ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਰਹਿਣ ਵਾਲੇ ਸ. ਸੁਖਦੇਵ ਸਿੰਘ ਸੁੱਖੀ ਅਮੀਰ ਕਿਸਾਨ ਸਨ। ਉਹਨਾਂ ਦੇ ਪਰਿਵਾਰ ਵਿੱਚ ਪਤਨੀ ਅਤੇ 3 ਬੱਚੇ, ਜਿਹਨਾਂ ਵਿੱਚ ਦੋ ਲੜਕੀਆਂ ਮਨਦੀਪ ਕੌਰ, ਸੰਦੀਪ ਕੌਰ ਅਤੇ ਇੱਕ ਲੜਕਾ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਸੀ। ਉਹਨਾਂ ਦੀ ਵੱਡੀ ਕੁੜੀ ਮਨਦੀਪ ਕੌਰ ਦਾ ਵਿਆਹ ਜਿਸ ਲੜਕੇ ਨਾਲ ਕੀਤਾ ਸੀ, ਉਹ ਆਸਟ੍ਰੇਲੀਆ ਵਿੱਚ ਰਹਿੰਦਾ ਸੀ।
ਵਿਆਹ ਤੋਂ ਬਾਅਦ ਮਨਦੀਪ ਕੌਰ ਵੀ ਪਤੀ ਦੇ ਨਾਲ ਆਸਟ੍ਰੇਲੀਆ ਜਾ ਕੇ ਰਹਿਣ ਲੱਗੀ। ਭੈਣ ਦੇ ਜਾਣ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਦਾ ਮਨ ਵੀ ਆਸਟ੍ਰੇਲੀਆ ਜਾਣ ਨੂੰ ਕਰਨ ਲੱਗਿਆ ਤਾਂ ਸੁਖਦੇਵ ਸਿੰਘ ਨੇ ਉਸਨੂੰ ਵੀ ਆਸਟ੍ਰੇਲੀਆ ਭੇਜ ਦਿੱਤਾ। ਉਥੇ ਭੈਣ ਅਤੇ ਭਣੋਈਏ ਦੀ ਮਦਦ ਨਾਲ ਗੁਰਪ੍ਰੀਤ ਨੇ ਜੋ ਕੰਮ ਆਰੰਭ ਕੀਤਾ, ਉਹ ਚੱਲ ਪਿਆ। ਜੀਜਾ ਜੀ ਦੇ ਕਾਰਨ ਗੁਰਪ੍ਰੀਤ ਨੂੰ ਵੀ ਉਥੋਂ ਦੀ ਨਾਗਰਿਕਤਾ ਮਿਲ ਗਈ ਸੀ। ਸੁਖਦੇਵ ਸਿੰਘ ਦਾ ਮੁੰਡਾ ਪ੍ਰਵਾਸੀ ਭਾਰਤੀ ਬਣ ਗਿਆ ਤਾਂ ਉਸ ਦੇ ਲਈ ਚੰਗੇ ਘਰਾਂ ਦੇ ਰਿਸ਼ਤੇ ਵੀ ਆਉਣ ਲੱਗੇ। ਉਹਨਾਂ ਨੇ ਕੁਝ ਲੜਕੀਆਂ ਦੀਆਂ ਤਸਵੀਰਾਂ ਗੁਰਪ੍ਰੀਤ ਦੇ ਕੋਲ ਭੇਜੀਆਂ ਤਾਂ ਉਹਨਾਂ ਵਿੱਚੋਂ ਉਸਨੇ ਕਿਰਨਦੀਪ ਕੌਰ ਨੂੰ ਪਸੰਦ ਕਰ ਲਿਆ। ਇਸ ਤੋਂ ਬਾਅਦ ਆਸਟ੍ਰੇਲੀਆ ਤੋਂ ਪੰਜਾਬ ਆ ਕੇ ਉਸ ਨੇ ਕਿਰਨਦੀਪ ਕੌਰ ਨਾਲ ਵਿਆਹ ਕਰਵਾ ਲਿਆ।
ਵਿਆਹ ਤੋਂ ਬਾਅਦ ਗੁਰਪ੍ਰੀਤ ਸਿੰਘ ਆਸਟ੍ਰੇਲੀਆ ਚਲਿਆ ਗਿਆ। ਕੁਝ ਦਿਨਾਂ ਬਾਅਦ ਕਿਰਨਦੀਪ ਕੌਰ ਦੇ ਵੀ ਆਸਟ੍ਰੇਲੀਆ ਜਾਣ ਦੀ ਵਿਵਸਥਾ ਕਰ ਦਿੱਤੀ। ਉਹ ਕੁਝ ਦਿਨਾਂ ਤੱਕ ਪਤੀ ਦੇ ਕੋਲ ਆਸਟ੍ਰੇਲੀਆ ਵਿੱਚ ਰਹਿੰਦਾ ਤਾਂ ਕੁਝ ਦਿਨਾਂ ਦੇ ਲਈ ਪੰਜਾਬ ਆ ਕੇ ਸੱਸ-ਸਹੁਰੇ ਦੇ ਨਾਲ ਰਹਿੰਦੀ। ਗੁਰਪ੍ਰੀਤ ਦੇ ਆਸਟ੍ਰੇਲੀਆ ਜਾਣ ਤੋਂ ਬਾਅਦ ਸੁਖਦੇਵ ਸਿੰਘ ਪਿੰਡ ਵਾਲਾ ਮਕਾਨ ਵੇਚ ਕੇ ਟਾਂਡਾ ਸ਼ਹਿਰ ਦੇ ਬਾਈਪਾਸ ਦੇ ਕੋਲ ਪਾਸ਼ ਇਲਾਕੇ ਵਿੱਚ ਇੱਕ ਵੱਡੀ ਕੋਠੀ ਖਰੀਦ ਕੇ ਉਸ ਵਿੱਚ ਰਹਿਣ ਲੱਗਿਆ। ਖੇਤੀ ਉਸਨੇ ਠੇਕੇ ‘ਤੇ ਦੇ ਦਿੱਤੀ।
26 ਮਾਰਚ 2016 ਦੀ ਰਾਤ ਗੁਰਪ੍ਰੀਤ ਸਿੰਘ ਨੇ ਪਿਤਾ ਸੁਖਦੇਵ ਸਿੰਘ ਨੂੰ ਫ਼ੋਨ ਕੀਤਾ। ਉਹ ਪਿਤਾ ਨੂੰ ਦੱਸਣਾ ਚਾਹੁੰਦਾ ਸੀ ਕਿ ਉਹਨਾਂ ਦੇ ਆਸਟ੍ਰੇਲੀਆ ਆਉਣ ਦੀ ਵਿਵਸਥਾ ਹੋ ਗਈ ਹੈ। ਦਰਅਸਲ ਉਹ ਆਪਣੇ ਮਾਪਿਆਂ ਨੂੰ ਵੀ ਸਥਾਈ ਤੌਰ ਤੇ ਆਪਣੇ ਨਾਲ ਰੱਖਣਾ ਚਾਹੁੰਦਾ ਸੀ। ਪਰ ਪੂਰੀ ਘੰਟੀ ਵੱਜਣ ਤੋਂ ਬਾਅਦ ਵੀ ਫ਼ੋਨ ਨਹੀਂ ਚੁੱਕਿਆ। ਉਸ ਨੇ ਕਈ ਵਾਰ ਫ਼ੋਨ ਕੀਤਾ ਹਰ ਵਾਰ ਪੂਰੀ ਘੰਟੀ ਵੱਜੀ ਪਰ ਫ਼ੋਨ ਨਾ ਚੁੱਕਿਆ।
ਫ਼ੋਨ ਨਾ ਚੁੱਕਣ ਕਾਰਨ ਉਹ ਪ੍ਰੇਸ਼ਾਨ ਹੋ ਗਿਆ। ਪਤਨੀ ਕਿਰਨਦੀਪ ਅਤੇ ਛੋਟੀ ਲੜਕੀ ਸੰਦੀਪ ਨੇ ਸਮਝਾਇਆ ਕਿ ਉਹ ਸੌਂ ਗਏ ਹੋਣਗੇ। ਇਸ ਕਰਕੇ ਫ਼ੋਨ ਨਹੀਂ ਚੁੱਕ ਰਹੇ। ਸਵੇਰੇ ਫ਼ੋਨ ਕਰ ਲੈਣਾ।ਅਗਲੇ ਦਿਨ ਫ਼ੋਨ ਕੀਤਾ ਤਾਂ ਫ਼ਿਰ ਕਿਸੇ ਨੇ ਫ਼ੋਨ ਨਾ ਚੁੱਕਿਆ। ਰਾਤੀ 11 ਵਜੇ ਉਸਨੇ ਟਾਂਡਾ ਦੇ ਸ਼ਿਮਲਾ ਪਹਾੜੀ ਤੇ ਰਹਿਣ ਆਪਣੇ ਮਾਸੇ ਬਲਬੀਰ ਸਿੰਘ ਨੂੰ ਫ਼ੋਨ ਕਰਕੇ ਸਾਰੀ ਗੱਲ ਦੱਸ ਕੇ ਉਸ ਨੇ ਕਿਹਾ ਕਿ ਉਹ ਉਸ ਦੀ ਕੋਠੀ ਤੇ ਜਾ ਕੇ ਦੇਖੇ ਕਿ ਪਿਤਾ ਅਤੇ ਮਾਂ ਜੀ ਫ਼ੋਨ ਕਿਉਂ ਨਹੀਂ ਉਠਾ ਰਹੇ।
ਉਸ ਸਮੇਂ ਰਾਤ ਦੇ 11 ਵਜੇ ਸਨ, ਇਸ ਕਰਕੇ ਬਲਬੀਰ ਸਿੰਘ ਨੇ ਕਿਹਾ ਕਿ ਹੁਣ ਇੰਨੀ ਰਾਤ ਨੂੰ ਤਾਂ ਉਹ ਨਹੀਂ ਜਾ ਸਕਦੇ, ਸਵੇਰ ਹੁੰਦੇ ਹੀ ਉਥੇ ਜਾ ਕੇ ਪਤਾ ਕਰਦੇ ਹਾਂ। ਗੁਰਪ੍ਰੀਤ ਦੀ ਮਾਸੀ ਵਿਜੈ ਕੌਰ ਨੇ ਉਸ ਸਮੇਂ ਆਪਣੇ ਭਰਾ ਕੁਲਦੀਪ ਸਿੰਘ ਨੂੰ ਫ਼ੋਨ ਕਰਕੇ ਇਹ ਗੱਲ ਦੱਸ ਕੇ ਕਿਹਾ ਕਿ ਸਵੇਰੇ ਉਠ ਕੇ ਉਹਨਾਂ ਨੇ ਸਿੱਧੇ ਉਥੇ ਜਾਣਾ ਹੈ।
ਕੁਲਦੀਪ ਸਿੰਘ ਜੋ ਵਾਰਡ 1 ਦਾਰਾਪੁਰ, ਟਾਂਡਾ ਦਸੂਈਆਂ ਵਿੱਚ ਰਹਿੰਦਾ ਸੀ, ਸਵੇਰਾ ਹੁੰਦੇ ਹੀ ਆਪਣੇ ਭਣਵਈਏ ਸੁਖਦੇਵ ਸਿੰਘ ਦੀ ਕੋਠੀ ਤੇ ਪਹੁੰਚਿਆ ਤਾਂ ਬਾਹਰ ਵਾਲਾ ਗੇਟ ਖੁੱਲ੍ਹਾ ਸੀ। ਇਸ ਗੱਲ ‘ਤੇ ਉਹਨਾਂ ਨੇ ਧਿਆਨ ਨਾ ਦਿੱਤਾ। ਪਰ ਜਦੋਂ ਉਹਨਾਂ ਨੇ ਪੂਰੀ ਕੋਠੀ ਦੇ ਦਰਵਾਜ਼ੇ ਖੁੱਲ੍ਹੇ ਦੇਖੇ ਤਾਂ ਸਮਝ ਗਿਆ ਕਿ ਕੁਝ ਗੜਬੜ ਹੈ। ਉਹ ਭੱਜ ਕੇ ਬੈਡਰੂਮ ਵਿੱਚ ਗਿਆ ਤਾਂ ਸਾਹਮਣੇ ਬੈਡ ਤੇ ਉਹਨਾਂ ਦੀ ਭੈਣ ਸੰਤੋਸ਼ ਕੌਰ ਅਤੇ ਭਣੋਈਆ ਸੁਖਦੇਵ ਸਿੰਘ ਚਿੱਤ ਪਏ ਸਨ। ਕੋਠੀ ਦੇ ਇੱਕ ਕਮਰੇ ਤੋਂ ਉਹਨਾਂ ਦੇ ਪਾਲਤੂ ਕੁੱਤੇ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ। ਉਹ ਸਮਝ ਗਿਆ ਕਿ ਇਹਨਾਂ ਦੀ ਮੌਤ ਹੋ ਚੁੱਕੀ ਹੈ।
ਉਸਨੇ ਤੁਰੰਤ ਭੈਣ ਵਿਜੈ ਕੌਰ ਅਤੇ ਜੀਜਾ ਬਲਬੀਰ ਸਿੰਘ ਨੂੰ ਫ਼ੋਨ ਕੀਤਾ। ਬਾਕੀ ਸਾਰੇ ਰਿਸ਼ਤੇਦਾਰਾਂ ਨੂੰ ਖਬਰ ਹੋ ਗਈ। ਥੋੜ੍ਹੀ ਦੇਰ ਬਾਅਦ ਆਸ ਪਾਸ ਦੇ ਲੋਕ ਵੀ ਇੱਕੱਠੇ ਹੋਣ ਲੱਗੇ ਅਤ ਪੁਲਿਸ ਵੀ ਆ ਗਈ। ਪੁਲਿਸ ਨੂੰ ਘਟਨਾ ਸਥਾਨ ਤੇ ਕੁਝ ਅਜਿਹਾ ਸ਼ੱਕੀ ਨਹੀਂ ਮਿਲਿਆ, ਜਿਸਤੋਂ ਲੱਗਦਾ ਕਿ ਉਹਨਾਂ ਦੀ ਹੱਤਿਆ ਹੋਈ ਹੈ ਜਾਂ ਆਤਮ ਹੱਤਿਆ।
ਸਿਰਫ਼ ਇੱਕ ਗੱਲ ਹੈਰਾਨ ਕਰਨ ਵਾਲੀ ਸੀ ਕਿ ਕੋਠੀ ਦੇ ਸਾਰੇ ਕਮਰੇ ਅਤੇ ਦਰਵਾਜ਼ੇ ਖੁੱਲ੍ਹੇ ਸਨ, ਜਦਕਿ ਪਾਲਤੂ ਕੁੱਤੇ ਦੇ ਕਮਰੇ ਦਾ ਦਰਵਾਜ਼ਾ ਬਾਹਰ ਤੋਂ ਬੰਦ ਸੀ। ਜਗਜੀਤ ਸਿੰਘ ਨੇ ਰਿਸ਼ਤੇਦਾਰਾਂ ਅਤੇ ਪੜੌਸੀਆਂ ਤੋਂ ਪੁੱਛਿਆ, ਉਹਨਾਂ ਦੱਸਿਆ ਕਿ ਕੋਠੀ ਦਾ ਗੇਟ 2 ਦਿਨ ਤੋਂ ਖੁੱਲ੍ਹਾ ਸੀ। ਸੁਖਦੇਵ ਸਿੰਘ ਅਤੇ ਉਸਦੀ ਪਤਨੀ ਦਿਖਾਈ ਨਹੀਂ ਦਿੱਤੀ। ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਰਿਸ਼ਤੇਦਾਰਾਂ ਤੋਂ ਇਲਾਵਾ ਉਹਨਾਂ ਦੇ ਘਰ ਕੋਈ ਨਹੀਂ ਆਉਂਦਾ ਸੀ।
ਦੋਵੇਂ ਲਾਸ਼ਾਂ ਪੋਸਟ ਮਾਰਟਮ ਲਈ ਭੇਜੀਆਂ। ਘਟਨਾ ਦੀ ਸੂਚਨਾ ਆਸਟ੍ਰੇਲੀਆ ਵਿੱਚ ਰਹਿ ਰਹੇ ਸੁਖਦੇਵ ਸਿੰਘ ਦੇ ਬੱਚਿਆਂ ਨੂੰ ਦਿੱਤੀ ਗਈ।
ਅਗਲੇ ਦਿਨ 3 ਡਾਕਟਰਾਂ ਦੇ ਪੈਨਲ ਦੁਆਰਾ ਪੋਸਟ ਮਾਰਟਮ ਕਰਨ ਤੇ ਜੋ ਰਿਪੋਰਟ ਆਈ, ਉਹ ਹੈਰਾਨ ਕਰਨ ਵਾਲੀ ਸੀ। ਰਿਪੋਰਟ ਮੁਤਾਬਕ ਸੁਖਦੇਵ ਸਿੰਘ ਅਤੇ ਸੰਤੋਸ਼ ਕੌਰ ਦੀ ਮੌਤ ਦਮ ਘੁਟਣ ਕਾਰਨ ਹੋਈ। ਉਹਨਾਂ ਦੇ ਗਲੇ ਤੇ ਗਲਾ ਘੋਟਣ ਦੇ ਨਿਸ਼ਾਨ ਵੀ ਪਾਏ ਗਏ। ਇਸ ਤੋਂ ਸਾਫ਼ ਹੋ ਗਿਆ ਕਿ  ਇਹ ਹੱਤਿਆ ਦਾ ਮਾਮਲਾ ਸੀ।
ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਹੁਣ ਤੱਕ ਆਸਟ੍ਰੇਲੀਆ ਤੋਂ ਉਸਦਾ ਮੁੰਡਾ ਅਤੇ ਰਿਸ਼ਤੇਦਾਰ ਵੀ ਆ ਗਏ ਸਨ। ਘਟਨਾ ਸਥਾਨ ਦੀ ਜਾਂਚ ਕਰਕੇ ਇਹ ਪਾਇਆ ਗਿਆ ਕਿ ਹੱਤਿਆਰੇ ਦਾ ਮਕਸਦ ਲੁੱਟਮਾਰ ਨਹੀਂ ਬਲਕਿ ਸਿਰਫ਼ ਹੱਤਿਆ ਕਰਨਾ ਸੀ। ਕੋਠੀ ਵਿੱਚ ਪੁਲਿਸ ਨੂੰ ਚਾਹ ਦੇ ਤਿੰਨ ਖਾਲੀ ਕੱਪ ਵੀ ਮਿਲੇ, ਜਿਹਨਾਂ ਨੂੰ ਸੀ. ਐਫ਼. ਐਸ. ਐਲ. ਜਾਂਚ ਲਈ ਭੇਜ ਦਿੱਤਾ। ਉਥੋਂ ਰਿਪੋਰਟ ਮੁਤਾਬਕ 2 ਕੱਪਾਂ ਵਿੱਚ ਨਸ਼ੀਲੀ ਦਵਾਈ ਪਾਈ ਗਈ ਸੀ, ਇਸਦਾ ਮਤਲਬ ਹੱਤਿਆਰਾ ਜੀ ਵੀ ਸੀ, ਮ੍ਰਿਤਕਾਂ ਦਾ ਵਾਕਫ਼ਕਾਰ ਸੀ।
ਜਾਣ-ਪਛਾਣ ਵਾਲੇ ਅਤੇ ਰਿਸ਼ਤੇਦਾਰਾਂ ਤੇ ਸ਼ੱਕ ਨਹੀਂ ਹੋ ਰਿਹਾ ਸੀ, ਉਹ ਸਾਰੇ ਦੁਖੀ ਲੱਗ ਰਹੇ ਸਨ। ਹੌਲੀ ਹੌਲੀ ਮਹੀਨਾ ਲੰਘ ਗਿਆ, ਪੁਲਿਸ ਨੂੰ ਕੋਈ ਸੁਰਾਗ ਨਾ ਮਿਲਿਆ। ਆਖਿਰ ਇੱਕ ਦਿਨ ਜਗਜੀਤ ਸਿੰਘ ਦੇ ਇੱਕ ਮੁਖਬਰ ਨੇ ਖਬਰ ਦਿੱਤੀ, ਜਿਸ ਤੋਂ ਜਾਂਚ ਅਗੇ ਵਧੀ।
ਮੁਖਬਰ ਮੁਤਾਬਕ ਸੁਖਦੇਵ ਸਿੰਘ ਦੀ ਨੂੰਹ ਕਿਰਨਦੀਪ ਕੌਰ ਦੇ ਆਪਣੇ ਪਤੀ ਗੁਰਪ੍ਰੀਤ ਸਿੰਘ ਦੇ ਮਾਸੀ ਦੇ ਜਵਾਈ ਜਸਪ੍ਰੀਤ ਸਿੰਘ ਉਰਫ਼ ਜੱਸੀ ਨਾਲ ਨਜਾਇਜ਼ ਸਬੰਧ ਸਨ। ਕਿਤੇ ਇਹਨਾਂ ਦੋਵਾਂ ਦੀ ਹੱਤਿਆ ਇਸੇ ਨਜਾਇਜ਼ ਸਬੰਧ ਦੀ ਵਜ੍ਹਾ ਕਾਰਨ ਤਾਂ ਨਹੀਂ ਹੋਈ।
ਇਹ ਉਹੀ ਜਸਪ੍ਰੀਤ ਸਿੰਘ ਉਰਫ਼ ਜੱਸੀ ਸੀ, ਜੋ ਦਿਨ ਰਾਤ ਪੁਲਿਸ ਨਾਲ ਹੱਤਿਆਰੇ ਦੀ ਭਾਲ ਵਿੱਚ ਜੁਟਿਆ ਸੀ, ਤਾਂ ਸੁਪਨੇ ਵਿੱਚ ਵੀ ਸ਼ੱਕ ਨਾ ਹੋ ਜਾਵੇ। ਪੁਲਿਸ ਨੇ ਪਹਿਲਾਂ ਕਿਰਨਦੀਪ ਕੌਰ ਅਤੇ ਜੱਸੀ ਦੇ ਫ਼ੋਨ ਨੰਬਰਾਂ ਦੀ ਕਾਲ ਡਿਟੇਲ ਕਢਵਾਈ। ਕਾਲ ਡਿਟੇਲ ਮੁਤਾਬਕ ਪਿਛਲੇ ਡੇਢ ਮਹੀਨੇ ਵਿੱਚ ਜਸਪ੍ਰੀਤ ਅਤੇ ਕਿਰਨਦੀਪ ਵਿਚਕਾਰ ਲਗਾਤਾਰ ਕਾਫ਼ੀ ਲੰਮੀ-ਲੰਮੀ ਗੱਲਬਾਤ ਹੁੰਦੀ ਸੀ। 26 ਮਾਰਚ ਦੁਪਹਿਰੇ 1 ਵਜੇ ਤੋਂ ਸ਼ਾਮ 4 ਵਜੇ ਤੱਕ ਦੋਵਾਂ ਵਿੱਚ ਕਾਫ਼ੀ ਗੱਲਾਂ ਹੋਈਆਂ। ਜ਼ਿਆਦਾਤਰ ਕਾਲਾਂ ਕਿਰਨਦੀਪ ਨੇ ਹੀ ਕੀਤੀਆਂ।ਜਸਪ੍ਰੀਤ ਸਿੰਘ ਮਿਸਡ ਕਾਲ ਕਰਦਾ ਸੀ ਤਾਂ ਆਸਟ੍ਰੇਲੀਆ ਤੋਂ ਕਿਰਨਦੀਪ ਕੌਰ ਫ਼ੋਨ ਕਰਦੀ ਸੀ।
ਇਹਨਾਂ ਗੱਲਾਂ ਦਾ ਪਤਾ ਲੱਗਣ ਤੋਂ ਬਾਅਦ ਜਸਪ੍ਰੀਤ ਸਿੰਘ ਨੇ ਹੱਤਿਆਕਾਂਡ ਦੇ ਬਾਰੇ ਗੱਲ ਕਰਨ ਦੇ ਬਹਾਨੇ ਜਸਪ੍ਰੀਤ ਉਰਫ਼ ਜੱਸੀ ਨੂੰ ਥਾਣੇ ਬੁਲਾਇਆ ਤਾਂ ਹੱਤਿਆਕਾਂਡ ਦਾ ਰਾਜ਼ ਖੁੱਲ੍ਹ ਗਿਆ। ਪਤਾ ਲੱਗਿਆ ਕਿ ਮ੍ਰਿਤਕਾਂ ਦੀ ਨੂੰਹ ਕਿਰਨਦੀਪ ਕੌਰ ਨੇ ਹੀ ਪ੍ਰੇਮੀ ਜਸਪ੍ਰੀਤ ਸਿੰਘ ਉਰਫ਼ ਜੱਸੀ ਤੋਂ ਦੋਵਾਂ ਦੀ ਹੱਤਿਆ ਕਰਵਾਈ ਸੀ।
