ਹਾੜ੍ਹ ਦੀ ਗਰਮੀ ਦੇ ਕੜਾਕੇ ਭੰਨ ਸੇਕ ਦੇ ਦਿਨਾਂ ‘ਚ ਸਾਰੇ ਪਿੰਡ ‘ਚੋਂ ਰਾਤ ਦੀ ਗੁੱਲ ਹੋਈ ਬਿਜਲੀ ਨੇ ਦਿਨ ਚੜ੍ਹਦੇ ਨੂੰ ਹੀ ਲੋਕ ਪਿੰਡ ਦੀ ਸੱਥ ‘ਚ ਇਉਂ ਇਕੱਠੇ ਕਰ ਦਿੱਤੇ ਜਿਮੇਂ ਕਿਸੇ ਘਰ ‘ਚ ਰਾਤ ਨੂੰ ਚੋਰਾਂ ਦੇ ਪਾਏ ਖਿਲਾਰੇ ਨੂੰ ਵੇਖਣ ਲਈ ਪਿੰਡ ਦੇ ਲੋਕ ਚੋਰੀ ਵਾਲੇ ਘਰ ਦੇ ਵੇਹੜੇ ‘ਚ ਇਕੱਠ ਕਰੀ ਖੜ੍ਹੇ ਹੋਣ। ਸੱਥ ‘ਚ ਆਉਂਦਿਆਂ ਹੀ ਸੀਤਾ ਮਰਾਸੀ ਬਾਬੇ ਸੰਧੂਰਾ ਸਿਉਂ ਨੂੰ ਕਹਿੰਦਾ,
”ਰਾਤ ਦੇ ਤਾਂ ਬਾਬਾ ਕੜਿੱਲ ਕੱਢੇ ਪਏ ਐ ਗਰਮੀ ਨੇ। ਇੱਕ ਉੱਤੋਂ ਬਿਜਲੀ ਆਲੇ ਪਤੰਦਰ ਪਤਾ ਨ੍ਹੀ ਕਿਹੜੇ ਯੁਗ ਦੀ ਦੁਸ਼ਮਣੀ ਕੱਢਣ ਲੱਗੇ ਐ।”
ਏਨੇ ਚਿਰ ਨੂੰ ਨਾਥਾ ਅਮਲੀ ਵੀ ਸੱਥ ‘ਚ ਆ ਦੜਕਿਆ। ਬਾਬੇ ਸੰਧੂਰਾ ਸਿਉਂ ਨੂੰ ਸਾਫ਼ੇ ਨਾਲ ਹਵਾ ਝੱਲੀ ਜਾਂਦੇ ਨੂੰ ਵੇਖ ਕੇ ਅਮਲੀ ਕਹਿੰਦਾ, ”ਸੋਡੀ ਪੈਲ਼ੀ ‘ਚ ਬਿਜਲੀ ਘਰ ਲਾਏ ਦਾ ਬਾਬਾ ਕੀ ਫ਼ਾਇਦਾ ਹੋਇਆ ਬਈ ਜਦੋਂ ਸੋਨੂੰ ਈ ਨ੍ਹੀ ਬਿਜਲੀ ਦਿੰਦੇ। ਕਹਿ ਖਾਂ ਉਨ੍ਹਾਂ ਨੂੰ ਬਈ ਮੇਰੀ ਪੈਲੀ ਛੱਡੋ। ਫ਼ੇਰ ਵੇਖੀਂ ਬਿਜਲੀ ਛੱਡਦੇ ਐ ਕੁ ਨਹੀਂ। ਤੂੰ ਤਾਂ ਪਤੰਦਰਾ ਬੋਲਦਾ ਈ ਨ੍ਹੀ।”
