ਹਮਸਫ਼ਰ ਮਨਪਸੰਦ ਹੋਵੇ ਤਾਂ ਗ੍ਰਹਿਸਥੀ ਵਿੱਚ ਖੁਸ਼ੀਆਂ ਦਾ ਦਾਇਰਾ ਵੱਧ ਜਾਂਦਾ ਹੈ। ਜ਼ਮਾਨੇ ਦੀਆਂ ਨਜ਼ਰਾਂ ਵਿੱਚ ਦੀਪਿਕਾ ਅਤੇ ਰਾਜੇਸ਼ ਵੀ ਖੁਸ਼ਮਿਜਾਜ ਪਰਿਵਾਰ ਸੀ। ਕਰੀਬ 8 ਸਾਲ ਪਹਿਲਾਂ ਕਾਲਜ ਦੇ ਦਿਨਾਂ ਵਿੱਚ ਦੋਵਾਂ ਦੀ ਮੁਲਾਕਾਤ ਹੋਈ। ਪਹਿਲਾਂ ਉਹਨਾਂ ਵਿੱਚ ਦੋਸਤੀ ਹੋਈ ਅਤੇ ਫ਼ਿਰ ਕਦੋਂ ਉਹ ਇੱਕ-ਦੂਜੇ ਦੇ ਕਰੀਬ ਆ ਗਏ, ਇਸ ਦਾ ਪਤਾ ਨਹੀਂ ਲੱਗਿਆ। ਉਹ ਸੱਚਮੁਚ ਖੁਸ਼ਨਸੀਬ ਹੁੰਦੇ ਹਨ, ਜਿਹਨਾਂ ਨੂੰ ਪਿਆਰ ਦੀ ਮੰਜ਼ਿਲ ਮਿਲ ਜਾਂਦੀ ਹੈ। ਪਿਆਰ ਹੋਇਆ ਤਾਂ ਖੂਬਸੂਰਤ ਦੀਪਿਕਾ ਨੇ ਰਾਜੇਸ਼ ਨਾਲ ਉਮਰ ਭਰ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ। ਦੋਵਾਂ ਲਈ ਜੁਦਾਈ ਬਰਦਾਸ਼ਤ ਤੋਂ ਬਾਹਰ ਹੋਈ ਤਾਂ ਪਰਿਵਾਰ ਦੀ ਰਜ਼ਾਮੰਦੀ ਨਾਲ ਦੋਵੇਂ ਵਿਆਹ ਕਰਵਾ ਕੇ ਇੱਕ ਹੋ ਗਏ। ਇੱਕ ਸਾਲ ਬਾਅਦ ਦੀਪਿਕਾ ਇੱਕ ਲੜਕੇ ਦੀ ਮਾਂ ਵੀ ਬਣ ਗਈ।
ਰਾਜੇਸ਼ ਦਾ ਪਰਿਵਾਰ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਰਾਏਪੁਰ ਥਾਣਾ ਖੇਤਰ ਅਧੀਨ ਤਪੋਵਨ ਐਨਕਲੇਵ ਕਾਲੋਨੀ ਵਿੱਚ ਰਹਿੰਦਾ ਸੀ। ਦਰਅਸਲ ਰਾਜੇਸ਼ ਦੇ ਪਿਤਾ ਪ੍ਰੇਮ ਸਿੰਘ ਰਾਣਾ ਮੂਲ ਤੌਰ ਤੇ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬੁਲੰਦਸ਼ਹਿਰ ਦੇ ਪਿੰਡ ਸਰਦਲਪੁਰ ਦੇ ਰਹਿਣ ਵਾਲੇ ਸਨ ਪਰ ਸਾਲਾਂ ਪਹਿਲਾਂ ਉਹ ਉਤਰਾਖੰਡ ਆ ਕੇ ਵੱਸ ਗਏ ਸਨ। ਦਰਅਸਲ ਉਹ ਦੇਹਰਾਦੂਨ ਦੀ ਆਰਡੀਨੈਂਸ ਫ਼ੈਕਟਰੀ ਵਿੱਚ ਨੌਕਰੀ ਕਰਦਾ ਸੀ। ਉਹਨਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਰਾਜੇਸ਼ ਤੋਂ ਇਲਾਵਾ 5 ਬੇਟੀਆਂ ਸਨ, ਜਿਹਨਾਂ ਵਿੱਚੋਂ 2 ਦਾ ਵਿਆਹ ਉਹ ਕਰ ਚੁੱਕੇ ਸਨ।
ਸੰਨ 2000 ਦੀ ਦੁਪਹਿਰ ਦੇ ਵਕਤ ਦੀਪਿਕਾ ਕਾਫ਼ੀ ਪ੍ਰੇਸ਼ਾਨ ਸੀ। ਸ਼ਾਮ ਹੁੰਦੇ-ਹੁੰਦੇ ਉਸ ਦੀ ਪ੍ਰੇਸ਼ਾਨੀ ਹੋਰ ਵੀ ਵੱਧ ਗਈ, ਜਦੋਂ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਥਾਣਾ ਰਾਏਪੁਰ ਪਹੁੰਚੀ। ਉਸ ਨੇ ਪੁਲਿਸ ਮੁਖੀ ਨਾਲ ਮੁਲਾਕਾਤ ਕਰਕੇ ਦੱਸਿਆ ਕਿ ਸਵੇਰ ਤੋਂ ਉਸ ਦੇ ਪਤੀ ਅਤੇ ਸਹੁਰਾ ਲਾਪਤਾ ਹਨ। ਦੀਪਿਕਾ ਨੇ ਦੱਸਿਆ ਕਿ ਅੱਜ ਸਵੇਰੇ ਉਹ ਦੋਵੇਂ ਆਪਣੀ ਸੈਂਟਰੋ ਕਾਰ ਵਿੱਚ ਬੁਲੰਦਸ਼ਹਿਰ ਜਾਣ ਬਾਰੇ ਕਹਿ ਕੇ ਗਏ ਸਨ ਪਰ ਨਾ ਤਾਂ ਹੁਣ ਤੱਕ ਵਾਪਸ ਆਏ ਹਨ ਅਤੇ ਨਾ ਹੀ ਉਹਨਾਂ ਦਾ ਮੋਬਾਇਲ ਲੱਗ ਰਿਹਾ ਹੈ। ਦੀਪਿਕਾ ਮੁਤਾਬਕ 65 ਸਾਲਾ ਪ੍ਰੇਮ ਸਿੰਘ ਸ਼ਹਿਰ ਵਿੱਚ ਰਹਿ ਜ਼ਰੂਰ ਰਿਹਾ ਸੀ ਪਰ ਕਦੀ-ਕਦੀ ਉਹ ਬੁਲੰਦਸ਼ਹਿਰ ਸਥਿਤ ਪਿੰਡ ਜਾਂਦਾ ਰਹਿੰਦਾ ਸੀ।
ਦੋਵਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖ ਲਈ। ਫ਼ੋਨ ਨੰਬਰਾਂ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਦੇ ਨੰਬਰ ਸਵਿੱਚ ਆਫ਼ ਆਏ। ਉਸੇ ਰਾਤ ਕਰੀਬ 2 ਵਜੇ ਜਦੋਂ ਦੇਹਰਾਦੂਨ ਦੇ ਦੂਜੇ ਥਾਣੇ ਡੋਈਵਾਲਾ ਦੀ ਪੁਲਿਸ ਇਲਾਕੇ ਵਿੱਚ ਗਸ਼ਤ ਤੇ ਸੀ ਤਾਂ ਪੁਲਿਸ ਨੂੰ ਦੇਹਰਾਦੂਨ-ਹਰਿਦੁਆਰ ਹਾਈਵੇ ਤੇ ਕੁਆਂਵਾਲਾ ਦੇ ਕੋਲ ਸੜਕ ਕਿਨਾਰੇ ਇੱਕ ਕਾਰ ਖੜ੍ਹੀ ਦਿੱਸੀ। ਪੁਲਿਸ ਵਾਲੇ ਕਾਰ ਦੇ ਨਜ਼ਦੀਕ ਪਹੁੰਚੇ ਤਾਂ ਪਤਾ ਲੱਗਿਆ ਕਿ ਕਾਰ ਦੇ ਦਰਵਾਜ਼ੇ ਅਨਲੌਕਡ ਸਨ।
ਕਾਰ ਦੀ ਪਿਛਲੀ ਸੀਟ ਤੇ ਨਜ਼ਰ ਮਾਰੀ ਤਾਂ ਉਸ ਵਿੱਚ 2 ਲਾਸ਼ਾਂ ਪਈਆਂ ਸਨ ਜੋ ਕੰਬਲ ਅਤੇ ਚਾਦਰ ਵਿੱਚ ਲਿਪਟੀਆਂ ਸਨ। ਕੰਬਲ ਅਤੇ ਚਾਦਰ ਤੇ ਖੂਨ ਲੱਗਿਆ ਸੀ। ਗਸ਼ਤੀ ਦਲ ਨੇ ਫ਼ੋਨ ਤੇ ਸੂਚਨਾ ਥਾਣੇ ਦਿੱਤੀ। ਪੁਲਿਸ ਪਹੁੰਚੀ ਤਾਂ ਜਾਂਚ ਵਿੱਚ ਪਤਾ ਲੱਗਿਆ ਕਿ ਹੱਤਿਆ ਬਹੁਤ ਬੇਰਹਿਮ ਤਰੀਕੇ ਨਾਲ ਕੀਤੀ ਗਈ ਸੀ। ਉਹਨਾਂ ਦੀਆਂ ਲਾਸ਼ਾਂ ਤੇ ਚਾਕੂਆਂ ਦੇ ਦਰਜਨਾਂ ਨਿਸ਼ਾਨ ਸਨ। ਦੋਵਾਂ ਦੀ ਗਰਦਨ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਅਨੇਕਾਂ ਵਾਰ ਕੀਤੇ ਗੲੈ ਸਨ। ਦੋਵਾਂ ਦੇ ਗਲੇ ਤੇ ਰੱਸੀ ਕਸੀ ਹੋਈ ਸੀ।
ਸਾਰੇ ਜ਼ਿਲ੍ਹੇ ਦੀ ਪੁਲਿਸ ਪਹੁੰਚ ਗਈ। ਨਿਰੀਖਣ ਤੋਂ ਪਤਾ ਲੱਗਿਆ ਕਿ ਦੋਵਾਂ ਦੀ ਹੱਤਿਆ ਕਾਰ ਵਿੱਚ ਨਹੀਂ ਕੀਤੀ ਗਈ। ਹੱਤਿਆ ਕਿਸੇ ਹੋਰ ਥਾਂ ਕੀਤੀ ਗਈ ਹੈ। ਸਵੇਰ ਹੋਣ ਤੇ ਆਸ ਪਾਸ ਦੇ ਲੋਕਾਂ ਨੂੰ ਕਾਰ ਵਿੱਚ ਲਾਸ਼ਾਂ ਮਿਲਣ ਦੀ ਜਾਣਕਾਰੀ ਮਿਲੀ ਤਾਂ ਬਹੁਤ ਸਾਰੇ ਲੋਕ ਇੱਕੱਠੇ ਹੋ ਗਏ। ਲਾਸ਼ਾਂ ਪੋਸਟ ਮਾਰਟਮ ਲਈ ਭੇਜੀਆਂ। ਪੁਲਿਸ ਨੇ ਕਾਰ ਬਾਰੇ ਜਾਣਕਾਰੀ ਲਈ ਤਾਂ ਉਹ ਦੀਪਿਕਾ ਰਾਣਾ ਦੇ ਨਾਂ ਤੇ ਰਜਿਸਟਰਡ ਨਿਕਲੀ ਜੋ ਤਪੋਵਨ ਕਾਲੋਨੀ ਵਿੱਚ ਰਹਿੰਦੀ ਸੀ।
