ਚੰਡੀਗਡ਼੍ਹ  -ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਭੁਪਿੰਦਰ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਵੱਲੋਂ ਅੱਜ ਇੱਕ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਕਿਸਾਨਾਂ ਨੂੰ ਖੇਤਾਂ ਵਿਚਲੀ ਪਰਾਲੀ ਦਾ ਪ੍ਰਬੰਧ ਕਰਨ ਲਈ ਪੰਜ ਹਜਾਰ ਪ੍ਰਤੀ ਏਕਡ਼ ਸਹਾਇਤਾ ਦੀ ਮੰਗ ਕੀਤੀ ਗਈ | ਆਪਣੇ ਬਿਆਨ ਵਿੱਚ ਇਹਨਾਂ ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਅਤੇ ਨਾਡ਼ ਨੂੰ ਅੱਗ ਲਗਾਉਣ ਤੇ ਜੁਰਮਾਨੇ ਕਰ ਰਹੀ ਹੈ ਅਤੇ ਵਾਤਾਵਰਨ ਦੇ ਪ੍ਰਦੂਸ਼ਣ ਦੀ ਦੁਹਾਈ ਪਾ ਰਹੀ ਹੈ ਪਰੰਤੂ ਕਿਸਾਨ ਨੂੰ ਕੋਈ ਰਾਹ ਨਹੀਂ ਦੱਸਿਆ ਜਾ ਰਿਹਾ ਕਿ ਉਹ ਇਸ ਦਾ ਹੱਲ ਕਿਵੇਂ ਕਰਨ | ਕਿਓਂਕਿ ਕਿਸਾਨ ਅਗਰ ਇਸ ਰਹਿੰਦ ਖੂਹੰਦ ਨੂੰ ਸੰਭਾਲਦਾ ਹੈ ਤਾਂ ਉਸ ਨੂੰ ਇੱਕ ਏਕਡ਼ ਦਾ ਪੰਜ ਹਜਾਰ ਤੋਂ ਵੀ ਜਿਆਦਾ ਖਰਚਾ ਪੈਂਦਾ ਹੈ ਜੋ ਕਿ ਕਿਸਾਨ ਸਹਿਣ ਨਹੀਂ ਕਰ ਸਕਦਾ | ਇਸ ਲਈ ਅਗਰ ਸਰਕਾਰ ਇਸ ਦਾ ਸਥਾਈ ਹੱਲ ਚਾਹੁੰਦੀ ਹੈ ਤਾਂ ਇਸ ਲਈ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕਿਸਾਨ ਇਸ ਦਾ ਸਹੀ ਉਪਯੋਗ ਕਰ ਸਕਣ | ਅਤੇ ਕਿਸਾਨ ਨੂੰ ਇਸ ਸਭ ਲਈ ਜੋ ਖਰਚਾ ਕਰਨਾ ਪੈਂਦਾ ਹੈ ਉਸ ਦੀ ਭਰਪਾਈ ਹੋ ਸਕੇ |
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਲਈ ਕਿਸਾਨ ਵੀ ਚਿੰਤਤ ਹੈ, ਕਿਓਂਕਿ ਇਸ ਨਾਲ ਖੇਤ ਵਿਚਲੀ ਉਪਜਾਊ ਸਕਤੀ ਨੂੰ ਵੀ ਨੁਕਸਾਨ ਹੁੰਦਾ ਹੈ | ਕਿਸਾਨ ਤਾਂ ਸਗੋਂ ਹਰਿਆਲੀ ਪੈਦਾ ਕਰਕੇ ਵਾਤਾਵਰਨ ਨੂੰ ਸੰਭਾਲਦਾ ਹੈ |ਪਰੰਤੂ ਜਦੋਂ ਉਸ ਕੋਲ ਕੋਈ ਦੂਸਰਾ ਰਸਤਾ ਹੀ ਨਹੀਂ ਬਚਦਾ ਤਾਂ ਹੀ ਉਹ ਖੇਤਾਂ ਵਿੱਚ ਪਏ ਨਾਡ਼ ਨੂੰ ਅੱਗ ਲਾਉਂਦਾ ਹੈ | ਸਿਰਫ ਕਿਸਾਨਾਂ ਦੁਆਰਾ ਲਗਾਈ ਗਈ ਅੱਗ ਨਾਲ ਹੀ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੋ ਰਿਹਾ ਇਸ ਦੇ ਲਈ ਹਜਾਰਾਂ ਅਜਿਹੀਆਂ ਫੈਕਟਰੀਆਂ ਵੀ ਜ਼ਿੰਮੇਵਾਰ ਹਨ ਜੋ ਨਿਯਮਾਂ ਨੂੰ ਅਣਗੌਲਿਆਂ ਕਰ ਕੇ ਚੱਲ ਰਹੀਆਂ ਹਨ | ਉਹਨਾਂ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ | ਪਰੰਤੂ ਸਭ ਤੋਂ ਵੱਧ ਕਿਸਾਨ ਨੂੰ ਹੀ ਬਦਨਾਮ ਕੀਤਾ ਜਾਂਦਾ ਹੈ ਕਿਓਂਕਿ ਵਪਾਰੀ ਲੋਕ ਸਰਕਾਰ ਨੂੰ ਵੱਖ ਵੱਖ ਤਰੀਕਿਆਂ ਨਾਲ ਦਬਾਉਣਾ ਜਾਣਦੇ ਹਨ |
ਆਪਣੇ ਬਿਆਨ ਵਿੱਚ ਇਹਨਾਂ ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਲਈ ਦਿਨ ਦੇ ਘੱਟੋ ਘੱਟ ਬਾਰਾਂ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਵੇ ਤਾਂ ਜੋ ਖੇਤਾਂ ਵਿਚਲੀ ਰਹਿੰਦ ਖੂਹੰਦ ਨੂੰ ਪਾਣੀ ਨਾਲ ਗਾਲਿਆ ਜਾ ਸਕੇ | ਜਿਸ ਨਾਲ ਇਸ ਮਸਲੇ ਦਾ ਥੋਡ਼ਾ ਬਹੁਤ ਹੱਲ ਹੋ ਸਕੇ | ਕਿਓਂਕਿ ਇਸ ਵੇਲੇ ਝੋਨੇਂ ਦੀ ਬਿਜਾਈ ਲਈ ਖੇਤ ਤਿਆਰ ਕਰਨੇ ਹਨ ਪਰੰਤੂ ਕਿਸਾਨਾਂ ਨੂੰ ਖੇਤਾਂ ਲਈ ਬਿਜਲੀ ਨਹੀਂ ਮਿਲ ਰਹੀ ਜਿਸ ਕਰਕੇ ਕਿਸਾਨਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ |