ਅਦਾਕਾਰੀ ਦੀ ਦੁਨੀਆਂ ਵਿੱਚ ਕੁਝ ਖ਼ਾਸ ਨਹੀਂ ਕਰ ਸਕਣ ਦੇ ਬਾਵਜੂਦ ਫ਼ੈਸ਼ਨ ਦੀ ਦੁਨੀਆਂ ਵਿੱਚ ਸੋਨਮ ਕਪੂਰ ਦੇ ਨਾਂ ਦਾ ਡੰਕਾ ਵੱਜਦਾ ਹੈ। ਤਾਂ ਹੀ ਫ਼ਿਲਮ ਇੰਡਸਟਰੀ ਵਿੱਚ ਅਜਿਹਾ ਕਿਹਾ ਜਾਂਦਾ ਹੈ ਕਿ ਅੱਜ ਦੀਆਂ ਅਭਿਨੇਤਰੀਆਂ ਵਿੱਚ ਸਭ ਤੋਂ ਵਧੀਆ ਪਹਿਰਾਵੇ ਦੀ ਸਮਝ ਉਸ ਨੂੰ ਹੀ ਹੈ। ‘ਭਾਗ ਮਿਲਖਾ ਭਾਗ’ ਅਤੇ ‘ਨੀਰਜਾ’ ਫ਼ਿਲਮ ਨੇ ਉਸ ਦੇ ਫ਼ਿਲਮੀ ਕਰੀਅਰ ਨੂੰ ਲੀਹ ‘ਤੇ ਤੋਰਿਆ। ਪੇਸ਼ ਹੈ ਸੋਨਮ ਕਪੂਰ ਨਾਲ ਹੋਈ ਗੱਲਬਾਤ ਦੇ ਅੰਸ਼:
ਤੁਹਾਡੀ ਫ਼ਿਲਮ ‘ਨੀਰਜਾ’ ਨੂੰ ਰਾਸ਼ਟਰੀ ਐਵਾਰਡ ਮਿਲਿਆ। ਤੁਸੀਂ ਇਸ ‘ਤੇ ਕੀ ਕਹੋਗੇ?
-ਮੈਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਫ਼ਿਲਮ ‘ਨੀਰਜਾ’ ਵਿੱਚ ਮੁੱਖ ਭੂਮਿਕਾ ਲਈ ਮੇਰੇ ਅਭਿਨੈ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਕਿਉਂਕਿ ਏਅਰ ਹੋਸਟੈੱਸ ਦੀ ਭੂਮਿਕਾ ਨਿਭਾਉਣਾ ਇੱਕ ਪ੍ਰਕਾਰ ਦੀ ਭਾਵਨਾਤਮਕ ਯਾਤਰਾ ਸੀ, ਜਿਸ ਵਿੱਚ ਜਹਾਜ਼ ਨੂੰ ਅਗਵਾ ਕਰਨ ਦੌਰਾਨ 350 ਯਾਤਰੀਆਂ ਨੂੰ ਬਚਾਉਣ ਦੌਰਾਨ ਨੀਰਜਾ ਦੀ ਮੌਤ ਹੋ ਜਾਂਦੀ ਹੈ, ਪਰ ਉਸ ਤੋਂ ਵੀ ਜ਼ਿਆਦਾ ਖ਼ੁਸ਼ੀ ਇਸ ਗੱਲ ਦੀ ਹੈ ਕਿ ਇਸ ਫ਼ਿਲਮ ਨੂੰ ਰਾਸ਼ਟਰੀ ਐਵਾਰਡ ਦਿੱਤਾ ਗਿਆ। ਇੱਕ ਚੰਗੀ ਫ਼ਿਲਮ ਨੂੰ ਇਸ ਤਰ੍ਹਾਂ ਪੁਰਸਕਾਰ ਦੇਣਾ ਪੂਰੀ ਟੀਮ ਨੂੰ ਹੌਸਲਾ ਦਿੰਦਾ ਹੈ।
‘ਨੀਰਜਾ’ ਨੇ ਬਹੁਤ ਪ੍ਰਸ਼ੰਸਾ ਹਾਸਲ ਕੀਤੀ। ਕੀ ਇਸ ਲਈ ਮਿਹਨਤ ਵੀ ਜ਼ਿਆਦਾ ਕਰਨੀ ਪਈ?