ਮਾਹਲਾ ਨੰਬਰਦਾਰ ਕਹਿੰਦਾ, ”ਪੱਕਾ ‘ਗੂੱਠਾ ਲੁਆਇਆ ਵਿਆ ਅਗਲਿਆਂ ਨੇ। ਨਾਲੇ ਦੁੱਗਣੇ ਪੈਂਸੇ ਦਿੱਤੇ ਐ ਪੈਲ਼ੀ ਦੇ। ਫ਼ੇਰ ਕਿਤੇ ਜਾ ਕੇ ਬਿਜਲੀ ਘਰ ਬਣਿਐ। ਤੂੰ ਤਾਂ ਪੈਲ਼ੀ ਛਡਾਉਣ ਨੂੰ ਇਉਂ ਕਹਿ ‘ਤਾ ਜਿਮੇਂ ਗਾਹਾਂ ਹੱਟੀ ਕਰਾਏ ‘ਤੇ ਦਿੱਤੀ ਹੁੰਦੀ ਐ।”
ਅਮਲੀ ਕਹਿੰਦਾ, ”ਫ਼ੇਰ ਬਿਜਲੀ ਆਲਿਆਂ ਤੋਂ ਆਵਦੇ ਘਰ ਨੂੰ ਤਾਂ ਬਿਜਲੀ ਲਵੇ। ਇਹਨੇ ਤਾਂ ਪੈਲ਼ੀ ਦਿੱਤੀ ਐ। ਚੱਲ ਆਪਾਂ ਤਾਂ ਬਿਜਲੀ ਆਲਿਆਂ ਨੂੰ ਭਲਾ ਕਦੇ ਲੱਸੀ ਦੀ ਘੁੱਟ ਮਨ੍ਹੀ ਪਿਆਈ।”
ਬਾਬਾ ਸੰਧੂਰਾ ਸਿਉਂ ਕਹਿੰਦਾ, ”ਹੁਣ ਜਦੋਂ ਸਾਰੇ ਪਿੰਡ ਚੀ ਬਿਜਲੀ ਹੈ ਨ੍ਹੀ ਸੀ, ਮੈਨੂੰ ਕਿਹੜੇ ਖੂੰਜੇ ‘ਚੋਂ ਲਾਟੂ ਜਗਾ ਦਿੰਦੇ ਬਈ। ਕਿਸੇ ਦੇ ਚਾਨਣ ਹੈ ਤਾਂ ਹੈਨ੍ਹੀ ਸੀ ਭੋਰਾ ਰਾਤ। ਸਭ ਨੇ ਨੇਰ੍ਹੇ ਚੀ ਰਾਤ ਕੱਟੀ ਐ।”
ਅਮਲੀ ਫ਼ੇਰ ਬੋਲਿਆ ਭੜਕੀ ਅੱਗ ਵਾਂਗੂੰ, ”ਆਪਣੇ ਗੁਆੜ ਆਲੇ ਸ਼ਿਕਾਰੀਆਂ ਨੇ ਕਿੱਥੋਂ ਜਗੀ ਗਿਆ ਲਾਟੂ ਸਾਰੀ ਰਾਤ ਬਈ। ਉਨ੍ਹਾਂ ਦੇ ਘਰੇ ਕਿਹੜਾ ਬਿਜਲੀ ਘਰ ਲੱਗਿਆ ਵਿਐ।”
ਬੁੱਘਰ ਦਖਾਣ ਕਹਿੰਦਾ, ”ਲਾਟਣ ਜਗਦੀ ਹੋਊ।”
ਨਾਥਾ ਅਮਲੀ ਫ਼ੇਰ ਖੜਕਿਆ ਤੇਲੀਆਂ ਦੇ ਤਾੜੇ ਵਾਂਗੂੰ, ”ਕਿਹੜੀ ਲਾਟਣ। ਹੋਰ ਨਾ ਕਿਤੇ ਬਿਜਲੀ ਆਲਾ ਲਾਟੂ ਜਗਦਾ ਸੀ।”
