ਬਾਲੀਵੁੱਡ ਵਿੱਚ ਵਿਦੇਸ਼ੀ ਅਭਿਨੇਤਰੀਆਂ ਦੀ ਸੂਚੀ ਵਿੱਚ ਨਰਗਿਸ ਫ਼ਾਖਰੀ ਵੀ ਇੱਕ ਨਾਮ ਹੈ। ਮਾਡਲਿੰਗ ਤੋਂ ਫ਼ਿਲਮਾਂ ਵਿੱਚ ਆਈ ਨਰਗਿਸ ਨੂੰ ਰਣਬੀਰ ਕਪੂਰ ਨਾਲ ‘ਰੌਕਸਟਾਰ’ ਵਰਗੀ ਵੱਡੀ ਫ਼ਿਲਮ ਵਿੱਚ ਬਰੇਕ ਮਿਲਿਆ। ਨਰਗਿਸ ਨੂੰ ਇਸ ਫ਼ਿਲਮ ਤੋਂ ਕਾਫ਼ੀ ਫ਼ਾਇਦਾ ਹੋਇਆ, ਲਿਹਾਜ਼ਾ ਉਸ ਨੂੰ ਫ਼ਿਲਮਾਂ ਦੀਆਂ ਵਧੀਆ ਪੇਸ਼ਕਸ਼ਾਂ ਮਿਲੀਆਂ ਜਿਸ ਵਿੱਚ ‘ਮਦਰਾਸ ਕੈਫ਼ੇ’, ‘ਮੈਂ ਤੇਰਾ ਹੀਰੋ, ‘ਹਾਊਸਫ਼ੁੱਲ 3’ ਅਤੇ ‘ਅਜਹਰ’ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਨਰਗਿਸ ਦੋ ਫ਼ਿਲਮਾਂ ਵਿੱਚ ਬਤੌਰ ਆਈਟਮ ਗਰਲ ਵੀ ਨਜ਼ਰ ਆ ਚੁੱਕੀ ਹੈ ਜਿਸ ਵਿੱਚ ਉਸ ਦਾ ਇੱਕ ਆਈਟਮ ਗੀਤ ਸ਼ਾਹਿਦ ਕਪੂਰ ਦੇ ਨਾਲ ਸੀ ਅਤੇ ਦੂਜਾ ਸਲਮਾਨ ਖ਼ਾਨ ਦੇ ਨਾਲ। ਉਸ ਦੀ ਪਿਛਲੀ ਫ਼ਿਲਮ ‘ਬੈਂਜੋ’ ਨੂੰ ਵੀ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
-ਇੰਨਾ ਸਮਾਂ ਭਾਰਤ ਵਿੱਚ ਗੁਜ਼ਾਰਨ ਤੋਂ ਬਾਅਦ ਤੁਹਾਡੀ ਹਿੰਦੀ ਵਿੱਚ ਅੰਗਰੇਜ਼ੀ ਦੀ ਮਹਿਕ ਮਿਲਦੀ ਹੈ। ਅਜਿਹਾ ਕਿਉਂ?
