ਨਵੀਂ ਦਿੱਲੀ: ਕ੍ਰਿਕਟ ‘ਚ ਭਗਵਾਨ ਦਾ ਦਰਜਾ ਪ੍ਰਾਪਤ ਕਰ ਚੁੱਕੇ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਸੋਮਵਾਰ ਨੂੰ 44ਵਾਂ ਜਨਮ ਦਿਨ ਹੈ। 22 ਗੱਜ ‘ਤੇ ਲਗਭਗ ਹਰ ਰਿਕਾਰਡ ਆਪਣੇ ਨਾਂ ਕਰਨ ਵਾਲੇ ਸਚਿਨ ਨੂੰ ਭਗਵਾਨ ਉਨ੍ਹਾਂ ਦੀ ਜ਼ਿੱਦ ਨੇ ਬਣਾਇਆ। ਜ਼ਿੱਦ ਦੌੜਾਂ ਬਣਾਉਣ ਦੀ, ਜ਼ਿੱਦ ਕ੍ਰਿਕਟ ਨੂੰ ਜੀਊਣ ਦੀ। ਇਸ ਜ਼ਿੱਦ ਦਾ ਨਤੀਜਾ ਸੀ ਕਿ ਉਹ ਬੇਹੱਦ ਸਬਰ ਦੇ ਬਾਅਦ ਆਖਰਕਾਰ 2011 ‘ਚ ਆਪਣਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਕਰਨ ‘ਚ ਸਫ਼ਲ ਰਹੇ। ਕ੍ਰਿਕਟ ‘ਚ ਲਗਭਗ 34,347 ਦੌੜਾਂ ਬਣਾਉਣ ਵਾਲੇ ਸਚਿਨ ਤੇਂਦੁਲਕਰ ਦਾ ਜਨਮ ਮੁੰਬਈ ‘ਚ 24 ਅਪ੍ਰੈਲ 1973 ਨੂੰ ਇੱਕ ਮਰਾਠੀ ਪਰਿਵਾਰ ‘ਚ ਹੋਇਆ ਸੀ। ਸਚਿਨ ਆਪਣੇ ਘਰ ‘ਚ ਸਭ ਤੋਂ ਛੋਟੇ ਅਤੇ ਬੇਹੱਦ ਜ਼ਿੱਦੀ ਵੀ ਸਨ।
ਆਪਣੀ ਕਿਤਾਬ ‘ਚ ਕੀਤਾ ਇਸ ਦਾ ਜ਼ਿਕਰ
ਆਪਣੀ ਜ਼ਿੰਦਗੀ ‘ਤੇ ਲਿਖੀ ਕਿਤਾਬ ‘ਚ ਸਚਿਨ ਨੇ ਆਪਣੇ ਇਸ ਜ਼ਿੱਦੀਪੁਣੇ ਦਾ ਜ਼ਿਕਰ ਵੀ ਕੀਤਾ ਹੈ। ਬਚਪਨ ‘ਚ ਉਨ੍ਹਾਂ ਦੇ ਦੋਸਤ ਸਾਈਕਲ ਚਲਾਉਂਦੇ ਸਨ। ਪਰ ਸਚਿਨ ਦੇ ਕੋਲ ਸਾਈਕਿਲ ਨਹੀਂ ਸੀ। ਉਸ ਨੇ ਆਪਣੇ ਪਿਤਾ ਰਮੇਸ਼ ਤੇਂਦੁਲਕਰ, ਜੋ ਇੱਕ ਮਰਾਠੀ ਕਵੀ ਸਨ, ਉਨ੍ਹਾਂ ਤੋਂ ਸਾਈਕਲ ਖਰੀਦਣ ਦੇ ਲਈ ਕਿਹਾ ਪਰ ਆਰਥਿਕ ਸਥਿਤੀ ਠੀਕ ਨਾ ਹੋਣ ਦੇ ਕਾਰਨ ਉਨ੍ਹਾਂ ਦੇ ਪਿਤਾ ਨੇ ਇਸ ਗੱਲ ਨੂੰ ਟਾਲ ਦਿੱਤਾ। ਇਸ ਗੱਲ ਤੋਂ ਸਚਿਨ ਇੰਨੇ ਨਾਰਾਜ਼ ਹੋਏ ਕਿ ਹਫ਼ਤੇ ਭਰ ਘਰ ਤੋਂ ਬਾਹਰ ਖੇਡਣ ਨਹੀਂ ਗਏ ਅਤੇ ਘਰ ਦੀ ਬਾਲਕੋਨੀ ਤੋਂ ਹੀ ਸਾਈਕਲ ਚਲਾਉਂਦਾ ਦੇਖਦੇ ਸਨ। ਸਚਿਨ ਲਿਖਦੇ ਹਨ ਕਿ ਇਸ ਦੌਰਾਨ ਦੋਸਤਾਂ ਨੂੰ ਸਾਈਕਲ ਚਲਾਉਂਦਾ ਦੇਖ ਕੇ ਉਨ੍ਹਾਂ ਦਾ ਸਿਰ ਬਾਲਕੋਨੀ ਦੀ ਗ੍ਰਿਲ ‘ਚ ਫ਼ਸ ਗਿਆ, ਉਨ੍ਹਾਂ ਦੇ ਘਰ ਵਾਲੇ ਪਰੇਸ਼ਾਨ ਹੋ ਗਏ ਅਤੇ ਲਗਭਗ ਅੱਧੇ ਘੰਟੇ ਬਾਅਦ ਉਨ੍ਹਾਂ ਦੀ ਮਾਂ ਨੇ ਕਾਫ਼ੀ ਜ਼ਿਆਦਾ ਤੇਲ ਪਾ ਕੇ ਸਚਿਨ ਦਾ ਸਿਰ ਰੇਲਿੰਗ ਤੋਂ ਬਾਹਰ ਕੀਤਾ। ਸਚਿਨ ਨੇ ਅੱਗੇ ਲਿਖਿਆ ਹੈ ਕਿ ਮੈਂ ਸਾਈਕਲ ਲੈਣ ਦੀ ਜ਼ਿੱਦ ‘ਤੇ ਅੜਿਆ ਰਿਹਾ। ਮੇਰੀ ਜ਼ਿੱਦ ਨੂੰ ਦੇਖਦੇ ਹੋਏ ਅਤੇ ਇਸ ਗੱਲ ਦੇ ਡਰ ਤੋਂ ਕਿ ਮੈਂ ਕਿਤੇ ਦੁਬਾਰਾ ਅਜਿਹਾ ਨਾ ਕਰ ਸਕਾਂ, ਮੇਰੇ ਪਿਤਾ ਨੇ ਕਿਸੇ ਤਰ੍ਹਾਂ ਪੈਸੇ ਇੱਕੱਠੇ ਕਰ ਕੇ ਮੈਨੂੰ ਨਵੀਂ ਸਾਈਕਲ ਖਰੀਦ ਕੇ ਦਿੱਤੀ। ਮੈਂ ਅਜੇ ਤੱਕ ਨਹੀਂ ਜਾਣਦਾ ਕਿ ਉਨ੍ਹਾਂ ਨੇ ਸਾਈਕਲ ਦੇ ਲਈ ਕੀ ਕੀਤਾ ਸੀ।
ਸਚਿਨ ਹਾਲਾਂਕਿ ਜ਼ਿਆਦਾ ਦੇਰ ਤੱਕ ਖੁਸ਼ ਨਹੀਂ ਰਹਿ ਸਕੇ, ਕਿਉਂਕਿ ਸਾਈਕਲ ਆਉਣ ਦੇ ਕੁਝ ਘੰਟਿਆਂ ਬਾਅਦ ਹੀ ਸਚਿਨ ਦਾ ਸਾਈਕਲ ਨਾਲ ਐਕਸੀਡੈਂਟ ਹੋ ਗਿਆ ਸੀ। ਸਚਿਨ ਨੂੰ ਸੱਟਾਂ ਲੱਗੀਆਂ ਸਨ। ਉਨ੍ਹਾਂ ਦੇ ਪਿਤਾ ਨੇ ਕਿਹਾ ਸੀ ਕਿ ਜਦ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ ਤੱਦ ਤੱਕ ਸਾਈਕਲ ਨਹੀਂ ਚਲਾ ਸਕਣਗੇ। ਇਸ ਵਾਰ ਸਚਿਨ ਨੂੰ ਆਪਣੇ ਪਿਤਾ ਦੀ ਗੱਲ ਮੰਨਣੀ ਪਈ। ਇਸ ਗੱਲ ਦਾ ਜ਼ਿਕਰ ਵੀ ਸਚਿਨ ਨੇ ਆਪਣੀ ਕਿਤਾਬ ‘ਚ ਕੀਤਾ ਹੈ।
ਸ਼ਾਇਦ ਇਹੋ ਜ਼ਿੱਦ ਹੈ, ਜੋ ਸਚਿਨ ਦੇ ਸਫ਼ਰ ਨੂੰ 2011 ਦੇ ਵਿਸ਼ਵ ਕੱਪ ਜਿੱਤਣ ਤੱਕ ਲੈ ਗਈ। ਹਾਲ ਹੀ ‘ਚ ਉਨ੍ਹਾਂ ਦੀ ਜ਼ਿੰਦਗੀ ‘ਤੇ ਆਧਾਰਤ ਫ਼ਿਲਮ ‘ਸਚਿਨ : ਏ ਬਿਲੀਅਨ ਡਾਲਰ ਡ੍ਰੀਮਸ’ ਦਾ ਟ੍ਰੇਲਰ ਲਾਂਚ ਹੋਇਆ ਹੈ। ਇਹ ਫ਼ਿਲਮ 26 ਮਈ, 2017 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਬਾਰੇ ‘ਚ ਸਚਿਨ ਨੇ ਕਿਹਾ, ”ਇਹ ਮੇਰੇ ਕ੍ਰਿਕਟ ਕਰੀਅਰ ਨੂੰ ਹੀ ਨਹੀਂ ਦਿਖਾਉਂਦੀ, ਸਗੋਂ ਇਸ ‘ਚ ਕਈ ਅਲਗ-ਅਲਗ ਚੀਜ਼ਾਂ ਹਨ ਅਤੇ ਅਸੀਂ ਸਾਰਿਆਂ ਨੇ ਇਨ੍ਹਾਂ ਚੀਜ਼ਾਂ ਨੂੰ ਇੱਕੱਠਿਆਂ ਦਿਖਾਉਣ ਦੀ ਇੱਕ ਕੋਸ਼ਿਸ ਕੀਤੀ ਹੈ।”