ਮੈਂ ਤਕਰੀਬਨ ਡੇਢ ਕੁ ਵਰ੍ਹੇ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ। ਪਿਛਲੇ ਕਈ ਮਹੀਨੇ ਤੋਂ ਚਰਚਾ ਸੁਣ ਰਿਹਾ ਸੀ ਕਿ ਬਾਕੀ ਗੱਲਾਂ ਛੱਡੋ ਲੇਕਿਨ ਜੋ ਕੰਮ ਸੁਖਬੀਰ ਬਾਦਲ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀ ਸਜਾਵਟ ਲਈ ਕੀਤਾ ਹੈ,  ਉਹ ਕਮਾਲ ਹੈ। ਸੱਚਮੁਚ ਹੀ ਕਮਾਲ ਹੈ, ਬਹੁਤ ਹੀ ਖੂਬਸੂਰਤ, ਇਮਾਰਤਸਾਜ਼ੀ ਦੀ ਕਲਾ ਦੀ ਸਿਖਰ। ਵੱਡਾ ਕੰਮ ਕੀਤਾ ਹੈ, ਇਹ ਕੰਮ ਪਹਿਲਾਂ ਹੋ ਜਾਂਦਾ ਤਾਂ ਹੋਰ ਵੀ ਚੰਗਾ ਹੁੰਦਾ। ਇਸ ਨਾਲ ਸਿੱਖ ਕੌਮ ਦੀ ਸ਼ਾਨ ਨੰ ਚਾਰ ਚੰਨ ਲੱਗ  ਗਏ ਹਨ। ਖੈਰ ਮੈਂ ਦਰਬਾਰ ਸਾਹਿਬ ਗਿਆ, ਮੱਥਾ ਟੇਕਿਆ, ਦਰਸ਼ਨ ਕੀਤੇ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ੍ਹੇ ਇਕ ਸਿੰਘ ਤੋਂ ਪੁੱਛਿਆ:
”ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਸਮਾਧ ਕਿੱਥੇ ਹੈ?”
”ਆਹ ਦਰਵਾਜ਼ੇ ਤੋਂ ਬਾਹਰ’ ਉਸਨੇ ਸ੍ਰੀ ਅਕਾਲ ਤਖਤ ਸਾਹਿਬ ਲਾਗੇ ਵਾਲੇ ਦਰਵਾਜ਼ੇ ਵੱਲ ਇਸ਼ਾਰਾ ਕੀਤਾ। ਮੈਂ ਅਤੇ ਮੇਰਾ ਬੇਟਾ ਦਰਵਾਜ਼ਾ ਲੰਘ ਕੇ ਜਦੋਂ ਬਾਹਰ ਗਏ ਤਾਂ ਉਥੇ ਸਾਨੂੰ ਕੁਝ ਵੀ ਨਜ਼ਰ ਨਹੀਂ ਆਇਆ।  ਉਥੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦਾ ਇਕ ਸਿੰਘ ਬੈਠਾ ਸੀ। ਮੈਂ ਉਸ ਤੋਂ ਪੁੱਛਿਆ,
”ਸਿੰਘ ਸਾਹਿਬ, ਅਸੀਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਾਹਿਬ ਦੀ ਸਮਾਧ ‘ਤੇ ਜਾਣਾ ਹੈ, ਜ਼ਰਾ ਰਾਹ ਪਾਓ।”
”ਮੈਨੂੰ ਤਾਂ ਪਤਾ ਨਹੀਂ, ਮੈਂ ਪੁੱਛ ਕੇ ਦੱਸਦਾਂ।”
