ਹੈਲੋ, ਕੈਨ ਆਈ ਟੌਕ ਟੂ ਰਵਨੀਤ ਮੈਮ? ਮੋਬਾਇਲ ਫ਼ੋਨ ਤੇ ਕਿਸੇ ਪੁਰਸ਼ ਦੀ ਰੋਅਬਦਾਰ ਆਵਾਜ਼ ਆਈ, ਯੈਸ ਆਫ਼ਕੋਰਸ, ਦੂਜੇ ਪਾਸਿਉਂ ਕਿਸੇ ਲੜਕੀ ਨੇ ਪੁੱਛਿਆ। ਮੈਮ, ਮੈਂ ਜੈਪੁਰ ਤੋਂ ਆਇਆ ਹਾਂ, ਮੇਰਾ ਨਾਂ ਕਰਨ ਹੈ। ਕਰਨ ਸ਼ਰਮਾ। ਦਰਅਸਲ ਮੈਂ ਜੈਪੁਰ ਵਿੱਚ ਇੱਕ ਮੀਡੀਆ ਹਾਊਸ ਵਿੱਚ ਕੰਮ ਕਰਦਾ ਹਾਂ। ਮੇਰੇ ਦੋਸਤ ਨੇ ਰਵਨੀਤ ਮੈਮ ਦਾ ਨੰਬਰ ਦਿੱਤਾ ਸੀ, ਇਸ ਕਰਕੇ ਫ਼ੋਨ ਕੀਤਾ।
ਯੈਸ ਆਈ ਐਮ ਰਵਨੀਤ ਸਪੀਕਿੰਗ, ਉਸ ਲੜਕੀ ਨੇ ਫ਼ਿਰ ਕਿਹਾ।
ਮੈਂ ਤੁਹਾਡੇ ਕੋਚਿੰਗ ਸੈਂਟਰ ਵਿੱਚ ਆਪਣੇ ਲੜਕੇ ਦੀ ਐਡਮੀਸ਼ਨ ਕਰਾਉਣਾ ਚਾਹੁੰਦਾ ਹਾਂ। ਲੜਕੀ ਨੇ ਕਿਹਾ, ਤੁਸੀਂ ਕੋਟਾ ਆਓ ਤਾਂ ਸਿੱਧੇ ਕੋਚਿੰਗ ਸੈਂਟਰ ਆ ਜਾਣਾ, ਮੁਲਾਕਾਤ ਹੋ ਜਾਵੇਗੀ।
ਮੈਂ ਕੋਟੇ ਵਿੱਚ ਹੀ ਹਾਂ, ਅੱਜ ਆ ਜਾਵਾਂ? ਕਰਨ ਨੇ ਕਿਹਾ।
ਠੀਕ ਹੈ, ਹਾਲੇ ਇੱਕ ਵੱਜਿਆ ਹੈ, ਤੁਸੀਂ 2 ਵਜੇ ਆ ਜਾਣੇ।
ਇਹ 4 ਜਨਵਰੀ 2017 ਦੀ ਗੱਲ ਹੈ। ਰਵਨੀਤਕੋਟਾ ਦੇ ਇੱਕ ਨਾਮੀ ਕੋਚਿੰਗ ਸੈਂਟਰ ਵਿੱਚ ਪਬਲਿਕ ਰਿਲੇਸ਼ਨ (ਪੀ. ਆਰ.) ਦਾ ਕੰਮ ਕਰਦੀ ਸੀ। ਇਸ ਸੰਸਥਾ ਵਿੱਚ ਕਈ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਸੀ। ਇਸ ਕੋਚਿੰਗ ਸੈਂਟਰ ਵਿੱਚ ਕੰਮ ਕਰਦਿਆਂ ਉਸਨੂੰ ਹਾਲੇ ਕੁਝ ਮਹੀਨੇ ਹੀ ਹੋੲੈ ਸਨ ਪਰ ਆਪਣੀ ਖੂਬਸੂਰਤੀ ਅਤੇ ਚੰਗੀ ਅੰਗਰੇਜ਼ੀ ਦੀ ਮੁਹਾਰਤ ਕਾਰਨ ਉਸ ਨੇ ਕਾਫ਼ੀ ਘੱਟ ਸਮੇਂ ਵਿੱਚ ਹੀ ਥਾਂ ਬਣਾ ਲਈ ਸੀ। ਇਸ ਕੋਚਿੰਗ ਸੈਂਟਰ ਵਿੱਚ ਦਾਖਲਾ ਕਰਾਉਣ ਲਈ ਪ੍ਰਭਾਵਸ਼ਾਲੀ ਲੋਕ ਵੀ ਉਸਦੀ ਮਦਦ ਲੈ ਰਹੇ ਸਨ ਕਿਉਂਕਿ ਕੋਚਿੰਗ ਸੈਂਟਰ ਦੀ ਮੋਟੀ ਫ਼ੀਸ ਵਿੱਚ ਉਹ ਕੁਝ ਰਿਆਇਤ ਕਰਵਾ ਦਿੰਦੀ ਸੀ।
ਕਰਨ ਵਰਗੇ ਮੀਡੀਆ ਪਰਸਨ ਦਾ ਫ਼ੋਨ ਆਉਣਾ ਰਵਨੀਤ ਲਈ ਰੋਜ਼ਾਨਾ ਦੀ ਗੱਲ ਸੀ। ਉਸ ਸਮੇਂ ਦੁਪਹਿਰ ਦਾ ਇੱਕ ਵੱਜਿਆ ਸੀ।ਲੰਚ ਖਤਮ ਕਰਨ ਤੋਂ ਬਾਅਦ ਉਸਦੇ ਕੈਬਿਨ ਵਿੱਚ ਇੱਕ ਹੈਂਡਸਮ ਆਦਮੀ ਦਾਖਲ ਹੋਇਆ। ਉਸ ਨਾਲ ਇੱਕ ਲੜਕੀ ਵੀ ਸੀ। ਅੰਦਰ ਆਉਂਦੇ ਹੀ ਉਸਨੇ ਆਪਣਾ ਨਾਂ ਕਰਨ ਦੱਸਿਆ। ਉਸਨੇ ਕਿਹਾ ਮੈਂ ਆਪਣੇ ਮੁੰਡੇ ਦੀ ਐਡਮੀਸ਼ਨ ਕਰਵਾਉਣ ਆਇਟਾ ਹਾਂ। ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਿਤੇ ਦੇਖਿਆ ਹੈ, ਕਰਨ ਨੇ ਕਿਹਾ।
ਕਰਨ ਦੀ ਗੱਲ ਤੇ ਰਵਨੀਤ ਇੱਕਦਮ ਹੈਰਾਨ ਹੋਈ ਫ਼ਿਰ ਖੁਦ ਨੂੰ ਸੰਭਾਲ ਕੇ ਬੋਲੀ, ਹਾਂ ਦਰਅਸਲ ਮੈਂ ਜੈਪੁਰ ਵਿੱਚ ਪੜ੍ਹਾਈ ਕੀਤੀ ਹੈ, ਸ਼ਾਇਦ ਕਦੀ ਦੇਖਿਆ ਹੋਵੇਗਾ।
ਰਵਨੀਤ ਦੀ ਝਿਜਕ ਦੇਖ ਕੇ ਕਰਨ ਸਮਝ ਗਿਆ ਕਿ ਉਹ ਸਹੀ ਠਿਕਾਣੇ ਤੇ ਪਹੁੰਚਿਆ ਹੈ। ਜਿਸ ਰਵਨੀਤ ਦੀ ਭਾਲ ਵਿੱਚ ਉਹ 10 ਦਿਨਾਂ ਤੋਂ ਭਟਕ ਰਿਹਾ ਸੀ, ਉਹ ਮਿਲ ਗਈ ਸੀ। ਉਸਨੇ ਕਿਹਾ, ਮੇਰਾ ਨਾਂ ਕਰਨ ਸ਼ਰਮਾ ਨਹੀਂ, ਮੈਂ ਐਸ. ਓ. ਜੀ. ਦਾ ਪੁਲਿਸ ਇੰਸਪੈਕਟਰ ਹਾਂ। ਇਹ ਸੁਣ ਕੇ ਰਵਨੀਤ ਦੀਆਂ ਹਵਾਈਆਂ ਉਡ ਗਈਆਂ। ਰਵਨੀਤ ਰੋਣ ਲੱਗੀ ਅਤੇ ਫ਼ਿਰ ਕਿਹਾ, ਸਰ ਮੈਂ ਹੁਣ ਸਭ ਛੱਡ ਦਿੱਤਾ ਹੈ। ਉਹਨਾਂ ਬਦਮਾਸ਼ਾਂ ਨੇ ਮੇਰੇ ਨਾਲ ਚੀਟਿੰਗ ਕੀਤੀ ਸੀ, ਇਸ ਕਰਕੇ ਮੈਂ ਉਹਨਾਂ ਦਾ ਸਾਥ ਛੱਡ ਦਿੱਤਾ ਹੈ। ਇਹਨਾਂ ਗੱਲਾਂ ਨੂੰ ਕਾਫ਼ੀ ਸਮਾਂ ਹੋ ਗਿਆ ਹੈ, ਹੁਣ ਮੈਂ ਸ਼ਾਂਤੀ ਨਾਲ ਜ਼ਿੰਦਗੀ ਜਿਉਂ ਰਹੀ ਹਾਂ। ਪਲੀਜ਼ ਮੈਨੂੰ ਸ਼ਾਂਤੀ ਨਾਲ ਜਿਊਣ ਦਿਓ।
ਜੋ ਵੀ ਕਹਿਣਾ ਹੈ, ਪੁਲਿਸ ਸਟੇਸ਼ਨ ਚੱਲ ਕੇ ਕਹੋ। ਉਸਨੇ ਇੱਕ ਹੋਰ ਪੁਲਿਸ ਵਾਲਾ ਬੁਲਾ ਲਿਆ ਅਤੇ ਰਵਨੀਤ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਸਟੇਸ਼ਨ ਚੱਲ ਪਏ। ਪੁਲਿਸ ਨੇ ਪੁੱਛਿਆ ਕਿ ਸਾਨੂੰ ਉਹ ਗਿਰੋਹ ਦਾ ਪਤਾ ਲੱਗ ਗਿਆ ਹੈ। ਇਸ ਕਰਕੇ ਉਹ ਖੁਦ ਦੱਸ ਦੇਵੇ ਕਿ ਉਸ ਨੇ ਕਿਹੜੇ ਲੋਕਾਂ ਨੂੰ ਆਪਣੇ ਹੁਸਨ ਦੇ ਜਾਲ ਵਿੱਚ ਫ਼ਸਾ ਕੇ ਕਿੰਨੀ ਰਕਮ ਬਟੋਰੀ ਹੈ? ਇਸ ਕੰਮ ਵਿੱਚ ਕੌਣ-ਕੌਣ ਸ਼ਾਮਲ ਹਨ।
12 ਮਈ 2015 ਨੂੰ ਜੈਪੁਰ ਵਿੱਚ ਸੈਂਟਰਲ ਸਪਾਈਨ ਸਥਿਤ ਅਲੰਕਾਰ ਪਲਾਜਾ ਦੇ ਸਾਹਮਣੇ ਦਿਨ-ਦਿਹਾੜੇ 34 ਸਾਲਾ ਹਿੰਮਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰ 2 ਸਨ ਅਤੇ ਮੋਟਰ ਸਾਈਕਲ ਤੇ ਆਏ ਸਨ। ਹਿੰਮਤ ਸਿੰਘ ਹਰਮਾੜਾ ਥਾਣੇ ਦਾ ਹਿਸਟਰੀ ਸ਼ੀਟਰ ਸੀ। ਉਹ ਜੈਪੁਰ ਦੇ ਰਾਜਪੁਰਾ ਹਰਮਾੜਾ ਦੇ ਲਕਸ਼ਮੀ ਨਗਰ ਵਿੱਚ ਪਰਿਵਾਰ ਨਾਲ ਰਹਿੰਦਾ ਸੀ। ਜਦਕਿ ਉਹ ਮੂਲ ਤੌਰ ਤੇ ਰਾਜਪੁਰਾ ਪਿੰਡ ਦਾ ਰਹਿਣ ਵਾਲਾ ਸੀ। ਉਸਨੇ ਪ੍ਰਾਪਰਟੀ ਡੀਲਰ ਦਾ ਆਫ਼ਿਸ ਵੀ ਬਣਾ ਰੱਖਿਆ ਸੀ। ਥਾਣਾ ਪੁਲਿਸ ਕੁਝ ਨਾ ਕਰ ਸਕੀ ਤਾਂ ਕੇਸ ਐਸ. ਓ. ਜੀ. ਨੂੰ ਸੌਂਪ ਦਿੱਤਾ। ਹਿੰਮਤ ਸਿੰਘ ਦੀ ਹੱਤਿਆ ਤੋਂ ਕਰੀਬ ਡੇਢ ਸਾਲ ਬਾਅਦ ਦਸੰਬਰ 2016 ਦੇ ਦੂਜੇ ਹਫ਼ਤੇ ਐਸ. ਓ. ਜੀ. ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਸਨ ਆਨੰਦ ਸ਼ਾਂਡਿਅਲ ਅਤੇ ਦੂਜਾ ਅਨੁਰਾਗ ਚੌਧਰੀ, ਜੋ ਦੂਜੇ ਸੂਬਿਆਂ ਤੋਂ ਸਨ। ਦੋਵਾਂ ਤੋਂ ਪਤਾ ਲੱਗਿਆ ਕਿ ਹਿੰਮਤ ਸਿੰਘ ਦੀ ਹੱਤਿਆ ਰਾਜਸਥਾਨ ਦੇ ਖਤਰਨਾਕ ਅਪਰਾਧੀ ਆਨੰਦਪਾਲ ਸਿੰਘ ਨੇ ਕਰਵਾਈ ਸੀ। ਆਨੰਦਪਾਲ ਅਦਾਲਤ ਵਿੱਚ ਜੇਲ੍ਹ ਜਾਂਦੇ ਸਮੇਂ ਪੁਲਿਸ ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਿਆ ਸੀ। ਇਸ ਕੇਸ ਦੀ ਹਾਲੇ ਜਾਂਚ ਚੱਲ ਰਹੀ ਸੀ ਕਿ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ। ਪੁਲਿਸ ਨੂੰ ਪਤਾ ਲੱਗਿਆ ਕਿ ਇੱਕ ਅਜਿਹਾ ਵੀ ਗਿਰੋਹ ਹੈ ਜੋ ਹਾਈਪ੍ਰੋਫ਼ਾਈਲ ਲੋਕਾਂ ਨਾਲ ਬਲੈਕਮੇਲਿੰਗ ਕਰਦਾ ਹੈ। ਇਸ ਕਾਲੇ ਧੰਦੇ ਵਿੱਚ ਵੱਡੇ ਲੋਕ ਸ਼ਾਮਲ ਹਨ ਅਤੇ ਸਮਾਜ ਦੀ ਨਜ਼ਰ ਵਿੱਚ ਅਮੀਰ ਅਤੇ ਪੜ੍ਹੇ ਲਿਖੇ ਹਨ। ਇਸ ਗਿਰੋਹ ਵਿੱਚ ਕੁਝ ਵਕੀਲ, ਪੁਲਿਸ ਵਾਲੇ, ਪ੍ਰਾਪਰਟੀ ਡੀਲਰ ਅਤੇ ਨਕਲੀ ਪੱਤਰਕਾਰ ਵੀ ਸ਼ਾਮਲ ਹਨ।
ਇਹ ਗਿਰੋਹ ਖੂਬਸੂਰਤ ਲੜਕੀਆਂ ਦੀ ਮਦਦ ਨਾਲ ਅਮੀਰ ਲੋਕਾਂ ਨੂੰ ਬਲੈਕਮੇਲ ਕਰਦਾ ਹੈ। ਇਹ ਪਹਿਲਾਂ ਤਾਂ ਅਮੀਰ ਦੀ ਪਛਾਣ ਕਰਦੇ ਹਨ ਅਤੇ ਫ਼ਿਰ ਖੂਬਸੂਰਤ ਲੜਕੀਆਂ ਨਾਲ ਦੋਸਤੀ ਕਰਵਾ ਦਿੰਦੇ ਹਨ। ਲੜਕੀਆਂ ਸ਼ਿਕਾਰ ਨੂੰ ਮੋਬਾਇਲ ਨੰਬਰ ਦੇ ਦਿੰਦੀਆਂ ਹਨ ਅਤੇ ਫ਼ਿਰ ਮੁਲਾਕਾਤਾਂ ਦਾ ਦੌਰ ਆਰੰਭ ਹੋ ਜਾਂਦਾ ਹੈ। ਇਸ ਤੋਂ ਬਾਅਦ ਗੁਪਤ ਕੈਮਰੇ ਨਾਲ ਵੀਡੀਓ ਕਲਿੱਪ ਬਣਾ ਲੈਂਦੇ ਹਨ ਫ਼ਿਰ ਧਮਕਾਉਣ ਦਾ ਸਿਲਸਿਲਾ ਆਰੰਭ ਹੋ ਜਾਂਦਾ ਹੈ। ਲੜਕੀ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਧਮਕੀ ਦਿੰਦੀ ਹੈ ਅਤੇ ਕਈ ਵਾਰ ਸ਼ਿਕਾਇਤ ਕਰ ਵੀ ਦਿੰਦੀਆਂ ਹਨ। ਫ਼ਿਰ ਇਸ ਗਿਰੋਹ ਦੇ ਨਕਲੀ ਪੱਤਰਕਾਰ ਅਤੇ ਵਕੀਲਾਂ ਦਾ ਕੰਮ ਆਰੰਭ ਹੋ ਜਾਂਦਾ ਹੈ, ਜੋ ਬਦਨਾਮੀ ਦਾ ਡਰ ਦਿਖਾ ਕੇ ਸਮਝੌਤਾ ਕਰਾਉਣ ਵੱਲ ਤੁਰਦੇ ਹਨ, ਲੋੜ ਪੈਣ ਤੇ ਪੁਲਿਸ ਵਾਲੇ ਵੀ ਵਿਚਕਾਰ ਆ ਜਾਂਦੇ ਹਨ।
ਇਸੇ ਵਿਚਕਾਰ ਗਿਰੋਹ ਤੋਂ ਪੀੜਤ ਜੈਪੁਰ ਦੇ ਇੱਕ ਡਾਕਟਰ ਸੁਨੀਲ ਸੋਨੀ ਨੇ ਪੁਲਿਸ ਕੋਲ ਸ਼ਿਕਾਇਤ ਕਰਵਾਈ। ਉਸ ਨੇ ਆਪਣੀ ਇਹੀ ਕਹਾਣੀ ਦੱਸੀ। ਉਸ ਤੋਂ ਕਰੋੜ ਰੁਪਏ ਮੰਗੇ ਸਨ। ਡਾਕਟਰ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਵਾ ਦਿੱਤਾ। ਡਾਕਟਰ ਨੂੰ ਜੇਲ੍ਹ ਭੇਜ ਦਿੱਤਾ ਅਤੇ ਢਾਈ ਮਹੀਨੇ ਜੇਲ੍ਹ ਵਿੱਚ ਰਿਹਾ। ਗਿਰੋਹ ਦੇ ਮੈਂਬਰਾਂ ਨੇ ਅਦਾਲਤ ਵਿੱਚ ਲੜਕੀ ਦਾ ਬਿਆਨ ਬਦਲਵਾਉਣ ਲਈ ਡਾਕਟਰ ਤੋਂ ਡੇਢ ਕਰੋੜ ਦੀ ਮੰਗ ਕੀਤੀ। ਆਖਿਰ ਸੌਦਾ ਇੱਕ ਕਰੋੜ ਵਿੱਚ ਤਹਿ ਹੋਇਆ। ਪੈਸੇ ਲੈਣ ਤੋਂ ਬਾਅਦ ਲੜਕੀ ਦੇ ਬਿਆਨ ਬਦਲਵਾ ਦਿੱਤੇ ਅਤੇ ਡਾਕਟਰ ਬਚ ਗਿਆ।
ਫ਼ਿਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ। ਉਤਰਾਖੰਡ ਤੋਂ ਕਲਪਨਾ ਨਾਂ ਦੀ ਲੜਕੀ ਨੂੰ ਪਕੜ ਲਿਆਂਦਾ। ਕਲਪਨਾ ਨੇ ਦੱਸਿਆ ਕਿ ਉਸ ਦੇ ਗਿਰੋਹ ਵਿੱਚ ਕਈ ਲੋਕ ਸ਼ਾਮਲ ਹਨ, ਜੋ ਮੋਟੀਆਂ ਰਕਮਾਂ ਵਸੂਲਦੇ ਹਨ।
ਫ਼ਿਰ ਰਾਜਸਥਾਨ ਪੁਲਿਸ ਦੇ ਕਾਂਸਟੇਬਲ ਹਰਿਕਿਸ਼ਨ ਨੂੰ ਪਕੜਿਆ ਗਿਆ, ਉਹ ਉਤਰਾਖੰਡ ਤੋਂ ਕਈ ਲੜਕੀਆਂ ਲਿਆਇਆ ਸੀ, ਕਲਪਨਾ ਨੂੰ ਵੀ ਉਹੀ ਲਿਆਇਆ ਸੀ। ਕਲਪਨਾ ਨੇ ਇਸ ਤਰ੍ਹਾਂ ਇੱਕ ਵਕੀਲ ਨੂੰ ਵੀ ਠੱਗਿਆ, ਜਿਸ ਨੇ ਕਲਪਨਾ ਨੂੰ ਟਿਕਾਅ ਕੇ 2015 ਵਿੱਚ ਉਸ ਨਾਲ ਮੰਦਰ ਵਿੱਚ ਵਿਆਹ ਹੀ ਕਰਵਾ ਲਿਆ। ਵਿਆਹ ਤੋਂ ਬਾਅਦ ਵੀ ਗਿਰੋਹ ਕਲਪਨਾ ਤੋਂ ਅਜਿਹੀਆਂ ਵਾਰਦਾਤਾਂ ਕਰਵਾਉਂਦਾ ਰਿਹਾ।
