ਪ੍ਰਿਅੰਕਾ ਚੋਪੜਾ ਨੇ ਆਪਣੇ ਕਰੀਅਰ ਵਿੱਚ ਜੋ ਮੁਕਾਮ ਹਾਸਲ ਕੀਤਾ ਹੈ, ਉਹ ਘੱਟ ਹੀ ਅਭਿਨੇਤਰੀਆਂ ਨੂੰ ਨਸੀਬ ਹੁੰਦਾ ਹੈ। ਹਾਲਾਂਕਿ ਪ੍ਰਿਅੰਕਾ ਦੀ ਬੌਲੀਵੁੱਡ ਵਿੱਚ ਬਤੌਰ ਅਭਿਨੇਤਰੀ ਬੇਹੱਦ ਔਸਤ ਸ਼ੁਰੂਆਤ ਹੋਈ ਸੀ। ਉਸ ਨੂੰ ਦੇਖ ਕੇ ਕੋਈ ਨਹੀਂ ਕਹਿੰਦਾ ਸੀ ਕਿ ਇਹ ਅਭਿਨੇਤਰੀ ਇੱਕ ਦਿਨ ਬੌਲੀਵੁੱਡ ਹੀ ਨਹੀਂ, ਹੌਲੀਵੁੱਡ ਵਿੱਚ ਵੀ ਆਪਣੀ ਕਾਮਯਾਬੀ ਦੇ ਝੰਡੇ ਗੱਡ ਦੇਏਗੀ, ਪਰ ਬੀਤੇ ਦਿਨਾਂ ਵਿੱਚ ਪ੍ਰਿਅੰਕਾ ਨੇ ਆਪਣੇ ਅਮਰੀਕੀ ਟੀਵੀ ਸ਼ੋਅ ‘ਕਵਾਂਟਿਕੋ’ ਲਈ ਬਿਹਤਰੀਨ ਅਭਿਨੇਤਰੀ ਦਾ ‘ਪੀਪਲਜ਼ ਚੁਆਇਸ’ ਐਵਾਰਡ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਪਹਿਲੀ ਭਾਰਤੀ ਅਭਿਨੇਤਰੀ ਹੈ ਜਿਸ ਨੇ ਅੰਤਰਰਾਸ਼ਟਰੀ ਖ਼ਿਤਾਬ ਨੂੰ ਆਪਣੇ ਨਾਮ ਕੀਤਾ ਹੈ। ਮਸ਼ਹੂਰ ਅੰਤਰਰਾਸ਼ਟਰੀ ਟੀਵੀ ਸ਼ੋਅ ‘ਬੇਵਾਚ’ ਵਿੱਚ ਵੀ ਉਹ ਆਪਣੇ ਜਲਵੇ ਦਿਖਾ ਰਹੀ ਹੈ। ਹਾਲ ਹੀ ਵਿੱਚ ਉਸ ਦੇ ਪ੍ਰੋਡਕਸ਼ਨ ਹਾਊਸ ਦੀ ਮਰਾਠੀ ਫ਼ਿਲਮ ‘ਵੈਂਟੀਲੇਟਰ’ ਨੂੰ ਵੀ ਇੱਕੱਠੇ ਤਿੰਨ ਰਾਸ਼ਟਰੀ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
-ਤੁਸੀਂ ਕਾਮਯਾਬੀ ਦੇ ਇਸ ਮੋੜ ‘ਤੇ ਆ ਕੇ ਜਦੋਂ ਪਿੱਛੇ ਮੁੜਕੇ ਦੇਖਦੇ ਹੋ ਤਾਂ ਤੁਹਾਨੂੰ ਕਿਵੇਂ ਲੱਗਦਾ ਹੈ?
