ਚੰਡੀਗਡ਼  : ਸ਼੍ਰੋਮਣੀ ਅਕਾਲੀ ਦਲ ਸਿੱਖਿਆ ਵਿਭਾਗ ਯੂ. ਟੀ. ਚੰਡੀਗਡ਼ ਵਿਚ ਪੰਜਾਬ ਦੇ ਡੈਪੂਟੇਸ਼ਨ ‘ਤੇ ਭੇਜੇ ਅਧਿਆਪਕਾਂ ਨੂੰ ਵਾਪਸ ਭੇਜਣ ਦਾ ਮੁੱਦਾ ਮਾਣਯੋਗ ਰਾਜਪਾਲ ਪੰਜਾਬ ਕਮ ਪ੍ਰਸ਼ਾਸਕ ਯੂ. ਟੀ. ਚੰਡੀਗਡ਼ ਕੋਲ ਉਠਾਏਗਾ ਤੇ ਉਹਨਾਂ ਨੂੰ ਅਪੀਲ ਕਰੇਗਾ ਕਿ ਯੂ. ਟੀ. ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਜਾਵੇ ਕਿ ਆਨੇ ਬਹਾਨੇ ਪੰਜਾਬ ਦੇ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਤੋਂ ਯੂ. ਟੀ. ਚੰਡੀਗਡ਼• ਵਿਚ ਡੈਪੂਟੇਸ਼ਨ ‘ਤੇ ਕੰਮ ਕਰਦੇ ਅਧਿਆਪਕਾਂ ਪ੍ਰਤੀ ਯੂ. ਟੀ. ਅਧਿਕਾਰੀਆਂ ਦੇ ਰਵੱਈਏ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਡਾ. ਚੀਮਾ ਨੇ ਕਿਹਾ ਕਿ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਅਧਿਆਪਕਾਂ ਨੂੰ ਨਿਰਉਤਸ਼ਾਹਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜੋ ਕਿ ਆਪਣੀ ਹੀ ਰਾਜਧਾਨੀ ਦੇ ਵਿਦਿਆਰਥੀਆਂ ਦੀ ਸੇਵਾ ਲਈ ਡੈਪੂਟੇਸ਼ਨ ‘ਤੇ ਕੰਮ ਕਰਨਾ ਚਾਹੁੰਦੇ ਹਨ।
ਡਾ. ਚੀਮਾ ਨੇ ਕਿਹਾ ਕਿ ਪੰਜਾਬ ਪੁਨਰਗਠਨ ਐਕਟ ਦੀ ਭਾਵਨਾ ਅਨੁਸਾਰ ਪੰਜਾਬ ਤੇ ਹਰਿਆਣਾ ਤੋਂ ਸਾਰੇ ਮੁਲਾਜ਼ਮ 60:40 ਦੇ ਅਨੁਪਾਤ ਵਿਚ ਡੈਪੂਟੇਸ਼ਨ ‘ਤੇ ਤਾਇਨਾਤ ਹੋਣੇ ਚਾਹੀਦੇ ਹਨ ਪਰ ਬਿਨਾਂ ਰਾਜਾਂ ਨਾਲ ਸਲਾਹ ਮਸ਼ਵਰਾ ਕੀਤਿਆਂ ਯੂ. ਟੀ. ਪ੍ਰਸ਼ਾਸਨ ਇਹ ਪੋਸਟਾਂ ਆਪਣੇ ਹੀ ਕੇਡਰ ਨਾਲ ਭਰ ਰਿਹਾ ਹੈ ਜਿਸ ਨਾਲ ਰਾਜਾਂ ਦੇ ਹਿਤਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਹੋਰ ਕਿਹਾ ਕਿ ਬੀਤੇ ਸਮੇਂ ਵਿਚ ਜਦੋਂ ਯੂ. ਟੀ. ਪ੍ਰਸ਼ਾਸਨ ਨੇ ਬਿਨਾਂ ਕਿਸੇ ਕਾਰਨ ਡੈਪੂਟੇਸ਼ਨ ‘ਤੇ ਕੰਮ ਕਰਨ ਵਾਲਿਆਂ ਨੂੰ ਰਿਲੀਵ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਮਾਮਲਾ ਰਾਜਪਾਲ ਪੰਜਾਬ ਕੋਲ ਉਠਾਇਆ ਸੀ ਅਤੇ ਪੰਜਾਬ ਤੇ ਹਰਿਆਣਾ ਵਿਚ ਤੈਅ ਅਨੁਪਾਤ ਅਨੁਸਾਰ ਪੋਸਟਾਂ ਭਰੇ ਜਾਣ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਆਨੇ ਬਹਾਨੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਡਾ. ਚੀਮਾ ਨੇ  ਦੱਸਿਆ ਕਿ ਅਧਿਆਪਕਾਂ ਦੇ ਇਕ ਵਫਦ ਨੇ ਅੱਜ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਤੇ ਅਧਿਆਪਕਾਂ ਦੇ ਡੈਪੂਟੇਸ਼ਨ ਕਾਰਜਕਾਲ ਤੈਅ ਕਰਨ ਲਈ ਤਿਆਰ ਕੀਤੀ ਨਵੀਂ ਨੀਤੀ ਉਹਨਾਂ ਦੇ ਧਿਆਨ ਵਿਚ ਲਿਆਂਦੀ ਹੈ।  ਉਹਨਾਂ ਕਿਹਾ ਕਿ ਡੈਪੂਟੇਸ਼ਨ ਦੀ ਮਿਆਦ ਦੌਰਾਨ ਯੂ. ਟੀ. ਡੈਪੂਟੇਸ਼ਨ  ‘ਤੇ ਕੰਮ ਕਰਨ ਵਾਲਿਆਂ ਨੂੰ ਡੈਪੂਟੇਸ਼ਨ ਭੱਤਾ ਨਹੀਂ ਮਿਲਦਾ ਤੇ ਪੰਜਾਬ ਦੀ ਰਾਜਧਾਨੀ ਚੰਡੀਗਡ਼• ਹੋਣ ਦੇ ਕਾਰਨ ਉਹਨਾਂ  ਦੇ ਅਧਿਕਾਰ ਅਨੁਸਾਰ ਉਹਨਾਂ ਦਾ ਤਬਾਦਲਾ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਡੈਪੂਟੇਸ਼ਨ ਦੀ ਮਿਆਦ ਤੈਅ ਕਰਨ ਨਾਲ ਅਧਿਆਪਕਾਂ ਦੇ ਮਨਾਂ ਵਿਚ ਅਨਿਸ਼ਚਿਤਤਾ ਕਾਇਮ ਹੋਵੇਗੀ ਕਿਉਂਕਿ ਡੈਪੂਟੇਸ਼ਨ ਦੀ ਮਿਆਦ ਖਤਮ ਹੋਣ ‘ਤੇ ਉਹਨਾਂ ਨੂੰ ਚੰਡੀਗਡ਼• ਦੇ ਨੇਡ਼ੇ ਮਰਜ਼ੀ ਅਨੁਸਾਰ ਪੋਸਟਿੰਗ ਨਹੀਂ ਮਿਲ ਸਕੇਗੀ। ਉਹਨਾਂ ਕਿਹਾ ਕਿ ਇਸ ਡਰੋਂ ਅਧਿਆਪਕ ਡੈਪੂਟੇਸ਼ਨ ‘ਤੇ ਜਾਣਾ ਨਹੀਂ ਚਾਹੁਣਗੇ ਤੇ ਇਸ ਨਾਲ ਯੂ. ਟੀ. ਪ੍ਰਸ਼ਾਸਨ ਦੇ ਲੁਕਵੇਂ ਏਜੰਡੇ ਦਾ ਉਦੇਸ਼ ਪੂਰਾ ਹੋ ਜਾਵੇਗਾ ਜੋ ਚਾਹੁੰਦੇ ਹਨ ਕਿ ਅਧਿਆਪਕ ਉਪਲਬਧ ਨਾ ਹੋਣ ਦੇ ਬਹਾਨੇ ਉਹ ਪੰਜਾਬ ਦਾ ਕੋਟਾ ਹਡ਼ਪ ਲੈਣ। ਉਹਨਾਂ ਕਿਹਾ ਕਿ ਇਹ ਮਾਮਲਾ ਤੱਥਾਂ ਅਨੁਸਾਰ ਗਲਤ ਹੈ ਕਿਉਂਕਿ ਯੂ. ਟੀ ਸਿੱਖਿਆ ਵਿਭਾਗ ਵਿਚ ਅਧਿਆਪਕਾਂ ਦੀਆਂ ਆਸਾਮੀਆਂ ਉਪਲਬਧ ਹਨ। ਯੂ. ਟੀ. ਪ੍ਰਸ਼ਾਸਨ ਸਿਰਫ ਪੰਜਾਬ ਦੇ ਅਧਿਆਪਕਾਂ ਨੂੰ ਯੂ. ਟੀ. ਸਿੱਖਿਆ ਵਿਭਾਗ ਵਿਚ ਡੈਪੂਟੇਸ਼ਨ ‘ਤੇ ਕੰਮ ਕਰਨ ਤੋਂ ਨਿਰਉਤਸ਼ਾਹਿਤ ਕਰਨ ਵਾਸਤੇ ਸਾਜ਼ਿਸ਼ ਰਚ ਰਿਹਾ ਹੈ।
ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਇਹ ਕਿਸੇ ਵੀ ਕੀਮਤ ‘ਤੇ ਯੂ. ਟੀ. ਪ੍ਰਸ਼ਾਸਨ ਨੂੰ ਪੰਜਾਬ ਰਾਜ ਦੇ ਅਧਿਆਪਕਾਂ ਨਾਲ ਅਨਿਆਂ ਨਹੀਂ ਕਰਨ ਦੇਵੇਗਾ । ਉਹਨਾਂ ਕਿਹਾ ਕਿ ਯੂ. ਟੀ. ਪ੍ਰਸ਼ਾਸਨ ਵੱਲੋਂ ਪੰਜਾਬ ਪੁਨਰਗਠਨ ਐਕਟ ਤੋਂ ਭੱਜਣ ਦੇ ਸਾਰੇ ਯਤਨਾਂ ਦਾ ਅਕਾਲੀ ਦਲ ਪੁਰਜੋਰ ਵਿਰੋਧ ਕਰੇਗਾ।