ਕੈਟਰੀਨਾ ਕੈਫ਼ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਟਿਕਟ ਖਿੜਕੀ ‘ਤੇ ਹਿੱਟ ਹੋਣ ਲਈ ਤਰਸ ਰਹੀ ਹੈ। 2014 ਵਿੱਚ ਜਿੱਥੇ ਰਿਤਿਕ ਰੌਸ਼ਨ ਨਾਲ ਉਸ ਦੀ ਫ਼ਿਲਮ ‘ਬੈਂਗ ਬੈਂਗ’ ਟਿਕਟ ਖਿੜਕੀ ‘ਤੇ ਕੋਈ ਖ਼ਾਸ ਧਮਾਕਾ ਨਹੀਂ ਕਰ ਸਕੀ ਤਾਂ ਉੱਥੇ ਹੀ ‘ਫ਼ੈਂਟਮ’ ਤੋਂ ਵੀ ਉਸ ਨੂੰ ਨਿਰਾਸ਼ਾ ਹੀ ਮਿਲੀ। ਉਸ ਤੋਂ ਬਾਅਦ ਆਈ ‘ਫ਼ਿਤੂਰ’ ਅਤੇ ‘ਬਾਰ ਬਾਰ ਦੇਖੋ’ ਤੋਂ ਕੈਟਰੀਨਾ ਨੇ ਕਾਫ਼ੀ ਉਮੀਦਾਂ ਪਾਲ ਰੱਖੀਆਂ ਸਨ, ਪਰ ਇਹ ਫ਼ਿਲਮਾਂ ਵੀ ਟਿਕਟ ਖਿੜਕੀ ‘ਤੇ ਚਾਰੋ ਖਾਨੇ ਚਿੱਤ ਹੋ ਗਈਆਂ। ਉਸ ਦੀਆਂ ਹੁਣ ਸਾਰੀਆਂ ਉਮੀਦਾਂ ‘ਜੱਗਾ ਜਾਸੂਸ’ ‘ਤੇ ਟਿਕੀਆਂ ਹੋਈਆਂ ਹਨ। ਇਸ ਫ਼ਿਲਮ ਵਿੱਚ ਉਹ ਬਰੇਕਅਪ ਤੋਂ ਬਾਅਦ ਪਹਿਲੀ ਵਾਰ ਰਣਬੀਰ ਕਪੂਰ ਨਾਲ ਸਕਰੀਨ ਸਾਂਝੀ ਕਰਦੀ ਹੋਈ ਨਜ਼ਰ ਆਏਗੀ। ਖ਼ਾਸ ਗੱਲ ਇਹ ਹੈ ਕਿ ਪੇਸ਼ੇਵਰ ਜ਼ਿੰਦਗੀ ਦੇ ਨਾਲ ਹੀ ਕੈਟ ਇਨ੍ਹਾਂ ਦਿਨਾਂ ਵਿੱਚ ਨਿੱਜੀ ਜ਼ਿੰਦਗੀ ਦੇ ਮਾਮਲੇ ਵਿੱਚ ਵੀ ਕਠਿਨ ਦੌਰ ਤੋਂ ਗੁਜ਼ਰ ਰਹੀ ਹੈ। ਪੇਸ਼ ਹੈ ਕੈਟਰੀਨਾ ਕੈਫ਼ ਨਾਲ ਹੋਈ ਗੱਲਬਾਤ ਦੇ ਅੰਸ਼:
-ਅਕਸਰ ਤੁਹਾਡੇ ਰੁਮਾਂਸ ਅਤੇ ਵਿਆਹ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਪਰ ਤੁਸੀਂ ਕਦੇ ਕੋਈ ਟਿੱਪਣੀ ਨਹੀਂ ਕੀਤੀ। ਕਿਉਂ ?
-ਕਿਉਂਕਿ ਮੈਂ ਕੇਵਲ ਉਸ ਗੱਲ ‘ਤੇ ਹੀ ਟਿੱਪਣੀ ਕਰਨਾ ਪਸੰਦ ਕਰਦੀ ਹਾਂ ਜਿਹੜੀ ਗੱਲ ਮੈਂ ਜਨਤਕ ਪਲੈਟਫ਼ਾਰਮ ‘ਤੇ ਕਹੀ ਹੋਵੇ, ਪਰ ਮੈਂ ਅੱਜ ਤਕ ਨਾ ਤਾਂ ਕਿਸੇ ਫ਼ਿਲਮ ਦੇ ਪ੍ਰਚਾਰ ਦੇ ਦੌਰਾਨ ਅਤੇ ਨਾ ਹੀ ਕਿਸੇ ਦੂਜੇ ਪ੍ਰੋਗਰਾਮ ਵਿੱਚ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀ ਕੋਈ ਗੱਲ ਕੀਤੀ। ਅਜਿਹੇ ਵਿੱਚ ਕਿਸ ਗੱਲ ‘ਤੇ ਟਿੱਪਣੀ ਕਰਾਂ ਅਤੇ ਕਿਉਂ ਕਰਾਂ ? ਮੈਨੂੰ ਇਹ ਪਸੰਦ ਨਹੀਂ ਕਿ ਤੁਸੀਂ ਮੈਨੂੰ ਜਾਂ ਕਿਸੇ ਵੀ ਦੂਜੇ ਅਦਾਕਾਰ ਦੀ ਨਿੱਜੀ ਜ਼ਿੰਦਗੀ ਨੂੰ ਆਪਣੀ ਟੀਆਰਪੀ ਵਧਾਉਣ ਲਈ ਬੇਸਿਰ ਪੈਰ ਦੀਆਂ ਗੱਲਾਂ ਨਾਲ ਜੋੜ ਕੇ ਆਪਣੀ ਹੈੱਡਲਾਈਨ ਬਣਾਓ।
-ਤੁਸੀਂ ਅਮਿਤਾਭ ਬੱਚਨ ਤੋਂ ਲੈ ਕੇ ਸੀਨੀਅਰ ਅਦਾਕਾਰਾਂ ਨਾਲ ਕੰਮ ਕੀਤਾ ਹੈ। ਇਸ ਦੇ ਨਾਲ ਹੀ ਆਦਿੱਤਿਆ ਰਾਏ ਕਪੂਰ ਅਤੇ ਸਿਧਾਰਥ ਮਲਹੋਤਰਾ ਵਰਗੇ ਜੂਨੀਅਰ ਕਲਾਕਾਰਾਂ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?
-ਨਵਾਂ ਹੋਵੇ ਜਾਂ ਪੁਰਾਣਾ, ਮਿਹਨਤ ਹਰ ਕਿਸੇ ਨੂੰ ਕਰਨੀ ਹੁੰਦੀ ਹੈ ਅਤੇ ਜੇਕਰ ਸਤਿਕਾਰ ਦੀ ਗੱਲ ਕੀਤੀ ਜਾਵੇ ਤਾਂ ਮੈਂ ਜਿੰਨਾ ਸੀਨੀਅਰ ਅਦਾਕਾਰਾਂ ਨੂੰ ਸਤਿਕਾਰ ਦਿੰਦੀ ਹਾਂ, ਉੱਨਾ ਹੀ ਆਪਣੇ ਤੋਂ ਜੂਨੀਅਰ ਕਲਾਕਾਰ ਲਈ ਮੇਰੇ ਮਨ ਵਿੱਚ ਸਨਮਾਨ ਹੈ। ਮੈਂ ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ ਇੱਥੋਂ ਤਕ ਬੌਬੀ ਦਿਓਲ ਦੇ ਨਾਲ ਵੀ ਫ਼ਿਲਮਾਂ ਕੀਤੀਆਂ ਹਨ। ਇਨ੍ਹਾਂ ਸਾਰਿਆਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਰਹੀ ਕਿ ਇਹ ਸਾਰੇ ਬਹੁਤ ਚੰਗੇ ਇਨਸਾਨ ਹਨ। ਇਸ ਲਈ ਮੈਨੂੰ ਇਨ੍ਹਾਂ ਤੋਂ ਹਮੇਸ਼ਾਂ ਹਮਾਇਤ ਮਿਲੀ ਹੈ। ਮੈਨੂੰ ਜੋ ਮਿਲਿਆ, ਉਹ ਮੈਂ ਨਵੇਂ ਲੋਕਾਂ ਨੂੰ ਦੇ ਰਹੀ ਹਾਂ। ਜਿੱਥੋਂ ਤਕ ਅਮਿਤਾਭ ਸਰ ਦੀ ਗੱਲ ਹੈ ਤਾਂ ਉਨ੍ਹਾਂ ਨੂੰ ਮੈਂ ਜ਼ਿਆਦਾ ਨਹੀਂ ਜਾਣਦੀ ਕਿਉਂਕਿ ਮੈਂ ਉਨ੍ਹਾਂ ਨਾਲ ਜ਼ਿਆਦਾ ਕੰਮ ਨਹੀਂ ਕੀਤਾ। ਮੇਰੀ ਪਹਿਲੀ ਫ਼ਿਲਮ ‘ਬੂਮ’ ਵਿੱਚ ਵੀ ਮੇਰੇ ਉਨ੍ਹਾਂ ਨਾਲ ਇੱਕ ਦੋ ਦ੍ਰਿਸ਼ ਹੀ ਸਨ।
-ਸੀਨੀਅਰ ਕਲਾਕਾਰਾਂ ਨਾਲ ਕੰਮ ਕਰਨ ਦੌਰਾਨ ਅਨੁਭਵ ਕਿਵੇਂ ਦਾ ਹੋਇਆ?