-ਕਿਸੇ ਖ਼ਾਸ ਫ਼ਿਲਮ ਲਈ ਨਹੀਂ, ਬਲਕਿ ਹਰ ਫ਼ਿਲਮ ਵਿੱਚ ਮੈਂ ਉੱਨੀ ਹੀ ਮਿਹਨਤ ਕਰਦੀ ਹਾਂ ਜਿੰਨੀ ਮੈਂ ‘ਨੀਰਜਾ’ ਵਿੱਚ ਕੀਤੀ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਨਿਰਦੇਸ਼ਕਾਂ ਨਾਲ ਮੈਂ ਹੁਣ ਤਕ ਕੰਮ ਕੀਤਾ ਹੈ, ਉਹ ਸਾਰੇ ਮੇਰੇ ਨਾਲ ਵਾਪਸ ਕੰਮ ਕਰਨ ਦੇ ਇਛੁੱਕ ਹਨ। ਫ਼ਿਰ ਚਾਹੇ ਉਹ ਆਨੰਦ ਰਾਏ ਹੋਣ, ਰਾਕੇਸ਼ ਓਮਪ੍ਰਕਾਸ਼ ਮਹਿਰਾ ਹੋਣ ਜਾਂ ਫ਼ਿਰ ਸੰਜੈ ਲੀਲਾ ਭੰਸਾਲੀ ਹੋਣ। ਮੇਰਾ ਮੰਨਣਾ ਹੈ ਕਿ ਹਰ ਫ਼ਿਲਮ ਦੀ ਸਫ਼ਲਤਾ ਬਿਹਤਰੀਨ ਨਿਰਦੇਸ਼ਨ ਅਤੇ ਕਹਾਣੀ ‘ਤੇ ਨਿਰਭਰ ਹੁੰਦੀ ਹੈ। ਜੇਕਰ ਅਦਾਕਾਰ ਨਿਰਦੇਸ਼ਕ ਵੱਲੋਂ ਬਣਾਏ ਕਿਰਦਾਰ ਨੂੰ ਹੂਬਹੂ ਪਰਦੇ ‘ਤੇ ਉਤਾਰਨ ਵਿੱਚ ਸਫ਼ਲ ਹੋ ਜਾਣ ਤਾਂ ਫ਼ਿਲਮ ਸਭ ਨੂੰ ਬਿਹਤਰੀਨ ਲੱਗਦੀ ਹੈ।
ਪਾਕਿਸਤਾਨ ਵਿੱਚ ‘ਨੀਰਜਾ’ ਦੀ ਸਕਰੀਨਿੰਗ ਨਹੀਂ ਹੋ ਸਕੀ। ਤੁਹਾਨੂੰ ਇਸ ਦਾ ਦੁੱਖ ਹੋਏਗਾ?
