ਪੰਜਾਬੀ ਫ਼ਿਲਮ ‘ਮੰਜੇ ਬਿਸਤਰੇ’ ਇੱਕ ਹੋਰ ਬਿਹਤਰ ਅਤੇ ਕਮਾਊ ਫ਼ਿਲਮ ਦੇ ਤੌਰ ‘ਤੇ ਨਾਮ ਦਰਜ ਕਰਾਉਣ ਵਿੱਚ ਸਫ਼ਲ ਰਹੀ। ਇਹ ਸਰਦਾਰ ਜੀ 2 ਅਤੇ ਸਰਦਾਰ ਜੀ ਤੋਂ ਬਾਅਦ ਤੀਜੀ ਫ਼ਿਲਮ ਹੈ, ਜਿਸ ਨੇ ਟਿਕਟ ਖਿੜਕੀ ‘ਤੇ ਇੰਨੀ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬੀ ਸਿਨੇਮਾ ਲਈ ਇਹ ਤਸੱਲੀ ਵਾਲੀ ਗਲ ਹੈ ਕਿ 14 ਅਪ੍ਰੈਲ ਨੂੰ ਰਿਲੀਜ਼ ਹੋਈ ਇਹ ਫ਼ਿਲਮ ਨੇ ਕਰੋੜਾਂ ਰੁਪਏ ਇੱਕੱਠੇ ਕੀਤੇ, ਜਦੋਂ ਕਿ ਦੂਜੇ ਪਾਸੇ ਵਿਦਿਆ ਬਾਨ ਦੀ ਉਸੇ ਦਿਨ ਰਿਲੀਜ਼ ਹੋਈ ਬੇਗਮਜਾਨ ਸਿਰਫ਼ ਲੱਖਾਂ ਤੱਕ ਹੀ ਸੀਮਤ ਰਹੀ। ਲੁਧਿਆਣਾ ਦੇ ਕੂਮ ਕਲਾਂ ਵਿੱਚ 1982 ਵਿੱਚ ਪੈਦਾ ਹੋਇਆ ਰੁਪਿੰਦਰ ਸਿੰਘ ਗਰੇਵਾਲ ਉਰਫ਼ ਗਿੱਪੀ ਗਰੇਵਾਲ ਇਸ ਫ਼ਿਲਮ ਦਾ ਪ੍ਰੋਡਿਊਸਰ ਵੀ ਹੈ ਅਤੇ ਕਹਾਣੀ ਲੇਖਕ ਵੀ। ‘ਮੰਜੇ ਬਿਸਤਰੇ’ ਦੀ ਪਟਕਥਾ ਭਾਵੇਂ ਗਿੱਪੀ ਗਰੇਵਾਲ ਦੀ ਹੈ ਪਰ ਇਸਦੇ ਸੰਵਾਦ ਪੰਜਾਬੀ ਕਮੇਡੀਅਨ ਰਾਣਾ ਰਣਵੀਰ ਨੇ ਲਿਖੇ ਹਨ। ਇਸ ਫ਼ਿਲਮ ਦਾ ਡਾਇਰੈਕਟਰ ਬਲਜੀਤ ਸਿੰਘ ਦਿਓ ਹੈ, ਜਿਸਨੇ ਪਹਿਲਾਂ ‘ਜੱਗ ਜਿਉਂਦਿਆਂ ਦੇ ਮੇਲੇ’, ‘ਮਿਰਜ਼ਾ ਦੀ ਅਨਟੋਲਡ ਸਟੋਰੀ’ ਅਤੇ ‘ਅਰਦਾਸ’ ਫ਼ਿਲਮਾਂ ਦੀ ਨਿਰਦੇਸ਼ਨਾ ਕੀਤੀ ਸੀ। ਬਲਜੀਤ ਪੇਸ਼ੇ ਵਜੋਂ ਇੰਜੀਨੀਅਰ ਸੀ ਪਰ ਉਸ ਦੀ ਉਤਕੰਠਾ ਅਤੇ ਉਮੰਗ ਤਾਂ ਫ਼ੋਟੋਗ੍ਰਾਫ਼ੀ, ਵੀਡੀਓਗ੍ਰਾਫ਼ੀ ਅਤੇ ਵੀਡੀਓ ਸੰਪਾਦਨਾ ਵਿੱਚ ਪਈ ਸੀ। ਉਸਦੇ ਇਸ ਜੋਸ਼ ਅਤੇ ਵਚਨਬੱਧਤਾ ਦਾ ਫ਼ਾਇਦਾ ‘ਮੰਜੇ ਬਿਸਤਰੇ’ ਨੂੰ ਵੀ ਹੋਇਆ। ਉਂਝ ਬਲਜੀਤ ਵਰਗੇ ਬੰਦੇ ਜੋ ਇੰਗਲੈਂਡ ਵਿੱਚ ਪੜ੍ਹਿਆ ਅਤੇ ਪਲਿਆ ਹੋਵੇ, ਦੀ ਪੇਂਡੂ ਸਭਿਆਚਾਰ ‘ਤੇ ਪਕੜ ਅਤੇ ਸਮਝ ਨੂੰ ਵੇਖ ਕੇ  ਹੈਰਾਨੀ ਹੁੰਦੀ ਹੈ।
ਇਸ ਫ਼ਿਲਮ ਦੀ ਕਹਾਣੀ 35-40 ਸਾਲ ਪਹਿਲਾਂ ਵਾਲੇ ਪੰਜਾਬ ਦੇ ਪਿੰਡ ਦੇ ਵਿਆਹ ਦੁਆਲੇ ਘੁੰਮਦੀ ਹੈ। ਸੁੱਖੀ (ਗਿੱਪੀ) ਗਰੇਵਾਲ ਆਪਣੇ ਮਾਮੇ ਦੀ ਕੁੜੀ ਦੇ ਵਿਆਹ ਦੀ ਤਿਆਰੀ ਵਿੱਚ ਹੱਥ ਵਟਾਉਣ ਲਈ ਵਿਆਹ ਵਾਲੇ ਘਰ ਪਹੁੰਚਦਾ ਹੈ। ਉਥੇ ਉਸਦੀ ਮੁਲਾਕਾਤ ਰਾਣੋ (ਸੋਨਮ ਬਾਜਵਾ) ਨਾਲ ਹੁੰਦੀ ਹੈ ਜੋ ਉਸਦੀ ਵਿਆਹ ਵਾਲੇ ਘਰ ਲਈ ਮੰਜੇ ਬਿਸਤਰੇ ਇੱਕੱਠੇ ਕਰਨ ਜਾਂ ਹੋਰ ਸਮਾਗਮਾਂ ਸਮੇਂ ਮਹਿਮਾਨਾਂ ਨੂੰ ਸਵਾਉਣ ਲੲ. ਮੰਜੇ ਅਤੇ ਬਿਸਤਰੇ ਇੱਕੱਠੇ ਕਰਨ ਦਾ ਰਿਵਾਜ ਹੁੰਦਾ ਸੀ। ਉਹਨਾਂ ਦਿਨਾਂ ਵਿੱਚ ਵਿਆਹ ਵਾਲੇ ਘਰ ਸਭ ਤੋਂ ਜ਼ਿਆਦਾ ਕੰਮ ਹਲਵਾਈ ਦਾ ਹੁੰਦਾ ਸੀ। ਹਲਵਾਈ ਦੀ ਭੱਠੀ ਦੁਆਲੇ ਖੂਬ ਰੌਣਕਾਂ ਰਹਿੰਦੀਆਂ ਸਨ। ਫ਼ਿਲਮ ਮੰਜੇ ਬਿਸਤਰੇ ਵਿੱਚ ਵੀ ਸਾਧੂ (ਕਰਮਜੀਤ ਅਨਮੋਲ) ਹਲਵਾਈ ਦੇ ਪਾਤਰ ਰਾਹੀਂ ਖੂਬ ਲਹਿਰਾਂ ਲਾਉਂਦਾ ਹੈ। ਇਉਂ ਫ਼ਿਲਮ ਵਿੱਚ ਪੰਜਾਬੀ ਵਿਆਹਾਂ ਦੇ ਹਰ ਪੱਖ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰਪ੍ਰੀਤ ਘੁੱਗੀ ਨੂੰ ਟਿਪੀਕਲ ਵਿੱਚੋਲਾ ਬਣਾਇਆ ਗਿਆ ਹੈ। ਹੌਬੀ ਧਾਲੀਵਾਲ ਅਤੇ ਸਰਦਾਰ ਸੋਹੀ ਵਰਗੇ ਕਲਾਕਾਰ ਰਾਹੀਂ ਸ਼ਰਾਬੀਆਂ ਦੇ ਕਿਰਦਾਰਾਂ ਨੂੰ ਉਜਾਗਰ ਕਰਕੇ ਵਿਆਹ ਵਿੱਚ ਲੜਾਈ ਦੇ ਸ਼ਗਨ ਨੂੰ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਵਿਆਹ ਵਿੱਚ ਲਾਗੀਆਂ, ਦੋਸਤਾਂ, ਜਵਾਈਆਂ ਅਤੇ ਹੋਰ ਭਾਈਚਾਰਿਆਂ ਦੀ ਭੂਮਿਕਾ ਦਰਸਾਉਣ ਲਈ ਕਹਾਣੀ ਵਿੱਚ ਕਈ ਛੋਹਾਂ ਦਿੱਤੀਆਂ ਗਈਆਂ ਹਨ।