-ਸੱਚ ਕਹਾਂ, ਤਾਂ ਮੈਨੂੰ ਇਹ ਸਭ ਕੁਝ ਅਕਾਲਪਨਿਕ ਲੱਗਦਾ ਹੈ। ਮੈਂ ਇੰਨੀ ਸੁੰਦਰ ਵੀ ਨਹੀਂ ਹਾਂ ਕਿ ‘ਮਿਸ ਇੰਡੀਆ’ ਵਰਗਾ  ਮੁਕਾਬਲਾ ਜਿੱਤ ਸਕਦੀ, ਪਰ ਕਿਸਮਤ ਦੀ ਮਿਹਰਬਾਨੀ ਦੇਖੋ ਕਿ ਮੈਂ ‘ਮਿਸ ਵਰਲਡ’ ਤਕ ਬਣ ਗਈ। ਉਸ ਤੋਂ ਬਾਅਦ ਬੌਲੀਵੁੱਡ ਦਾ ਸਫ਼ਰ ਸ਼ੁਰੂ ਹੋਇਆ ਤਾਂ ਹੌਲੀਵੁੱਡ ਤਕ ਜਾ ਪਹੁੰਚੀ।
-‘ਕਵਾਂਟਿਕੋ’ ਅਤੇ ‘ਬੇਅਵਾਚ’ ਵਰਗੇ ਅੰਤਰਰਾਸ਼ਟਰੀ ਪ੍ਰਾਜੈਕਟਾਂ ਨਾਲ ਜੁੜਨ ਤੋਂ ਬਾਅਦ ਕੀ ਤੁਹਾਨੂੰ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਮਸ਼ਹੂਰ ਕਲਾਕਾਰ ਵਰਗਾ ਮਹਿਸੂਸ ਹੁੰਦਾ ਹੈ?
-ਅਸਲ ਵਿੱਚ ਇਹ ਮੇਰੇ ਲਈ ਵਿਰੋਧਾਭਾਸ ਦੀ ਸਥਿਤੀ ਹੈ ਕਿਉਂਕਿ ਉਹ ਵੀ ਨਹੀਂ ਜਾਣਦੇ ਕਿ ਉਹ ਮੇਰੇ ਨਾਲ ਕਿਵੇਂ ਪੇਸ਼ ਆਉਣ। ਮੈਂ ਜ਼ਿਆਦਾਤਰ ਜਿੱਥੇ ਵੀ ਜਾਂਦੀ ਹਾਂ ਜਾਂ ਜੋ ਵੀ ਫ਼ਿਲਮ ਕਰਦੀ ਹਾਂ, ਉੱਥੇ ਲੋਕ ਜਾਣਦੇ ਹਨ ਕਿ ਇਹ ਦੁਨੀਆਂ ਦੇ ਇੱਕ ਹੋਰ ਹਿੱਸੇ ਤੋਂ ਆਈ ਹੋਈ ਇੱਕ ਵੱਡੀ ਕਲਾਕਾਰ ਹੈ। ਪਰ ਮੈਨੂੰ ਇਹ ਜ਼ਰੂਰ ਲੱਗਦਾ ਹੈ ਕਿ ਪ੍ਰਸ਼ੰਸਕਾਂ ਕਾਰਨ ਪੱਛਮ ਵਿੱਚ ਸਟਾਰਡਮ ਦੀ ਪਰਿਭਾਸ਼ਾ ਭਾਰਤ ਤੋਂ ਅਲੱਗ ਹੈ।
-ਤਾਂ ਕੀ ਇਹ ਮੰਨ ਲਿਆ ਜਾਵੇ ਕਿ ਹੌਲੀਵੁੱਡ ਵਿੱਚ ਤੁਸੀਂ ਆਪਣਾ ਅਲੱਗ ਪ੍ਰਸ਼ੰਸਕ ਵਰਗ ਤਿਆਰ ਕਰ ਲਿਆ ਹੈ?