ਸੀਤਾ ਮਰਾਸੀ ਕਹਿੰਦਾ, ”ਤੈਨੂੰ ਕਿੱਥੋਂ ਦਿਸ ਗਿਆ ਅਮਲੀਆ ਲਾਟੂ ਓਏ। ਮੱਛਰ ਨੇ ਤਾਂ ਸਾਰੀ ਰਾਤ ਐਧਰ ਉੱਧਰ ਝਾਕਣ ਨ੍ਹੀ ਦਿੱਤਾ ਕਿਸੇ ਨੂੰ। ਕਿਤੇ ਐਧਰੋਂ ਆ ਕੇ ਦੰਦੀ ਵੱਢ ਜੇ। ਕਦੇ ਐਧਰੋਂ ਆ ਦੜਕੇ। ਨਾਲੇ ਸ਼ਿਕਾਰੀਆਂ ਦੇ ਤਾਂ ਇੰਜਨ ‘ਤੇ ਲੱਗੀ ਵੀ ਐ ਲਾਟੂ ਜਗਾਉਣ ਆਲੀ ਮਸ਼ੀਨ। ਜਦੋਂ ਬਿਜਲੀ ਉੱਡ ਜਾਂਦੀ ਐ, ਉਦੋਂ ਚਲਾਉਂਦੇ ਐ ਉਹਨੂੰ।”
ਰਤਨ ਸਿਉਂ ਸੂਬੇਦਾਰ ਕਹਿੰਦਾ, ”ਓਏ ਜਰਨੇਟਰ ਐ ਓਹੋ। ਉਹ ਵੀ ਬਿਜਲੀ ਆਂਗੂੰ ਕਰੰਟ ਕੱਢਦੈ। ਉਹਦੇ ਨਾਲ ਲਾਟੂ ਜਗਦਾ ਹੁੰਦੈ ਸ਼ਿਕਾਰੀਆਂ ਦੇ।”
ਬਾਬਾ ਸੰਧੂਰਾ ਸਿਉਂ ਕਹਿੰਦਾ, ”ਛੱਡੋ ਯਾਰ ਬਿਜਲੀ ਦੀਆਂ ਗੱਲ। ਤੂੰ ਇਉਂ ਦੱਸ ਅਮਲੀਆ ਬਈ ਆਹ ਘੀਚਰ ਕਿਆਂ ਨੂੰ ਸ਼ਿਕਾਰੀਆਂ ਦੇ ਕਿਉਂ ਕਹਿੰਦੇ ਐ?”
ਹਰਨਾਮਾ ਬੁੜ੍ਹਾ ਕਹਿੰਦਾ, ”ਘੀਚਰ ਰਾਠ ਕਿਆਂ ਨੂੰ ਸ਼ਿਕਾਰੀ ਕਹਿੰਦੇ ਐ ਇਹੇ।”
ਬਾਬੇ ਨੇ ਫੇਰ ਪੁੱਛਿਆ, ”ਉਨ੍ਹਾਂ ਨੂੰ ਕਾਹਤੋਂ ਸ਼ਿਕਾਰੀ ਕਹਿੰਦੇ ਐ ਬਈ?”
ਸੀਤਾ ਮਰਾਸੀ ਕਹਿੰਦਾ, ”ਉਨ੍ਹਾਂ ਨੇ ਤਾਂ ਕਦੇ ਕੁੱਤੇ ਦੇ ਵੀ ਰੋੜਾ ਨ੍ਹੀ ਮਾਰਿਆ ਸ਼ਿਕਾਰੀ ਕਿਮੇਂ ਵੱਜਦੇ ਐ ਉਹੋ?”
ਨਾਥਾ ਅਮਲੀ ਮਰਾਸੀ ਦੀ ਗੱਲ ਸੁਣ ਕੇ ਫੂਸ ਦੀ ਅੱਗ ਵਾਂਗੂੰ ਭੜਕਿਆ, ”ਕਿੱਥੇ ਰਹਿਨੈ ਯਾਰ ਤੂੰ ਮੀਰ। ਕਿੰਨਾ ਤਾਂ ਰੌਲਾ ਪਿਆ ਵਿਆ ਬਈ ਘੀਚਰ ਰਾਠ ਦੇ ਪੋਤੇ ਸ਼ਿਕਾਰ ਕਰਨ ਗਏ ਆਵਦੀ ਦਮੂਖ ਈ ਗੁਆ ਆਏ। ਨਾਲੇ ਆਪਣੇ ਪਿੰਡ ਨੂੰ ਤਾਂ ਕੋਈ ਗੱਲ ਥਿਆ ਜੇ ਸਹੀ, ਬੱਸ ਫ਼ੇਰ ਛੱਤਣੀ ਚਾੜ੍ਹ ਕੇ ਹੱਟਦੇ ਐ। ਆਹ ਹੁਣ ਘੀਚਰ ਕਿਆਂ ਨੂੰ ਲੈ ਸ਼ਕਾਰੀ ਕਹਿਣ ਲੱਗ ਪੇ। ਜਿਮੇਂ ਗਾਹਾਂ ਨਿੱਤ ਈ ਖਰਗੋਸ਼ ਮਾਰ ਕੇ ਰੋਟੀ ਖਾਂਦੇ ਐ।”
ਜੋਗਾ ਕਾਮਰੇਡ ਕਹਿੰਦਾ, ”ਇਹ ਤਾਂ ਯਾਰ ਓੱਦਣ ਦੇ ਸ਼ਕਾਰੀ ਕਹਿੰਦੇ ਐ ਉਨ੍ਹਾਂ ਨੂੰ ਜਿੱਦਣ ਦੇ ਉਹ ਜਾਨਵਰ ਮਾਰਨੀ ਰਫ਼ਲ ਲਿਆਏ ਐ। ਪਹਿਲੇ ਦਿਨ ਈਂ ਜਿੱਦੇ ਰਫਲ ਲਿਆਏ ਐ, ਘੀਚਰ ਦੇ ਵੱਡੇ ਮੁੰਡੇ ਨੇ ਕਾਂ ਮਾਰ ਕੇ ਕੋਠੇ ‘ਤੇ ਟੰਗ ‘ਤਾ। ਵੱਸ! ਓਦਣ ਦੇ ਸ਼ਕਾਰੀ ਵੱਜਣ ਲੱਗ ਪੇ। ਹੋਰ ਕਿਤੇ ਨੱਥੂ ਆਲੀਏ ਪਰਗਟ ਨਾਲ ਸ਼ਕਾਰ ਖੇਡਦੇ ਰਹੇ ਐ।”
ਨਾਥਾ ਅਮਲੀ ਕਹਿੰਦਾ, ”ਇਉਂ ਨ੍ਹੀ ਗੱਲ ਕਾਮਰੇਟਾ, ਗੱਲ ਤਾਂ ਇਉਂ ਦੱਸਦੇ ਐ। ਮੈਂ ਦੱਸਦਾਂ ਤੈਨੂੰ ਇਨ੍ਹਾਂ ਨੂੰ ਸ਼ਕਾਰੀ ਕਿਉਂ ਕਹਿੰਦੇ ਐ। ਇਹਦੇ ਘੀਚਰ ਦੇ ਪੋਤਿਆਂ ਨੇ ਜਾਨਵਰ ਮਾਰਨੀ ਜੀ ਦਮੂਖ ਲਿਆਂਦੀ। ਐਥੇ ਤਾਂ ਪਿੰਡ ‘ਚ ਘੀਚਰ ਬੁੜ੍ਹੇ ਤੋਂ ਡਰਦੇ ਚਲਾਉਣ ਨਾ ਬਈ ਬੁੜ੍ਹਾ ਗਾਲਾਂ ਦੇਊ, ਦੇਵ ਕੱਦੇ ਕਾ ਰੇਸ਼ਮ ਉਨ੍ਹਾਂ ਨੂੰ ਜੰਗੀਆਣੇ ਆਲੇ ਬੀੜ ‘ਚ ਲੈ ਗਿਆ। ਬਈ ਓੱਥੇ ਜਾ ਲੇ ਭੜਾਕੇ ਪਾਈਏ। ਬੀੜ ‘ਚ ਜਾ ਕੇ ਘੀਚਰ ਦੇ ਵੱਡੇ ਪੋਤੇ ਸੁੱਖੇ ਨੇ ਦਮੂਖ ਭੱਜੇ ਜਾਂਦੇ ਬਾਰਾਂ ਸਿੰਗੇ ਵੱਲ ਸਿੱਧੀ ਕਰ ਕੇ ਛੱਡ ‘ਤੀ। ਬਾਰਾਂ ਸਿੰਗੇ ਨੂੰ ਤਾਂ ਗੋਲੀ ਵੱਜੀ ਨਾ, ਉਹ ਭੜਾਕੇ ਤੋਂ ਡਰਦਾ ਭੱਜਣ ਲੱਗਿਆ ਮੋੜ੍ਹੀਆਂ ਮਾੜ੍ਹੀਆਂ ‘ਚ ਅੜ੍ਹਕ ਕੇ ਡਿੱਗ ਪਿਆ। ਸੁੱਖੇ ਅਰਗਿਆ ਨੇ ਕਿਹਾ ਕਿਤੇ ਸਾਡੀ ਗੋਲੀ ਵੱਜਣ ਨਾਲ ਡਿੱਗਿਐ। ਇਹ ਚਾਰੇ ਪੰਜੇ ਜਣੇ ਭੱਜ ਕੇ ਬਾਰਾਂ ਸਿੰਗੇ ਨੂੰ ਚੱਕਣ ਪੈ ਗੇ। ਜਦੋਂ ਬਾਰਾਂ ਸਿੰਗੇ ਦੇ ਦੁਆਲੇ ਹੋਏ ਤਾਂ ਉਹ ਡਰਦਾ ਇੱਕਦਮ ਉੱਠ ਕੇ ਭੱਜਣ ਲੱਗਿਆ ਸੁੱਖੇ ‘ਚ ਵੱਜਿਆ। ਸੁੱਖਾ ਤਾਂ ਥੱਲੇ ਡਿੱਗ ਪਿਆ, ਸੁੱਖੇ ਦੀ ਦਮੂਖ ਦੀ ਵੱਧਰੀ ਜੀ ਬਾਰਾਂ ਸਿੰਗੇ ਦੇ ਸਿੰਗਾਂ ‘ਚ ਫ਼ਸਗੀ। ਉਹ ਤਾਂ ਭਾਈ ਸਿੰਗਾਂ ‘ਚ ਫ਼ਸਾ ਕੇ ਦਮੂਖ ਚੜ੍ਹ ਗਿਆ ਰੋਹੀਏਂ। ਇਹ ਫ਼ਿਰ ਸਾਰੇ ਜਣੇ ਉਹਦੇ ਮਗਰ ਭੱਜੇ। ਫ਼ੇਰ ਕਦੋਂ ਡਾਹ ਦਿੰਦਾ ਉਹੋ। ਉਹ ਤਾਂ ਦਮੂਖ ਸਿੰਗਾਂ ‘ਚ ਫ਼ਸਾ ਕੇ ਵੇਂਹਦਿਆਂ ਵੇਂਹਦਿਆਂ ਸਕਿੰਟਾਂ ਚੀ ਅੱਖੋਂ ਓਹਲੇ ਹੋ ਗਿਆ। ਇਹ ਤਾਂ ਨੇਰ੍ਹੇ ਹੁੰਦੇ ਤੱਕ ਵੀ ਘਰੇ ਨਾ ਮੁੜੇ। ਘੀਚਰ ਗਾਲਾਂ ਦੇਵੇ ਬਈ ਗਏ ਕਿੱਧਰ। ਜਦੋਂ ਅੱਧੀ ਰਾਤ ਨੂੰ ਘਰੇ ਵੜੇ ਤਾਂ ਘੀਚਰ ਨੇ ਵੱਟ ‘ਤੀ ਫ਼ਿਰ ਗਾਲਾਂ ਦੀ ਸ਼ੂਟ। ਰਾਤ ਨੂੰ ਤਾਂ ਸੁੱਖੇ ਅਰਗੇ ਚੁੱਪ ਕਰ ਕੇ ਪੈ ਗੇ। ਤੜਕੇ ਨੂੰ ਜਾ ਕੇ ਦਮੂਖ ਭਾਲਣ ਦੀ ਸਕੀਮ ਲਾ ਕੇ ਫ਼ੇਰ ਘਰੋਂ ਨਿਕਲਗੇ ਸੰਦੇਹਾਂ ਈ। ਜਦੋਂ ਘੀਚਰ ਨੇ ਨੂੰਹਾਂ ਨੂੰ ਪੁੱਛਿਆ ਭਾਈ ਕਿੱਧਰ ਗਏ ਸੁੱਖੇ ਅਰਗੇ, ਤਾਂ ਨੂੰਹਾਂ ਘੀਚਰ ਨੂੰ ਕਹਿੰਦੀਆਂ @ਪਿੰਡ ‘ਚੋਂ ਓਧਰਲੇ ਗੁਆੜੋਂ ਕਿਸੇ ਦੇ ਮੁੰਡੇ ਦੀ ਜੰਨ ਜਾਨੇ ਐਂ ਕਹਿ ਕੇ ਗਏ ਐ ਬਾਪੂ ਜੀ। ਘੀਚਰ ਘਰੋਂ ਨਿੱਕਲ ਕੇ ਪਿੰਡ ‘ਚ ਵੜ ਗਿਆ ਇਹ ਗੱਲ ਪੁੱਛਣ ਬਈ ਵਿਆਹ ਕੀਹਦੇ ਐ। ਜਦੋਂ ਘੀਚਰ ਨੂੰ ਪਤਾ ਲੱਗਿਆ ਬਈ ਪਿੰਡ ‘ਚ ਤਾਂ ਕਿਸੇ ਦੇ ਵਿਆਹ ਈ ਨ੍ਹੀ ਤਾਂ ਘੀਚਰ ਲੋਹਾ ਲਾਖਾ ਹੋ ਕੇ ਫ਼ੇਰ ਆ ਗਿਆ ਘਰੇ। ਆ ਕੇ ਬੁੜ੍ਹੇ ਨੇ ਰੌਲਾ ਪਾ ‘ਤਾ ਬਈ ਜਿਹੜੀ ਦਮੂਖੜੀ ਜੀ ਲੈ ਕੇ ਆਏ ਐ ਕਿਤੇ ਕਿਸੇ ਨੂੰ ਲੁੱਟਣ ਤਾਂ ਨ੍ਹੀ ਉਠ ਗੇ। ਬੁੜ੍ਹਾ ਇਸ ਗੱਲ ਦੇ ਫ਼ਿਕਰਾਂ ‘ਚ ਪੈ ਗਿਆ।”
ਬਾਬੇ ਸੰਧੂਰਾ ਸਿਉਂ ਨੇ ਅਮਲੀ ਦੀ ਗੱਲ ਵਿੱਚੋਂ ਟੋਕ ਕੇ ਪੁੱਛਿਆ, ”ਦਮੂਖ ਅਮਲੀਆ ਫ਼ਿਰ ਥਿਆ ਗੀ ਸੀ ਕੁ ਨਹੀਂ?”