ਉਸ ਨੇ ਨਾਲ ਖੜ੍ਹੇ ਆਪਣੇ ਸਾਥੀ ਤੋਂ ਪੁੱਛਿਆ। ਮੈਨੂੰ ਹੈਰਾਨੀ ਹੋਈ ਉਸਨੂੰ ਵੀ ਕੁਝ ਪਤਾ ਨਹੀਂ ਸੀ।
”ਤੁਹਾਨੂੰ ਪਤਾ ਹੈ ਕਿ ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਕੌਣ ਸੀ”। ਮੈਂ ਜ਼ਰਾ ਰੋਸ ‘ਚ ਸਵਾਲ ਕਰਦਾ ਹਾਂ:
”ਸਾਡੇ ਸਿੱਖਾਂ ਵਿਚ ਹੀ ਸਨ” ਉਸਦਾ ਜਵਾਬ ਸੀ।
ਸਾਡੀਆਂ ਗੱਲਾਂ ਉਥ ਹੱਥ ਧੋ ਰਿਹਾ ਇਕ ਬਜ਼ੁਰਗ ਸੁਣ ਰਿਹਾ ਸੀ। ਉਸਨੇ ਸਾਡੀ ਗੱਲਬਾਤ ਵਿਚ ਦਖਲ ਦਿੰਦੇ ਹੋਏ ਕਿਹਾ,
”ਇਹਨਾਂ ਨੌਜਵਾਨ ਸਿੰਘਾਂ ਨੂੰ ਕੁਝ ਨਹੀਂ ਪਤਾ ਨਵਾਬ ਸਾਹਿਬ ਬਾਰੇ ਅਤੇ ਉਹਨਾਂ ਦੀ ਸਮਾਧ ਬਾਰੇ। ਇਹ ਬਾਬਾ ਅਟੱਲ ਰਾਏ ਦੇ ਗੁਰਦੁਆਰੇ ਦੇ ਬਿਲਕੁਲ ਨਾਲ ਹੈ। ਕੱਲ੍ਹ ਉਹਨਾਂ ਦੇ ਜਨਮ ਪੁਰਵ ਦੇ ਮੌਕੇ ਉਥ ਵੱਡਾ ਸਮਾਗਮ ਹੋ ਕੇ ਹਟਿਆ।” ਉਹ ਬਜ਼ੁਰਗ ਨੇ ਸਾਨੁੰ ਰਾਹੇ ਪਾ ਦਿੰਤਾ ਪਰ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਬਾਰੇ ਜਾਣ ਕੇ ਹੈਰਾਨੀ ਵੀ ਹੋਈ ਅਤੇ ਰੋਸ ਵੀ ਹੋਇਆ। ਇਹ ਰ ੋਸ ਅਤੇ ਗੁੱਸਾ ਉਦੋਂ ਹੋਰ ਵੀ ਜ਼ਿਆਦਾ ਵਧਿਆ ਜਦੋਂ ਇਹ ਪਤਾ ਲੱਗਾ ਕਿ ਉਹਨਾਂ ਨੂੰ ਸ੍ਰੀ ਹਰਿਮੰਦਰ ਕੰਪਲੈਕਸ ਲਾਗੇ ਬਣੀ ਨਵਾਬ ਜੱਸਾ ਸਿੰਘ ਦੀ ਸਮਾਧ ਬਾਰੇ ਬਿਲਕੁਲ ਜਾਣਕਾਰੀ ਨਹੀਂ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ ਅਤੇ ਸ਼੍ਰੋਮਦੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਅਤੇ ਕੰਪਲੈਕਸ ਦੇ ਆਲੇ ਦੁਆਲ ਦੀਆਂ ਇਤਿਹਾਸਕ ਇਮਾਰਤਾਂ, ਗੁਰਦਆਰਾ ਸਾਹਿਬਾਨਾਂ, ਗੁਰੂ ਸਾਹਿਬਾਨ ਅਤੇ ਸਿੱਖ ਕੌਮ ਦੇ ਇਤਿਹਾਸਕ ਹੀਰੋਆਂ ਬਾਰੇ ਜ਼ਰੂਰਤ ਜੋਗੀ ਜਾਣਕਾਰੀ ਦਿੱਤੀ ਜਾਵੇ। ਇਸਨੂੰ ਉਹਨਾਂ ਦੀ ਡਿਊਟੀ ਦਾ ਹਿੱਸਾ ਸਮਝਿਆ ਜਾਵੇ। ਇਹ ਦੁੱਖ ਦੀ ਗੱਲ ਹੈ ਕਿ ਕੌਮ ਦੇ ਉਸ ਜਰਨੈਲ, ਜਿਸਦੀ ਅਗਵਾਈ ਵਿਚ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਅਤੇ ਹੋਰ ਕਿੰਨੀਆਂ ਲੜਾਈਆਂ ਲੜੀਆਂ ਗਈਆਂ। ਜਿਸ ਜਰਨੈਲ ਦੀ ਅਗਵਾਈ ਵਿਚ ਸਿੰਘਾਂ ਦਿੱਲੀ ਫਤਿਹ ਕੀਤੀ। ਉਸ ਜਰਨੈਲ, ਸੁਲਤਾਨ-ਉਲ-ਕੌਮ ਅਤੇ ਗੁਰੂ ਕੇ ਲਾਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਬਾਰੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਿਲਕੁਲ ਨਾ ਜਾਣਦੇ ਹੋਣ।
ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ 3 ਮਈ 1718 ਈਸਵੀ ਨੂੰ ਲਾਹੌਰ ਲਾਗੇ ਆਹਲੂ ਪਿੰਡ ਵਿਖੇ ਪੈਦਾ ਹੋਏ ਸਨ। ਮਾਤਾ ਸੁੰਦਰੀ ਜੀ ਦੇ ਲਾਡ ਪਿਆਰ ਵਿਚ ਪਲੇ ਅਤੇ ਨਵਾਬ ਕਪੂਰ ਸਿੰਘ ਦੀ ਰਹਿਨੁਮਾਈ ਹੇਠ ਪ੍ਰਵਾਨ ਚੜ੍ਹੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿੱਥੇ ਗੁਰਬਾਣੀ ਅਤੇ ਕੀਰਤਨ ਵਿਚ ਮਾਹਿਰ ਸਨ, ਉਥ ਆਪ ਤਲਵਾਰ ਅਤੇ ਤੀਰ ਦੇ ਵੀ ਧਨੀ ਸਨ। ਖਾਲਸਾ ਰਾਜ  ਦੀ ਸਥਾਪਨਾ ਵਿਚ ਇਸ ਮਹਾਨ ਯੋਧੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਦਲ ਖਾਲਸਾ ਦੇ ਮੁਖੀ ਹੋਣ ਦੇ ਨਾਤੇ ਇਹਨਾਂ ਦੀ ਲੀਡਰਸ਼ਿਪ ਹੇਠਾਂ ਹੀ ਦਿੱਲੀ ਅਤੇ ਲਾਹੌਰ ‘ਤੇ ਸਿੱਖਾਂ ਦਾ ਰਾਜ ਕਾਇਮ ਹੋਇਆ ਇਸ ਮਹਾਨ ਯੋਧੇ ਦੀ ਲੀਡਰਸ਼ਿਪ ਅਤੇ ਪੰਥ ਦੀ ਸੇਵਾ ਸਦਕਾ ਇਹਨਾਂ ਨੂੰੰ ਨਵਾਬ, ਬੰਦੋਛੋੜ ਅਤੇ ਸੁਲਤਾਨ-ਉਲ-ਕੌਮ ਦੇ ਖਿਤਾਬਾਂ ਨਾਲ ਸਨਮਾਨਿਆ ਗਿਆ।
ਅਹਿਮਦ ਸ਼ਾਹ ਵੱਲੋਂ ਹਰਿਮੰਦਰ ਸਾਹਿਬ ਬਾਰੂਦ ਨਾਲ ਉਡਾਉਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੀ ਮੌਜੂਦਾ ਇਮਾਰਤ ਬਣਾਉਣ ਦੀ ਸੇਵਾ ਸਰਦਾਰ ਆਹਲੂਵਾਲੀਆ ਵੱਲੋਂ 1764 ਈਸਵੀ ਵਿਚ ਕੀਤੀ ਗਈ ਸੀ। ਸਰਹੰਦ ਜਿੱਤਣ ਉਪਰੰਤ ਇਹਨਾਂ ਦੇ ਹਿੱਸੇ 9 ਲੱਖ ਰੁਪਏ ਆਏ ਜੋ ਕਿ ਇਹਨਾਂ ਨੇ ਇਕ ਚਾਦਰ ਵਿਛਾ ਕੇ ਢੇਰੀ ਕਰ ਦਿੱਤੇ ਜਿਸਨੁੰ ‘ਗੁਰੂ ਕੀ ਚਾਦਰ’ ਕਿਹਾ ਗਿਆ। ਬਾਕੀ ਸਰਦਾਰਾਂ ਨੇ 5 ਲੱਖ ਰੁਪਏ ਇਕੰਠੇ ਕੀਤੇ ਸਨ। ਹਰਿਮੰਦਰ ਸਾਹਿਬ ਦੇ ਉਪਰਲੇ ਸਾਰੇ ਗੁੰਬਦਾਂ ਤੇ ਸੋਨਾ ਚੜਾਉਣ ਦੀ ਸੇਵਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਪੈਰੋਕਾਰ ਸ. ਫਤਿਹ ਸਿੰਘ ਵੱਲੋਂ ਨਿਭਾਈ ਗਈ। 1783 ਵਿਚ ਜਦ ਨਵਾਬ ਜੱਸਾ ਸਿੰਘ ਆਹਲੂਵਾਲੀਆ ਹਰ ਵਰ੍ਹ ਦੀ ਤਰ੍ਹਾਂ ਦੀਵਾਲੀ ਦੇ ਮੌਕੇ ‘ਤੇ ਦਰਬਾਰ ਸਾਹਿਬ ਦਰਸ਼ਨ ਇਸ਼ਨਾਨ ਲਈ ਆਏ ਸਨ ਤਾਂ ਅੰਮ੍ਰਿਤਸਰ ਵਿਖੇ ਪੇਟ ਦਰਦ ਹੋਣ ਕਰਕੇ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਸੰਸਕਾਰ ਗੁਰਦੁਆਰਾ ਬਾਬਾ ਅਟੱਲ ਰਾਏ ਦੀ ਪਰਿਕਰਮਾ ਵਿਚ ਨਵਾਬ ਕਪੂਰ ਸਿੰਘ ਜੀ ਦੀ ਸਮਾਧ ਲਾਗੇ ਕੀਤਾ ਗਿਆ। ਜਿੱਥੇ ਇਸ ਜਗ੍ਹਾ ਤੇ ਉਹਨਾਂ ਦੀ ਇਹ ਸਮਾਧ ਮੌਜੂਦ ਹੈ।ਇਸ ਵਰ੍ਹੇ ਕੌਮ ਆਹਲੂਵਾਲੀਆ ਮਿਸ਼ਨ ਦੇ ਮੁਖੀ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਤਿੰਨ ਸੌ ਸਾਲਾ ਜਨਮ ਪੁਰਬ ਮਨਾ ਰਹੀ ਹੈ। ਅਜਿਹੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਹੋਵੇ ਤਾਂ ਚੰਗਾ ਹੈ।