-ਮੈਂ ਇਸ ਦਾ ਦਾਅਵਾ ਨਹੀਂ ਕਰਦੀ ਕਿ ਮੈਂ ਹੌਲੀਵੁੱਡ ਵਿੱਚ ਆਪਣਾ ਪ੍ਰਸ਼ੰਸਕ ਵਰਗ ਤਿਆਰ ਕੀਤਾ ਹੈ, ਪਰ ਇਹ ਅਦਭੁੱਤ ਹੈ ਕਿ ਪ੍ਰਸ਼ੰਸਕ ਭਾਰਤੀ ਸਿਨਮਾ ਅਤੇ ਉਸ ਦੇ ਕਲਾਕਾਰਾਂ ਨੂੰ ਕਿੰਨਾ ਪਸੰਦ ਕਰਦੇ ਹਨ। ਕਿਸੇ ਨੂੰ ਆਪਣੇ ਕੰਮ ਦੀ ਤਾਰੀਫ਼ ਕਰਦੇ ਦੇਖਣਾ ਅਤੇ ਆਪਣੇ ਨਾਲ ਪਿਆਰ ਕਰਦੇ ਦੇਖਣਾ ਬੇਹੱਦ ਸੰਤੋਖਜਨਕ ਹੁੰਦਾ ਹੈ। ਮੈਨੂੰ ਜਿਵੇਂ ਪਿਆਰ ਅਤੇ ਅਪਣਾਪਨ ਮਿਲਦਾ ਹੈ ਤਾਂ ਇਸ ਤੋਂ ਮੈਨੂੰ ਮਜ਼ਬੂਤੀ ਅਤੇ ਹੱਲਾਸ਼ੇਰੀ ਮਿਲਦੀ ਹੈ।
-ਕੀ ਤੁਹਾਨੂੰ ਲੱਗਦਾ ਸੀ ਕਿ ਇੱਕ ਦਿਨ ਤੁਸੀਂ ਹੌਲੀਵੁੱਡ ਵਿੱਚ ਵੀ ਆਪਣੀ ਕਾਮਯਾਬੀ ਦੇ ਝੰਡੇ ਗੱਡ ਦਿਓਗੇ?
– ਅਜਿਹਾ ਤਾਂ ਨਹੀਂ ਸੋਚਿਆ, ਪਰ ਮੈਂ ਸ਼ੁਰੂ ਤੋਂ ਹੀ ਇੱਕ ਦਾਇਰੇ ਵਿੱਚ ਹੀ ਸੀਮਤ ਨਹੀਂ ਰਹਿਣਾ ਚਾਹੁੰਦੀ ਸੀ। ਇਸ ਦੇ ਬਾਵਜੂਦ ਵੀ ਮੈਂ ਕੋਈ ਅਜਿਹਾ ਸ਼ੋਅ ਨਹੀਂ ਕਰਨਾ ਚਾਹੁੰਦੀ ਜਿਸ ਵਿੱਚ ਮੈਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਨਾ ਮਿਲੇ। ਮੈਂ ਭਾਰਤ ਦੀ ਇੱਕ ਮੋਹਰੀ ਅਭਿਨੇਤਰੀ ਹਾਂ, ਇਸ ਲਈ ਮੈਂ ਚਾਹੁੰਦੀ ਹਾਂ ਕਿ ਮੈਂ ਜਿੱਥੇ ਵੀ ਕੰਮ ਕਰਾਂ, ਉੱਥੇ ਇਹ ਸਭ ਝਲਕੇ।
– ਲੋਕਾਂ ਦਾ ਕਹਿਣਾ ਹੈ ਕਿ ਹੌਲੀਵੁੱਡ ਪ੍ਰਾਜੈਕਟਾਂ ਵਿੱਚ ਕੰਮ ਕਰਨ ਦੇ ਬਦਲੇ ਤੁਸੀਂ ਆਪਣਾ ਬੌਲੀਵੁੱਡ ਵਿੱਚ ਕਾਫ਼ੀ ਨੁਕਸਾਨ ਕੀਤਾ ਹੈ?
-ਮੈਂ ਅਜਿਹਾ ਨਹੀਂ ਸੋਚਦੀ ਕਿਉਂਕਿ ਕੁਝ ਪਾਉਣ ਲਈ ਕੁਝ ਖੋਣਾ ਵੀ ਪੈਂਦਾ ਹੈ। ‘ਕਵਾਂਟਿਕੋ’ ਕਾਰਨ ਹੀ ਮੈਨੂੰ ਅਜਿਹੇ ਦੇਸ਼ਾਂ ਦੇ ਲੋਕ ਵੀ ਜਾਣਨ ਲੱਗੇ ਹਨ ਜੋ ਮੈਨੂੰ ਬੌਲੀਵੁੱਡ ਫ਼ਿਲਮਾਂ ਕਾਰਨ ਨਹੀਂ ਜਾਣਦੇ ਸਨ। ਮੈਂ ਬੌਲੀਵੁੱਡ ਤੋਂ ਕਿਨਾਰਾ ਨਹੀਂ ਕੀਤਾ, ਜਦੋਂ ਵੀ ਬੌਲੀਵੁੱਡ ਤੋਂ ਕੋਈ ਚੰਗਾ ਕੰਮ ਮਿਲੇਗਾ ਤਾਂ ਮੈਂ ਜ਼ਰੂਰ ਕਰਾਂਗੀ ਕਿਉਂਕਿ ਹਿੰਦੀ ਫ਼ਿਲਮਾਂ ਮੇਰਾ ਪਹਿਲਾ ਪਿਆਰ ਹਨ। ਮੈਂ ਜਲਦੀ ਹੀ ਇੱਕ ਹਿੰਦੀ ਫ਼ਿਲਮ ਸਾਈਨ ਕਰਨ ਵਾਲੀ ਹਾਂ।
-ਤੁਹਾਡੀ ਨਿਰਮਾਣ ਕੰਪਨੀ ਦੀ ਮਰਾਠੀ ਫ਼ਿਲਮ ‘ਵੈਂਟੀਲੇਟਰ’ ਨੂੰ ਤਿੰਨ ਰਾਸ਼ਟਰੀ ਐਵਾਰਡ ਮਿਲੇ ਹਨ। ਇਸ ‘ਤੇ ਤੁਸੀਂ ਕੀ ਕਹੋਗੇ?
-ਫ਼ਿਲਮ ਨਿਰਮਾਣ ਪਿੱਛੇ ਮੇਰਾ ਮਕਸਦ ਪੈਸਾ ਕਮਾਉਣਾ ਨਹੀਂ ਹੈ, ਬਲਕਿ ਮੈਂ ਖੇਤਰੀ ਸਿਨਮਾ ਨੂੰ ਪ੍ਰੋਤਸਾਹਨ ਦੇਣਾ ਚਾਹੁੰਦੀ ਹਾਂ। ਮੇਰੀ ਨਿਰਮਾਣ ਕੰਪਨੀ ਦਾ ਉਦੇਸ਼ ਇੱਕ ਅਜਿਹੇ ਮੰਚ ਦਾ ਨਿਰਮਾਣ ਕਰਨਾ ਹੈ ਜੋ ਵਿਧਾ ਅਤੇ ਭਾਸ਼ਾ ਤੋਂ ਅਲੱਗ ਚੰਗੀਆਂ ਕਹਾਣੀਆਂ ਨੂੰ ਉਤਸ਼ਾਹਿਤ ਕਰੇ ਅਤੇ ਨਾਲ ਹੀ ਕੇਵਲ ਅਭਿਨੈ, ਬਲਕਿ ਨਿਰਦੇਸ਼ਨ, ਪਟਕਥਾ ਸਮੇਤ ਤਮਾਮ ਦੂਜੇ ਖੇਤਰਾਂ ਵਿੱਚ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦੇਵੇ। ਮੇਰੀ ਕੰਪਨੀ ਹੁਣ ਤਕ ਭੋਜਪੁਰੀ, ਪੰਜਾਬੀ ਅਤੇ ਮਰਾਠੀ ਭਾਸ਼ਾ ਦੀਆਂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੀ ਹੈ। ਅੱਜ ਮਨੋਰੰਜਨ ਇੱਕ ਵੱਡਾ ਕੈਨਵਸ ਹੈ ਜੋ ਭਾਸ਼ਾ ਜਾਂ ਮਾਧਿਅਮ ਰਾਹੀਂ ਸੀਮਤ ਨਹੀਂ ਹੈ। ਮੈਂ ਪ੍ਰਤਿਭਾਵਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ। ਨਵੇਂ ਐਕਟਰ, ਨਵੇਂ ਲੇਖਕ ਅਤੇ ਨਵੇਂ ਨਿਰਦੇਸ਼ਕਾਂ ਨਾਲ ਛੋਟੀਆਂ ਛੋਟੀਆਂ ਫ਼ਿਲਮਾਂ ਬਣਾਉਣਾ ਚਾਹੁੰਦੀ ਹਾਂ। ਮੈਂ ਜਾਣਦੀ ਹਾਂ ਕਿ ਫ਼ਿਲਮ ਇੰਡਸਟਰੀ ਵਿੱਚ ਪੈਰ ਜਮਾਉਣੇ ਕਿੰਨਾ ਮੁਸ਼ਕਿਲ ਹੈ ਕਿਉਂਕਿ ਇੱਥੇ ਬਹੁਤ ਸੰਘਰਸ਼ ਹੈ। ਮੈਂ ਹੁਣ ਵੀ ਹਿੰਦੀ ਅਤੇ ਖੇਤਰੀ ਫ਼ਿਲਮਾਂ ‘ਤੇ ਕੰਮ ਕਰ ਰਹੀ ਹਾਂ ਜਿਨ੍ਹਾਂ ਦਾ ਨਿਰਮਾਣ ਮੈਂ ਨਵੇਂ ਲੋਕਾਂ ਨਾਲ ਕਰਾਂਗੀ।
-ਤੁਸੀਂ ਹੌਲੀਵੁੱਡ ਅਤੇ ਬੌਲੀਵੁੱਡ ਵਿੱਚ ਦੋਨੋਂ ਜਗ੍ਹਾ ‘ਤੇ ਸੰਤੁਲਨ ਕਿਵੇਂ ਬਿਠਾਉਂਦੇ ਹੋ?
