ਨਹੀਂ ਹੋਣਗੇ ਸ਼੍ਰੀਨਿਵਾਸਨ: ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ  ਕਿਹਾ ਕਿ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਐੱਨ ਸ਼੍ਰੀਨਿਵਾਸਨ ਅਗਲੇ ਹਫ਼ਤੇ ਹੋਣ ਵਾਲੀ ਆਈ.ਸੀ.ਸੀ. ਦੀ ਬੈਠਕ ‘ਚ ਬੋਰਡ ਦੀ ਨੁਮਾਇੰਦਗੀ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੂੰ ਪਹਿਲੇ ਤੋਂ ਹੀ ਹਿਤਾਂ ਦੇ ਟਕਰਾਅ ਦਾ ਦੋਸ਼ੀ ਪਾਇਆ ਜਾ ਚੁੱਕਾ ਹੈ। ਚੋਟੀ ਦੀ ਅਦਾਲਤ ਨੇ ਬੋਰਡ ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੂੰ 24 ਨੂੰ ਹੋਣ ਵਾਲੀ ਆਈ.ਸੀ.ਸੀ. ਦੀ ਬੈਠਕ ‘ਚ ਬੋਰਡ ਦੀ ਨੁਮਾਇੰਦਗੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਉਨ੍ਹਾਂ ਦੇ ਨਾਲ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਜਾਣਗੇ। ਜੱਜ ਦੀਪਕ ਮਿਸ਼ਰਾ, ਜੱਜ ਏ.ਐੱਮ. ਖਾਨਵਿਲਕਰ ਅਤੇ ਜੱਜ ਧੰਨਜੈ ਵਾਈ ਚੰਦਰਚੂੜ ਦੇ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਕਿਉਂਕਿ ਸ਼੍ਰੀਨਿਵਾਸਨ ਨੂੰ ਚੋਟੀ ਦੀ ਅਦਾਲਤ ਵੱਲੋਂ ਹਿਤਾਂ ਦੇ ਟਕਰਾਅ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ, ਇਸ ਲਈ ਉਨ੍ਹਾਂ ਨੂੰ ਆਈ.ਸੀ.ਸੀ. ਦੀ ਬੈਠਕ ਦੀ ਨੁਮਾਇੰਦਗੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਬੈਂਚ ਨੇ ਕਿਹਾ ਕਿ ਉਹ (ਜੌਹਰੀ) ਮੁੱਖ ਕਾਰਜਕਾਰੀ ਅਧਿਕਾਰੀ ਦੀ ਬੈਠਕ ‘ਚ ਵੀ ਸ਼ਾਮਲ ਹੋਣਗੇ।
ਚੋਟੀ ਦੀ ਅਦਾਲਤ ਨੇ 10 ਅਪ੍ਰੈਲ ਨੂੰ ਕਿਹਾ ਸੀ ਕਿ ਇੱਕ ਵਿਅਕਤੀ, ਜੋ ਬੀ.ਸੀ.ਸੀ.ਆਈ. ਅਤੇ ਰਾਜ ਕ੍ਰਿਕਟ ਸੰਗਠਨਾਂ, ਦਾ ਅਹੁਦੇਦਾਰ ਬਣਨ ਦੇ ਲਈ ਅਯੋਗ ਹੈ, ਉਸ ਨੂੰ ਆਈ.ਸੀ.ਸੀ. ਦੀਆਂ ਬੈਠਕਾਂ ‘ਚ ਸ਼ਾਮਲ ਹੋਣ ਦੇ ਲਈ ਨਾਮਜ਼ਦ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਸੀ ਜਦ ਚੋਟੀ ਦੀ ਅਦਾਲਤ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਦੇ ਵਕੀਲ ਨੇ ਇੱਕ ਸਵਾਲ ਦੇ ਸਪੱਸ਼ਟੀਕਰਨ ਹੇਤੂ ਦਾਇਰ ਅੰਤਰਿਮ ਅਰਜ਼ੀ ‘ਤੇ ਸੁਣਵਾਈ ਦੀ ਬੇਨਤੀ ਕੀਤੀ ਸੀ। ਕਮੇਟੀ ਜਾਣਨਾ ਚਾਹੁੰਦੀ ਸੀ ਕਿ ਕੀ ਉਨ੍ਹਾਂ ਵਿਅਕਤੀਆਂ ਨੂੰ, ਜਿਨ੍ਹਾਂ ਨੂੰ 18 ਜੁਲਾਈ ਦੇ ਮੁਤਾਬਕ ਕ੍ਰਿਕਟ ਦੇ ਸੰਗਠਨਾਂ ‘ਚ ਕੋਈ ਵੀ ਅਹੁਦਾ ਲੈਣ ਦੇ ਅਯੋਗ ਐਲਾਨਿਆ ਜਾ ਚੁੱਕਾ ਹੈ, ਆਈ.ਸੀ.ਸੀ. ਦੀ ਬੈਠਕ ‘ਚ ਬੀ.ਸੀ.ਸੀ.ਆਈ. ਦੀ ਨੁਮਾਇੰਦਗੀ ਕਰਨ ਦੇ ਲਈ ਨਾਮਜ਼ਦ ਨਹੀਂ ਕੀਤਾ ਜਾ ਸਕਦਾ।