ਅਮਲੀ ਕਹਿੰਦਾ, ”ਦਮੂਖ ਥਿਆਉਣ ਥੂਹਣ ਦੀ ਤਾਂ ਬਾਬਾ ਗੱਲ ਛੱਡ, ਤੂੰ ਇਉਂ ਵੇਖ ਲਾ ਵੱਡੇ ਸ਼ਕਾਰੀਆਂ ਦੀ ਗੱਲ, ਬਈ ਪਤੰਦਰੋ ਦਮੂਖ ਤਾਂ ਸੋਡਾ ‘ਥਿਆਰ ਐ, ਇਹ ਤਾਂ ਸਾਂਭ ਕੇ ਰੱਖੋ। ਥਿਆਈ ਤਾਂ ਹਜੇ ਮਨ੍ਹੀ। ਏਸ ਗੱਲ ਨੂੰ ਚਾਰ ਪੰਜ ਮਹੀਨੇ ਹੋ ਗੇ। ਨਾਲੇ ਹੁਣ ਕਾਹਦੀ ਥਿਆਉਣੀ ਐ। ਇੱਕ ਗੱਲ ਤਾਂ ਬਾਬਾ ਹੈ ਬਈ ਦਮੂਖ ਗਈ ਤਾਂ ਗਈ, ਪਰ ਨਾਉਂ ਜਰੂਰ ਪਕਾ ਲਿਆ ਘੀਚਰ ਕਿਆਂ ਨੇ। ਹੁਣ ਓਦਣ ਦਾ ਸਾਰਾ ਪਿੰਡ ਘੀਚਰ ਕਿਆਂ ਨੂੰ ਤਾਹੀਂ ਸ਼ਕਾਰੀਆਂ ਦਾ ਲਾਣਾ ਕਹਿੰਦਾ। ਹੋਰ ਇਹ ਸ਼ਕਾਰ ਸ਼ਕੂਰ ਦੇ ਸ਼ਕੀਨ ਤਾਂ ਨ੍ਹੀ।”
ਸੀਤਾ ਮਰਾਸੀ ਕਹਿੰਦਾ, ”ਜਦੋਂ ਬਾਰਾਂ ਸਿੰਗਾ ਦਮੂਖ ਸਿੰਗਾਂ ‘ਚ ਫ਼ਸਾ ਕੇ ਭੱਜਿਆ ਜਾਂਦਾ ਹੋਊ ਤਾਂ ਵੇਖਣ ਆਲੇ ਤਾਂ ਕਹਿੰਦੇ ਹੋਣਗੇ ਬਈ ਆਹ ਕਿਹੜਾ ਜਾਨਵਰ ਜਾਂਦੈ ਬਈ।”
ਨਾਥਾ ਅਮਲੀ ਕਹਿੰਦਾ, ”ਸੋਚਣ ਆਲਿਆਂ ਨੇ ਵੱਸ ਇਹੀ ਸੋਚਿਆ ਹੋਣੈ ਕਹਿੰਦੇ ਹੋਣਗੇ ਬਈ ਬਾਰਾਂ ਸਿੰਗੇ ਤਾਂ ਬਹੁਤ ਵੇਖੇ ਐ ਆਹ ‘ਠਾਰਾਂ ਸਿੰਗਾਂ ਅੱਜ ਵੇਖਿਆ। ਇਹ ਪਤਾ ਨ੍ਹੀ ਕਿਹੜੇ ਮੁਲਖ ‘ਚੋਂ ਆ ਗਿਆ।”
ਮੁਕੰਦ ਸਿਉਂ ਮਾਸਟਰ ਨੇ ਪੁੱਛਿਆ, ”ਰਾਈਫ਼ਲ ਤਾਂ ਅਮਲੀਆ ਹਜੇ ਮਨ੍ਹੀ ਥਿਆਈ ਹੋਣੀ, ਬਣਿਆਂ ਕੀ ਫ਼ਿਰ ਘੀਚਰ ਕੇ ਲਾਣੇ ਦਾ?”