-ਮੇਰੇ ਕੋਲ ਬਹੁਤ ਵਧੀਆ ਟੀਮ ਹੈ ਜੋ ਦੋ ਮਹਾਂਦੀਪਾਂ ਵਿੱਚ ਫ਼ੈਲੇ ਕੰਮ ਨੂੰ ਸੰਭਾਲਦੀ ਹੈ ਅਤੇ ਮੈਂ ਕਿਸੇ ਨੂੰ ਨਾਰਾਜ਼ ਨਹੀਂ ਕਰਦੀ, ਪਰ ਖ਼ੁਦ ਇਹ ਸੁਨਿਸ਼ਚਤ ਕਰਦੀ ਹਾਂ ਕਿ ਮੈਨੂੰ ਜੋ ਵੀ ਮੌਕਾ ਮਿਲੇ, ਉਸ ‘ਤੇ ਪੂਰਾ ਤਨ ਮਨ ਲਗਾ ਦੇਵਾਂ। ਇਸ ਲਈ ਮੇਰੇ ਕੰਮ ਦਾ ਸਿਹਰਾ ਸਿਰਫ਼ ਮੈਨੂੰ ਹੀ ਜਾਂਦਾ ਹੈ ਕਿਸੇ ਹੋਰ ਨੂੰ ਨਹੀਂ।
-ਤੁਹਾਡੇ ਖਾਤੇ ਵਿੱਚ ‘ਪਦਮਸ਼੍ਰੀ’ ਵਰਗਾ ਰਾਸ਼ਟਰੀ ਐਜਾਜ਼ ਹੈ। ਕੀ ਹੁਣ ਤੁਹਾਨੂੰ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਰਿਹਾ ਹੈ?
-ਨਹੀਂ ਬਿਲਕੁਲ ਨਹੀਂ, ਮੈਂ ਇੱਕ ਰਚਨਾਤਮਕ ਇਨਸਾਨ ਹਾਂ ਅਤੇ ਮੈਂ ਇਮਾਨਦਾਰੀ ਨਾਲ ਕੰਮ ਕਰਦੀ ਹਾਂ। ਮੈਂ ਕੋਈ ਯੋਜਨਾ ਬਣਾ ਕੇ ਨਹੀਂ ਚੱਲ ਸਕਦੀ ਕਿ ਮੈਨੂੰ ਅਜਿਹਾ ਕਰਨਾ ਹੈ ਜਾਂ ਕੁਝ ਅਲੱਗ ਕਰਨਾ ਹੈ। ਇਸ ਨਾਲ ਮੈਂ ਆਪਣੀ ਕਲਾ ਸਬੰਧੀ ਸੋਚਣਾ ਨਹੀਂ ਛੱਡਾਂਗੀ। ਮੈਂ ਕਦੇ ਆਪਣੇ ਕੰਮ ਪ੍ਰਤੀ ਘੱਟ ਜ਼ਿੰਮੇਵਾਰ ਨਹੀਂ ਰਹੀ ਅਤੇ ਹਮੇਸ਼ਾਂ ਆਪਣੇ ਕੰਮ ਨੂੰ ਆਪਣਾ 100 ਫ਼ੀਸਦੀ ਦਿੱਤਾ ਹੈ। ਇਹੀ ਮੇਰਾ ਕੰਮ ਕਰਨ ਦਾ ਤਰੀਕਾ ਹੈ। ਸਰਵੋਤਮ ਰੁਤਬਾ ਹਾਸਲ ਕਰਨ ਦਾ ਇੱਕ ਹੀ ਤਰੀਕਾ ਹੈ ਅਤੇ ਉਹ ਹੈ ਕਿ ਤੁਸੀਂ ਜੋ ਵੀ ਕਰੋ, ਉਸ ਵਿੱਚ ਆਪਣਾ ਬਿਹਤਰੀਨ ਦਿਓ। ਇਹ ਜ਼ਿੰਦਗੀ ਦੇ ਹਰ ਪਹਿਲੂ ‘ਤੇ ਲਾਗੂ ਹੁੰਦਾ ਹੈ।
-ਤੁਹਾਡੇ ਸਬੰਧਾਂ ਨੂੰ ਲੈ ਕੇ ਕਾਫ਼ੀ ਚਰਚਾ ਹੁੰਦੀ ਰਹੀ ਹੈ। ਦੂਜੀ ਤਰਫ਼ ਤੁਹਾਡੀ ਉਮਰ ਵੀ ਵਿਆਹ ਦੇ ਲਾਇਕ ਹੈ?
-ਮੈਂ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਹਾਂ ਜਿਨ੍ਹਾਂ ਨੂੰ ਪਿਆਰ ਹੋਣ ਦਾ ਇੰਤਜ਼ਾਰ ਰਹਿੰਦਾ ਹੈ। ਮੈਂ ਇਸ ਦੇ ਪਿੱਛੇ ਭੱਜਣ ਵਿੱਚ ਵੀ ਯਕੀਨ ਨਹੀਂ ਕਰਦੀ। ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਅਜਿਹੇ ਵਧੀਆ ਪਲ ਆਏ ਹਨ ਜਿਨ੍ਹਾਂ ਨੇ ਇਸ ਨੂੰ ਆਕਾਰ ਦਿੱਤਾ ਹੈ। ਤਾਂ ਮੈਨੂੰ ਲੱਗਦਾ ਹੈ ਕਿ ਚੰਗੀਆਂ ਚੀਜ਼ਾਂ ਨਾਲ ਛੇੜਛਾੜ ਕਿਉਂ ਕੀਤੀ ਜਾਵੇ? ਵੈਸੇ ਜਿੱਥੋਂ ਤਕ ਗੱਲ ਵਿਆਹ ਦੀ ਹੈ ਤਾਂ ਵਿਆਹ ਉਦੋਂ ਹੀ ਹੋਏਗਾ, ਜਦੋਂ ਉੱਪਰਵਾਲਾ ਚਾਹੇਗਾ।
-ਤੁਹਾਡਾ ਫ਼ਿੱਟਨੈੱਸ ਫ਼ੰਡਾ ਕੀ ਹੈ?
-ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਫ਼ਿੱਟ ਰੱਖਣ ਲਈ ਬਹੁਤ ਕਠਿਨ ਰੁਟੀਨ ਦਾ ਪਾਲਣ ਕਰਦੀ ਹਾਂ। ਆਪਣੇ ਵਜ਼ਨ ਨੂੰ ਕਾਬੂ ਵਿੱਚ ਰੱਖਣ ਲਈ ਕਸਰਤ ਕਰਦੀ ਹਾਂ। ਯੋਗ ਵੀ ਕਰਦੀ ਹਾਂ ਅਤੇ ਇਸ ਨਾਲ ਮੈਨੂੰ ਸਕੂਨ ਤੇ ਊਰਜਾ ਮਿਲਦੀ ਹੈ। ਮੇਰਾ ਮੰਨਣਾ ਹੈ ਕਿ ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਮਨ ਵਸਦਾ ਹੈ ਅਤੇ ਯੋਗ ਦੀ ਮਦਦ ਨਾਲ ਦੋਨਾਂ ਨੂੰ ਫ਼ਿੱਟ ਰੱਖਿਆ ਜਾ ਸਕਦਾ ਹੈ। ਇਹ ਚੰਗਾ ਹੈ ਕਿ ਮੇਰੇ ਵਿੱਚ ਵਜ਼ਨ ਵਧਣ ਦੀ ਪ੍ਰਵਿਰਤੀ ਨਹੀਂ ਹੈ ਅਤੇ ਮੈਂ ਜਿੰਨਾ ਚਾਹਾਂ, ਉੱਨਾ ਖਾ ਸਕਦੀ ਹਾਂ। ਇਸ ਲਈ ਮੈਂ ਇੱਕ ਪੰਜਾਬੀ ਕੁੜੀ ਦੀ ਤਰ੍ਹਾਂ ਖ਼ੂਬ ਖਾਂਦੀ ਹਾਂ। ਮੇਰੇ ਰੋਜ਼ਾਨਾ ਦੇ ਖਾਣੇ ਵਿੱਚ ਰੋਟੀ, ਸਬਜ਼ੀ, ਸੂਪ, ਸਲਾਦ, ਚਾਵਲ ਅਤੇ ਦਾਲ਼ ਦੇ ਨਾਲ ਬਹੁਤ ਸਾਰੇ ਫ਼ਲ਼ ਸ਼ਾਮਿਲ ਹੁੰਦੇ ਹਨ। ਮੈਂ ਬਹੁਤ ਪਾਣੀ ਅਤੇ ਜੂਸ ਵੀ ਪੀਂਦੀ ਹਾਂ।
– ਤੁਸੀਂ ਤਣਾਅ ਨੂੰ ਦੂਰ ਕਰਨ ਲਈ ਕੀ ਉਪਾਅ ਅਪਣਾਉਂਦੇ ਹੋ?
-ਦੇਖੋ, ਸਾਡੇ ਵਿੱਚ ਹਰੇਕ ਦੇ ਜੀਵਨ ਵਿੱਚ ਕੁਝ ਅਜਿਹੇ ਪਹਿਲੂ ਹੁੰਦੇ ਹਨ ਜੋ ਸਾਨੂੰ ਬੇਹੱਦ ਖ਼ੁਸ਼ੀ ਦਿੰਦੇ ਹਨ। ਮੇਰੇ ਮਾਮਲੇ ਵਿੱਚ ਮੇਰਾ ਪਰਿਵਾਰ ਹੈ, ਉਹ ਮੇਰੇ ਲਈ ਸਭ ਕੁਝ ਹੈ। ਮੈਂ ਚੰਗਾ ਸੰਗੀਤ ਸੁਣਦੀ ਹਾਂ ਅਤੇ ਜਦੋਂ ਬਹੁਤ ਜ਼ਿਆਦਾ ਕੰਮ ਕਾਰਨ ਤਣਾਅ ਵਿੱਚ ਹੁੰਦੀ ਹਾਂ ਤਾਂ ਮੈਂ ਕੁਝ ਚੰਗਾ ਸੋਚਦੀ ਹਾਂ ਜਾਂ ਫ਼ਿਰ ਲੰਬੇ ਸਫ਼ਰ ‘ਤੇ ਚਲੀ ਜਾਂਦੀ ਹਾਂ ਜਾਂ ਫ਼ਿਰ ਸੌਂ ਜਾਂਦੀ ਹਾਂ। ਛੁੱਟੀ ਦੇ ਦਿਨ ਘਰ ‘ਤੇ ਰਹਿਣਾ ਅਤੇ ਕੋਈ ਚੰਗੀ ਫ਼ਿਲਮ ਦੇਖਣਾ ਮੈਨੂੰ ਉਸ ਤਰ੍ਹਾਂ ਦੀ ਹੀ ਖ਼ੁਸ਼ੀ ਦਾ ਅਹਿਸਾਸ ਕਰਾਉਂਦਾ ਹੈ ਜਿਵੇਂ ਦਾ ਚੌਵੀ ਸੌ ਘੰਟੇ ਸ਼ੂਟਿੰਗ ਕਰਨ ਦਾ ਹੁੰਦਾ ਹੈ।