‘ਮੰਜੇ ਬਿਸਤਰੇ’ ਦੇ ਮੁੱਖ ਕਿਰਦਾਰ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਨੇ ਨਿਭਾਏ। ਪੰਜਾਬੀ ਸਿਨੇਮਾ ਵਿੱਚ ਅੱਜਕਲ ਪੰਜਾਬੀ ਗਾਇਕ ਛਾਏ ਹੋਏ ਹਨ। ਗਿੱਪੀ ਗਰੇਵਾਲ ਵੀ ਗਾਇਕੀ ਵਿੱਚੋਂ 2010 ਵਿੱਚ ‘ਮੇਲ ਕਰਾਦੇ ਰੱਬਾ’ ਰਾਹੀਂ ਫ਼ਿਲਮਾਂ ਵਿੱਚ ਆ ਗਿਆ ਸੀ। 2012 ਵਿੱਚ ‘ਕੈਰੀ ਆਨ ਜੱਟਾ’ ਰਾਹੀਂ ਗਿੱਪੀ ਨੇ ਕਾਮਯਾਬੀ ਦਾ ਮੂੰਹ ਵੇਖ ਲਿਆ ਸੀ। ਉਤਰਾਖੰਡ ਦੇ ਨਾਨਕਮੱਤਾ ਵਿਖੇ 1990 ਵਿੱਚ ਪੈਦਾ ਹੋੲ. ਸੁਮਨਪ੍ਰੀਤ ਕੌਰ ਬਾਜਵਾ ਉਰਫ਼ ਸੋਨਮ ਬਾਜਵਾ ਦੀ ਇਹ ਛੇਵੀਂ ਫ਼ਿਲਮ ਹੈ। ਪੇਸ਼ ਵਜੋਂ ਏਅਰਹੋਸਟੈਸ ਸੋਨਮ ਨੇ ਤਾਮਿਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ ਪਰ ਉਸਦੀ ਪਹਿਚਾਣ ਪੰਜਾਬੀ ਫ਼ਿਲਮਾਂ ਵਿੱਚ ਬਣੀ ਹੈ। ਮੰਜੇ ਬਿਸਤਰੇ ਵਿੱਚ ਉਸਦਾ ਕਿਰਦਾ ਸਲਾਹੁਣਯੋਗ ਹੈ। ਤੂੜੀ ਵਾਲੇ ਕੋਠੇ ਵਿੱਚ ਫ਼ਿਲਮ ਦੇ ਹੀਰੋ ਅਤੇ ਹੀਰੋਇਨ ਦਾ ਮਿਲਾਪ ਅਤੇ ਇੱਕ-ਦੂਜੇ ‘ਤੇ ਥੱਪੜ ਜੜਨ ਵਾਲਾ ਸੀਨ ਦੋਹਾਂ ਦੀ ਐਕਟਿੰਗ ਦਾ ਸਿਖਰ ਬਣਦਾ ਹੈ। ‘ਮੰਜੇ ਬਿਸਤਰੇ’ ਫ਼ਿਲਮ ਪੂਰੀ ਤਰ੍ਹਾਂ ਸਾਧੂ ਹਲਵਾਈ ਦੁਆਲੇ ਘੁੰਮਦੀ ਹੈ। ਸਾਧੂ ਦਾ ਕਿਰਦਾਰ ਕਰਮਜੀਤ ਅਨਮੋਲ ਨੇ ਨਿਭਾਇਆ ਹੈ। ਆਪਣੇ ਤੋਂ 50 ਵਰ੍ਹੇ ਵੱਡੇ ਪਾਤਰ ਦੀ ਆਵਾਜ਼ ਵਿੱਚ ਬੋਲਣਾ ਅਤੇ ਹਲਵਾਈਆਂ ਵਾਲੀ ਅਦਾਇਗੀ ਲਈ ਅਨਮੋਲ ਸ਼ਾਬਾਸ਼ ਦਾ ਹੱਕਦਾਰ ਹੈ। ਚਾਦਰ (ਜੱਗਾ ਸਿੰਘ) ਨਾਲ ਸਾਧੂ ਦੀ ਗੱਲਬਾਤ ਖੂਬ ਹਾਸਾ ਪੈਦਾ ਕਰਦੀ ਹੈ ਅਤੇ ਦਰਸ਼ਕ ਬੰਨ੍ਹਿਆ ਜਾਂਦਾ ਹੈ। ਸਪੀਕਰ ਵਾਲੇ ਕਿਰਦਾਰ ਵਿੱਚ ਬੀ. ਐਨ. ਸ਼ਰਮਾ ਆਮ ਵਾਂਗ ਉਲਾਰ ਹੋ ਜਾਂਦਾ ਹੈ। ਇਸ ਫ਼ਿਲਮ ਵਿੱਚ ਸੁੱਖੀ ਦੇ ਪਿਤਾ ਦੇ ਰੋਲ ਵਿੱਚ ਹੌਬੀ ਧਾਲੀਵਾਲ ਅਤੇ ਰਾਣੋ ਦੇ ਮਾਮੇ ਦੇ ਰੋਲ ਵਿੱਚ ਸਰਦਾਰ ਸੋਹੀ ਨੇ ਆਪਣੀ ਅਦਾਇਗੀ ਦਾ ਸਿੱਕਾ ਜਮਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਅਨੀਤਾ ਦੇਵਗਨ ਅਤੇ ਰਾਣਾ ਰਣਬੀਰ ਨੇ ਵੀ ਆਪਣੇ-ਆਪਣੇ ਕਿਰਦਾਰਾਂ ਨਾਲ ਇਨਸਾਫ਼ ਕੀਤਾ ਹੈ। ਸਮੁੱਚੇ ਤੌਰ ‘ਤੇ ਅੰਗਰੇਜ਼ ਫ਼ਿਲਮ ਤੋਂ ਬਾਅਦ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਇਹ ਫ਼ਿਲਮ ਪ੍ਰਸੰਸਾ ਦੀ ਹੱਕਦਾਰ ਹੈ।
ਮੰਜੇ ਬਿਸਤਰੇ ਫ਼ਿਲਮ ਨਾਲ ਪੰਜਾਬੀ ਸਿਨੇਮਾ ਇੱਕ ਪੁਲਾਂਘ ਹੋਰ ਪੁੱਟ ਲੈ ਹੈ। ਇਸ ਫ਼ਿਲਮ ਵਿੱਚ ਦੋਹਰੇ ਅਰਥਾਂ ਵਾਲੇ ਸੰਵਾਦ ਪੂਰੀ ਤਰ੍ਹਾਂ ਮਨਫ਼ੀ ਹਨ। ਕਿਸੇ ਸਮੇਂ ਪੰਜਾਬੀ ਫ਼ਿਲਮਾਂ ‘ਤੇ ਇਹ ਦੋਸ਼ ਲੱਗਦਾ ਸੀ ਕਿ ਪੰਜਾਬੀ ਫ਼ਿਲਮਾਂ ਦੋਹਰੇ ਅਰਥਾਂ ਵਾਲੇ ਅਸ਼ਲੀਲ ਡਾਇਲਾਗਾਂ ਦੇ ਸਹਾਰੇ ਰੁੜਨ ਦੀ ਕੋਸ਼ਿਸ਼ ਕਰਦੀਆਂ ਹਨ। ਫ਼ਿਲਮ ‘ਮੰਜੇ ਬਿਸਤਰੇ’ ਇੱਕੋ ਘਰ ਵਿੱਚ ਫ਼ਿਲਮਾਈ ਗਈ ਫ਼ਿਲਮ ਹੈ  ਬਲਕਿ ਇਸਦੇ ਜ਼ਿਆਦਾ ਸੀਨ ਹਲਵਾਈ ਦੀ ਭੱਠੀ ਦੇ ਦੁਆਲੇ ਫ਼ਿਲਮਾਏ ਗਏ ਹਨ। ਫ਼ਿਲਮ ਵਿੱਚ ਦਿਲਚਸਪੀ ਅਤੇ ਹਾਸਾ ਚੰਗੇ ਸੰਵਾਦਾਂ ਰਾਹੀਂ ਪੈਦਾ ਹੁੰਦਾ ਹੈ। ਇਸ ਲਈ ਸੱਚਮੁਚ ਰਾਣਾ ਰਣਬੀਰ ਪ੍ਰਸੰਸਾ ਦਾ ਹੱਕਦਾਰ ਹੈ।
ਸੁਨਾਮ ਵਿਖੇ ਚਾਕਲੇਟ ਵਾਲੀ ਬਰਫ਼ੀ ਠੀਕ ਨਾ ਬਣਾਉਣ ਕਾਰਨ ਸਾਧੂ ਨੰ ਬਰਫ਼ ‘ਤੇ ਬਿਠਾਉਣ ਵਾਲੀ ਗੱਲ ਵਾਰ ਵਾਰ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਂਦੀ ਹੈ। ਇਹ ਚੰਗੇ ਸੰਵਾਦ ਅਤੇ ਅਦਾਕਾਰਾਂ ਵੱਲੋਂ ਚੰਗੀ ਅਦਾੲਗੀ ਦੇ ਫ਼ਲਸਰੂਪ ਵਾਪਰਦਾ ਹੈ। ਇਸੇ ਤਰ੍ਹਾਂ ਗੁਰਪ੍ਰੀਤ ਘੁੱਗੀ ਰਾਹੀਂ ਵਿੱਚੋਲਿਆਂ ਦੇ ਕਿਰਦਾਰ ‘ਤੇ ਤਿੱਖਾ ਵਿਅੰਗ ਪੇਸ਼ ਕਰਨਾ ਵੀ ਫ਼ਿਲਮ ਨੂੰ ਰੋਚਕ ਬਣਾਉਂਦਾ ਹੈ। ਅਹਿਮਦਗੜ੍ਹੀਏ ਸਰਦਾਰਾਂ ਨੂੰ ਦਾਜ ਲੋਭੀ ਬਣਾ ਕੇ ਪੇਸ਼ ਕਰਨਾ ਸਾਡੇ ਸਮਾਜ ਦੇ ਕੌੜੇ ਸੱਚ ਦੀ ਪੇਸ਼ਕਾਰੀ ਕਰਨਾ ਹੈ।
ਫ਼ਿਲਮ ਦੇ ਗਾਣੇ ਅਤੇ ਸੰਗੀਤ ਵੀ ਢੁਕਵਾਂ ਹੈ। ਇੰਨੇ ਕੁ ਘੱਟ ਬਜਟ ਵਿੱਚ ਇਸ ਤੋਂ ਵਧੀਆ ਫ਼ਿਲਮ ਬਣਾਉਣੀ ਔਖੀ ਸੀ।
ਅੱਜ ਦੀ ਨਵੀਂ ਪੀੜ੍ਹੀ ਨੂੰ ਚਾਰ ਪੰਜ ਦਹਾਕੇ ਪਹਿਲਾਂ ਦੇ ਵਿਆਹਾਂ ਬਾਰੇ ਦਿਲਚਸਪ ਪੱਖਾਂ ਤੋਂ ਜਾਣਕਾਰੀ ਦੇਣਾ ਇਸ ਫ਼ਿਲਮ ਦਾ ਇੱਕ ਹੋਰ ਚੰਗਾ ਪੱਖ ਹੈ। ਜਾਗੋ ਵੇਲੇ ਮੁਟਿਆਰਾਂ ਦਾ ਪਹਿਰਾਵਾ ਅਤੇ ਸ਼ਰੀਕੇ ਨੂੰ ਸੂਟ ਅਤੇ ਗਹਿਣਿਆਂ ਨੂੰ ਦਿਖਾਉਣ ਵਾਲੇ ਸੀਨ ਫ਼ਿਲਮ ਨੂੰ ਜ਼ਿੰਦਗੀ ਦੇ ਨੇੜੇ ਦਰਸਾਉਣ ਵਾਲੀ ਫ਼ਿਲਮ ਬਣਾਉਣ ਵਿੱਚ ਸਹਾਈ ਹੁੰਦੇ ਹਨ ਯਥਾਰਥ ਤੋਂ ਹਟ ਕੇ ਤਾਂ ਬੁੜੀ ਦਾ ਦਾਰੂ ਦਾ ਪੈਗ ਲਾ ਕੇ ਮੋਟਰ ਸਾਈਕਲ ਚਲਾਉਣਾ ਹੈ, ਜੋ ਫ਼ਿਲਮ ਦੇ ਮਨੋਰੰਜਨ ਵਿੱਚ ਵਾਧਾ ਕਰਦਾ ਹੈ। ‘ਮੰਜੇ ਬਿਸਤਰੇ’ ਇੱਕੱਠੇ ਕਰਨ ਵਾਲੇ ਫ਼ੁਰਨੇ ਨੂੰ ਲੈ ਕੇ ਇੱਕ ਚੰਗੀ ਫ਼ਿਲਮ ਬਣਾਉਣ ਲਈ ਗਿੱਪੀ ਗਰੇਵਾਲ ਵਧਾਈ ਦਾ ਹੱਕਦਾਰ ਹੈ।