ਮੁੰਬਈ  : ਬਾਲੀਵੁੱਡ ਦੇ ਉਘੇ ਅਭਿਨੇਤਾ, ਫਿਲਮ ਨਿਰਮਾਤਾ ਅਤੇ ਸਿਆਸਤਦਾਨ ਵਿਨੋਦ ਖੰਨਾ ਦਾ ਅੱਜ ਦੇਹਾਂਤ ਹੋ ਗਿਆ| ਉਹ 70 ਵਰ੍ਹਿਆਂ ਦੇ ਸਨ| ਵਿਨੋਦ ਖੰਨਾ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਅੱਜ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ| ਵਿਨੋਦ ਖੰਨਾ ਦੇ ਦੇਹਾਂਤ ਨਾਲ ਪੂਰੇ ਬਾਲੀਵੁੱਡ ਵਿਚ ਸੋਗ ਦੀ ਲਹਿਰ ਦੌੜ ਗਈ|
ਦੱਸਣਯੋਗ ਹੈ ਕਿ ਵਿਨੋਦ ਖੰਨਾ ਦਾ ਜਨਮ 6 ਅਕਤੂਬਰ 1946 ਨੂੰ ਪੇਸ਼ਾਵਰ ਵਿਖੇ ਇਕ ਪੰਜਾਬੀ ਪਰਿਵਾਰ ਵਿਚ ਹੋਇਆ ਸੀ| ਵਿਨੋਦ ਖੰਨਾ ਦਾ ਪਰਿਵਾਰ ਭਾਰਤ ਪਾਕਿਸਤਾਨ ਦੀ ਵੰਡ ਮਗਰੋਂ ਮੁੰਬਈ ਆ ਗਿਆ ਸੀ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਇਥੇ ਹੀ ਪੂਰੀ ਕੀਤੀ| ਉਨ੍ਹਾਂ ਨੇ ਸਾਲ 1968 ਤੋਂ 2013 ਤੱਕ 141 ਫਿਲਮਾਂ ਵਿਚ ਕੰਮ ਕੀਤਾ| ਉਹ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ|