ਰਿਤਿਕ ਰੋਸ਼ਨ ਨੂੰ ਅੱਜਕੱਲ੍ਹ ਸਾਰੇ ਹੀ ਪਰੇਸ਼ਾਨ ਕਰ ਰਹੇ ਹਨ। ਕੁਝ ਦਿਨ ਪਹਿਲਾਂ ਬਾਲੀਵੁੱਡ ਵਿੱਚ ਸੰਭਾਵਨਾ ਭਾਲ ਰਹੀ ਇੱਕ ਵਿਦੇਸ਼ੀ ਮਾਡਲ ਨੇ ਇੱਕ ਅਖ਼ਬਾਰ ਨੂੰ ਇਹ ਕਹਿ ਦਿੱਤਾ ਕਿ ਰਿਤਿਕ ਉਸ ਦਾ ਦੋਸਤ ਤੇ ਮੈਂਟਰ ਹੈ। ਖ਼ਬਰ ਦੇਖ ਕੇ ਰਿਤਿਕ ਭੜਕ ਗਿਆ ਅਤੇ ਟਵਿੱਟਰ ‘ਤੇ ਪੁੱਛਣਾ ਪਿਆ, ‘ਤੁਸੀਂ ਕੌਣ ਹੈਂ ਮੋਹਤਰਮਾ!’ ਇਹ ਰੌਲ਼ਾ ਅਜੇ ਘਟਿਆ ਨਹੀਂ ਸੀ ਕਿ ਕੁਝ ਦਿਨ ਬਾਅਦ ‘ਕਾਬਿਲ’ ਦੀ ਸਫ਼ਲਤਾ ਦੇ ਜਸ਼ਨ ਵਿੱਚ ਰੱਖੀ ਗਈ ਪਾਰਟੀ ਵਿੱਚ ਯਾਮੀ ਗੌਤਮ ਨੇ ਆਪਣੀ ਐਟੀਟਿਊਡ ਨਾਲ ਜਤਾ ਦਿੱਤਾ ਕਿ ‘ਆਈ ਐਮ ਏ ਸਟਾਰ!’ ਹੋਇਆ ਇੰਜ ਕਿ ਕਾਬਿਲ ਦੀ ਸਫ਼ਲਤਾ ਸੈਲੀਬ੍ਰੇਟ ਕਰਨ ਲਈ ਹਾਲ ਹੀ ਵਿੱਚ ਰਿਤਿਕ ਰੋਸ਼ਨ ਨੇ ਫ਼ਿਲਮ ਦੀ ਟੀਮ ਨਾਲ ਇੱਕ ਪ੍ਰੋਗਰਾਮ ਰੱਖਿਆ ਜਿਸ ਵਿੱਚ ਫ਼ਿਲਮ ਦੇ ਕਲਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਨੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ। ਪੰਜ ਵਜੇ ਤਕ ਸਾਰੇ ਫ਼ੈਨ ਤੈਅ ਸਥਾਨ ‘ਤੇ ਪੁੱਜੇ ਅਤੇ ਛੇ ਵਜੇ ਤਕ ਰਿਤਿਕ ਰੋਸ਼ਨ ਨਾਲ ਰਾਕੇਸ਼ ਰੋਸ਼ਨ, ਰੌਨਿਤ ਰਾਏ, ਰੋਹਿਤ ਰਾਏ ਅਤੇ ਸੰਜੇ ਗੁਪਤਾ ਪਹੁੰਚ ਗਏ ਪਰ ਯਾਮੀ ਨਹੀਂ ਆਈ। ਉਹ ਯਾਮੀ ਤੋਂ ਬਿਨਾ ਹੀ ਸਾਰੀ ਟੀਮ ਨਾਲ ਮੰਚ ‘ਤੇ ਚਲਾ ਗਿਆ। ਦੋ ਘੰਟੇ ਬਾਅਦ ਯਾਮੀ ਪਹੁੰਚੀ ਅਤੇ ਫ਼ੋਟੋ ਖਿਚਵਾ ਕੇ ਪ੍ਰਸ਼ੰਸਕਾਂ ਨਾਲ ਹਾਏ ਹੈਲੋ ਕਰਨ ‘ਚ ਮਸਰੂਫ਼ ਹੋ ਗਈ। ਉਹ ਨਾ ਰਾਜੇਸ਼ ਰੋਸ਼ਨ ਨੂੰ ਮਿਲੀ ਤੇ ਨਾ ਹੀ ਰਿਤਿਕ ਨੂੰ। ਜਦੋਂ ਫ਼ੋਟੋਗ੍ਰਾਫ਼ਰਾਂ ਨੇ ਰਿਤਿਕ ਤੇ ਯਾਮੀ ਨੂੰ ਇੱਕੱਠਿਆਂ ਫ਼ੋਟੋ ਕਰਵਾਉਣ ਨੂੰ ਕਿਹਾ ਤਾਂ ਯਾਮੀ ਤਾਂ ਰਾਜ਼ੀ ਹੋ ਗਈ ਪਰ ਰਿਤਿਕ ਰੋਸ਼ਨ ਨੂੰ ਮੁਸਕਰਾ ਕੇ ਪੋਜ਼ ਦੇਣ ‘ਚ ਬੜੀ ਤਕਲੀਫ਼ ਹੋਈ।