-ਹਿੰਦੀ ਦੀ ਸਮੱਸਿਆ ਤਾਂ ਹੈ ਹੀ ਕਿਉਂਕਿ ਤੁਸੀਂ ਜਿਸ ਭਾਸ਼ਾ ਦੀ ਫ਼ਿਲਮ ਕਰ ਰਹੇ ਹੋ, ਉਸ ਭਾਸ਼ਾ ਤੋਂ ਅਣਜਾਣ ਹੋ ਤਾਂ ਦ੍ਰਿਸ਼ਾਂ ਦੇ ਭਾਵ ਸਮਝਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਨੂੰ ਸੰਵਾਦ ਰੋਮਨ ਵਿੱਚ ਦਿੱਤੇ ਜਾਂਦੇ ਹਨ, ਲਿਹਾਜ਼ਾ ਮੈਂ ਉਨ੍ਹਾਂ ਨੂੰ ਸਮਝਣ ਤੋਂ ਬਾਅਦ ਯਾਦ ਕਰ ਲੈਂਦੀ ਸੀ। ਬਾਅਦ ਵਿੱਚ ਮੈਂ ਹਿੰਦੀ ਸਿੱਖਣ ‘ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਜਿਸ ਨਾਲ ‘ਮਦਰਾਸ ਕੈਫ਼ੇ’ ਅਤੇ ਬਾਅਦ ਦੀਆਂ ਫ਼ਿਲਮਾਂ ਵਿੱਚ ਮੈਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ। ਵੈਸੇ ਵੀ ਅੱਜ ਹਿੰਦੀ ਫ਼ਿਲਮਾਂ ਵਿੱਚ ਨੱਬੇ ਫ਼ੀਸਦੀ ਲੋਕ ਅੰਗਰੇਜ਼ੀ ਬੋਲਦੇ ਹਨ।
-ਤੁਹਾਡੇ ਲਈ ਬੌਲੀਵੁੱਡ ਵਿੱਚ ਕੰਮ ਕਰਨਾ ਕਿੰਨਾ ਕਠਿਨ ਰਿਹਾ?
-ਦੇਖੋ, ਸੱਚ ਇਹੀ ਹੈ ਕਿ ਸਭ ਤੋਂ ਜ਼ਿਆਦਾ ਕਠਿਨਾਈ ਹਿੰਦੀ ਬੋਲਣ ਵਿੱਚ ਹੀ ਆਈ। ਇਹੀ ਕਾਰਨ ਹੈ ਕਿ ਅੱਜ ਵੀ ਇੱਕ ਵਾਕ ਨੂੰ ਮੈਂ ਮਿਲੀਅਨ ਵਾਰ ਬੋਲਦੀ ਹਾਂ, ਤਾਂ ਜਾ ਕੇ ਸਹੀ ਬੋਲ ਪਾਉਂਦੀ ਹਾਂ। ਸਾਰੇ ਐਕਟਰ ਸ਼ੁੱਧ ਹਿੰਦੀ ਬੋਲਦੇ ਹਨ ਤਾਂ ਮੈਨੂੰ ਆਪਣੀ ਹਿੰਦੀ ‘ਤੇ ਕੁਝ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਵੈਸੇ ਇੱਥੇ ਆ ਕੇ ਮੈਂ ਕੱਥਕ ਸਿੱਖਿਆ ਹੈ ਅਤੇ ਬੌਲੀਵੁੱਡ ਦੇ ਗੀਤਾਂ ‘ਤੇ ਵੀ ਨੱਚਣਾ ਸਿੱਖ ਲਿਆ ਹੈ। ਹਾਲਾਂਕਿ ਮੈਂ ਇੱਥੇ ਖ਼ੁਦ ਨੂੰ ਅਸੁਰੱਖਿਅਤ ਨਹੀਂ ਮੰਨਦੀ, ਇਸ ਲਈ ਜਦੋਂ ਤਕ ਕੰਮ ਮਿਲ ਰਿਹਾ ਹੈ ਕਰਾਂਗੀ, ਨਹੀਂ ਤਾਂ ਆਪਣੇ ਦੇਸ਼ ਜਾ ਕੇ ਕੋਈ ਵੀ ਕੰਮ ਕਰ ਲਵਾਂਗੀ। ਮੈਨੂੰ ਸਿਰਫ਼ ਆਪਣੇ ਬਿੱਲ ਭਰਨ ਦੇ ਪੈਸੇ ਮਿਲ ਜਾਣ, ਇਹ ਹੀ ਬਹੁਤ ਹੈ।
-ਤੁਸੀਂ ਮੰਨਦੇ ਹੋ ਕਿ ਬੌਲੀਵੁੱਡ ਵਿੱਚ ਤੁਹਾਡਾ ਸਫ਼ਰ ਸੌਖਾ ਨਹੀਂ ਸੀ?
-ਤੁਹਾਨੂੰ ਦੱਸ ਦਿਆਂ ਕਿ ਮੈਂ ਮੂਲ ਰੂਪ ਵਿੱਚ ਅਮਰੀਕਾ ਦੀ ਹਾਂ ਅਤੇ ਮੁੰਬਈ ਵਿੱਚ ਇੱਕੱਲੀ ਰਹਿੰਦੀ ਹਾਂ। ਆਪਣੀ ਮਾਂ ਨੂੰ ਮਿਲਣ ਕਦੇ ਕਦੇ ਅਮਰੀਕਾ ਜਾਂਦੀ ਰਹਿੰਦੀ ਹਾਂ ਕਿਉਂਕਿ ਉਹ ਵੀ ਇੱਕੱਲੀ ਰਹਿੰਦੀ ਹੈ। ਸ਼ੁਰੂ ਵਿੱਚ ਮੇਰੀ ਮਾਂ ਨੂੰ ਇੱਥੋਂ ਦੀ ਫ਼ਿਲਮ ਇੰਡਸਟਰੀ ਅਤੇ ਮੇਰੇ ਕੰਮ ਨੂੰ ਸਮਝਣਾ ਥੋੜ੍ਹਾ ਮੁਸ਼ਕਿਲ ਜ਼ਰੂਰ ਹੋਇਆ ਸੀ, ਪਰ ਜਦੋਂ ਮੈਂ ਆਪਣੀਆਂ ਫ਼ਿਲਮਾਂ ਮਾਂ ਨੂੰ ਦਿਖਾਈਆਂ ਤਾਂ ਉਨ੍ਹਾਂ ਨੇ ਵੀ ਅੱਗੇ ਵਧਣ ਲਈ ਮੇਰਾ ਸਹਿਯੋਗ ਕੀਤਾ। ਮੁੰਬਈ ਆ ਕੇ ਖ਼ੁਦ ਨੂੰ ਸੈੱਟ ਕਰਨਾ ਮੇਰੇ ਲਈ ਸੌਖਾ ਨਹੀਂ ਸੀ। ਇਸ ਲਈ ਮੈਨੂੰ ਬਹੁਤ ਸੰਘਰਸ਼ ਕਰਨਾ ਪਿਆ। 2009 ਦੇ ਸਵਿਮਸੂਟ ਕੈਲੰਡਰ ਤੋਂ ਮੈਨੂੰ ਚੰਗੇ ਪੈਸੇ ਮਿਲੇ ਅਤੇ ਫ਼ਿਰ ਮੈਂ ਇੱਥੇ ਹੀ ਰਹਿਣ ਦਾ ਫ਼ੈਸਲਾ ਕਰ ਲਿਆ। ਕੈਲੰਡਰ ਵਿੱਚ ਦੇਖ ਕੇ ਹੀ ਮੈਨੂੰ ਫ਼ਿਲਮ ‘ਰੌਕਸਟਾਰ’ ਮਿਲੀ ਸੀ।
-‘ਰੌਕਸਟਾਰ’ ਨੂੰ ਸ਼ਲਾਘਾ ਮਿਲਣ ਦੇ ਬਾਅਦ ਵੀ ਤੁਸੀਂ ਕਾਫ਼ੀ ਸਮੇਂ ਤਕ ਗਾਇਬ ਹੀ ਹੋ ਗਏ ਸੀ?
