ।
ਤਕਨੀਕੀ ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਕਿ ਨਿੱਜੀ ਅਦਾਰਿਆਂ ਵਿਚ ਦਾਖਲੇ ਆਨਲਾਈਨ ਹੀ ਕੀਤੇ ਜਾਣ, ਨਿਰਧਾਰਤ ਸਮੇਂ ਅਤੇ ਤੈਅ ਸੀਟਾਂ ਤੋਂ ਵੱਧ ਕੀਤੇ ਦਾਖਲੇ ਰੱਦ ਕਰ ਦਿੱਤੇ ਜਾਣਗੇ।ਸ. ਚੰਨੀ ਨੇ ਕਿਹਾ ਕਿ ਨਿਂੱਜੀ ਅਦਾਰੇ ਵਿਚ ਯੂ.ਜੀ.ਸੀ ਅਤੇ ਏ.ਆਈ.ਸੀ.ਟੀ ਦੀਆਂ ਤਹਿ ਸ਼ਰਤਾਂ ਅਨੁਸਾਰ ਅਧਿਆਪਕਾਂ ਦੀ ਭਰਤੀ ਯਕੀਨੀ ਬਣਾਉਣ ਅਤੇ ਸਿੱਖਿਆ ਦੇ ਵਪਾਰੀਕਰਨ ਦੀ ਬਜਾਏ ਮਿਆਰੀ ਸਿੱਖਿਆ ਪ੍ਰਦਾਨ ਕਰਨ ‘ਤੇ ਜੋਰ ਦੇਣ।
ਸ. ਚੰਨੀ ਨੇ ਨਿੱਜੀ ਅਦਾਰਿਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਐਸ.ਸੀ ਵਜੀਫਿਆਂ ਦਾ ਵਿਦਿਆਰਥੀਆਂ ਨੂੰ ਸਹੀ ਲਾਭ ਪਹੁੰਚਾਇਆਂ ਜਾਵੇ ਅਤੇ ਅਜਿਹਾ ਨਾ ਕਰਨ ਵਾਲੇ ਅਦਾਰਿਆਂ ਖਿਲਾਫ ਸਖਤ ਕਾਰਵਈ ਕੀਤੀ ਜਾਵੇਗੀ।ਇਸ ਦੇ ਨਾਲ ਹੀ ਉਨ•ਾਂ ਨਕਲ ਕਰਵਾਉਣ ਵਾਲੇ ਅਦਾਰਿਆਂ ਦੇ ਖਿਲਾਫ ਸਖਤੀ ਵਰਤਣ ਦਾ ਐਲਾਨ ਕਰਦਿਆਂ ਕਿਹਾ ਕਿ ਜਿਹੜੇ ਨਿੱਜੀ ਅਦਾਰੇ ਅਜਿਹਾ ਕਰਦੇ ਪਾਏ ਗਏ, ਉਨਾਂ ਦੇ ਪ੍ਰੀਖਿਆ ਕੇਂਦਰ ਰੱਦ ਕਰ ਦਿੱਤੇ ਜਾਣਗੇ।
ਗੈਰ ਸਹਾਇਤਾ ਪ੍ਰਾਪਤ ਤਕਨੀਕੀ ਸੰਸਥਾਵਾਂ ਦੇ ਮੁੱਖੀਆਂ ਨਾਲ ਮੀਟਿੰਗ ਦੇ ਦੌਰਾਨ ਤਕਨੀਕੀ ਸਿੱਖਿਆ ਮੰਤਰੀ ਨੇ ਤਕਨੀਕੀ ਸਿਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਨੁਮਾਇੰਦਿਆਂ ਦੀ ਸਲਾਹਕਾਰ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਵੀ ਕੀਤਾ।ਇਸ ਤੋਂ ਇਲਾਵਾ ਇਸ ਗੱਲ ‘ਤੇ ਵੀ ਸਹਿਮਤੀ ਜਤਾਈ ਗਈ ਕਿ ਨੌਜਵਾਨਾਂ ਨੂੰ ਰੁਜਗਾਰ ਦਿਵਾਉਣ ਲਈ ਨਿੱਜੀ ਅਦਾਰਿਆਂ ਅਤੇ ਤਕਨੀਕੀ ਸਿੱਖਿਆ ਵਿਭਾਗ ਵਲੋਂ ਸਾਂਝੇ ਤੌਰ ‘ਤੇ ਨੌਕਰੀ ਮੇਲੇ ਅਯੋਜਿਤ ਕੀਤੇ ਜਾਣਗੇ।