-ਮੈਂ ਕੁਝ ਹੋਰ ਸੀਨੀਅਰਾਂ ਨਾਲ ਆਪਣੇ ਨਿੱਜੀ ਅਨੁਭਵ ਦੇ ਬਾਰੇ ਦੱਸ ਸਕਦੀ ਹਾਂ। ਜਿਵੇਂ ਆਮਿਰ ਖ਼ਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਕੰਮ ਪ੍ਰਤੀ ਬਹੁਤ ਕੇਂਦਰਿਤ ਹਨ। ਉਨ੍ਹਾਂ ਦਾ ਗੱਲ ਕਰਨ ਦਾ ਤਰੀਕਾ ਵੀ ਬਹੁਤ ਹੀ ਦੁਰਲੱਭ ਹੈ। ਕੰਮ ਦੇ ਬਾਰੇ ਵਿੱਚ ਮੈਂ ਅਕਸ਼ੈ ਕੁਮਾਰ ਤੋਂ ਬਹੁਤ ਕੁਝ ਸਿੱਖਿਆ ਹੈ। ਉਹ ਕਦੇ ਵੀ ਕੰਮ ਤੋਂ ਉਕਤਾਉਂਦੇ ਨਹੀਂ ਹਨ। ਅੱਜ ਵੀ ਉਹ ਕਿੰਨਾ ਕੰਮ ਕਰ ਰਹੇ ਹਨ, ਪਰ ਕੰਮ ਦੇ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਅੱਜ ਵੀ ਉੱਨੀ ਹੀ ਹੈ ਜਿੰਨੀ ਕਿ ਕੱਲ੍ਹ ਸੀ।  ਸਲਮਾਨ ਬਹੁਤ ਮਦਦਗਾਰ ਸੁਭਾਅ ਦੇ ਮਾਲਕ ਹਨ। ਜੋ ਉਨ੍ਹਾਂ ਦੇ ਅੰਦਰ ਹੈ, ਉਹ ਹੀ ਉਨ੍ਹਾਂ ਦੇ ਬਾਹਰ ਹੈ।
-ਸਲਮਾਨ ਖ਼ਾਨ ਨਾਲ ਤੁਹਾਡੀਆਂ ਲਗਭਗ ਸਾਰੀਆਂ ਫ਼ਿਲਮਾਂ ਹਿੱਟ ਰਹੀਆਂ। ਕੀ ‘ਟਾਈਗਰ ਜਿੰਦਾ ਹੈ’ ਵੀ ਇਤਿਹਾਸ ਰਚੇਗੀ?
-ਹੁਣ ਤੋਂ ਇਸ ਬਾਰੇ ਕੁਝ ਕਹਿਣਾ ਸੰਭਵ ਨਹੀਂ ਹੈ, ਪਰ ਅਸੀਂ ਕੁਝ ਇਸੇ ਉਮੀਦ ਨਾਲ ਕੋਈ ਵੀ ਫ਼ਿਲਮ ਸਾਈਨ ਕਰਦੇ ਹਾਂ ਕਿ ਉਹ ਵੱਡੀ ਹਿੱਟ ਹੋਏਗੀ ਅਤੇ ਲੋਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਵੈਸੇ ਨਿਰਮਾਤਾ ਆਦਿੱਤਿਆ ਚੋਪੜਾ ਦੀ ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ ਵਿੱਚ ਇਹ ਫ਼ਿਲਮ ਬਹੁਤ ਹੀ ਚੰਗੀ ਬਣ ਰਹੀ ਹੈ। ਅਜਿਹੇ ਵਿੱਚ ਬਿਹਤਰ ਦੀ ਉਮੀਦ ਤਾਂ ਕਰ ਹੀ ਸਕਦੀ ਹਾਂ।
-ਤੁਹਾਡੀ ਫ਼ਿਲਮ ‘ਜੱਗਾ ਜਾਸੂਸ’ ਵਾਰ ਵਾਰ ਲੇਟ ਹੋ ਰਹੀ ਹੈ?
