ਦੱਖਣ ਭਾਰਤ ਵਿੱਚ ਤੇਲਗੂ ਫ਼ਿਲਮ ‘ਚਿਰੂਥਾ’ ਨਾਲ ਅਭਿਨੈ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ 2010 ਵਿੱਚ ਹਿੰਦੀ ਫ਼ਿਲਮ ‘ਕਰੁਕ’ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੀ ਨੇਹਾ ਸ਼ਰਮਾ ਦੇ ਕਰੀਅਰ ਨੂੰ ਜਿਸ ਗਤੀ ਨਾਲ ਅੱਗੇ ਵਧਣਾ ਚਾਹੀਦਾ ਸੀ, ਉਸ ਗਤੀ ਨਾਲ ਨਹੀਂ ਵਧਿਆ ਜਦੋਂਕਿ ਉਸ ਨੂੰ ‘ਬਾਲਾਜੀ ਟੈਲੀਫ਼ਿਲਮਜ਼’, ‘ਟਿਪਸ’ ਸਮੇਤ ਕਈ ਵੱਡੇ ਬੈਨਰਾਂ ਦੀਆਂ ਫ਼ਿਲਮਾਂ ਵਿੱਚ ਅਭਿਨੈ ਕਰਨ ਦਾ ਮੌਕਾ ਮਿਲਿਆ। ਪਿਛਲੇ ਸਾਲ ਉਹ ਫ਼ਿਲਮ ‘ਤੁਮ ਬਿਨ 2’ ਵਿੱਚ ਹੀਰੋਇਨ ਬਣ ਕੇ ਆਈ, ਪਰ ਇਸ ਫ਼ਿਲਮ ਨੇ ਟਿਕਟ ਖਿੜਕੀ ‘ਤੇ ਪਾਣੀ ਵੀ ਨਹੀਂ ਮੰਗਿਆ। ਇਸ ਸਾਲ ਔਸਕਰ ਐਵਾਰਡ ਵਿੱਚ ਉਸ ਦੀ ਇੰਡੋ ਚਾਈਨੀਜ਼ ਫ਼ਿਲਮ ‘ਸੁਆਨਜ਼ਾਂਗ’ ਨੇ ਸ਼ਿਰਕਤ ਕੀਤੀ ਸੀ, ਪਰ ਉਸ ਨੂੰ ਪੁਰਸਕਾਰ ਨਹੀਂ ਮਿਲਿਆ। ਅੱਜਕੱਲ੍ਹ ਉਹ ਅਨੀਸ ਬਜ਼ਮੀ ਦੀ ਫ਼ਿਲਮ ‘ਮੁਬਾਰਕਾਂ’ ਕਰ ਰਹੀ ਤੇ ਆਪਣਾ ਐਪ ਵੀ ਲੈ ਕੇ ਆਈ ਹੈ। ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼:
-ਤੁਹਾਡਾ ਕਰੀਅਰ ਜਿਸ ਤਰ੍ਹਾਂ ਨਾਲ ਅੱਗੇ ਵਧ ਰਿਹਾ ਹੈ, ਉਸ ਤੋਂ ਤੁਸੀਂ ਕਿੰਨਾ ਖ਼ੁਸ਼ ਹੋ?
