ਚੰਡੀਗੜ੍ਹ : ਪੰਜਾਬ ਦੇ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਐਸ.ਸੀ. ਤੇ ਬੀ.ਸੀ. ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰ ਵਲੋਂ ਅਨੁਸੂਚਿਤ ਜਾਤੀ ਵਰਗ ਲਈ ਰਾਖਵੀਂ ਰਾਸ਼ੀ ਨੂੰ ਭਵਿੱਖ ‘ਚ ਅਨੁਸੂਚਿਤ ਜਾਤੀ ਵਰਗ ‘ਤੇ ਹੀ ਖ਼ਰਚਿਆ ਜਾਵੇਗਾ ਤਾਂ ਜੋ ਸਬੰਧਤ ਵਰਗਾਂ ਸਹੀ ਅਰਥਾਂ ‘ਚ ਨੂੰ ਲਾਭ ਦਿੱਤਾ ਜਾ ਸਕੇ।
ਸ. ਧਰਮਸੋਤ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਦੇ ਆਰਥਿਕ ਵਿਕਾਸ ਲਈ ਵਿਸ਼ੇਸ਼ ਕੇਂਦਰੀ ਆਯੋਜਿਤ ਸਕੀਮ ਤਹਿਤ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਇਸ ਸਕੀਮ ਤਹਿਤ ਸਵੈ ਰੁਜ਼ਗਾਰ ਲਈ 10 ਹਜ਼ਾਰ ਰੁਪਏ ਦੀ ਸਬਸਿਡੀ ਅਤੇ ਸਕਿਲ ਡਿਵੈਲਪਮੈਂਟ ਪ੍ਰੋਗਰਾਮ ਲਾਗੂ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਸੂਬੇ ਦੇ ਐਸ.ਸੀ. ਸਬ-ਪਲਾਨ ਤਹਿਤ ਸਾਲ 2007-2008 ਲਈ ਮੁਹੱਈਆ ਕਰਵਾਈ 1704.77 ਲੱਖ ਰੁਪਏ ਵਿੱਚੋਂ 1003.25 ਲੱਖ ਖ਼ਰਚ ਕੀਤੇ ਗਏ। ਇਸੇ ਤਰ੍ਹਾਂ ਸਾਲ 2008-2009 ਦੌਰਾਨ 1705.59 ਲੱਖ ਰੁਪਏ ਵਿੱਚੋਂ 717.62 ਲੱਖ ਰੁਪਏ, ਸਾਲ 2009-2010 ਦੌਰਾਨ 2063.85 ਲੱਖ ਰੁਪਏ ਵਿੱਚੋਂ 555.67 ਲੱਖ ਰੁਪਏ ਅਤੇ ਸਾਲ 2010-2011 ਦੌਰਾਨ 2870.51 ਲੱਖ ਰੁਪਏ ਵਿੱਚੋਂ 1057.13 ਲੱਖ ਰੁਪਏ ਹੀ ਖ਼ਰਚ ਕੀਤੇ ਗਏ।
ਸ. ਧਰਮਸੋਤ ਨੇ ਅੱਗੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਨੁਸੂਚਿਤ ਜਾਤੀ ਸਬ-ਪਲਾਨ ਤਹਿਤ ਭਾਰਤ ਸਰਕਾਰ ਵਲੋਂ ਮੁਹੱਈਆ ਕਰਵਾਈ ਰਾਸ਼ੀ ਨੂੰ ਤਤਕਾਲੀ ਸਰਕਾਰ ਵਲੋਂ ਕਿਸੇ ਹੋਰ ਮੰਤਵ ਲਈ ਵਰਤਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸਾਲ 2011-12 ਤੋਂ ਸਾਲ 2013-2014 ਦੌਰਾਨ ਪੰਜਾਬ ਦੇ ਅਨੁਸੂਚਿਤ ਜਾਤੀ ਵਰਗ ਲਈ ਕੋਈ ਵੀ ਕੇਂਦਰੀ ਫੰਡ ਜਾਰੀ ਨਹੀਂ ਕੀਤਾ ਕਿਉਂਕਿ ਪੰਜਾਬ ਸਰਕਾਰ ਨੇ ਕੇਂਦਰ ਵਲੋਂ ਜਾਰੀ ਫੰਡਾਂ ਦਾ ਵਰਤੋਂ ਸਰਟੀਫਿਕੇਟ ਕੇਂਦਰ ਨੂੰ ਨਹੀਂ ਭੇਜਿਆ। ਉਨ੍ਹਾਂ ਕਿਹਾ ਕਿ ਇਹ ਵਰਤੋ ਸਰਟੀਫਿਕੇਟ ਕੇਂਦਰ ਵਲੋਂ ਸੂਬੇ ਨੂੰ ਜਾਰੀ ਰਾਸ਼ੀ ਨਾ ਖ਼ਰਚੇ ਜਾਣ ਕਾਰਨ ਜਾਰੀ ਨਹੀਂ ਕੀਤਾ ਗਿਆ।
ਸ. ਧਰਮਸੋਤ ਨੇ ਸਪਸ਼ੱਟ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਅਨੁਸੂਚਿਤ ਜਾਤੀ ਵਰਗ ਦੀ ਭਲਾਈ ਲਈ ਰਾਖਵੀਂ ਰਾਸ਼ੀ ਸਬੰਧਤਾਂ ‘ਤੇ ਨਾ ਖ਼ਰਚੇ ਜਾਣ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਜੋ ਵੀ ਸਹਾਇਤਾ ਰਾਸ਼ੀ ਕੇਂਦਰ ਜਾਂ ਰਾਜ ਸਰਕਾਰ ਵਲੋਂ ਰਾਖਵੀਂ ਰੱਖੀ ਜਾਵੇਗੀ, ਉਸਨੂੰ 100 ਫੀਸਦੀ ਸਬੰਧਤਾਂ ‘ਤੇ ਹੀ ਖ਼ਰਚਿਆ ਜਾਵੇਗਾ।