ਪੁਲਿਸ ਨੂੰ ਦੋਵਾਂ ਦੀ ਰਿਪੋਰਟ ਪਹਿਲਾਂ ਹੀ ਮਿਲ ਗਈ ਸੀ। ਉਹਨਾ ਨੇ ਦੀਪਿਕਾ ਨੂੰ ਬੁਲਾਇਆ ਤਾਂ ਦੀਪਿਕਾ ਨੇ ਦੋਵਾਂ ਦੀ ਪਛਾਣ ਕਰ ਲਈ। ਰਿਸ਼ਤੇਦਾਰ ਇੱਕੱਠੇ ਹੋ ਗਏ। ਦੀਪਿਕਾ ਨੇ ਕਿਸੇ ਨਾਲ ਦੁਸ਼ਮਣੀ ਹੋਣ ਬਾਰੇ ਵੀ ਨਹੀਂ ਦੱਸਿਆ। ਜਾਂਚ ਲਈ ਵੱਡੀ ਟੀਮ ਤਾਇਨਾਤ ਕੀਤੀ। ਦੋਹਰੇ ਹੱਤਿਆਕਾਂਡ ਕਾਰਨ ਪੂਰੇ ਸ਼ਹਿਰ ਵਿੱਚ ਸਨਸਨੀ ਫ਼ੈਲ ਗਈ। ਰਾਜੇਸ਼ ਦੀ ਭੈਣ ਗੀਤਾ ਦੇ ਬਿਆਨ ਤੇ ਪੁਲਿਸ ਨੇ ਪਰਚਾ ਦਰਜ ਕੀਤਾ।
ਪੁਲਿਸ ਨੇ ਮ੍ਰਿਤਕ ਰਾਜੇਸ਼ ਅਤੇ ਉਸਦੀ ਪਤਨੀ ਦੀਪਿਕਾ ਦੇ ਮੋਬਾਇਲ ਨੰਬਰਾਂ ਦੀ ਕਾਲ ਡਿਟੇਲ ਦਾ ਅਧਿਐਨ ਕੀਤਾ ਤਾਂ ਰਾਜੇਸ਼ ਦੇ ਮੋਬਾਇਲ ਦੀ ਆਖਰੀ ਲੁਕੇਸ਼ਨ 4 ਮਾਰਚ 2017 ਦੀ ਸਵੇਰ ਲਾਡਪੁਰ ਖੇਤਰ ਵਿੱਚ ਮਿਲੀ ਜੋ ਕਿ ਕੂਆਂਵਾਲਾ ਦੇ ਨਜ਼ਦੀਕ ਸੀ। ਇਸ ਤੋਂ ਪੁਲਿਸ ਹੈਰਾਨ ਹੋਈ, ਕਿਉਂਕਿ ਦੀਪਿਕਾ ਨੇ ਉਹਨਾਂ ਦੇ ਜਾਣ ਦਾ ਵਕਤ ਸਵੇਰੇ ਕਰੀਬ 9 ਵਜੇ ਦੱਸਿਆ ਸੀ।
ਕਾਲ ਡਿਟੇਲ ਤੋਂ ਸਪਸ਼ਟ ਹੋ ਗਿਆ ਕਿ ਦੀਪਿਕਾ ਨੇ ਪੁਲਿਸ ਨੂੰ ਝੂਠ ਬੋਲਿਆ ਸੀ। ਇਸ ਕਾਰਨ ਉਹ ਸ਼ੱਕ ਦੇ ਦਾਇਰੇ ਵਿੱਚ ਆ ਗਈ। ਪੁਲਿਸ ਨੇ ਦੀਪਿਕਾ ਤੋਂ ਪੁੱਛਿਆ ਤਾਂ ਉਹ ਆਪਣੇ ਬਿਆਨ ਤੇ ਅੜੀ ਰਹੀ। ਇੰਨਾ ਹੀ ਨਹੀਂ ਉਸ ਨੇ ਪੁਲਿਸ ਮੂਹਰੇ ਆਪਣੇ 8 ਸਾਲ ਦੇ ਬੱਚੇ ਨੂੰ ਵੀ ਕਰ ਦਿੱਤਾ, ਜਿਸ ਨੇ ਦੀਪਿਕਾ ਦੇ ਬਿਆਨ ਦੀ ਪੁਸ਼ਟੀ ਕੀਤੀ।