-ਮੈਂ ਆਪਣੇ ਕਰੀਅਰ ਨੂੰ ਲੈ ਕੇ ਬਹੁਤ ਖ਼ੁਸ਼ ਹਾਂ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਹਰ ਇਨਸਾਨ ਲਈ ਸਫ਼ਲਤਾ ਦੇ ਮਾਅਨੇ ਅਲੱਗ ਹੁੰਦੇ ਹਨ। ਤੁਹਾਡੇ ਲਈ ਜੋ ਸਫ਼ਲਤਾ ਦੇ ਮਾਅਨੇ ਹਨ, ਉਹੀ ਮੇਰੇ ਲਈ ਹੋਣ, ਅਜਿਹਾ ਜ਼ਰੂਰੀ ਨਹੀਂ ਹੈ। ਮੇਰੀ ਸਫ਼ਲਤਾ ਦਾ ਸਭ ਤੋਂ ਵੱਡਾ ਪੈਮਾਨਾ ਇਹ ਹੈ ਕਿ ਮੈਂ ਜੋ ਕੁਝ ਕਰਨਾ ਚਾਹੁੰਦੀ ਹਾਂ, ਜਿਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੀ ਹਾਂ, ਉਸ ਨੂੰ ਕਰਨ ਦਾ ਮੈਨੂੰ ਅਵਸਰ ਮਿਲਿਆ ਹੈ। ਮੈਂ ਖ਼ੁਦ ਨੂੰ ਕਿਸਮਤ ਵਾਲੀ ਮੰਨਦੀ ਹਾਂ ਕਿ ਮੈਂ ਖ਼ੁਦ ਆਪਣੀਆਂ ਫ਼ਿਲਮਾਂ ਚੁਣ ਸਕਦੀ ਹਾਂ, ਮੈਂ ਹਮੇਸ਼ਾਂ ਉਹੀ ਕੰਮ ਕਰਦੀ ਹਾਂ ਜਿਸ ਨੂੰ ਕਰਨ ਲਈ ਮੇਰਾ ਦਿਲ ਕਹੇ। ਮੈਨੂੰ ਇਹ ਪਸੰਦ ਨਹੀਂ ਕਿ ਮੈਨੂੰ ਕੋਈ ਸਲਾਹ ਦੇਵੇ।  ਜੇਕਰ ਦੂਜਿਆਂ ਦੀ ਸਲਾਹ ‘ਤੇ ਫ਼ਿਲਮਾਂ ਕਰਨਾ ਸਫ਼ਲਤਾ ਦਾ ਪੈਮਾਨਾ ਹੈ ਤਾਂ ਮੈਨੂੰ ਇਹ ਪਸੰਦ ਨਹੀਂ, ਮੈਨੂੰ ਲੱਗਦਾ ਹੈ ਕਿ ਹੁਣ ਤਕ ਦੇ ਕਰੀਅਰ ਵਿੱਚ ਮੈਂ ਉਹੀ ਕੰਮ ਕੀਤਾ ਹੈ ਜੋ ਮੈਨੂੰ ਪਸੰਦ ਆਇਆ। ਇਸ ਲਈ ਮੈਂ ਖ਼ੁਸ਼ ਹਾਂ। ਇਸ ਦੇ ਆਧਾਰ ‘ਤੇ ਮੈਨੂੰ ਲੱਗਦਾ ਹੈ ਕਿ ਮੇਰਾ ਕਰੀਅਰ ਬਹੁਤ ਸਹੀ ਤਰੀਕੇ ਨਾਲ ਅੱਗੇ ਵਧ ਰਿਹਾ ਹੈ। ਮੇਰੀ ਇੱਕ ਇੰਡੋ ਚਾਈਨੀਜ਼ ਫ਼ਿਲਮ ‘ਸੁਆਨਜ਼ਾਂਗ’ ਔਸਕਰ ਲਈ ਭੇਜੀ ਗਈ ਸੀ, ਮੇਰੇ ਲਈ ਇਹ ਖ਼ੁਸ਼ੀ ਦੀ ਗੱਲ ਸੀ।
-ਬੌਲੀਵੁੱਡ ਵਿੱਚ ਤਾਂ ਕਲਾਕਾਰ ਦਾ ਕਰੀਅਰ ਫ਼ਿਲਮ ਦੀ ਸਫ਼ਲਤਾ ਦੇ ਆਸ ਪਾਸ ਹੀ ਘੁੰਮਦਾ ਹੈ?
-ਦੇਖੋ, ਇਹ ਸਭ ਅਲੱਗ ਅਲੱਗ ਤਰ੍ਹਾਂ ਨਾਲ ਆਪਣੇ ਆਪਨੂੰ ਦੇਖਣ ਦਾ ਤਰੀਕਾ ਹੁੰਦਾ ਹੈ। ਕੁਝ ਲੋਕਾਂ ਨੂੰ ਆਪਣੇ ਆਪ ਨੂੰ ‘ਨੰਬਰ ਵਨ’ ਕਹਾਉਣ ਦੀ ਚਾਹਤ ਹੁੰਦੀ ਹੈ, ਤਾਂ ਉਹ ਦੱਸਦੇ ਰਹਿੰਦੇ ਹਨ ਕਿ ਸਾਡੀ ਫ਼ਿਲਮ ਨੇ ਇੰਨੇ ਕਰੋੜ ਕਮਾ ਲਏ ਹਨ।  ਮੈਂ ਇਨ੍ਹਾਂ ਨੰਬਰਾਂ ਦੀ ਦੌੜ ਵਿੱਚ ਯਕੀਨ ਨਹੀਂ ਕਰਦੀ। ਅਸਲ ਵਿੱਚ ਉਹ ਕਲਾਕਾਰ ਜੋ ਨੰਬਰਾਂ ਦੀ ਚੂਹਾ ਦੌੜ ਵਿੱਚ ਹਨ, ਉਨ੍ਹਾਂ ਨੂੰ ਕਈ ਲੋਕ ਕੰਟਰੋਲ ਕਰਦੇ ਹਨ, ਇਨ੍ਹਾਂ ਦੇ ਆਸ ਪਾਸ ਵੱਡੀ ਫ਼ੌਜ ਰਹਿੰਦੀ ਹੈ ਜੋ ਇਨ੍ਹਾਂ ਨੂੰ ਪਲ ਪਲ ‘ਤੇ ਟੋਕਦੀ ਰਹਿੰਦੀ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਹੈ, ਕੀ ਨਹੀਂ ਕਰਨਾ ਹੈ। ਮੇਰੇ ਇਰਦ ਗਿਰਦ ਕੋਈ ਫ਼ੌਜ ਨਹੀਂ ਹੈ। ਮੈਂ ਖ਼ੁਸ਼ ਹਾਂ ਮੇਰੇ ਲਈ ਸਫ਼ਲਤਾ ਬਹੁਤ ਵੱਡੀ ਗੱਲ ਹੈ, ਪਰ ਮੈਂ ਹਮੇਸ਼ਾਂ ਉਹੀ ਕੰਮ ਕਰਨਾ ਚਾਹੁੰਦੀ ਹਾਂ ਜਿਸ ਨਾਲ ਮੈਨੂੰ ਖ਼ੁਸ਼ੀ ਮਿਲੇ।
10205ਫ਼ਦ ?ਅਕੀ ਤੁਹਾਡੀ ਕਿਸੇ ਫ਼ਿਲਮ ਨੂੰ ਟਿਕਟ ਖਿੜਕੀ ‘ਤੇ ਸਫ਼ਲਤਾ ਨਹੀਂ ਮਿਲਦੀ ਤਾਂ ਤੁਸੀਂ ਕੀ ਸੋਚਦੇ ਹੋ?
-ਮੈਂ ਇਸ ਗੱਲ ‘ਤੇ ਯਕੀਨ ਕਰਦੀ ਹਾਂ ਕਿ ਕਿਸੇ ਵੀ ਫ਼ਿਲਮ ਦੀ ਸਫ਼ਲਤਾ ਜਾਂ ਅਸਫ਼ਲਤਾ ਕਲਾਕਾਰ ਦੇ ਹੱਥ ਵਿੱਚ ਨਹੀਂ ਹੁੰਦੀ। ਕਲਾਕਾਰ ਦਾ ਕੰਮ ਅਭਿਨੈ ਕਰਨਾ ਹੁੰਦਾ ਹੈ, ਉਸ ਦਾ ਕੰਮ ਆਪਣੇ ਕਿਰਦਾਰ ਨਾਲ ਨਿਆਂ ਕਰਨਾ ਹੁੰਦਾ ਹੈ ਅਤੇ ਉਹ ਕਰਦਾ ਵੀ ਹੈ। ਮੈਂ ਵੀ ਆਪਣੀ ਹਰ ਫ਼ਿਲਮ ਵਿੱਚ ਸਿਰਫ਼ ਇੰਨਾ ਹੀ ਕਰ ਸਕਦੀ ਹਾਂ, ਉਸ ਤੋਂ ਬਾਅਦ ਫ਼ਿਲਮ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਹਨ, ਜਿਵੇਂ ਫ਼ਿਲਮ ਦਾ ਨਿਰਮਾਤਾ ਕੌਣ ਹੈ? ਫ਼ਿਲਮ ਨਾਲ ਕਿਹੜਾ ਸਟੂਡੀਓ ਜੁੜਿਆ ਹੋਇਆ ਹੈ ? ਨਿਰਦੇਸ਼ਕ ਕੌਣ ਹੈ? ਉਸ ਨੇ ਪਹਿਲਾਂ ਕਿਹੜੀਆਂ ਫ਼ਿਲਮਾਂ ਬਣਾਈਆਂ ਹਨ? ਇਨ੍ਹਾਂ ਦੀ ਬਹੁਤ ਲੰਬੀ ਸੂਚੀ ਹੁੰਦੀ ਹੈ। ਜਦੋਂ ਤਕ ਇਹ ਸਾਰੀਆਂ ਚੀਜ਼ਾਂ ਸਹੀ ਨਹੀਂ ਹੋਣਗੀਆਂ, ਉਦੋਂ ਤਕ ਫ਼ਿਲਮ ਦੀ ਸਫ਼ਲਤਾ ਦੀ ਗਰੰਟੀ ਕੋਈ ਨਹੀਂ ਦੇ ਸਕਦਾ। ਕਲਾਕਾਰ ਦੇ ਤੌਰ ‘ਤੇ ਅਸੀਂ ਉਸ ਤਰ੍ਹਾਂ ਦੀਆਂ ਫ਼ਿਲਮਾਂ ਚੁਣਦੇ ਹਾਂ ਜਿਸ ਵਿੱਚ ਸਾਡਾ ਆਪਣਾ ਯਕੀਨ ਹੁੰਦਾ ਹੈ। ਅਸੀਂ ਕਹਾਣੀ ਜਾਂ ਪਟਕਥਾ ਅਤੇ ਕਿਰਦਾਰ ਦੇ ਬਾਰੇ ਜਾਣਕਾਰੀ ਦੇ ਕੇ ਆਪਣੇ ਆਪ ਤੋਂ ਸਵਾਲ ਪੁੱਛਦੇ ਹਾਂ ਕਿ ਕੀ ਇਹ ਸਾਨੂੰ ਪਸੰਦ ਹੈ? ਕੀ ਅਸੀਂ ਕਿਰਦਾਰ ਨਾਲ ਸਬੰਧ ਰੱਖਦੇ ਹਾਂ ਅਤੇ ਕੀ ਅਸੀਂ ਆਪਣੇ ਅਭਿਨੈ ਨਾਲ ਇਸ ਨੂੰ ਸੰਵਾਰ ਸਕਾਂਗੇ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ‘ਹਾਂ’ ਵਿੱਚ ਹੋਵੇ ਤਾਂ ਹੀ ਅਸੀਂ ਫ਼ਿਲਮ ਕਰਦੇ ਹਾਂ।
-ਕੁਝ ਸਮਾਂ ਪਹਿਲਾਂ ਤੁਹਾਡੀ ਫ਼ਿਲਮ ਆਈ ਸੀ ‘ਤੁਮ ਬਿਨ 2’। ਇਹ ਬੁਰੀ ਤਰ੍ਹਾਂ ਫ਼ਲਾਪ ਰਹੀ ਸੀ। ਇਸ ਵਿੱਚ ਗੜਬੜ ਕਿੱਥੇ ਹੋਈ?
– ਮੈਨੂੰ ਪਤਾ ਹੈ ਕਿ ਸਾਰੇ ਬੁੱਧੀਮਾਨ ਫ਼ਿਲਮ ਆਲੋਚਕਾਂ ਨੇ ਫ਼ਿਲਮ ‘ਤੁਮ ਬਿਨ 2’ ਦੀਆਂ ਕਮੀਆਂ ਨੂੰ ਗਿਣਾਉਂਦੇ ਹੋਏ ਪੰਨੇ ਭਰ ਕੇ ਬਹੁਤ ਕੁਝ ਲਿਖਿਆ ਸੀ। ਕੁਝ ਲੋਕਾਂ ਨੇ ਚਾਰ ਚਾਰ ਪੰਨੇ ਲਿਖ ਦਿੱਤੇ ਸੀ ਕਿ ਇਸ ਵਿੱਚ ਇਹ ਗ਼ਲਤ ਹੋ ਗਿਆ। ਮੈਂ ਕਿਸੇ ਵੀ  ਫ਼ਿਲਮ ਆਲੋਚਕ ਦੀ ਕੋਈ ਵੀ ਗੱਲ ਨਹੀਂ ਪੜ੍ਹੀ। ਮੈਂ ਫ਼ਿਲਮ ਸਮੀਖਿਆ ਪੜ੍ਹਨਾ ਹੀ ਨਹੀਂ ਚਾਹੁੰਦੀ। ਮੇਰਾ ਕੰਮ ਅਭਿਨੈ ਕਰਨਾ ਸੀ। ਮੈਂ ਇਮਾਨਦਾਰੀ ਨਾਲ ਆਪਣੇ ਕੰਮ ਨੂੰ ਅੰਜ਼ਾਮ ਦਿੱਤਾ ਸੀ। ਮੈਂ ‘ਤੁਮ ਬਿਨ 2’ ਦੇ ਸਮੇਂ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ। ਕਾਫ਼ੀ ਸਰਦ ਮੌਸਮ ਵਿੱਚ ਜਾ ਕੇ ਸ਼ੂਟਿੰਗ ਕੀਤੀ ਸੀ। ਇਸ ਦੇ ਬਾਵਜੂਦ ਫ਼ਿਲਮ ਸਫ਼ਲ ਨਹੀਂ ਹੋਈ। ਹੁਣ ਗੜਬੜ ਕਿੱਥੇ ਹੋਈ, ਮੈਨੂੰ ਪਤਾ ਨਹੀਂ ਅਤੇ ਨਾ ਹੀ ਮੈਂ ਜਾਣਨ ਦੀ ਕੋਸ਼ਿਸ਼ ਹੀ ਕੀਤੀ ਹੈ।
-ਅੱਜਕੱਲ੍ਹ ਤੁਸੀਂ ਕਿਹੜੀਆਂ ਫ਼ਿਲਮਾਂ ਕਰ ਰਹੇ ਹੋ?