-ਇਸ ਦਾ ਅਸਲੀ ਕਾਰਨ ਤਾਂ ਨਿਰਮਾਤਾ ਅਨੁਰਾਗ ਬਸੂ ਹੀ ਦੱਸ ਸਕਦੇ ਹਨ। ਵੈਸੇ ਸ਼ੁਰੂ ਤੋਂ ਹੀ ਇਸ ਫ਼ਿਲਮ ਦੇ ਰਾਹ ਵਿੱਚ ਕਈ ਮੁਸ਼ਕਲਾਂ ਆਉਂਦੀਆਂ ਰਹੀਆਂ ਜਿਸ ਕਾਰਨ ਫ਼ਿਲਮ ਹੀ ਮੁਕੰਮਲ ਨਹੀਂ ਹੋ ਰਹੀ ਸੀ। ਜੇਕਰ ਹੁਣ ਮੁਕੰਮਲ ਹੋ ਗਈ ਹੈ ਤਾਂ ਹੁਣ ਤਕ ਰਿਲੀਜ਼ ਨਹੀਂ ਹੋ ਸਕੀ।
-ਕਾਮਯਾਬੀ ਦੇ ਇਸ ਮੁਕਾਮ ਤਕ ਪਹੁੰਚਣ ਦਾ ਸਿਹਰਾ ਕਿਸ ਨੂੰ ਦੇਣਾ ਚਾਹੋਗੀ?
-ਇਸ ਦਾ ਸਿਹਰਾ ਕਿਸੇ ਇੱਕ ਨੂੰ ਨਹੀਂ ਦੇ ਸਕਦੀ। ਮੈਂ ਜੇਕਰ ਇਹ ਕਹਾਂ ਕਿ ਕਿਸੇ ਇੱਕ ਸ਼ਖ਼ਸ ਦੀ ਵਜ੍ਹਾ ਨਾਲ ਇੱਥੋਂ ਤਕ ਪਹੁੰਚੀ ਹਾਂ ਤਾਂ ਇਹ ਪੂਰੀ ਤਰ੍ਹਾਂ ਨਾਲ ਗ਼ਲਤ ਹੋਏਗਾ। ਮੇਰੇ ਨਾਲ ਜੁੜੇ ਹਰ ਵਿਅਕਤੀ ਨੇ ਹਮੇਸ਼ਾਂ ਮੇਰੀ ਮਦਦ ਕੀਤੀ ਹੈ। ਚਾਹੇ ਉਹ ਵਿਪੁਲ ਸ਼ਾਹ ਹੋਵੇ ਜਾਂ ਡੇਵਿਡ ਧਵਨ ਜਾਂ ਫ਼ਿਰ ਅਨੀਸ ਬਜ਼ਮੀ। ਮੇਰਾ ਮੰਨਣਾ ਹੈ ਕਿ ਜ਼ਿੰਦਗੀ ਦੇ ਸਫ਼ਰ ਵਿੱਚ ਜੋ ਵੀ ਮਿਲਦਾ ਹੈ, ਸਭ ਦਾ ਕਿਧਰੇ ਨਾ ਕਿਧਰੇ ਤੁਹਾਡੀ ਸਫ਼ਲਤਾ ਵਿੱਚ ਯੋਗਦਾਨ ਹੁੰਦਾ ਹੈ। ਇਸ ਲਈ ਕਿਸੇ ਇੱਕ ਵਿਅਕਤੀ ਨੂੰ ਸਿਹਰਾ ਨਹੀਂ ਦਿੱਤਾ ਜਾ ਸਕਦਾ।
-ਕੀ ਤੁਹਾਨੂੰ ਅਜਿਹਾ ਨਹੀਂ ਲੱਗਦਾ ਕਿ ਚੰਗੀਆਂ ਭੂਮਿਕਾਵਾਂ ਤੁਹਾਨੂੰ ਦੇਰ ਨਾਲ ਹਾਸਿਲ ਹੋਈਆਂ ਹਨ?