ਜਸਪ੍ਰੀਤ ਨੇ ਸਭ ਦੱਸ ਦਿੱਤਾ ਕਿ ਕਿਰਨਦੀਪ ਦੇ ਕਹਿਣ ਤੇ ਹੀ ਉਸਨੇ ਆਪਣੇ ਦੋਸਤਾਂ ਵਾਰਡ ਨੰਬਰ 6 ਟਾਂਡਾ ਵਾਸੀ ਅਜੈ ਕੁਮਾਰ ਉਰਫ਼ ਬੰਟੀ ਅਤੇ ਬੁਤਾਲਾ ਬਿਆਸ ਨਿਵਾਸੀ ਮਨਿੰਦਰ ਸਿੰਘ ਦੇ ਨਾਲ ਮਿਲ ਕੇ ਮਾਸੜ ਸਹੁਰੇ ਸੁਖਦੇਵ ਸਿੰਘ ਅਤੇ ਮਾਸੀ ਸੱਸ ਸੰਤੋਸ਼ ਕੌਰ ਦੀ ਹੱਤਿਆ ਗਲਾ ਦਬਾਅ ਕੇ ਕੀਤੀ ਸੀ।
ਇਸ ਤੋਂ ਬਾਅਦ ਪੁਲਿਸ ਨੇ ਅਜੈ ਕੁਮਾਰ, ਮਨਿੰਦਰ ਸਿੰਘ ਅਤੇ ਕਿਰਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਸਭ ਹੈਰਾਨ ਸਨ ਕਿ ਆਖਿਰ ਅਜਿਹਾ ਕਿਉਂ ਕੀਤਾ ਗਿਆ।
ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਦੀ ਮਸੌਰੀ ਭੈਣ ਜਸਪ੍ਰੀਤ ਸਿੰਘ ਉਰਫ਼ ਜੱਸੀ ਨੂੰ ਵਿਆਹੀ ਸੀ। ਇਯ ਕਰਕੇ ਜੀਜੇ-ਸਾਲੇ ਲੱਗਦੇ ਸਨ। ਪਰ ਰਿਸ਼ਤੇ ਤੋਂ ਜ਼ਿਆਦਾ ਦੋਵਾਂ ਵਿਚਕਾਰ ਦੋਸਤੀ ਸੀ। ਵਿਆਹ ਤੋਂ ਬਾਅਦ ਗੁਰਪ੍ਰੀਤ ਅਤੇ ਜਸਪ੍ਰੀਤ ਆਪਣੀਆਂ ਪਤਨੀਆਂ ਨਾਲ ਪੰਜਾਬ ਦੇ ਕਈ ਥਾਵਾਂ ਤੇ ਘੁੰਮੇ ਵੀ  ਸਨ।ਇਕੱਠੇ ਘੁੰਮਣ-ਫ਼ਿਰਨ ਕਾਰਨ ਜਸਪ੍ਰੀਤ ਅਤੇ ਕਿਰਨਦੀਪ ਵਿਚਕਾਰ ਨੇੜਤਾ ਆ ਗਈ। ਕਿਰਨਦੀਪ ਵਿਆਹ ਤੋਂ ਬਾਅਦ ਪੰਜਾਬ ਰਹਿ ਗਈ, ਜਦਕਿ ਗੁਰਪ੍ਰੀਤ ਆਸਟ੍ਰੇਲੀਆ ਚਲਿਆ ਗਿਆ। ਗੁਰਪ੍ਰੀਤ ਸਿੰਘ ਦੇ ਆਸਟ੍ਰੇਲੀਆ ਜਾਂਦੇ ਵਕਤ ਉਸ ਦੇ ਕਹੇ ਮੁਤਾਬਕ ਉਸ ਦੀ ਮੌਸੇਰੀ ਭੈਣ ਮਨਪ੍ਰੀਤ ਕੋਰ ਤਾਂ ਕਦੀ ਕਿਰਨਦੀਪ ਨੂੰ ਮਿਲਣ ਨਹੀਂ ਆਈ ਪਰ ਉਸਦਾ ਪਤੀ ਜਸਪ੍ਰੀਤ ਸਿੰਘ ਹਰ ਦੂਜੇ-ਤੀਜੇ ਦਿਨ ਘਰ ਆ ਜਾਇਆ ਕਰਦਾ। ਫ਼ਿਰ ਰੋਜ਼ਾਨਾ ਆਉਣ ਲੱਗਿਆ।
ਪਹਿਲਾਂ ਤਾਂ ਸੁਖਦੇਵ ਸਿੰਘ ਅਤੇ ਸੰਤੋਸ਼ ਕੌਰ ਨੇ ਨਣਦੋਈ ਅਤੇ ਸਾਲੇਹਾਰ ਦਾ ਰਿਸ਼ਤਾ ਮੰਨ ਕੇ ਨਜ਼ਰਅੰਦਾਜ਼ ਕੀਤਾ ਪਰ ਜਦੋਂ ਬੇਸ਼ਰਮੀ ਦੀ ਹੱਦ ਵੱਧ ਗਈ ਤਾਂ ਉਹਨਾਂ ਨੇ ਨੂੰਹ ਨੂੰ ਮਰਿਆਦਾ ਵਿੱਚ ਰਹਿਣ ਬਾਰੇ ਕਿਹਾ, ਜੋ ਕਿਰਨਦੀਪ ਨੂੰ ਬਹੁਤ ਬੁਰੀ ਲੱਗੀ।
ਪਰ ਕਿਰਨਦੀਪ ਨਾ ਹਟੀ। ਕੁਦਰਤੀ ਉਸੇ ਵਿਚਕਾਰ ਕਿਰਨਦੀਪ ਕੌਰ ਦੀ ਆਸਟ੍ਰੇਲੀਆ ਜਾਣ ਦੀ ਤਿਆਰੀ ਹੋ ਗਈ ਅਤੇ ਉਹ ਚਲੀ ਗਈ। ਹੁਣ ਸੁਖਦੇਵ ਅਤੇ ਸੰਤੋਸ਼ ਨੇ ਰਾਹਤ ਦੀ ਸਾਹ ਲਈ। ਕਿਰਨਦੀਪ ਆਸਟ੍ਰੇਲੀਆ ਤਾਂ ਚਲੀ ਗਈ ਪਰ ਉਹ ਉਥੇ ਦਿਲ ਨਾ ਲਗਾ ਸਕੀ ਅਤੇ ਸੱਸ-ਸਹੁਰੇ ਦੀ ਸੇਵਾ ਦੇ ਬਹਾਨੇ ਪੰਜਾਬ ਆ ਗਈ।
ਪੰਜਾਬ ਆ ਕੇ ਫ਼ਿਰ ਉਹੀ ਸਿਲਸਿਲਾ ਆਰੰਭ ਹੋ ਗਿਆ। ਜਦੋਂ ਹਰਕਤਾਂ ਜ਼ਿਆਦਾ ਵੱਧ ਗਈਆਂ ਤਾਂ ਸੱਸ-ਸਹੁਰਾ ਉਸਨੂੰ ਟੋਕਣ ਲੱਗ ਪਏ। ਜਸਪ੍ਰੀਤ ਦਾ ਵੀ ਘਰੇ ਆਉਣਾ ਬੰਦ ਕਰ ਦਿੱਤਾ। ਇਸ ਕਰਕੇ ਸੁਖਦੇਵ ਅਤੇ ਸੰਤੋਸ਼ ਉਸ ਨੂੰ ਬੁਰੇ ਲੱਗਣ ਲੱਗੇ। ਫ਼ਿਰ ਉਹਨਾਂ ਨੇ ਇੱਕ ਖਤਰਨਾਕ ਯੋਜਨਾ ਬਣਾਈ। ਯੋਜਨਾ ਮੁਤਾਬਕ ਕਿਰਨਦੀਪ ਕੌਰ ਨੇ ਗੁਰਪ੍ਰੀਤ ਸਿਘ ਨੂੰ ਕਹਿ ਕੇ ਆਪਣਾ ਅਤੇ ਛੋਟੀ ਨਣਦ ਸੰਦੀਪ ਕੌਰ ਦਾ ਆਸਟ੍ਰਲੀਆ ਜਾਣ ਦਾ ਵੀਜਾ ਲਗਵਾ ਲਿਆ ਅਤੇ ਫ਼ਰਵਰੀ 2016 ਵਿੱਚ ਉਹ ਸੰਦੀਪ ਕੌਰ ਦੇ ਨਾਲ ਆਸਟ੍ਰੇਲੀਆ ਚਲੀ ਗਈ। ਜਾਂਦੇ ਵਕਤ ਉਹ ਜਸਪ੍ਰੀਤ ਨੂੰ ਖਰਚ ਲਈ ਕਾਫ਼ੀ ਪੈਸੇ ਦੇ ਗਈ।
ਗੁਰਪ੍ਰੀਤ ਮਾਂ-ਬਾਪ ਨੂੰ ਆਸਟ੍ਰੇਲੀਆ ਬੁਲਾਉਣਾ ਚਾਹੁੰਦਾ ਸੀ। ਗੁਰਪ੍ਰੀਤ ਨੇ ਕਿਰਨਦੀਪ ਨੂੰ ਦੱਸਿਆ ਕਿਉਹ ਆਪਣੇ ਮਾਂ-ਬਾਪ ਨੂੰ ਆਸਟ੍ਰੇਲੀਆ ਬੁਲਾ ਰਿਹਾ ਹੈ। ਇਹ ਸੁਣ ਕੇ ਕਿਰਨਦੀਪ ਬੇਚੈਨ ਹੋ ਗਈ, ਉਸਨੂੰੰ ਲੱਗਿਆ ਕਿ ਜੇਕਰ ਉਹ ਆਸਟ੍ਰੇਲੀਆ ਆ ਗਏ ਤਾਂ ਨਾ ਉਹਨਾਂ ਦੀ ਹੱਤਿਆ ਹੋ ਸਕਦੀ ਹੈ ਅਤੇ ਨਾ ਉਹ ਕਦੀ ਜਸਪ੍ਰੀਤ ਕੌਲ ਪੰਜਾਬ ਜਾ ਸਕਦੀ ਹੈ। ਗੁਰਪ੍ਰੀਤ ਟਿਕਟ ਭੇਜਦਾ ਇਸ ਤੋਂ ਪਹਿਲਾਂ ਹੀ ਕਿਰਨਦੀਪ ਨੇ ਉਹਨਾਂ ਨੂੰ ਖਤਮ ਕਰਨ ਲਈ ਕਹਿ ਦਿੱਤਾ।