-ਅਨੀਸ ਬਜ਼ਮੀ ਦੀ ਫ਼ਿਲਮ ‘ਮੁਬਾਰਕਾਂ’ ਕਰ ਰਹੀ ਹਾਂ ਜਿਸ ਵਿੱਚ ਅਨਿਲ ਕਪੂਰ ਅਤੇ ਅਰਜੁਨ ਕਪੂਰ ਹਨ। ਇਸ ਫ਼ਿਲਮ ਵਿੱਚ ਮਹਿਮਾਨ ਭੂਮਿਕਾ ਹੈ। ਇਹ ਫ਼ਿਲਮ 28 ਜੁਲਾਈ ਨੂੰ ਪ੍ਰਦਰਸ਼ਿਤ ਹੋਏਗੀ। ਇਸ ਤੋਂ ਇਲਾਵਾ ਤਿੰਨ ਹੋਰ ਫ਼ਿਲਮਾਂ ਵੀ ਹਨ ਜਿਨ੍ਹਾਂ ‘ਤੇ ਗੱਲਬਾਤ ਚੱਲ ਰਹੀ ਹੈ। ਮੈਂ ਵੀ ਇਨ੍ਹਾਂ ਫ਼ਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹਾਂ।
-‘ਮੁਬਾਰਕਾਂ’ ਵਿੱਚ ਅਜਿਹੀ ਕਿਹੜੀ ਕੱਲ ਹੈ ਕਿ ਤੁਸੀਂ ਮਹਿਮਾਨ ਭੂਮਿਕਾ ਲਈ ਵੀ ਰਾਜ਼ੀ ਹੋ ਗਏ?
-ਮੈਂ ਫ਼ਿਲਮ ਨਿਰਦੇਸ਼ਕ ਅਨੀਸ ਬਜ਼ਮੀ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ। ਮੈਂ ਉਨ੍ਹਾਂ ਦੀਆਂ ਸਾਰੀਆਂ ਫ਼ਿਲਮਾਂ ਦੇਖੀਆਂ ਹਨ। ਮੈਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਬਹੁਤ ਮਜ਼ੇਦਾਰ ਕਾਮੇਡੀ ਵਾਲੀਆਂ ਫ਼ਿਲਮਾਂ ਬਣਾਉਂਦੇ ਹਨ। ਜਦੋਂ ਮੈਨੂੰ ਉਨ੍ਹਾਂ ਵੱਲੋਂ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਪ੍ਰਸਤਾਵ ਮਿਲਿਆ ਅਤੇ ਮੈਨੂੰ ਦੱਸਿਆ ਗਿਆ ਕਿ ਇਸ ਫ਼ਿਲਮ ਵਿੱਚ ਅਨਿਲ ਕਪੂਰ ਅਤੇ ਅਰਜੁਨ ਕਪੂਰ ਵਰਗੇ ਕਈ ਵੱਡੇ ਕਲਾਕਾਰ ਹਨ ਤਾਂ ਮੈਂ ਇਸ ਮੌਕੇ ਨੂੰ ਗਵਾਉਣਾ ਸਹੀ ਨਹੀਂ ਸਮਝਿਆ। ਮੈਨੂੰ ਲੱਗਿਆ ਕਿ ਮੇਰੇ ਕੋਲ ਸਮਾਂ ਹੈ ਤਾਂ ਇਸ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਹੈ।
-ਫ਼ਿਲਮ ਵਿੱਚ ਤੁਹਾਡਾ ਕੀ ਕਿਰਦਾਰ ਹੈ?