ਪੁਲਿਸ ਨੇ ਬੱਚੇ ਨੂੰ ਕਈ ਲਾਲਚ ਦੇ ਕੇ ਅਲੱਗ ਵੀ ਪੁੱਛਿਆ। ਪਰ ਉਹ ਵੀ ਅੜਿੱਗ ਰਿਹਾ। ਪਰ ਪੁਲਿਸ ਸਮਝ ਗਈ ਕਿ ਦੀਪਿਕਾ ਸ਼ਾਤਿਰ ਕਿਸਮ ਦੀ ਔਰਤ ਹੈ।
ਪੁਲਿਸ ਨੇ ਉਸਦੀ ਕਾਲ ਡਿਟੇਲ ਕਢਵਾਈ, ਫ਼ਿਰ ਜਾਂਚ ਕੀਤੀ ਤਾਂ ਇੱਕ ਅਜਿਹਾ ਨੰਬਰ ਮਿਲਿਆ, ਜਿਸ ਤੇ ਅਕਸਰ ਗੱਲਾਂ ਹੁੰਦੀਆਂ ਸਨ। 3 ਮਾਰਚ ਦੀ ਰਾਤ ਅਤੇ 4 ਮਾਰਚ ਦੀ ਸਵੇਰ ਸਾਢੇ 5 ਵਜੇ ਵੀ ਉਸ ਨੰਬਰ ਤੇ ਗੱਲ ਹੋਈ ਸੀ। ਪੁਲਿਸ ਨੇ ਜਾਂਚ ਕੀਤੀ ਤਾਂ ਉਹ ਯੋਗੇਸ਼ ਦਾ ਨਿਕਲਿਆ। ਯੋਗੇਸ਼ ਸ਼ਹਿਰ ਦੇ ਹੀ ਗਾਂਧੀ ਰੋਡ ਤੇ ਇੱਕ ਰੈਸਟੋਰੈਂਟ ਚਲਾਉਂਦਾ ਸੀ।
ਯੋਗੇਸ਼ ਦੀ ਕਾਲ ਡਿਟੇਲ ਪਰਖੀ ਤਾਂ ਉਹ ਉਸੇ ਲੁਕੇਸ਼ਨ ਦੀ ਨਿਕਲੀ, ਜਿੱਥੇ ਲਾਸ਼ਾਂ ਬਰਾਮਦ ਹੋਈਆਂ ਸਨ। ਪੁਲਿਸ ਨੇ ਕੜੀਆਂ ਜੋੜ ਲਈਆਂ। ਇਸੇ ਵਿੱਚਕਾਰ ਪੁਲਿਸ ਨੂੰ ਪਤਾ ਲੱਗਿਆ ਕਿ ਦੀਪਿਕਾ ਅਤੇ ਯੋਗੇਸ਼ ਵਿੱਚਕਾਰ ਪ੍ਰੇਮ ਦੇ ਰਿਸ਼ਤੇ ਸਨ, ਜਿਸ ਕਾਰਨ ਅਕਸਰ ਲੜਾਈ ਝਗੜਾ ਹੁੰਦਾ ਸੀ।
ਪੁਲਿਸ ਨੇ ਫ਼ਿਰ ਦੀਪਿਕਾ ਤੋਂ ਸਖਤੀ ਨਾਲ ਪੁੱਛਿਆ ਤਾਂ ਉਸ ਨੇ ਸਭ ਬਿਆਨ ਕਰ ਦਿੱਤਾ। ਪੁਲਿਸ ਨੇ ਯੋਗੇਸ਼ ਨੂੰ ਵੀ ਪਕੜ ਲਿਆ।