-ਮੈਂ ਗਾਇਬ ਨਹੀਂ ਹੋਈ ਸੀ, ਬਲਕਿ ਰੁੱਝੀ ਹੋਈ ਸੀ। ‘ਰੌਕਸਟਾਰ’ ਤੋਂ ਬਾਅਦ ਮੈਂ ਇਸ਼ਤਿਹਾਰ ਫ਼ਿਲਮਾਂ ਕਰਦੀ ਰਹੀ। ਉਸਤੋਂ ਬਾਅਦ ਹੀ ਮੈਨੂੰ ਜੌਹਨ ਅਬਰਾਹਮ ਦੇ ਹੋਮ ਪ੍ਰੋਡਕਸ਼ਨ ਦੀ ‘ਮਦਰਾਸ ਕੈਫ਼ੇ’, ਰਾਜਕੁਮਾਰ ਸੰਤੋਸ਼ੀ ਦੀ ‘ਫ਼ਟਾ ਪੋਸਟਰ ਨਿਕਲਾ ਹੀਰੋ’, ਅਕਸ਼ੈ ਕੁਮਾਰ ਨਾਲ ‘ਸ਼ੌਕੀਨ’ ਦਾ ਰਿਮੇਕ ਅਤੇ ਡੇਵਿਡ ਧਵਨ ਨਾਲ ‘ਮੈਂ ਤੇਰਾ ਹੀਰੋ’ ਆਦਿ ਫ਼ਿਲਮਾਂ ਮਿਲੀਆਂ।
-ਕੀ ਕੋਈ ਨਿਰਦੇਸ਼ਕ ਕਲਾਕਾਰ ਤੋਂ ਚੰਗਾ ਕੰਮ ਕਰਵਾ ਸਕਦਾ ਹੈ?
-ਬੇਸ਼ੱਕ, ਇੱਕ ਨਿਰਦੇਸ਼ਕ ਕਲਾਕਾਰ ਤੋਂ ਚੰਗਾ ਕੰਮ ਕਰਵਾ ਸਕਦਾ ਹੈ, ਪਰ ਇਸ ਲਈ ਕਲਾਕਾਰ ਦਾ ਪ੍ਰਤਿਭਾਸ਼ਾਲੀ ਹੋਣਾ ਵੀ ਜ਼ਰੂਰੀ ਹੈ। ਮੈਂ ਅਭਿਨੈ ਜਾਣਦੀ ਸੀ, ਇਸ ਲਈ ਆਪਣੀ ਪਹਿਲੀ ਫ਼ਿਲਮ ਵਿੱਚ ਹੀ ਇਸ ਗੱਲ ਦੀ ਤਰਫ਼ ਇਸ਼ਾਰਾ ਕਰ ਦਿੱਤਾ ਸੀ। ਹੁਣ ਮੇਰੀਆਂ ਆਉਣ ਵਾਲੀਆਂ ਫ਼ਿਲਮਾਂ ਤੋਂ ਬਾਅਦ ਤੁਸੀਂ ਮੇਰੇ ਚੰਗੇ ਅਭਿਨੈ ਨੂੰ ਲੈ ਕੇ ਮੇਰੇ ਨਾਲ ਗੱਲ ਕਰੋਗੇ।
-ਤੁਸੀਂ ਹੁਣ ਤਕ ਜਿਨ੍ਹਾਂ ਅਭਿਨੇਤਾਵਾਂ ਨਾਲ ਕੰਮ ਕੀਤਾ ਹੈ। ਉਨ੍ਹਾਂ ਬਾਰੇ ਕੀ ਕਹੋਗੇ?
-ਆਪਣੇ ਪਹਿਲੇ ਸਹਿ ਕਲਾਕਾਰ ਰਣਬੀਰ ਕਪੂਰ ਦੇ ਬਾਰੇ ਵਿੱਚ ਇੰਨਾ ਹੀ ਕਹਾਂਗੀ ਕਿ ਜੇਕਰ ਲੇਡੀ ਗਾਗਾ ਦਾ ਮਰਦਾਵਾਂ ਰੂਪ ਹੋਏਗਾ ਤਾਂ ਉਹ ਰਣਬੀਰ ਕਪੂਰ ਹੋਣਗੇ। ਜੌਹਨ ਅਬਰਾਹਮ ਬਹੁਤ ਹੀ ਸਾਧਾਰਨ ਅਤੇ ਸਾਦੇ ਕਿਸਮ ਦੇ ਸਟਾਰ ਲੱਗੇ, ਉਹ ਕੋਈ ਦਿਖਾਵਾ ਨਹੀਂ ਕਰਦੇ, ਨਹੀਂ ਤਾਂ ਫ਼ਿਲਮੀ ਸਿਤਾਰਿਆਂ ਦੇ ਹਾਵ-ਭਾਵ ਹੀ ਬਦਲ ਜਾਂਦੇ ਹਨ, ਪਰ ਜੌਹਨ ਵਿੱਚ ਅਜਿਹਾ ਕੁਝ ਨਹੀਂ ਹੈ। ਮੈਂ ਉਨ੍ਹਾਂ ਨੂੰ ਦੇਖਕੇ, ਉਨ੍ਹਾਂ ਨਾਲ ਕੰਮ ਕਰਦੇ ਹੋਏ ਮਹਿਸੂਸ ਕੀਤਾ ਕਿ ਇੱਕ ਚੰਗਾ ਇਨਸਾਨ ਹੀ ਵਧੀਆ ਐਕਟਰ ਹੋ ਸਕਦਾ ਹੈ। ਇਸਤੋਂ ਇਲਾਵਾ ਮੈਨੂੰ ਜੌਹਨ ਤੋਂ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ ਜੋ ਅੱਗੇ ਮੇਰੇ ਬਹੁਤ ਕੰਮ ਆ ਰਿਹਾ ਹੈ। ਸ਼ਾਹਿਦ ਕਪੂਰ ਅਤੇ ਰਿਤੇਸ਼ ਵੀ ਚੰਗੇ ਅਭਿਨੇਤਾ ਅਤੇ ਵਧੀਆ ਇਨਸਾਨ ਹਨ। ਮੇਰੇ ਲਈ ਦੋਨਾਂ ਨਾਲ ਕੰਮ ਕਰਨਾ ਕਾਫ਼ੀ ਸੌਖਾ ਰਿਹਾ। ਇਮਰਾਨ ਹਾਸ਼ਮੀ ਬਹੁਤ ਹੀ ਪੇਸ਼ੇਵਰ ਅਤੇ ਸੁਲਝਿਆ ਹੋਇਆ ਬੰਦਾ ਹੈ। ਮੈਨੂੰ ਉਨ੍ਹਾਂ ਦੀ ‘ਨੈਚਰੋਪੈਥੀ’ ਬਾਰੇ ਬਹੁਤ ਜਾਣਕਾਰੀ ਵੀ ਮਿਲੀ ਹੈ ਅਤੇ ਉਨ੍ਹਾਂ ਨੇ ਮੈਨੂੰ ਕੋਈ ਤਕਲੀਫ਼ ਹੋਣ ‘ਤੇ ਦਵਾਈ ਦੇਣ ਨੂੰ ਵੀ ਕਿਹਾ ਹੈ। ਕੋਈ ਫ਼ੁੱਲ ਜਾਂ ਤੇਲ, ਜੋ ਕੁਝ ਵੀ ਉਨ੍ਹਾਂ ਦੇ ਫ਼ਰਿੱਜ ਵਿੱਚ ਹੋਏਗਾ, ਉਹ ਮੈਨੂੰ ਜ਼ਰੂਰ ਦੇਣਗੇ। ਅਤੇ ਹਾਂ, ਵਰੁਣ ਮੇਰੇ ਪਸੰਦੀਦਾ ਅਭਿਨੇਤਾ ਹਨ ਕਿਉਂਕਿ ਉਹ ਬਹੁਤ ਪਿਆਰੇ ਹਨ।
-ਤੁਹਾਡੀ ਆਪਣੀ ਸ਼ਕਤੀ ਕੀ ਹੈ?
-ਦੇਖੋ ਮੈਂ ਕਦੇ ਝੂਠ ਨਹੀਂ ਬੋਲਦੀ। ਅੱਜ ਵੀ ਮੈਨੂੰ ਯਾਦ ਹੈ ਕਿ ਮੈਂ ਆਪਣੀ ਮਾਂ ਨੂੰ ਆਪਣੇ ਜਵਾਨੀ ਦੇ ਕੁਝ ਕਿੱਸੇ ਸੱਚ ਦੱਸ ਦਿੱਤੇ ਸਨ ਅਤੇ ਇਸ ਕਾਰਨ ਮੈਨੂੰ ਮਾਰ ਵੀ ਖਾਣੀ ਪਈ, ਪਰ ਮੈਂ ਸੱਚਾਈ ਦਾ ਦਾਮਨ ਨਹੀਂ ਛੱਡਿਆ ਹੈ। ਮੈਂ ਹਮੇਸ਼ਾਂ ਇਮਾਨਦਾਰ ਹੀ ਰਹਾਂਗੀ।
-ਤੁਹਾਡਾ ਵਿਆਹ ਕਦੋਂ ਕਰਾਉਣ ਦਾ ਇਰਾਦਾ ਹੈ?