ਫ਼ਿਰ ਰਵਨੀਤ ਕੌਰ ਦੀ ਭਾਲ ਆਰੰਭ ਹੋ ਗਈ, ਪਰ ਰਵਨੀਤ ਕੌਰ ਹੁਣ ਤੱਕ ਇਸ ਗਿਰੋਹ ਤੋਂ ਨਿਕਲ ਗਈ ਸੀ। ਉਸ ਨੂੰ ਕੋਟਾ ਤੋਂ ਲੱਭ ਲਿਆਂਦਾ ਗਿਆ। ਰਵਨੀਤ ਕੌਰ ਨੇ ਜੋ ਦੱਸਿਆ ਉਹ ਵੀ ਅਜੀਬ ਹੈ।
27 ਸਾਲਾ ਰਵਨੀਤ ਕੌਰ ਉਰਫ਼ ਰੂਬੀ ਹਾਂਗਕਾਂਗ ਵਿੱਚ ਪੈਦਾ ਹੋਈ। ਉਸ ਦੇ ਪਿਤਾ ਪੰਜਾਬ ਦੇ ਫ਼ਰੀਦਕੋਟ ਦੇ ਰਹਿਣ ਵਾਲੇ ਸਨ। ਉਹ ਕਾਰੋਬਾਰ ਦੇ ਸਿਲਸਿਲੇ ਵਿੱਚ ਹਾਂਗਕਾਂਗ ਗਏ ਸਨ। ਉਥੇ ਉਹਨਾਂ ਦਾ ਕੰਮ ਚੱਲ ਪਿਆ ਤਾਂ ਭਾਰਤੀ ਮੂਲ ਦੀ ਔਰਤ ਨਾਲ ਉਸ ਦੇ ਪਿਤਾ ਨੇ ਵਿਆਹ ਕਰਵਾ ਲਿਆ।
ਰਵਨੀਤ ਸੰਨ 2008 ਵਿੱਚ ਓਵਰਸੀਜ਼ ਕਾਰਡ ਤੇ ਆਪਣੀ ਦਾਦੀ ਕੋਲ ਪੰਜਾਬ ਆਈ। ਫ਼ਿਰ ਉਹ 2012 ਵਿੱਚ ਜੈਪੁਰ ਆ ਗਈ ਅਤੇ ਇੱਕ ਯੂਨੀਵਰਸਿਟੀ ਤੋਂ ਬੀ. ਬੀ. ਏ. ਕੋਰਸ ਵਿੱਚ ਦਾਖਲਾ ਲਿਆ। ਉਸ ਯੂਨੀਵਰਸਿਟੀ ਵਿੱਚ ਇਹੀ ਕੋਰਸ ਕਰ ਰਹੇ ਕੋਟਾ ਨਿਵਾਸੀ ਰੋਹਿਤ ਨਾਲ ਉਸ ਦੀ ਦੋਸਤੀ ਹੋ ਗਈ। ਰਵਨੀਤ ਨੂੰ ਪੜ੍ਹਾਈ ਰਾਸ ਨਾ ਆਈ ਤਾਂ 2 ਸਾਲ ਬਾਅਦ ਪੜ੍ਹਾਈ ਛੱਡ ਦਿੱਤੀ। ਸੰਨ 2013 ਵਿੱਚ ਉਸ ਦੇ ਮਾਤਾ-ਪਿਤਾ ਨੇ ਕੈਨੇਡਾ ਦੇ ਇੱਕ ਪ੍ਰਵਾਸੀ ਬਿਜਨਸਮੈਨ ਨਾਲ ਉਸ ਦਾ ਵਿਆਹ ਤਹਿ ਕਰ ਦਿੱਤਾ।