-ਬਹੁਤ ਜ਼ਿਆਦਾ ਵਿਸਥਾਰ ਵਿੱਚ ਦੱਸਣਾ ਤਾਂ ਠੀਕ ਨਹੀਂ ਹੋਏਗਾ, ਪਰ ਇਹ ਕਾਮੇਡੀ ਫ਼ਿਲਮ ਹੈ। ਮੇਰਾ ਕਿਰਦਾਰ ਵੀ ਕਾਮੇਡੀ ਵਾਲਾ ਹੈ। ਮੈਂ ਦਰਸ਼ਕਾਂ ਨੂੰ ਹਸਾਵਾਂਗੀ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਹਾਸੇ ਮਜ਼ਾਕ ਵਾਲਾ ਮਾਮਲਾ ਹੈ।
-ਅਨਿਲ ਕਪੂਰ ਨਾਲ ‘ਮੁਬਾਰਕਾਂ’ ਵਿੱਚ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?
– ਬਹੁਤ ਮਜ਼ਾ ਆਇਆ। ਉਹ ਕਾਫ਼ੀ ਸੀਨੀਅਰ ਕਲਾਕਾਰ ਹਨ। ਵਿਭਿੰਨਤਾ ਭਰਪੂਰ ਕਿਰਦਾਰ ਨਿਭਾ ਚੁੱਕੇ ਹਨ। ਉਹ ਊਰਜਾ ਭਰਪੂਰ ਹਨ। ਹਰ ਕਿਸੇ ਨਾਲ ਗਰਮਜੋਸ਼ੀ ਨਾਲ ਮਿਲਦੇ ਹਨ। ਕੰਮ ਪ੍ਰਤੀ ਉਨ੍ਹਾਂ ਦਾ ਸਮਰਪਣ ਦੇਖ ਕੇ ਮੈਂ ਹੈਰਾਨ ਰਹਿ ਗਈ। ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।
-ਅੱਜਕੱਲ੍ਹ ਕਈ ਫ਼ਿਲਮੀ ਕਲਾਕਾਰ ਟੀਵੀ ਨਾਲ ਜੁੜ ਰਹੇ ਹਨ। ਕੁਝ ਕਲਾਕਾਰ ਵੈੱਬਸੀਰੀਜ਼ ਨਾਲ ਜੁੜ ਰਹੇ ਹਨ। ਇਸ ਦਿਸ਼ਾ ਵਿੱਚ ਤੁਸੀਂ ਕੀ ਕਰ ਰਹੇ ਹੋ?
-ਨਹੀਂ। ਫ਼ਿਲਹਾਲ ਮੇਰੇ ਕੋਲ ਕੋਈ ਅਜਿਹਾ ਪ੍ਰਸਤਾਵ ਨਹੀਂ ਆਇਆ ਹੈ। ਕੁਝ ਸਮਾਂ ਪਹਿਲਾਂ ਮੈਂ ਮਨੋਜ ਵਾਜਪਈ ਨਾਲ ਸ਼ਿਰੀਸ਼ ਕੁੰਦਰ ਦੇ ਨਿਰਦੇਸ਼ਨ ਵਿੱਚ ਇੱਕ ਲਘੁ ਫ਼ਿਲਮ ‘ਕ੍ਰਿਤੀ’ ਜ਼ਰੂਰ ਕੀਤੀ ਸੀ, ਪਰ ਜਦੋਂ ਵੀ ਕੋਈ ਵਧੀਆ ਪ੍ਰਸਤਾਵ ਆਏਗਾ ਤਾਂ ਮੈਂ ਜ਼ਰੂਰ ਕਰਨਾ ਚਾਹਾਂਗੀ। ਜੇਕਰ ਭਵਿੱਖ ਵਿੱਚ ਮੇਰੇ ਸਾਹਮਣੇ ਚੰਗੀ ਲਘੁ ਫ਼ਿਲਮ ਦੀ ਪੇਸ਼ਕਸ਼ ਆਈ ਤਾਂ ਉਹ ਵੀ ਕਰਨਾ ਚਾਹਾਂਗੀ।
-ਤੁਸੀਂ  ਵੀ ਦੂਜੇ ਕਲਾਕਾਰਾਂ ਦੇ ਪਦਚਿੰਨ੍ਹਾਂ ‘ਤੇ ਚਲਦੇ ਹੋਏ ਆਪਣਾ ਐਪ ਜਾਰੀ ਕੀਤਾ ਹੈ?