26 ਮਾਰਚ 2016 ਨੂੰ ਦੁਪਹਿਰੇ 3 ਵਜੇ ਜਸਪ੍ਰੀਤ ਸਿੰਘ ਆਪਣੇ ਦੋਸਤਾਂ ਮਨਿੰਦਰ ਸਿੰਘ ਅਤੇ ਅਜੈ ਕੁਮਾਰ ਨੂੰ ਕੋਠੀ ਦੇ ਬਾਹਰ ਖੜ੍ਹਾ ਕਰਕੇ ਇੱਕੱਲਾ ਅੰਦਰ ਚਲਾ ਗਿਆ। ਜਸਪ੍ਰੀਤ ਸੁਖਦੇਵ ਸਿੰਘ ਅਤੇ ਸੰਤੋਸ਼ ਕੌਰ ਨੂੰ ਨਮਸਕਾਰ ਕਰਕੇ ਉਹਨਾਂ ਦੇ ਕੋਲ ਬੈਠ ਕੇ ਹਾਲ ਚਾਲ ਪੁੱਛਣ ਲੱਗਿਆ, ਉਸ ਨੇ ਚਾਹ ਪੀਣ ਦੀ ਇੱਛਾ ਪ੍ਰਗਟ ਕੀਤੀ। ਸੰਤੋਸ਼ ਕੌਰ ਚਾਹ ਬਣਾਉਣ ਲਈ ਜਾਣ ਲੱਗੀ ਤਾਂ ਉਸਨੇ ਰੋਕਦੇ ਹੋਏ ਕਿਹਾ ਕਿ ਚਾਹ ਮੈਂ ਬਣਾ ਕੇ ਲਿਆਉਂਦਾ ਹਾਂ।
ਇਸ ਤੋਂ ਬਾਅਦ ਰਸੋਈ ਵਿੱਚ ਜਾ ਕੇ ਉਸ ਨੇ 3 ਕੱਪ ਚਾਹ ਬਣਾਈ ਅਤੇ 2 ਕੱਪਾਂ ਵਿੱਚ ਨਸ਼ੇ ਦੀ ਦਵਾਈ ਮਿਲਾ ਦਿੱਤੀ, ਜਿਸਨੂੰ ਪੀਂਦੇ ਹੀ ਸੁਖਦੇਵ ਸਿੰਘ ਅਤੇ ਸੰਤੋਸ਼ ਕੌਰ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਫ਼ੋਨ ਕਰਕੇ ਆਪਣੇ ਦੋਸਤਾਂ ਨੂੰ ਅੰਦਰ ਬੁਲਾਇਆ ਅਤੇ ਉਹਨਾਂ ਦੀ ਮਦਦ ਨਾਲ ਗਲਾ ਘੋਟ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ। ਜਦੋਂ ਵਿਸ਼ਵਾਸ ਹੋ ਗਿਆ ਕਿ ਇਹ ਮਰ ਗਏ ਹਨ ਤਾਂ ਜਸਪ੍ਰੀਤ ਸੰਤੋਸ਼ ਕੌਰ ਦੇ ਹੱਥਾਂ ਦੀਆਂ ਸੋਨੇ ਦੀਆਂ ਚੂੜੀਆਂ, ਕੰਨਾਂ ਦੀਆਂ ਵਾਲੀਆਂ ਅਤੇ ਅੰਗੂਠੀਆਂ, ਖਰਚ ਲਈ ਘਰ ਵਿੱਚ ਰੱਖੇ 17 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਿਆ। ਜਾਣ ਤੋਂ ਪਹਿਲਾਂ ਉਸਨੇ ਕਿਰਨਦੀਪ ਕੌਰ ਨੂੰ ਹੱਤਿਆ ਦੀ ਜਾਣਕਾਰੀ ਦਿੱਤੀ ਅਤੇ ਵਟਸਅਪ ਤੇ ਤਸਵੀਰਾਂ ਵੀ ਭੇਜ ਦਿੱਤੀਆਂ। ਪਾਲਤੂ ਕੁੱਤੇ ਨੂੰ ਉਸ ਨੇ ਉਸ ਦੇ ਕਮਰੇ ਵਿੱਚ ਬੰਦ ਕਰ ਦਿੱਤਾ।