ਅਲੀ ਅਵਰਾਮ ਦਾ ਨਾਂ ਬੌਲੀਵੁੱਡ ਦੀਆਂ ਉਨ੍ਹਾਂ ਵਿਦੇਸ਼ੀ ਅਭਿਨੇਤਰੀਆਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੇ ਕਾਫ਼ੀ ਘੱਟ ਸਮੇਂ ਵਿੱਚ ਆਪਣੀਆਂ ਅਦਾਵਾਂ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ। ਸਵੀਡਨ ਦੇ ਸਟਾਕਹੋਮ ਸ਼ਹਿਰ ਵਿੱਚ ਪੈਦਾ ਹੋਈ ਅਲੀ ਦੇ ਪਿਤਾ ਜੇਨਿਸ ਅਵਰਾਮਿਦਿਸ ਯੂਨਾਨੀ ਸੰਗੀਤਕਾਰ ਹਨ ਜਦੋਂ ਕਿ ਮਾਂ ਮਾਰੀਆ ਅਭਿਨੇਤਰੀ ਹੈ। ਅਲੀ ਅਭਿਨੇਤਰੀ ਦੇ ਨਾਲ ਨਾਲ ਇੱਕ ਚੰਗੀ ਨਰਤਕੀ ਵੀ ਹੈ। 18 ਸਾਲ ਦੀ ਉਮਰ ਵਿੱਚ ਉਹ ਸਵੀਡਨ ਵਿੱਚ ਡਾਂਸ ਗਰੁੱਪ ਵਿੱਚ ਸ਼ਾਮਲ ਹੋ ਗਈ ਜੋ ਮੂਲ ਰੂਪ ਵਿੱਚ ਬੌਲੀਵੁੱਡ ਦੇ ਗੀਤਾਂ ‘ਤੇ ਪੇਸ਼ਕਾਰੀ ਦਿੰਦਾ ਸੀ। ਇਹੀ ਕਾਰਨ ਰਿਹਾ ਕਿ ਰਿਐਲਿਟੀ ਸ਼ੋਅ ‘ਬਿੱਗ ਬੌਸ’ ਨਾਲ ਚਰਚਾ ਵਿੱਚ ਆਉਣ ਤੋਂ ਬਾਅਦ ਅਲੀ ਨੇ ਬੌਲੀਵੁੱਡ ਵਿੱਚ 2013 ਵਿੱਚ ਰਿਲੀਜ਼ ਫ਼ਿਲਮ ‘ਮਿੱਕੀ ਵਾਇਰਸ’ ਤੋਂ ਸ਼ੁਰੂਆਤ ਕੀਤੀ। ਹਾਲਾਂਕਿ ਇਹ ਫ਼ਿਲਮ ਕੁਝ ਖ਼ਾਸ ਨਹੀਂ ਕਰ ਸਕੀ, ਪਰ ਉਸ ਤੋਂ ਬਾਅਦ ‘ਕਿਸ ਕਿਸ ਸੇ ਪਿਆਰ ਕਰੂੰ’ ਤੋਂ ਉਸ ਨੂੰ ਕਾਮਯਾਬੀ ਦਾ ਸੁਆਦ ਚਖਣ ਨੂੰ ਮਿਲਿਆ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
-ਅੱਜ ਬੌਲੀਵੁੱਡ ਵਿੱਚ ਕਈ ਵਿਦੇਸ਼ੀ ਅਭਿਨੇਤਰੀਆਂ ਕੰਮ ਕਰ ਰਹੀਆਂ ਹਨ। ਤੁਹਾਡਾ ਬੌਲੀਵੁੱਡ ਸਬੰਧੀ ਕੀ ਵਿਚਾਰ ਹੈ?
-ਮੇਰਾ ਮੰਨਣਾ ਹੈ ਕਿ ਹਿੰਦੀ ਫ਼ਿਲਮ ਉਦਯੋਗ ਵਿਦੇਸ਼ੀਆਂ ਨੂੰ ਅਪਣਾ ਕੇ ਖ਼ੁਸ਼ ਹੈ ਅਤੇ ਇਸ ਕਾਰਨ ਹਿੰਦੀ ਸਿਨਮਾ ਦੀ ਦੇਸ਼ ਅਤੇ ਵਿਦੇਸ਼ ਵਿੱਚ ਅਨੋਖੀ, ਸਾਕਾਰਾਤਮਕ ਅਤੇ ਦਿਲਚਸਪ ਪਛਾਣ ਹੈ। ਸੱਚ ਤਾਂ ਇਹ ਹੈ ਕਿ ਬੌਲੀਵੁੱਡ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ। ਇਸ ਦੀ ਸਵੀਕ੍ਰਿਤੀ ਨਾਲ ਹੀ ਨਹੀਂ, ਬਲਕਿ ਇਸ ਦੀ ਮਹਾਨਤਾ ਕਾਰਨ ਵੀ ਇਹ ਪ੍ਰਸਿੱਧ ਹੈ। ਸਵੀਡਨ ਵੀ ਬੌਲੀਵੁੱਡ ਦਾ ਵੱਡਾ ਪ੍ਰਸ਼ੰਸਕ ਹੈ। ਬੌਲੀਵੁੱਡ ਦੇ ਪੁਰਾਣੇ ਗੀਤਾਂ ਨੂੰ ਇੱਥੇ ਯੂਨਾਨੀ ਵਿੱਚ ਰੁਪਾਂਤਰਿਤ ਕੀਤਾ ਜਾਂਦਾ ਹੈ।
– ਤੁਹਾਡਾ ਬੌਲੀਵੁੱਡ ਨਾਲ ਜੁੜਨ ਦਾ ਕੀ ਮਕਸਦ ਸੀ?
-ਬੌਲੀਵੁੱਡ ਇੱਕ ਵੱਡਾ ਫ਼ਿਲਮ ਉਦਯੋਗ ਹੈ ਜੋ ਭਾਰਤ ਵਿੱਚ ਹੀ ਨਹੀਂ, ਵਿਦੇਸ਼ ਵਿੱਚ ਵੀ ਕਾਫ਼ੀ ਲੋਕਪ੍ਰਿਯ ਹੈ। ਇਸੇ ਕਾਰਨ ਅਲੱਗ ਅਲੱਗ ਦੇਸ਼ਾਂ ਦੇ ਕਲਾਕਾਰ ਇੱਥੇ ਕੰਮ ਕਰਨਾ ਚਾਹੁੰਦੇ ਹਨ। ਇੱਥੇ ਮੇਰੇ ਵਰਗੇ ਬਹੁਤ ਅਜਿਹੇ ਵਿਦੇਸ਼ੀ ਕਲਾਕਾਰ ਹਨ ਜੋ ਭਾਰਤੀ ਸੰਸਕ੍ਰਿਤੀ ਅਤੇ ਵਿਚਾਰ ਨਾਲ ਗਹਿਰੇ ਜੁੜੇ ਹੋਏ ਹਨ ਅਤੇ ਉਨ੍ਹਾਂ ਨੂੰ ਇਸ ਖੇਤਰ ਅਤੇ ਰਾਸ਼ਟਰ ਦਾ ਹਿੱਸਾ ਬਣਨਾ ਪਸੰਦ ਹੈ। ਮੇਰਾ ਬੌਲੀਵੁੱਡ ਨਾਲ ਜੁੜਨ ਦਾ ਅਸਲੀ ਕਾਰਨ ਇਹੀ ਹੈ।
-ਕੀ ਤੁਸੀਂ ਇਹ ਮੰਨਦੇ ਹੋ ਕਿ ਤੁਸੀਂ ਅੱਜ ਜਿੱਥੇ ਹੋ, ਉਸ ਵਿੱਚ ਸਲਮਾਨ ਖ਼ਾਨ ਦੀ ਵੱਡੀ ਭੂਮਿਕਾ ਹੈ?
-ਬਿਲਕੁਲ ਮੰਨਦੀ ਹਾਂ ਅਤੇ ਇਸ ਨੂੰ ਜਨਤਕ ਤੌਰ ‘ਤੇ ਸਵੀਕਾਰ ਵੀ ਕਰਦੀ ਹਾਂ। ਸਲਮਾਨ ਬਹੁਤ ਦਿਲ ਵਾਲੇ ਅਦਾਕਾਰ ਹਨ। ਉਹ ਲੋਕਾਂ ਦੀ ਮਦਦ ਕਰਕੇ ਖ਼ੁਸ਼ ਹੁੰਦੇ ਹਨ। ਉਨ੍ਹਾਂ ਨੇ ਮੇਰੇ ਕਰੀਅਰ ਨੂੰ ਸੰਵਾਰਨ ਲਈ ਕੁਝ ਖ਼ਾਸ ਸੁਝਾਅ ਦਿੱਤੇ ਹਨ। ਸੱਚ ਤਾਂ ਇਹੀ ਹੈ ਕਿ ਸਲਮਾਨ ਖ਼ਾਨ ਦੀ ਮੇਜ਼ਬਾਨੀ ਵਾਲੇ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੇ ਸੱਤਵੇਂ ਸੀਜ਼ਨ ਵਿੱਚ ਭਾਗ ਲੈਣ ਤੋਂ ਬਾਅਦ ਹੀ ਭਾਰਤ ਵਿੱਚ ਮੈਨੂੰ ਪਛਾਣ ਮਿਲੀ ਸੀ। ਸਲਮਾ?ਨ ਖ਼ਾਨ ਨੇ ਮੇਰੇ ਲਈ ਜੋ ਕੁਝ ਵੀ ਕੀਤਾ ਹੈ, ਮੈਂ ਉਸ ਲਈ ਸ਼ੁਕਰਗੁਜ਼ਾਰ ਹਾਂ।
-ਇਸ ਦੇ ਬਾਵਜੂਦ ਤੁਹਾਨੂੰ ਹੁਣ ਤਕ ਸਲਮਾਨ ਖ਼ਾਨ ਨਾਲ ਕਿਸੇ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ?
-ਹੁਣ ਤਕ ਬੇਸ਼ੱਕ ਅਜਿਹਾ ਸੰਜੋਗ ਨਹੀਂ ਬਣਿਆ, ਪਰ ਉਨ੍ਹਾਂ ਨਾਲ ਮੈਂ ਜਲਦੀ ਕੰਮ ਕਰਨਾ ਚਾਹੁੰਦੀ ਹਾਂ। ਅਜਿਹਾ ਮੈਂ ਤਾਂ ਹੀ ਕਰਾਂਗੀ ਜਦੋਂ ਮੇਰੇ ਨਾਲ ਸਹੀ ਫ਼ਿਲਮ ਸਬੰਧੀ ਸੰਪਰਕ ਕੀਤਾ ਜਾਏਗਾ।
– ਤੁਸੀਂ ‘ਨਾਮ ਸ਼ਬਾਨਾ’ ਵਿੱਚ ਛੋਟਾ ਜਿਹਾ ਕਿਰਦਾਰ ਨਿਭਾਉਣ ਲਈ ਕਿਵੇਂ ਤਿਆਰ ਹੋ ਗਏ?
-ਕਿਉਂਕਿ ਇਸ ਕਿਰਦਾਰ ਵਿੱਚ ਦਮ ਵੀ ਸੀ ਅਤੇ ਚੁਣੌਤੀ ਵੀ ਸੀ। ਦਰਅਸਲ, ਕਿਰਦਾਰ ਛੋਟਾ ਹੋਵੇ ਪਰ ਦਮਦਾਰ ਹੋਵੇ ਤਾਂ ਕਲਾਕਾਰ ਉਸ ਵਿੱਚ ਸ਼ਾਮਲ ਹੋ ਸਕਦਾ ਹੈ। ਦੂਜੀ ਤਰਫ਼ ਬੇਕਾਰ ਦਾ ਲੀਡ ਕਿਰਦਾਰ ਕਰਨ ਦਾ ਕੋਈ ਫ਼ਾਇਦਾ ਨਹੀਂ ਹੋ ਸਕਦਾ।
-ਤੁਸੀਂ ਭਵਿੱਖ ਵਿੱਚ ਕਿਸ ਪ੍ਰਕਾਰ ਦੇ ਕਿਰਦਾਰ ਕਰਨਾ ਚਾਹੁੰਦੇ ਹੋ?
-ਮੈਂ ਅੱਜ ਦੇ ਬੌਲੀਵੁੱਡ ਦੀ ‘ਡਰੀਮ ਗਰਲ’ ਕਹਾਉਣਾ ਪਸੰਦ ਕਰਾਂਗੀ। ਹਾਲਾਂਕਿ ਇਸ ਇੰਡਸਟਰੀ ਵਿੱਚ ਹੇਮਾ ਮਾਲਿਨੀ ਨੂੰ ਡਰੀਮ ਗਰਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪਰ ਹੁਣ ਮੈਂ ਉਨ੍ਹਾਂ ਦੀ ਥਾਂ ਲੈਣਾ ਚਾਹੁੰਦੀ ਹਾਂ। ਹੇਮਾ ਜੀ ਨੇ ਆਪਣੇ ਕਰੀਅਰ ਵਿੱਚ ਹਰ ਤਰ੍ਹਾਂ ਦੀਆਂ ਫ਼ਿਲਮਾਂ ਕੀਤੀਆਂ ਅਤੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਮੈਂ ਵੀ ਉਨ੍ਹਾਂ ਦੀ ਤਰ੍ਹਾਂ ਹੀ ਕੰਮ ਕਰਨਾ ਚਾਹੁੰਦੀ ਹਾਂ।
-ਤੁਸੀਂ ਅੱਜ ਦੇ ਦੌਰ ਦੇ ਕਿਹੜੇ ਕਲਾਕਾਰਾਂ ਨਾਲ ਕੰਮ ਕਰਨਾ ਚਾਹੁੰਦੇ ਹੋ ?
-ਮੈਂ ਬਹੁਤ ਸਾਰੇ ਕਲਾਕਾਰਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ, ਪਰ ਟਾਈਗਰ ਸ਼ਰੌਫ਼ ਨਾਲ ਡਾਂਸ ‘ਤੇ ਆਧਾਰਿਤ ਫ਼ਿਲਮ ਕਰਨਾ ਚਾਹੁੰਦੀ ਹਾਂ ਕਿਉਂਕਿ ਟਾਈਗਰ ਇੱਕ ਬਿਹਤਰੀਨ ਡਾਂਸਰ ਹੈ। ਟਾਈਗਰ ਦੇ ਇਲਾਵਾ ਵਰੁਣ ਧਵਨ ਨਾਲ ਕੰਮ ਕਰਨਾ ਵੀ ਪਸੰਦ ਕਰਾਂਗੀ ਕਿਉਂਕਿ ਉਸ ਵਿੱਚ ਬੇਹੱਦ ਊਰਜਾ ਹੈ।