ਬੁੱਘਰ ਦਖਾਣ ਕਹਿੰਦਾ, ”ਊਂ ਇੱਕ ਗੱਲੋਂ ਤਾਂ ਚੰਗਾ ਹੋ ਗਿਆ ਬਈ ਜੇ ਇਹ ਦਮੂਖੜੀ ਜੀ ਇਨ੍ਹਾਂ ਦੇ ਕੋਲੇ ਰਹਿੰਦੀ ਤਾਂ ਇਨ੍ਹਾਂ ਤੋਂ ਕੋਈ ਬੰਦਾ ਬੁੰਦਾ ਵੀ ਮਰ ਜਾਣਾ ਸੀ ਨਾਲੇ ਪਿੰਡ ‘ਚ ਸਾਰੀ ਉਮਰ ਲਈ ਦੁਸ਼ਮਣੀ ਪੈ ਜਾਣੀ ਸੀ।”
ਨਾਥਾ ਅਮਲੀ ਖਿਝ ਕੇ ਬੋਲਿਆ, ”ਬੰਦਾ ਮਾਰਨ ਨੂੰ ਇਹ ਗਾਹਾਂ ਤੁੰਗ ਆਲੀ ਆਲੇ ਟਾਂਡੇ ਭੰਨ ਐਂ ਬਈ ਬੰਦਾ ਮਾਰ ਕੇ ਈ ਰੋਟੀ ਖਾਦੇ ਐ। ਨਲੀ ਤਾਂ ਹਜੇ ਮਨ੍ਹੀ ਪੂੰਝੀ ਜਾਂਦੀ ਇਨ੍ਹਾਂ ਤੋਂ। ਬੰਦਾ ਕਿਥੋਂ ਮਾਰ ਦੇਣਗੇ ਇਹੇ। ਨਾਲੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਐ। ਤੂੰ ਤਾਂ ਬੰਦਾ ਮਾਰਨ ਦੀ ਇਉਂ ਗੱਲ ਕਰ ‘ਤੀ ਮਿਸਤਰੀਆ ਜਿਮੇਂ ਗਾਹਾਂ ਦਾਤੀ ਦੇ ਦੰਦੇ ਕੱਢਣੇ ਹੁੰਦੇ ਐ।”
ਏਨੇ ਚਿਰ ਨੂੰ ਜਦੋਂ ਪੁਲਿਸ ਦੀ ਭਰੀ ਜੀਪ ਸੱਥ ਕੋਲ ਦੀ ਲੰਘੀ ਤਾਂ ਨਾਥਾ ਅਮਲੀ ਕਹਿੰਦਾ, ”ਆਹ ਆ ਗੀ ਅੱਜ ਫ਼ੇਰ ਪੁਲਸ। ਇਹ ਘੀਚਰ ਕਿਆਂ ਨੂੰ ਪੁੱਛਣ ਆਏ ਐ ਬਈ ਦਮੂਖ ਥਿਆ ਗੀ ਕੁ ਨਹੀਂ?”
ਪੁਲੀਸ ਨੂੰ ਵੇਖ ਕੇ ਬਾਬਾ ਕਹਿੰਦਾ, ”ਚੱਲੋ ਯਾਰ ਘਰਾਂ ਨੂੰ ਚੱਲੀਏ। ਹੋਰ ਨਾ ਕਿਤੇ ਪੁਲਸ ਆਪਾਂ ਨੂੰ ਈ ਘੀਚਰ ਕਿਆਂ ਬਾਰੇ ਕੁਸ ਪੁਛਣ ਬਹਿ ਜੇ।”
ਬਾਬੇ ਸੀ ਗੱਲ ਸੁਣ ਕੇ ਸਾਰੀ ਸੱਥ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਈ।