ਚੰਡੀਗੜ੍ਹ :ਬਠਿੰਡਾ ਵਿਖੇ ਫਲੈਟਾਂ ਦੀ ਉਸਾਰੀ ਵਿੱਚ ਬੇਨਿਯਮੀਆਂ ਦੇ ਸਾਹਮਣੇ ਆਏ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਨਗਰ ਸੁਧਾਰ ਟਰੱਸਟ ਦੇ 10 ਅਧਿਕਾਰੀਆਂ ਨੂੰ ਮਨਮੋਹਨ ਕਾਲੀਆ ਇਨਕਲੇਵ, ਗੋਨਿਆਣਾ ਰੋਡ, ਬਠਿੰਡਾ, ਦੇ ਫਲੈਟਾਂ ਦੀ ਉਸਾਰੀ ਵਿਚ ਪਾਈਆਂ ਗਈਆਂ ਤਰੁੱਟੀਆਂ, ਫਲੈਟਾਂ ਦੀ ਉਸਾਰੀ ਦੀ ਹਾਲਤ ਨੂੰ ਅੱਖੋਂ ਓਹਲੇ ਕਰਦੇ ਹੋਏ ਸਕਿਓਰਿਟੀ ਵਾਪਸ ਕਰਨ ਸਬੰਧੀ, ਫਲੈਟਾਂ ਦੇ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਲਈ ਅਤੇ ਡਿਮਾਂਡ ਸਰਵੇ ਕਰਨ ਤੋਂ ਬਿਨਾਂ ਇਨ੍ਹਾਂ ਫਲੈਟਾਂ ਦੀ ਤਜਵੀਜ਼/ਡਰਾਅ ਕੱਢਣ ਦੇ ਦੋਸ਼ਾਂ ਹੇਠ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿਭਾਗ ਵੱਲੋਂ ਤੁਰੰਤ ਇਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਇਨ੍ਹਾਂ ਵਿਰੁੱਧ ਚਾਰਜਸ਼ੀਟ ਜਾਰੀ ਕਰ ਦਿੱਤੀ ਗਈ ਹੈ। ਕੁਲ ਮਿਲਾ ਕੇ 13 ਅਧਿਕਾਰੀ ਦੋਸ਼ੀ ਪਾਏ ਗਏ ਸਨ ਜਿਨ੍ਹਾਂ ਵਿਚੋਂ ਤਿੰਨ ਸੇਵਾ ਮੁਕਤ ਹੋ ਚੁੱਕੇ ਹਨ ਜਦੋਂਕਿ 10 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ। ਇਹ ਜਾਣਕਾਰੀ ਵਿਭਾਗ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।
ਬੁਲਾਰੇ ਅਨੁਸਾਰ ਵਿਭਾਗ ਦੇ ਮੁੱਖ ਚੌਕਸੀ ਅਫਸਰ ਵੱਲੋਂ ਕੀਤੀ ਜਾਂਚ ਵਿੱਚ ਸਾਹਮਣੇ ਆਈ ਰਿਪੋਰਟ ਦੇ ਆਧਾਰ ‘ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਸਿੱਧੂ ਨੇ ਬਠਿੰਡਾ ਨਗਰ ਸੁਧਾਰ ਟਰੱਸਟ ਦੇ 10 ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ। ਮੁਅੱਤਲ ਅਧਿਕਾਰੀਆਂ ਦੇ ਨਾਂ ਹਨ, ਗੁਰਬਿੰਦਰ ਪਾਲ ਸਿੰਘ, ਜਸਬੀਰ ਸਿੰਘ (ਦੋਵੇਂ ਜੇ.ਈ.), ਮੁਖਤਿਆਰ ਸਿੰਘ, ਗੁਰਰਾਜ ਸਿੰਘ, ਬਲਜੀਤ ਕੁਮਾਰ (ਸਾਰੇ ਸਹਾਇਕ ਟਰੱਸਟ ਇੰਜੀਨੀਅਰ), ਰਾਕੇਸ਼ ਗਰਗ (ਟਰੱਸਟ ਇੰਜੀਨੀਅਰ) ਅਤੇ ਗੋਰਾ ਲਾਲ, ਹਰਿੰਦਰ ਸਿੰਘ ਚਾਹਲ, ਕੁਲਵੰਤ ਸਿੰਘ ਬਰਾੜ ਅਤੇ ਜਵਾਹਰ ਲਾਲ (ਸਾਰੇ ਕਾਰਜ ਸਾਧਕ ਅਫਸਰ)।
ਸ੍ਰੀ ਸਿੱਧੂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਕਿ ਵਿਭਾਗ ਦਾ ਕੰਮਕਾਰ ਸੰਭਾਲਦਿਆਂ ਪਹਿਲੇ ਹੀ ਦਿਨ ਉਨ੍ਹਾਂ ਇਹ ਦ੍ਰਿੜ੍ਹ ਇਰਾਦਾ ਕੀਤਾ ਸੀ ਕਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਵੀ ਕੰਮ ਵਿੱਚ ਬੇਨਿਯਮੀਆਂ ਨੂੰ ਸਹਿਣ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਬਠਿੰਡਾ ਨਗਰ ਸੁਧਾਰ ਟਰੱਸਟ ਦੇ ਮੁਅੱਤਲ ਕੀਤੇ 10 ਅਧਿਕਾਰੀਆਂ ਦੇ ਮਾਮਲੇ ਵਿੱਚ ਵੀ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।