-ਫ਼ਿਲਹਾਲ ਵਿਆਹ ਦਾ ਕੋਈ ਇਰਾਦਾ ਨਹੀਂ ਹੈ। ਹਾਲਾਂਕਿ ਬੱਚਿਆਂ ਨਾਲ ਮੈਨੂੰ ਬਹੁਤ ਪਿਆਰ ਹੈ। ਇਸ ਲਈ ਜਦੋਂ ਵੀ ਜ਼ਰੂਰਤ ਮਹਿਸੂਸ ਹੋਏਗੀ, ਬੱਚਾ ਗੋਦ ਲੈਣਾ ਪਸੰਦ ਕਰਾਂਗੀ। ਅਜੇ ਆਪਣੇ ਬੱਚੇ ਬਾਰੇ ਨਹੀਂ ਸੋਚਿਆ ਹੈ। ਜਦੋਂ ਲੱਗੇਗਾ ਕਿ ਬੱਚਾ ਹੋਣਾ ਚਾਹੀਦਾ ਹੈ ਤਾਂ ਉਸ ਨੂੰ ਗੋਦ ਹੀ ਲਵਾਂਗੀ। ਦਰਅਸਲ, ਦੁਨੀਆਂ ਵਿੱਚ ਬਹੁਤ ਸਾਰੇ ਜ਼ਰੂਰਤਮੰਦ ਬੱਚੇ ਹਨ ਜਿਨ੍ਹਾਂ ਦੇ ਮਾਂ-ਬਾਪ ਇਸ ਦੁਨੀਆਂ ਵਿੱਚ ਨਹੀਂ ਹਨ। ਮੈਂ ਹੋਰ ਕਿਸੇ ਬੱਚੇ ਨੂੰ ਦੁਨੀਆਂ ਵਿੱਚ ਕਿਉਂ ਲਿਆਵਾਂ, ਜਦੋਂ ਕਿ ਮੈਂ ਸੰਸਾਰ ਵਿੱਚ ਮੌਜੂਦ ਕਿਸੇ ਬੇਸਹਾਰਾ ਬੱਚੇ ਦੀ ਮਾਂ ਬਣ ਸਕਦੀ ਹਾਂ। ਇਸ ਲਈ ਮੈਂ ਅਜਿਹਾ ਘਰ ਬਣਾਉਣਾ ਚਾਹੁੰਦੀ ਹਾਂ ਜਿਸ ਵਿੱਚ ਘੱਟ ਤੋਂ ਘੱਟ 20 ਬੱਚਿਆਂ ਨੂੰ ਰੱਖ ਕੇ ਉਨ੍ਹਾਂ ਦੀ ਦੇਖਭਾਲ ਕਰ ਸਕਾਂ। ਮੇਰੀ ਇੱਕ ਦੋਸਤ ਦੇ ਕਈ ਬੱਚੇ ਹਨ। ਮੈਂ ਖਾਲੀ ਸਮੇਂ ਵਿੱਚ ਉਨ੍ਹਾਂ ਨਾਲ ਖੇਡਣਾ ਪਸੰਦ ਕਰਦੀ ਹਾਂ। ਦਿਨ ਭਰ ਉਨ੍ਹਾਂ ਨਾਲ ਖ਼ੂਬ ਮਸਤੀ ਕਰਨ ਤੋਂ ਬਾਅਦ ਸ਼ਾਮ ਨੂੰ ਉਨ੍ਹਾਂ ਨੂੰ ਵਾਪਸ ਭੇਜ ਦਿੰਦੀ ਹਾਂ।