ਛੋਟੀਆਂ ਛੋਟੀਆਂ ਗੱਲਾਂ ਵੱਡੇ ਵੱਡੇ ਅਰਥ
ਛੋਟੀਆਂ ਗੱਲਾਂ ਦੂਰਗਾਮੀ ਪ੍ਰਭਾਵ ਪਾਉਂਦੀਆਂ ਹਨ। ਇਹ ਗੱਲ ਮਨੁੱਖੀ ਰਿਸ਼ਤਿਆਂ ਤੇ ਸੌ ਫੀਸਦੀ ਪੂਰੀ ਢੁੱਕਦੀ ਹੈ। ਜਿਸ ਕਿਸੇ ਨੇ ਵੀ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲੈਣਾ ਹੈ, ਉਹ ਛੋਟੀਆਂ-ਛੋਟੀਆਂ ਗੱਲਾਂ ਬਾਰੇ ਪੂਰੀ ਤਰ੍ਹਾਂ ਸੁਚੇਤ ਹੋ ਜਾਵੇ। ਤੁਸੀਂ ਆਪਣੀ ਪਤਨੀ ਨਾਲ ਕਿਸ ਕਿਸਮ ਦਾ ਵਿਵਹਾਰ ਕਰਦੇ ਹੋ। ਕੀ ਤੁਹਾਨੂੰ ਸਾਲ ਵਿਚ ਦੋ ਦਿਨ ਚੇਤੇ ਰਹਿੰਦੇ ਹਨ, ਇਕ ਪਤਨੀ ਦਾ ਜਨਮ ਦਿਨ, ਦੂਜਾ ਉਹ ਦਿਨ ਜਿਸ ਦਿਨ ਉਹ ਤੁਹਾਡੀ ਪਤਨੀ ਬਣੀ ਸੀ। ਹੈ ਨਾ ਬਹੁਤ ਛੋਟੀ ਗੱਲ ਪਰ ਜੇ ਤੁਸੀਂ ਇਹਨਾਂ ਦਿਨਾਂ ਨੂੰ ਭੁੱਲ ਜਾਓਗੇ ਤਾਂ ਨਿਸਚਿਤ ਤੌਰ ‘ਤੇ ਤੁਸੀਂ ਅਣਕਿਆਸੇ ਕਲੇਸ਼ ਨੂੰ ਸੱਦਾ ਦੇ ਰਹੇ ਹੋਵੋਗੇ। ਇਕ ਔਰਤ ਹਮੇਸ਼ਾ ਆਪਣੇ ਪਤੀ ਤੋਂ ਇਹਨਾਂ ਦੋਵਾਂ ਦਿਨਾਂ ਵਿਚ ਵਿਸ਼ੇਸ਼ ਵਿਵਹਾਰ ਦੀ ਮੰਗ ਕਰਦੀ ਹੈ। ਸਿਆਣਾ ਪਤੀ ਨਾ ਸਿਰਫ ਇਹਨਾਂ ਵਿਸ਼ੇਸ਼ ਦਿਨਾਂ ਨੂੰ ਯਾਦ ਰੱਖਦਾ ਹੈ ਬਲਕਿ ਵੱਡਾ ਜਸ਼ਨ ਮਨਾ ਕੇ ਇਹਨਾਂ ਦਿਨਾਂ ਨੂੰ ਯਾਦਗਾਰੀ ਦਿਨ ਬਣਾਉਣ ਦੀ ਜਾਚ ਜਾਣਦਾ ਹੈ।
ਕੁਝ ਵਰ੍ਹੇ ਪਹਿਲਾਂ ਦੀ ਗੱਲ ਹੈ, ਮੇਰਾ ਇਕ ਲੇਖ ‘ਪਤਨੀ ਨੂੰ ਖੁਸ਼ ਕਰਨ ਦੇ ਕੁਝ ਨੁਕਤੇ’ ਪੜ੍ਹ ਕੇ ਇਕ ਪਾਠਕ ਨੇ ਸੁਝਾਅ ਮੰਗਿਆ ਕਿ ਮੈਨੂੰ ਦੱਸੋ ਮੈਂ ਕੀ ਕਰਾਂ। ਮੈਂ ਪਤਨੀ ਨੂੰ ਖੁਸ਼  ਕਰਨਾ ਚਾਹੁੰਦਾ ਹਾਂ ਪਰ ਬੇਰੁਜ਼ਗਾਰੀ ਤੋਂ ਤੰਗ ਹਾਂ ਅਤੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਮੈਂ ਉਸਨੂੰ ਕਿਹਾ ਕਿ ਕਿਸੇ ਬਗੀਚੇ ਵਿਚੋਂ ਇਕ ਗੁਲਾਬ ਦਾ ਫੁੱਲ ਲਿਆ ਕੇ ਪਤਨੀ ਨੂੰ ਪੇਸ਼ ਕਰ ਅਤੇ ਕਹਿ ‘ਜਨਮ ਦਿਨ ਮੁਬਾਰਕ’ ਦਿਲ ਤਾਂ ਕਰਦੈ ਕਿ ਅੱਜ ਦੇ ਦਿਨ ਨੂੰ ਉਨੇ ਵੱਡੇ ਜਸ਼ਨ ਦੇ ਰੂਪ ਵਿਚ ਮਨਾਵਾਂ, ਜਿੰਨਾ ਜ਼ਿਆਦਾ ਮੈਂ ਤੈਨੂੰ ਪਿਆਰ ਕਰਦਾ ਹਾਂ। ਪਰ ਤੈਨੂੰ ਪਤਾ ਹੀ ਹੈ ਇਹਨਾਂ ਦਿਨਾਂ ਵਿਚ ਮੇਰਾ ਹੱਥ ਤੰਗ ਹੈ। ਯਕੀਨ ਰੱਖ ਜੇ ਤੇਰਾ ਪ੍ਰੇਮ ਮੇਰੇ ਸੰਗ ਰਿਹਾ, ਮੇਰੀ ਇਹ ਇੱਛਾ ਜਲਦੀ ਹੀ ਪੂਰੀ ਹੋ ਜਾਵੇਗੀ।’ ਉਸਨੇ ਉਵੇਂ ਹੀ ਕੀਤਾ, ਜਿਵੇਂ ਮੈਂ ਸਮਝਾਇਆ ਸੀ। ਉਸਨੇ ਦੱਸਿਅ ਕਿ ਮੇਰੀ ਗੱਲ ਸੁਣ ਕੇ ਮੇਰੀ ਪਤਨੀ ਬਹੁਤ ਖੁਸ਼ ਹੋਈ ਅਤੇ ਪਿਆਰ ‘ਚ ਭਿੱਜੀਆਂ ਅੱਖਾਂ ਨਾਲ ਕਿਹਾ ਕਿ ਮੈਂ ਤੁਹਾਡੇ ਨਾਲ ਹਾਂ ਅਤੇ ਆਪਾਂ ਅਜਿਹੇ ਦਿਨ ਲਿਆਉਣ ਲਈ ਮਿਹਨਤ ਕਰਾਂਗੇ। ਹੈ ਤਾਂ ਇਹ ਬਹੁਤ ਛੋਟੀ ਗੱਲ ਸੀ ਪਰ ਇਸ ਦੇ ਅਰਥ ਬਹੁਤ ਵੱਡੇ ਸਨ।
ਪਰਿਵਾਰਕ ਖੁਸ਼ੀ ਅਤੇ ਸ਼ਾਂਤੀ ਲਈ ਤਾਂ ਛੋਟੀਆਂ-ਛੋਟੀਆਂ ਗੱਲਾਂ ਬਹੁਤ ਵੱਡੇ ਮਾਅਨੇ ਰੱਖਦੀਆਂ ਹਨ। ਸੱਸ ਨੇ ਆਪਣੀ ਨੂੰਹ ਨੂੰ ਕਿਹਾ ਕਿ ਤੂੰ ਬਾਜ਼ਾਰ ਚਲੀ ਐਂ ਮੇਰੇ ਲਈ ਚਿਪਸ ਦਾ ਇਕ ਪੈਕਟ ਲੈ ਕੇ ਆਈਂ। ਨੂੰਹ ਚਿਪਸ ਦਾ ਪੈਕਟ ਨਹੀਂ ਲੈ ਕੇ ਆਈ ਅਤੇ ਸੱਸ ਕਹਿਣ ਲੱਗੀ ਕਿ ਮੇਰੇ ਕੋਲ ਸਮਾਨ ਜ਼ਿਆਦਾ ਸੀ, ਇਸ ਕਰਕੇ ਨਹੀਂ ਲਿਆ ਸਕੀ। ਇਹ ਗੱਲ ਤਾਂ 20 ਰੁਪਏ ਦੀ ਸੀ ਪਰ ਇਸ ਗੱਲ ਨੇ ਘਰ ਵਿਚ ਉਹ ਕਲੇਸ਼ ਪਾਇਆ ਕਿ ਘਰ ਵੰਡਿਆ ਗਿਆ। ਸੱਸ ਨੇ ਇਸ ਨੂੰ ਵੱਡਾ ਮੁੱਦਾ ਬਣਾ ਲਿਆ ਕਿ ਜੇ ਇਹ ਮੰਗ ਤੇਰੀ ਮਾਂ ਨੇ ਕੀਤੀ ਹੁੰਦੀ ਤਾਂ ਤੂੰ ਪੂਰੀ ਦੁਕਾਨ ਚੁੱਕ ਲਿਆਉਂਦੀ। ਨੂੰਹ ਕਹਿਣ ਲੱਗੀ ਕਿ ਤੈਨੂੰ ਤਾਂ ਹਰ ਗੱਲ ਵਿਚ ਮੇਰੀ ਮਾਂ ਨੂੰ ਘਸੀਟਣ ਦੀ ਆਦਤ ਹੈ। ਇਉਂ ਗੱਲ ਵਧਦੀ ਵਧਦੀ ਘਰ ਟੁੱਟਣ ਦੀ ਨੌਬਤ ‘ਤੇ ਖਤਮ ਹੋਈ।
ਮੈਨੂੰ ਮੇਰੇ ਇਕ ਜੱਜ ਦੋਸਤ ਨੇ ਦੱਸਿਆ ਕਿ ਤਲਾਕ ਵਾਲੇ ਬਹੁਤ ਮੁਕੱਦਮਿਆਂ ਦਾ ਆਧਾਰ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਹੀ ਹੁੰਦੀਆਂ ਹਨ। ਬਹੁਤ ਸਾਰੇ ਕੇਸਾਂ ਵਿਚ ਉਚੀ ਆਵਾਜ਼ ਵਿਚ ਜਵਾਬ ਦੇਣਾ ਵੀ ਬਹਤੀ ਵਾਰ ਝਗੜੇ ਦਾ ਕਾਰਨ ਬਣਦਾ ਹੈ। ਜੇ ਤੁਹਾਨੂੰ ਅਸਹਿਮਤੀ ਪ੍ਰਗਟਾਉਣ ਦੀ ਕਲਾ ਆਉਂਦੀ ਹੋਵੇ ਤਾਂ ਵੀ ਘਰ ਵਿਚ ਸੁੱਖ ਸ਼ਾਂਤੀ ਬਰਕਰਾਰ ਰਹਿੰਦੀ ਹੈ। ਜੇ ਤੁਸੀਂ ਕਿਸੇ ਗੱਲੋਂ ਇਨਕਾਰ ਵੀ ਕਰਨਾ ਹੈ ਤਾਂ ਇੰਨੇ ਮਿੱਠੇ ਸ਼ਬਦਾਂ ਵਿਚ ਕਰੋ ਕਿ ਸਾਹਮਣੇ ਵਾਲਾ ਅਨਾਦਰ ਦੀ ਭਾਵਨਾ ਨਾ ਮਹਿਸੂਸ ਕਰੇ। ਬਾਹਰ ਗਏ ਬੱਚੇ ਜੇ ਦਿਨ ਵਿਚ ਪੰਜ ਮਿੰਟ ਲਈ ਬਜ਼ੁਰਗਾਂ ਮਾਪਿਆਂ ਨੂੰ ਫੋਨ ਕਰਦੇ ਰਹਿਣ ਤਾਂ ਉਹਨਾਂ ਦੇ ਮਨਾਂ ਵਿਚ ਵਿਯੋਗ ਦੀ ਭਾਵਨਾ ਨਹੀਂ ਆਵੇਗੀ। ਆਪਣੀਆਂ ਪਤਨੀਆਂ ਤੋਂ ਦੂਰ ਰਹਿੰਦੇ ਪਤੀ ਜੇ ਮੋਬਾਇਲ ਫੋਨ ਦੀ ਵਰਤੋਂ ਆਪਣਾ ਪਿਆਰ ਜਿਤਾਉਣ ਲਈ ਕਰਦੇ ਰਹਿਣ ਤਾਂ ਜ਼ਿੰਦਗੀ ਆਨੰਦਮਈ ਬਣੀ ਰਹੇਗੀ।
ਪਿਆਰੇ ਪਾਠਕੋ, ਜ਼ਿੰਦਗੀ ਤਾਂ ਇਕੋ ਹੀ ਮਿਲੀ ਹੈ, ਇਸ ਨੂੰ ਜਸ਼ਨ ਵਾਂਗ ਮਨਾਉਂਦੇ ਜਾਓ। ਨਿੱਤ ਦਿਨ ਉਤਸਵ ਵਾਂਗ ਮਨਾਓ ਪਰ ਇਹ ਤਾਂ ਹੀ ਸੰਭਵ ਹੈ ਜੇ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਦੇ ਮਹੱਤਵ ਨੂੰ ਸਮਝੋਗੇ।