-ਬਹੁਤ ਦੁੱਖ ਹੋਇਆ। ਦਰਅਸਲ, ਪਾਕਿਸਤਾਨੀ ਲੋਕਾਂ ਨੂੰ ਵੀ ਇਹ ਫ਼ਿਲਮ ਦਿਖਾਉਣੀ ਚਾਹੀਦੀ ਸੀ ਜਿਸ ਨਾਲ ਉਨ੍ਹਾਂ ਨੂੰ ਵੀ ਸੱਚਾਈ ਪਤਾ ਲੱਗਦੀ। ਮੇਰਾ ਅਜਿਹਾ ਮੰਨਣਾ ਹੈ ਕਿ ਲੋਕ ਬਹੁਤ ਹੀ ਸਾਧਾਰਨ ਹੁੰਦੇ ਹਨ, ਪਰ ਇਹ ਕੁਝ ਰਾਜਨੀਤਕ ਤਾਕਤਾਂ ਹੁੰਦੀਆਂ ਹਨ ਜੋ ਅਜਿਹਾ ਕਰਦੀਆਂ ਹਨ। ਮੈਂ ਵਿਦੇਸ਼ ਵਿੱਚ ਬੋਰਡਿੰਗ ਸਕੂਲ ਵਿੱਚ ਪੜ੍ਹਦੀ ਸੀ, ਉੱਥੇ ਮੇਰੇ ਨਾਲ ਪਾਕਿਸਤਾਨੀ ਵਿਦਿਆਰਥੀ ਵੀ ਪੜ੍ਹਦੇ ਸਨ, ਅਸੀਂ ਵਧੀਆ ਦੋਸਤ ਸਨ। ਭਾਰਤੀ ਅਤੇ ਪਾਕਿਸਤਾਨੀ ਲੋਕਾਂ ਵਿੱਚ ਜ਼ਿਆਦਾ ਫ਼ਰਕ ਦਿਖਾਈ ਨਹੀਂ ਦਿੰਦਾ। ਸਾਡਾ ਰੰਗ ਰੂਪ ਮਿਲਦਾ ਜੁਲਦਾ ਹੈ। ਸਾਡਾ ਸੱਭਿਆਚਾਰ ਵੀ ਇੱਕੋ ਜਿਹਾ ਹੀ ਹੈ। ਜੇਕਰ ਕਦੇ ‘ਨੀਰਜਾ’ ਪਾਕਿਸਤਾਨ ਵਿੱਚ ਵੀ ਰਿਲੀਜ਼ ਹੋਵੇ ਤਾਂ ਮੈਂ ਬੇਹੱਦ ਖ਼ੁਸ਼ ਹੋਵਾਂਗੀ।
ਤੁਸੀਂ ਵੀ ਇਹ ਮੰਨਦੇ ਹੋ ਕਿ ਬੌਲੀਵੁੱਡ ਵਿੱਚ ਸਫ਼ਲਤਾ ਹੀ ਕਲਾਕਾਰ ਦਾ ਕੱਦ ਤੈਅ ਕਰਦੀ ਹੈ?
-ਬੇਸ਼ੱਕ ਸੱਚ ਇਹੀ ਹੈ ਕਿ ਇਸ ਫ਼ਿਲਮ ਇੰਡਸਟਰੀ ਵਿੱਚ ਸਫ਼ਲਤਾ ਹੀ ਸਭ ਕੁਝ ਹੈ। ਜਦੋਂ ਤਕ ਤੁਹਾਡੇ ਹਿੱਸੇ ਵਿੱਚ ਅਸਫ਼ਲਤਾ ਆਉਂਦੀ ਹੈ, ਸਭ ਕੁਝ ਸਾਧਾਰਨ ਚੱਲਦਾ ਰਹਿੰਦਾ ਹੈ, ਪਰ ਜਦੋਂ ਹੀ ਤੁਹਾਡੇ ਹਿੱਸੇ ਵਿੱਚ ਸਫ਼ਲਤਾ ਆਉਣ ਲੱਗਦੀ ਹੈ, ਸਾਰੀਆਂ ਚੀਜ਼ਾਂ ਇੱਥੋਂ ਤਕ ਕੇ ਆਸ ਪਾਸ ਦੇ ਲੋਕ ਵੀ ਬਦਲ ਜਾਂਦੇ ਹਨ। ਸ਼ਾਇਦ ਇਹ ਦੁਨੀਆਂ ਇਸ ਤਰ੍ਹਾਂ ਹੀ ਚੱਲਦੀ ਹੈ। ਹਾਲਾਂਕਿ ਲੋਕ ਬੇਸ਼ੱਕ ਬਦਲਦੇ ਰਹਿਣ, ਪਰ ਮੈਂ ਖ਼ੁਦ ਕਦੇ ਵੀ ਬਦਲਣ ਦੀ ਉਮੀਦ ਨਹੀਂ ਕਰਦੀ। ਮੈਨੂੰ ਲੱਗਦਾ ਹੈ ਕਿ ਮੇਰੇ ਕਰੀਬੀ ਲੋਕ ਬਹੁਤ ਜ਼ਿਆਦਾ ਨਹੀਂ ਬਦਲੇ ਹਨ ਅਤੇ ਅਜਿਹੇ ਕੁਝ ਖ਼ਾਸ ਨਿਰਦੇਸ਼ਕ ਵੀ ਹਨ ਜਿਨ੍ਹਾਂ ਨਾਲ ਮੈਂ ਲਗਾਤਾਰ ਕੰਮ ਕਰ ਰਹੀ ਹਾਂ ਕਿਉਂਕਿ ਉਹ ਵੀ ਨਹੀਂ ਬਦਲੇ ਹਨ। ਉਨ੍ਹਾਂ ਦਾ ਭਰੋਸਾ ਲਗਾਤਾਰ ਮੇਰੇ ‘ਤੇ ਬਣਿਆ ਹੋਇਆ ਹੈ। ਇਸ ਲਈ ਮੈਂ ਕਹਾਂਗੀ ਕਿ ਕਰੀਅਰ ਵਿੱਚ ਸਫ਼ਲਤਾ ਬਹੁਤ ਜ਼ਰੂਰੀ ਹੈ, ਪਰ ਸਫ਼ਲਤਾ ਹੀ ਸਭ ਕੁਝ ਨਹੀਂ ਹੁੰਦੀ।
ਤੁਸੀਂ ਸ਼ੁਰੂਆਤੀ ਦੌਰ ਦੀਆਂ ਨਾਕਾਮੀਆਂ ਤੋਂ ਬਾਅਦ ਕਿਸੇ ਫ਼ਿਲਮ ਨੂੰ ਕਰੀਅਰ ਦੇ ਹਿਸਾਬ ਨਾਲ ਅਹਿਮ ਮੰਨਦੇ ਹੋ?
-ਫ਼ਿਲਮ ‘ਰਾਂਝਣਾ’ ਨੂੰ ਕਿਉਂਕਿ ਉਸ ਦੀ ਰਿਲੀਜ਼ ਤੋਂ ਬਾਅਦ ਵੀ ਮੈਨੂੰ ਕੁਝ ਬਿਹਤਰੀਨ ਪ੍ਰਤੀਕਿਰਿਆਵਾਂ ਮਿਲੀਆਂ ਸਨ। ‘ਭਾਗ ਮਿਲਖਾ ਭਾਗ’ ਵਿੱਚ ਵੀ ਮੇਰੇ ਹਿੱਸੇ ਵਿੱਚ ਬੇਸ਼ੱਕ ਛੋਟੀ ਭੂਮਿਕਾ ਸੀ, ਪਰ ਉਸ ਲਈ ਵੀ ਲੋਕਾਂ ਅਤੇ ਸਮੀਖਿਅਕਾਂ ਦੀਆਂ ਚੰਗੀਆਂ ਪ੍ਰਤੀਕਿਰਿਆਵਾਂ ਮਿਲੀਆਂ ਸਨ। ਸਲਮਾਨ ਖ਼ਾਨ ਨਾਲ ‘ਪ੍ਰੇਮ ਰਤਨ ਧਨ ਪਾਇਓ’ ਨੂੰ ਵੀ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ ਸੀ। ਇਨ੍ਹਾਂ ਸਭ ਫ਼ਿਲਮਾਂ ਤੋਂ ਮੈਨੂੰ ਕਾਫ਼ੀ ਹੌਸਲਾ ਮਿਲਿਆ ਜਦੋਂ ਕਿ ‘ਨੀਰਜਾ’ ਨਾਲ ਕਰੀਅਰ ਨੂੰ ਚਾਰ ਚੰਨ ਲੱਗ ਗਏ, ਪਰ ਇਸ ਦੇ ਬਾਵਜੂਦ ਮੈਨੂੰ ਲੱਗਦਾ ਹੈ ਕਿ ਅਜੇ ਮੇਰਾ ‘ਬਿਹਤਰੀਨ’ ਆਉਣਾ ਅਤੇ ਮੇਰੀ ਤਰਫ਼ ਤੋਂ ਵਧੀਆ ਪੇਸ਼ਕਾਰੀ ਕਰਨੀ ਅਜੇ ਬਾਕੀ ਹੈ। ਮੇਰੀ ਮੰਜ਼ਿਲ ਅਜੇ ਦੂਰ ਹੈ ਅਤੇ ਉਸ ਲਈ ਬਹੁਤ ਕੁਝ ਚੰਗਾ ਕਰਨਾ ਹੈ। ਬਹੁਤ ਕੁਝ ਸਿੱਖਣਾ ਹੈ।
ਤੁਸੀਂ ਕਿਰਦਾਰ ਦੇ ਹਿਸਾਬ ਨਾਲ ਅਭਿਨੈ ਕਰਦੇ ਹੋ ਜਾਂ ਨਿਰਦੇਸ਼ਕ ਦੇ ਹਿਸਾਬ ਨਾਲ?