-ਨਹੀਂ, ਮੈਂ ਇਸ ਗੱਲ ਨਾਲ ਇਸ ਲਈ ਸਬੰਧ ਨਹੀਂ ਰੱਖਦੀ ਕਿਉਂਕਿ ਮੈਨੂੰ ਆਪਣੇ ਕਰੀਅਰ ਵਿੱਚ ਬਹੁਤ ਜਲਦੀ ਕਾਫ਼ੀ ਚੰਗੀਆਂ ਫ਼ਿਲਮਾਂ ਮਿਲ ਚੁੱਕੀਆਂ ਹਨ ਜਿਸ ਵਿੱਚ ‘ਰਾਜਨੀਤੀ’ ਅਤੇ ‘ਨਮਸਤੇ ਲੰਡਨ’ ਵਿਸ਼ੇਸ਼ ਹੈ। ‘ਰਾਜਨੀਤੀ’ ਦੀ ਭੂਮਿਕਾ ਲਈ ਮੈਨੂੰ ਬਹੁਤ ਤਾਰੀਫ਼ਾਂ ਹਾਸਲ ਹੋਈਆਂ ਸਨ। ਇਸ ਪ੍ਰਕਾਰ ‘ਨਮਸਤੇ ਲੰਡਨ’ ਵਿੱਚ ਮੇਰੀ ਕੇਂਦਰੀ ਭੂਮਿਕਾ ਸੀ। ਇਸ ਤੋਂ ਇਲਾਵਾ ਤੁਸੀਂ ‘ਧੂਮ 3’ ਨੂੰ ਵੀ ਇਸ ਸੂਚੀ ਵਿੱਚ ਰੱਖ ਸਕਦੇ ਹੋ।
-ਤੁਸੀਂ ਆਪਣੀ ਸ਼ਖ਼ਸੀਅਤ ਦਾ ਮਜ਼ਬੂਤ ਪੱਖ ਕੀ ਮੰਨਦੇ ਹੋ?
-ਮੇਰੀ ਮਜ਼ਬੂਤੀ ਭਗਵਾਨ ਹੈ ਜਿਨ੍ਹਾਂ ‘ਤੇ ਮੇਰਾ ਅਟੁੱਟ ਵਿਸ਼ਵਾਸ ਹੈ। ਮੈਂ ਖੁੱਲ੍ਹੇ ਤੌਰ ‘ਤੇ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਪਿੱਛੇ ਪਰਿਵਾਰਕ ਹਮਾਇਤ ਇੰਨੀ ਮਜ਼ਬੂਤ ਨਹੀਂ ਹੈ। ਮੇਰੀਆਂ ਭੈਣਾਂ ਅਤੇ ਮਾਂ ਹੈ, ਪਰ ਉਸ ਤਰ੍ਹਾਂ ਦੀ ਮਜ਼ਬੂਤ ਹਮਾਇਤ ਨਹੀਂ ਹੈ, ਜਿਵੇਂ ਦੀ ਹੋਣੀ ਚਾਹੀਦੀ ਹੈ। ਅਜਿਹੇ ਵਿੱਚ ਕੋਈ ਵੀ ਇਨਸਾਨ ਭਗਵਾਨ ਦੇ ਜ਼ਿਆਦਾ ਨਜ਼ਦੀਕ ਹੋ ਜਾਂਦਾ ਹੈ। ਕੁਝ ਅਜਿਹਾ ਹੀ ਰਿਸ਼ਤਾ ਮੇਰਾ ਭਗਵਾਨ ਨਾਲ ਹੈ, ਮੈਨੂੰ ਉਸ ‘ਤੇ ਪੂਰਾ ਭਰੋਸਾ ਹੈ ਕਿ ਉਹ ਸਭ ਕੁਝ ਦੇਖ ਰਿਹਾ ਹੈ ਅਤੇ ਉਹ ਉਹੀ ਕਰਨਗੇ ਜੋ ਸਹੀ ਹੋਏਗਾ।
-ਤੁਸੀਂ ਆਪਣੀ ਸਭ ਤੋਂ ਵੱਡੀ ਕਮਜ਼ੋਰੀ ਕੀ ਮੰਨਦੇ ਹੋ?
-ਸ਼ਾਇਦ ਮੇਰਾ ਪਰਿਵਾਰ ਹੀ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਹੈ। ਤੁਸੀਂ ਜਾਣਦੇ ਹੋ ਕਿ ਅਸੀਂ ਛੇ ਭੈਣਾਂ ਹਾਂ ਅਤੇ ਮੇਰੇ ਲਈ ਮੇਰੀਆਂ ਭੈਣਾਂ ਕਿਸੇ ਫ਼ਰਿਸ਼ਤੇ ਤੋਂ ਘੱਟ ਨਹੀਂ ਹਨ। ਉਨ੍ਹਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਮੈਂ ਆਪਣੀ ਜ਼ਿੰਮੇਵਾਰੀ ਮੰਨਦੀ ਹਾਂ। ਯਕੀਨ ਕਰੋ, ਆਪਣੀਆਂ ਭੈਣਾਂ ਦੀ ਖ਼ੁਸ਼ੀ ਲਈ ਮੈਂ ਕੁਝ ਵੀ ਕਰ ਸਕਦੀ ਹਾਂ।