ਸਾਲ ਦੀ ਸਭ ਤੋਂ ਖ਼ੁਸ਼ਗਵਾਰ ਖ਼ਬਰ ਆ ਚੁੱਕੀ ਹੈ। ਇਰਫ਼ਾਨ ਖ਼ਾਨ ਅਤੇ ਦੀਪਿਕਾ ਪਾਦੂਕੋਣ ਇਕ ਵਾਰ ਫ਼ਿਰ ਇਕ ਨਵੀਂ ਫ਼ਿਲਮ ਵਿੱਚ ਇਕੱਠੇ ਨਜ਼ਰ ਆ ਰਹੇ ਹਨ। ਪਰ ਇਸ ਵਾਰ ਇਹ ਫ਼ਿਲਮ ‘ਪੀਕੂ’ ਵਰਗੇ ਵਿਸ਼ੇ ਤੋਂ ਬਿਲਕੁਲ ਹੱਟ ਕੇ ਹੈ। ਇਹ ਫ਼ਿਲਮ ‘ਮਿਜ਼ਾਜ’ ਵਰਗੀ ਹੋਵੇਗੀ ਜਾਂ ਫ਼ਿਰ ‘ਕਮੀਨੇ’ ਵਰਗੀ, ਇਹ ਤਾਂ ਵਿਸ਼ਾਲ ਭਾਰਦਵਾਜ ਹੀ ਦੱਸ ਸਕਦੇ ਹਨ ਜੋ ਇਹ ਫ਼ਿਲਮ ਬਣਾਉਣ ਜਾ ਰਹੇ ਹਨ। ਖ਼ਬਰ ਹੈ ਕਿ ਵਿਸ਼ਾਲ ਭਾਰਦਵਾਜ ਨੇ ਇਕ ਫ਼ਿਲਮ ਲਿਖੀ ਹੈ ਜਿਸ ਨੂੰ ਉਹ ਖ਼ੁਦ ਹੀ ਪ੍ਰੋਡਿਊਸ ਕਰਨ ਜਾ ਰਹੇ ਹਨ। ਪਿਛਲੀ ਵਾਰ ਜਦੋਂ ਅਜਿਹਾ ਹੋਇਆ ਸੀ ਤਾਂ ‘ਤਲਵਾਰ’ ਵਰਗੀ ਸ਼ਾਨਦਾਰ ਫ਼ਿਲਮ ਬਣੀ ਸੀ। ਇਸ ਵਾਰ ਦੀਪਿਕਾ ਅਤੇ ਇਰਫ਼ਾਨ ਨੂੰ ਲੈ ਕੇ ਬਣਨ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਸਥਾਪਿਤ ਕਾਸਟਿੰਗ ਡਾਇਰੈਕਟਰ ਅਤੇ ਵਿਸ਼ਾਲ ਭਾਰਦਵਾਜ ਨਾਲ ਉਨ੍ਹਾਂ ਦੀ ਪਹਿਲੀ ਫ਼ਿਲਮ ‘ਮਕੜੀ’ ਸਮੇਂ ਜੁੜੇ ਹਨੀ ਤ੍ਰੇਹਨ ਕਰਨ ਵਾਲੇ ਸਨ। ਇਸ ਫ਼ਿਲਮ ਦੀ ਕਹਾਣੀ ਹੁਸੈਨ ਜ਼ੈਦੀ ਦੀ ਕਿਤਾਬ ‘ਮਾਫ਼ੀਆ ਕੁਈਨਸ ਆਫ਼ ਮੁੰਬਈ’ ਦੇ ਇਕ ਅਧਿਆਏ ‘ਤੇ ਆਧਾਰਿਤ ਹੋਵੇਗੀ ਜਿਸ ਦੇ ਅਧਿਕਾਰ ਵਿਸ਼ਾਲ ਭਾਰਦਵਾਜ ਖਰੀਦ ਚੁੱਕੇ ਹਨ। 2011 ਵਿੱਚ ਆਈ ਇਸ ਕਿਤਾਬ ਦਾ ਮੁੱਖਬੰਦ ਵੀ ਉਸ ਸਮੇਂ ਵਿਸ਼ਾਲ ਭਾਰਦਵਾਜ ਨੇ ਲਿਖਿਆ ਸੀ ਅਤੇ 2017 ਦੇ ਆਖ਼ਰੀ ਮਹੀਨਿਆਂ ਵਿੱਚ ਫ਼ਲੋਰ ‘ਤੇ ਜਾਣ ਵਾਲੀ ਇਸ ਫ਼ਿਲਮ ਵਿੱਚ ਦੀਪਿਕਾ ਪਾਦੂਕੋਣ ਮੁੰਬਈ ਦੀ ਮਾਫ਼ੀਆ ਕੁਈਨ ਰਾਹਿਮਾ ਖ਼ਾਨ ਉਰਫ਼ ਸਪਨਾ ਦੀਦੀ ਦਾ ਕਿਰਦਾਰ ਨਿਭਾਉਣ ਵਾਲੀ ਹੈ। ਫ਼ਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੈ। ਇਰਫ਼ਾਨ ਖ਼ਾਨ, ਰਾਹਿਮਾ ਦੇ ਪਤੀ ਦੀ ਭੂਮਿਕਾ ‘ਚ ਹੋਵੇਗਾ ਜਾਂ ਉਸ ਦੇ ਉਸ ਪ੍ਰੇਮੀ ਦੀ ਸੀ। ਜਦੋਂ ਕਹਾਣੀ ਇੰਨੀ ਦਿਲਚਸਪ ਹੋਵੇ ਅਤੇ ਪਰਦੇ ਲਈ ਕਹਾਣੀ ਲਿਖਣ ਵਾਲੇ ਹੱਥ ਵਿਸ਼ਾਲ ਭਾਰਦਵਾਜ ਦੇ ਹੋਣ ਤਾਂ ਯਕੀਨਨ ਦੀਪਿਕਾ ਦੇ ਕਰੀਅਰ ਵਿੱਚ ਇਕ ਵਾਰ ਫ਼ਿਰ ਚਾਰ ਚੰਦ ਤਾਂ ਲੱਗਣੇ ਹੀ ਹੋਏ, ਹੈ ਨਾ?