-ਮੈਨੂੰ ਲੱਗਦਾ ਹੈ ਕਿ ਮੈਂ ਨਿਰਦੇਸ਼ਕ ਦੀ ਅਭਿਨੇਤਰੀ ਹਾਂ। ਹਾਲਾਂਕਿ ਇੱਕ ਕਲਾਕਾਰ ਨੂੰ ਕਿਰਦਾਰ ਦੇ ਹਿਸਾਬ ਨਾਲ ਖ਼ੁਦ ਨੂੰ ਢਾਲਣਾ ਹੀ ਪੈਂਦਾ ਹੈ, ਪਰ ਇੱਕ ਨਿਰਦੇਸ਼ਕ ਆਪਣੇ ਨਜ਼ਰੀਏ ਨਾਲ ਉਸ ਕਿਰਦਾਰ ਨੂੰ ਕਲਾਕਾਰ ਨੂੰ ਇੱਕ ਨਵਾਂ ਆਕਾਰ ਦਿੰਦਾ ਹੈ। ਕਿਸੇ ਕਲਾਕਾਰ ਦਾ  ਚੰਗਾ ਜਾਂ ਬੁਰਾ ਅਭਿਨੈ ਨਿਰਦੇਸ਼ਕ ਦੇ ਦ੍ਰਿਸ਼ਟੀਕੋਣ ‘ਤੇ ਨਿਰਭਰ ਕਰਦਾ ਹੈ। ਜੇਕਰ ਨਿਰਦੇਸ਼ਕ ਸੰਤੁਸ਼ਟ ਹੈ ਤਾਂ ਮੇਰੇ ਲਈ ਕੰਮ ਚੰਗਾ ਹੈ ਅਤੇ ਜੇਕਰ ਮੈਂ ਬੁਰਾ ਕਰਦੀ ਹਾਂ ਤਾਂ ਉਹ ਵੀ ਨਿਰਦੇਸ਼ਕ ਦੀ ਵਜ੍ਹਾ ਕਰਕੇ ਹੀ ਹੁੰਦਾ ਹੈ।
ਆਪਣੀ ਆਉਣ ਵਾਲੀ ਫ਼ਿਲਮ ਨੂੰ ਤੁਸੀਂ ਕਰੀਅਰ ਦੇ ਲਿਹਾਜ਼ ਨਾਲ ਜ਼ਿਕਰਯੋਗ ਮੰਨਦੇ ਹੋ?