ਮਾਤਾ ਪਿਤਾ ਨੇ ਉਸਨੂੰ ਜੈਪੁਰ ਤੋਂ ਲਹਿੰਗਾ ਅਤੇ ਹੋਰ ਸਮਾਨ ਲਿਆਉਣ ਲਈ 8 ਲੱਖ ਰੁਪਏ ਦਿੱਤੇ। ਜੈਪੁਰ ਆ ਕੇ ਰਵਨੀਤ ਦੇ 8 ਲੱਖ ਖਰਚ ਹੋ ਗਏ ਤਾਂ ਉਹ ਪ੍ਰੇਸ਼ਾਨ ਹੋ ਗਈ। ਇਸ ਦਰਮਿਆਨ ਵਿਆਹ ਵੀ ਟੁੱਟ ਗਿਆ ਅਤੇ ਉਹ ਜੈਪੁਰ ਵਿੱਚ ਨੌਕਰੀ ਦੀ ਭਾਲ ਕਰਨ ਲੱਗੀ। ਇਸ ਦਰਮਿਆਨ ਹੀ ਉਹ ਗਿਰੋਹ ਦੇ ਸੰਪਰਕ ਵਿੱਚ ਆਈ।
ਗਿਰੋਹ ਦੇ ਇਸ਼ਾਰੇ ਤੇ ਰਵਨੀਤ ਨੇ 6-7 ਲੋਕਾਂ ਨੂੰ ਆਪਣੀ ਸੁੰਦਰਤਾ ਦੇ ਜਾਲ ਵਿੱਚ ਫ਼ਸਾ ਕੇ ਕਰੋੜਾਂ ਦੀ ਵਸੂਲੀ ਕੀਤੀ। ਸਭ ਤੋਂ ਪਹਿਲਾਂ ਉਸ ਨੇ ਇੱਕ ਬਿਲਡਰ ਨੂੰ ਲੁੱਟਿਆ। ਇਸ ਤੋਂ ਬਾਅਦ ਰਵਨੀਤ ਨੇ 2016 ਵਿੱਚ ਕੋਟਾ ਨਿਵਾਸੀ ਆਪਣੇ ਪ੍ਰੇਮੀ ਰੋਹਿਤ ਨਾਲ ਵਿਆਹ ਕਰ ਲਿਆ। ਉਹ ਕੋਟੇ ਚਲੀ ਗਈ ਅਤੇ ਕੋਚਿੰਗ ਸੈਂਟਰ ਵਿੱਚ ਨੌਕਰੀ ਕਰਨ ਲੱਗੀ। ਇੱਥੇ ਉਸ ਨੇ ਸਿਰਫ਼ 4 ਮਹੀਨੇ ਨੌਕਰੀ ਕੀਤੀ ਅਤੇ ਉਹ ਪਕੜੀ ਗਈ।
ਇਸ ਗਿਰੋਹ ਦੀ ਦੂਜੀ ਹਸੀਨਾ ਰੀਨਾ ਸ਼ੁਕਲਾ ਨੇ ਇੱਕ ਚਾਰਟਡ ਅਕਾਊਟੈਂਟ ਤੋਂ 70 ਲੱਖ ਇਸੇ ਤਰ੍ਹਾਂ ਠੱਗੇ। ਉਸ ਨੇ ਸ਼ਿਕਾਇਤ ਦਰਜ ਕਰਵਾਈ ਤਾਂ ਰੀਨਾ ਸ਼ੁਕਲਾ, ਸ਼ੰਭੂ ਸਿੰਘ ਅਤੇ ਕਿਸ਼ੋਰੀ ਲਾਲ ਨੂੰ ਪਕੜਿਆ ਗਿਆ।
ਇਸ ਹਾਈਪ੍ਰੋਫ਼ਾਈਲ ਬਲੈਕ ਮੇਲਿੰਗ ਗਿਰੋਹ ਵਿੱਚ 4 ਵਕੀਲ, 2 ਨਕਲੀ ਪੱਤਰਕਾਰ ਅਤੇ ਐਨ. ਆਰ. ਆਈ. ਲੜਕੀ ਸਮੇਤ ਕਰੀਬ 30 ਲੋਕ ਸ਼ਾਮਲ ਸਨ। ਗਿਰੋਹ ਦਾ ਸਰਗਣਾ ਵਕੀਲ ਸੀ, ਜਿਸ ਨੂੰ ਗੋਆ ਤੋਂ ਪਕੜਿਆ ਗਿਆ। ਉਸ ਵੀ ਉਸ ਵਕਤ ਉਥੇ ਇੱਕ ਲੜਕੀ ਨਾਲ ਸੀ।