-ਮੈਂ ਆਪਣੇ ਐਪ ਨੂੰ ਬਾਜ਼ਾਰ ਵਿੱਚ ਲਿਆ ਕੇ ਉਤਸ਼ਾਹਿਤ ਹਾਂ ਕਿਉਂਕਿ ਮੈਂ ਹਮੇਸ਼ਾਂ ਚਾਹੁੰਦੀ ਸੀ ਕਿ ਅਜਿਹਾ ਕੋਈ ਮਾਧਿਅਮ ਹੋਵੇ ਜਾਂ ਅਜਿਹਾ ਕੋਈ ਪਲੈਟਫ਼ਾਰਮ ਹੋਵੇ ਜਿਸ ਨਾਲ ਮੈਂ ਆਪਣੇ ਪ੍ਰਸ਼ੰਸਕਾਂ ਨਾਲ ਗਹਿਰਾਈ ਨਾਲ ਜੁੜ ਸਕਾਂ, ਉਨ੍ਹਾਂ ਨੂੰ ਚੰਗਾ ਅਤੇ ਬਿਹਤਰ ਦੇ ਸਕਾਂ। ਮੋਬਾਈਲ ਇੱਕ ਅਜਿਹਾ ਪਲੈਟਫ਼ਾਰਮ ਬਣ ਗਿਆ ਹੈ ਜੋ ਹਰ ਤਰ੍ਹਾਂ ਦੀ ਸਮੱਗਰੀ ਉਪਲੱਬਧ ਕਰਾਉਣ ਦੇ ਨਾਲ ਨਾਲ ਪ੍ਰਸ਼ੰਸਕਾਂ ਨਾਲ ਜੁੜਨਾ ਸੌਖਾ ਕਰੇਗਾ। ਮੇਰੀ ਰਾਇ ਵਿੱਚ ਮੇਰਾ ਐਪ ਮੇਰੀਆਂ ਜ਼ਰੂਰਤਾਂ ਅਨੁਸਾਰ ਹੈ ਜਿਸ ‘ਤੇ ਮੇਰਾ ਆਪਣਾ ਅਧਿਕਾਰ ਰਹੇਗਾ। ਐਪ ਵਿੱਚ ਅਸੀਮਤ ਸੰਭਾਵਨਾਵਾਂ ਹਨ।
-ਕੀ ਤੁਸੀਂ ਖ਼ੁਦ ਨੂੰ ਕਿਸੇ ਸੀਮਾ ਵਿੱਚ ਬੰਨ੍ਹ ਕੇ ਕੰਮ ਕਰ ਰਹੇ ਹੋ?
– ਮੈਂ ਬਿਹਾਰ ਦੇ ਛੋਟੇ ਸ਼ਹਿਰ ਤੋਂ ਆਈ ਹਾਂ। ਇੱਕ ਰੂੜੀਵਾਦੀ ਪਰਿਵਾਰ ਤੋਂ ਹਾਂ। ਮੇਰੀ ਅਤੇ ਮੇਰੇ ਪਰਿਵਾਰ ਦੇ ਮੈਂਬਰਾਂ ਦੀ ਸੋਚ ਛੋਟੀ ਹੈ। ਇਸ ਲਈ ਮੈਂ ਬਹੁਤ ਸਾਰੀਆਂ ਚੀਜ਼ਾਂ ਪਰਦੇ ‘ਤੇ ਨਹੀਂ ਕਰ ਸਕਦੀ। ਮੇਰਾ ਮੰਨਣਾ ਹੈ ਕਿ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਪਰਦੇ ‘ਤੇ ਕਰਨ ਵਿੱਚ ਸਹਿਜ ਨਹੀਂ ਹੋ, ਉਹ ਕਰਾਂਗੀ ਤਾਂ ਉਹ ਅਸਲੀ ਨਹੀਂ ਲੱਗੇਗਾ।