-ਮੇਰੀ ਆਉਣ ਵਾਲੀ ਫ਼ਿਲਮ ‘ਵੀਰੇ ਦੀ ਵੈਡਿੰਗ’ ਮਹੱਤਵਪੂਰਨ ਸਾਬਤ ਹੋਏਗੀ। ਮੇਰੀ ਭੈਣ ਰੀਆ ਕਪੂਰ, ਏਕਤਾ ਕਪੂਰ ਨਾਲ ਮਿਲ ਕੇ ਇਸ ਫ਼ਿਲਮ ਨੂੰ ਬਣਾ ਰਹੀ ਹੈ। ‘ਰਾਂਝਣਾ’ ਤੋਂ ਬਾਅਦ ਇੱਕ ਵਾਰ ਫ਼ਿਰ ਇਸ ਫ਼ਿਲਮ ਵਿੱਚ ਮੈਂ  ਵਿਦਿਆਰਥੀ ਦੇ ਕਿਰਦਾਰ ਵਿੱਚ ਦਿਖਾਈ ਦੇਵਾਂਗੀ, ਪਰ ਉਹ ਕਿਰਦਾਰ ਸਕੂਲ ਵਿਦਿਆਰਥੀ ਦਾ ਨਹੀਂ, ਬਲਕਿ ਕਾਲਜ ਵਿਦਿਆਰਥੀ ਦਾ ਹੋਏਗਾ। ਵੈਸੇ, ‘ਵੀਰੇ ਦੀ ਵੈਡਿੰਗ’ ਤੋਂ ਇਲਾਵਾ ‘ਪੈਡਮੈਨ’ ਅਤੇ ‘ਦੱਤ’ ਵਰਗੀਆਂ ਫ਼ਿਲਮਾਂ ਵੀ ਕਰ ਰਹੀ ਹਾਂ।
‘ਵੀਰੇ ਦੀ ਵੈਡਿੰਗ’ ਨੂੰ ਕਰੀਨਾ ਕਪੂਰ ਦੀ ਵਾਪਸੀ ਫ਼ਿਲਮ ਕਿਹਾ ਜਾ ਰਿਹਾ ਹੈ ਤਾਂ ਫ਼ਿਰ ਤੁਹਾਡੇ ਲਈ ਕਿੰਨਾ ਕੁ ਸਥਾਨ ਹੋਏਗਾ?
-ਇਹ ਸਹੀ ਹੈ ਕਿ ਮਾਂ ਬਣਨ ਤੋਂ ਬਾਅਦ ਕਰੀਨਾ ਕਪੂਰ ‘ਵੀਰੇ ਦੀ ਵੈਡਿੰਗ’  ਜ਼ਰੀਏ ਬੌਲੀਵੁੱਡ ਵਿੱਚ ਧਮਾਕਾ ਕਰਨ ਆ ਰਹੀ ਹੈ, ਪਰ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਕਰੀਨਾ ਅਤੇ ਮੇਰੇ ਤੋਂ ਇਲਾਵਾ ਇਸ ਫ਼ਿਲਮ ਵਿੱਚ ਸਵਰਾ ਭਾਸਕਰ ਦੀ ਵੀ ਅਹਿਮ ਭੂਮਿਕਾ ਹੈ। ਜੇਕਰ ਇਕੱਠੀਆਂ ਤਿੰਨ ਅਭਿਨੇਤਰੀਆਂ ਇੱਕ ਫ਼ਿਲਮ ਵਿੱਚ ਕੰਮ ਕਰ ਰਹੀਆਂ ਹਨ ਤਾਂ ਇਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਫ਼ਿਲਮ ਵਿੱਚ ਕੁਝ ਖ਼ਾਸ ਗੱਲ ਜ਼ਰੂਰ ਹੈ ਅਤੇ ਹਰ ਕਲਾਕਾਰ ਲਈ ਬਰਾਬਰ ਦਾ ਸਥਾਨ ਵੀ ਹੈ। ਵੈਸੇ ਵੀ ਕਿਰਦਾਰ ਛੋਟਾ ਜਾਂ ਵੱਡਾ ਹੈ, ਇਹ ਮਤਲਬ ਨਹੀਂ ਰੱਖਦਾ, ਬਲਕਿ ਮਹੱਤਵਪੂਰਨ ਇਹ ਹੈ ਕਿ ਕਹਾਣੀ ਦੇ ਨਾਲ ਉਸ ਕਿਰਦਾਰ ਦਾ ਸਬੰਧ ਕਿਵੇਂ ਦਾ ਹੈ ਅਤੇ ਉਸ ਵਿੱਚ ਕਿੰਨੀ ਗਹਿਰਾਈ ਹੈ।
ਅੱਜ ਦੇ ਦੌਰ ਵਿੱਚ ਕਿਹੜੀਆਂ ਅਭਿਨੇਤਰੀਆਂ ਨੂੰ ਤੁਸੀਂ ਲੰਬੀ ਦੌੜ ਦਾ ਘੋੜਾ ਮੰਨਦੇ ਹੋ?
-ਆਲੀਆ ਭੱਟ ਨੂੰ, ਇਸ ਵਜ੍ਹਾ ਕਾਰਨ ਮੈਂ ਆਪਣੇ ਤੋਂ ਪੰਜ ਸਾਲ ਜੂਨੀਅਰ ਆਲੀਆ ਤੋਂ ਚਿੜ੍ਹਦੀ ਵੀ ਹਾਂ। ਦਰਅਸਲ, ਮੈਨੂੰ ਲੱਗਦਾ ਹੈ ਕਿ ਇਸ ਉਮਰ ਵਿੱਚ ਆਲੀਆ ਆਪਣੇ ਕਰੀਅਰ ਨੂੰ ਲੈ ਕੇ ਜਿਸ ਤਰ੍ਹਾਂ ਦੀ ਸਮਝਦਾਰੀ ਨਾਲ ਫ਼ੈਸਲੇ ਲੈ ਰਹੀ ਹੈ, ਜਦੋਂ ਮੈਂ ਆਲੀਆ ਦੀ ਉਮਰ ਦੀ ਸੀ ਤਾਂ ਮੈਂ ਉਸ ਤਰ੍ਹਾਂ ਦੇ ਫ਼ੈਸਲੇ ਨਹੀਂ ਲਏ। ਆਲੀਆ ਦੇ ਨਾਲ ਨਾਲ ਪਰਿਣੀਤੀ ਚੋਪੜਾ ਵੀ ਚੰਗਾ ਕੰਮ ਕਰ ਰਹੀ ਹੈ, ਪਰ ਸਭ ਤੋਂ ਬਿਹਤਰ ਅਨੁਸ਼ਕਾ ਹੈ।
ਕਰੀਅਰ ਦੇ ਇਸ ਪੜਾਅ ‘ਤੇ ਕੀ ਤੁਸੀਂ ਆਪਣੇ ਅਭਿਨੈ ਵਿੱਚ ਪ੍ਰਯੋਗ ਕਰਨਾ ਚਾਹੋਗੇ?
-ਬਿਲਕੁਲ ਕਰਾਂਗੀ ਅਤੇ ਅਲੱਗ ਅਲੱਗ ਤਰ੍ਹਾਂ ਦੇ ਕਿਰਦਾਰਾਂ ਦੇ ਜ਼ਰੀਏ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹਾਂ। ਖ਼ੁਦ ਨੂੰ ਸਾਬਤ ਕਰਨ ਲਈ ਨਾਕਾਰਾਤਮਕ ਕਿਰਦਾਰ ਤੋਂ ਵੀ ਮੈਨੂੰ ਪਰਹੇਜ਼ ਨਹੀਂ ਹੈ। ਆਖਿਰਕਾਰ ਅਸੀਂ ਅਦਾਕਾਰ ਹਾਂ ਅਤੇ ਪਰਦੇ ‘ਤੇ ਆਮ ਨਹੀਂ, ਬਲਕਿ ਇੱਕ ਖ਼ਾਸ ਕਿਰਦਾਰ ਜਿਊਂਦੇ ਹਾਂ ਜੋ ਸਾਕਾਰਾਤਮਕ ਜਾਂ ਨਾਕਾਰਾਤਮਕ ਕੁਝ ਵੀ ਹੋ ਸਕਦਾ ਹੈ। ਮੈਂ ਸਾਕਾਰਾਤਮਕ ਅਤੇ ਨਾਕਾਰਾਤਮਕ ਦੋਨੋਂ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਪਸੰਦ ਕਰਾਂਗੀ, ਬਸ਼ਰਤੇ ਉਨ੍ਹਾਂ ਵਿੱਚ ਕੁਝ ਖ਼ਾਸ ਹੋਵੇ।
ਤੁਹਾਡਾ ਨਾਂ ਅਕਸਰ ਕਿਸੇ ਨਾ ਕਿਸੇ ਦੇ ਨਾਲ ਜੋੜਿਆ ਜਾਂਦਾ ਰਿਹਾ ਹੈ। ਸੱਚਾਈ ਕੀ ਹੈ?
-ਕੋਈ ਸੱਚਾਈ ਨਹੀਂ ਹੈ। ਸਭ ਨੂੰ ਪਤਾ ਹੈ ਕਿ ਮੈਂ ਸਪੱਸ਼ਟ ਬੋਲਣ ਵਾਲੀ ਲੜਕੀ ਹਾਂ। ਅਜਿਹੇ ਵਿੱਚ ਮੈਂ ਜੇਕਰ ਕਿਸੇ ਰਿਸ਼ਤੇ ਵਿੱਚ ਪਵਾਂਗੀ ਤਾਂ ਉਸ ਨੂੰ ਛੁਪਾਵਾਂਗੀ ਨਹੀਂ। ਪਰ ਅਜੇ ਇਕੱਲੀ ਹਾਂ ਕਿਉਂਕਿ ਮੈਨੂੰ ਆਪਣੇ ‘ਤੇ ਧਿਆਨ ਦੇਣ, ਖ਼ੁਦ ਨੂੰ ਸਾਬਤ ਕਰਨ, ਇੱਕ ਜੋੜੇ ਦਾ ਹਿੱਸਾ ਬਣਨ ਦੀ ਚਾਹਤ ਰੱਖਣ ਤੋਂ ਪਹਿਲਾਂ ਖ਼ੁਦ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ।
ਤੁਹਾਨੂੰ ਬੌਲੀਵੁੱਡ ਵਿੱਚ ਫ਼ੈਸ਼ਨ ਦਾ ਆਦਰਸ਼ ਮੰਨਿਆ ਜਾਂਦਾ ਹੈ, ਪਰ ਖ਼ੁਦ ਤੁਸੀਂ ਕਿਸ ਤਰ੍ਹਾਂ ਦੇ ਕੱਪੜਿਆਂ ਵਿੱਚ ਆਰਾਮਦਾਇਕ ਮਹਿਸੂਸ ਕਰਦੇ ਹੋ?
– ਇਹ ਸਹੀ ਹੈ ਕਿ ਬੌਲੀਵੁੱਡ ਵਿੱਚ ਮੇਰੇ ਸਟਾਈਲ ਅਤੇ ਵਿਲੱਖਣ ਕੱਪੜਿਆਂ ਦੀ ਪਸੰਦ ਦੀ ਵਜ੍ਹਾ ਨਾਲ ਮੈਨੂੰ ਜਾਣਿਆ ਜਾਂਦਾ ਹੈ, ਪਰ ਸੱਚ ਕਹਾਂ ਤਾਂ ਮੈਂ ਖ਼ੁਦ ਅਜਿਹੇ ਕੱਪੜੇ ਪਹਿਨਣਾ ਪਸੰਦ ਕਰਦੀ ਹਾਂ ਜਿਨ੍ਹਾਂ ਵਿੱਚ ਆਰਾਮਦਾਇਕ ਮਹਿਸੂਸ ਕਰ ਸਕਾਂ। ਮੇਰਾ ਮੰਨਣਾ ਹੈ ਕਿ ਘੱਟ ਦਿਖਾ ਕੇ ਵੀ ਖ਼ੂਬਸੂਰਤ ਦਿਖਾਈ ਦਿੱਤਾ ਜਾ ਸਕਦਾ ਹੈ।