ਦਰਅਸਲ ਰਾਜੇਸ਼ ਨਾਲ ਵਿਆਹ ਤੋਂ ਬਾਅਦ ਦੀਪਿਕਾ ਦੀ ਜ਼ਿੰਦਗੀ ਆਰਾਮ ਨਾਲ ਬੀਤ ਰਹੀ ਸੀ। ਦੋਵਾਂ ਵਿੱਚਕਾਰ ਪਿਆਰ ਭਰੇ ਵਿਸ਼ਵਾਸ ਦੇ ਰਿਯਤੇ ਸਨ। ਰਾਜੇਸ਼ ਸਿੱਧਾ-ਸਾਦਾ ਲੜਕਾ ਸੀ, ਜਦਕਿ ਦੀਪਿਕਾ ਠੀਕ ਇਸ ਦੇ ਉਲਟ ਤੇਜ਼ ਤਰਾਰ ਅਤੇ ਫ਼ੈਸ਼ਨ ਪ੍ਰਸਤ ਲੜਕੀ ਸੀ। 2 ਸਾਲ ਪਹਿਲਾਂ ਯੋਗੇਸ਼ ਨੇ ਰਾਏਪੁਰ ਸਥਿਤ ਸਪੋਰਟਸ ਸਟੇਡੀਅਮ ਵਿੱਚ ਠੇਕੇ ਤੇ ਕੁਝ ਕੰਮ ਕੀਤਾ ਸੀ। ਇਸ ਦੌਰਾਨ ਉਹ ਇੱਕ ਗੈਸਟ ਹਾਊਸ ਵਿੱਚ ਰਿਹਾ। ਉਹ ਗੈਸਟ ਹਾਊਸ ਰਾਜੇਸ਼ ਦੇ ਘਰ ਦੇ ਠੀਕ ਪਿੱਛੇ ਸੀ।
ਯੋਗੇਸ਼ ਮੂਲ ਤੌਰ ਤੇ ਹਰਿਆਣਾ ਦੇ ਕਰਨਾਲ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਦੇਹਰਾਦੂਨ ਵਿੱਚ ਛੋਟੇ-ਮੋਟੇ ਠੇਕੇਦਾਰੀ ਦੇ ਕੰਮ ਕਰਦਾ ਸੀ। ਉਹ ਰਾਜੇਸ਼ ਦੀ ਦੁਕਾਨ ਤੇ ਵੀ ਆਉਂਦਾ ਸੀ। ਇਸ ਕਰਕੇ ਦੋਵਾਂ ਵਿੱਚਕਾਰ ਜਾਣ-ਪਛਾਣ ਹੋ ਗਈ। ਦੀਪਿਕਾ ਜਦੋਂ ਵੀ ਛੱਤ ਤੇ ਕੱਪੜੇ ਸੁਕਾਉਣ ਜਾਂਦੀ ਤਾਂ ਯੋਗੇਸ਼ ਉਸਨੂੰ ਦੇਖਦਾ। ਪਹਿਲੀ ਹੀ ਨਜ਼ਰ ਵਿੱਚ ਉਸ ਨੇ ਦੀਪਿਕਾ ਨੂੰ ਹਾਸਲ ਕਰਨ ਦਾ ਫ਼ੈਸਲਾ ਕਰ ਲਿਆ। ਦੀਪਿਕਾ ਨੂੰ ਪ੍ਰਾਪਤ ਕਰਨ ਦੀ ਇੱਛਾ ਵਿੱਚ ਯੋਗੇਸ਼ ਨੇ ਹੌਲੀ-ਹੌਲੀ ਰਾਜੇਸ਼ ਨਾਲ ਦੋਸਤੀ ਕਰ ਲਈ। ਦੋਸਤੀ ਮਜ਼ਬੂਤ ਹੋਣ ਤੇ ਉਸ ਦੇ ਘਰ ਵੀ ਜਾਣ ਲੱਗਿਆ।
ਦੋਵਾਂ ਵਿੱਚਕਾਰ ਪਿਆਰ ਪਣਪ ਗਿਆ ਅਤੇ ਨਜਾਇਜ਼ ਰਿਸ਼ਤਾ ਵੀ ਬਣ ਗਿਆ। ਇਸ ਤੋਂ ਬਾਅਦ ਜਦੋਂ ਵੀ ਰਾਜੇਸ਼ ਅਤੇ ਪ੍ਰੇਮ ਸਿੰਘ ਬਾਹਰ ਹੁੰਦੇ ਤਾਂ ਯੋਗੇਸ਼ ਦੇ ਨਾਲ ਉਹ ਆਪਣਾ ਵਕਤ ਗੁਜ਼ਾਰਦੀ। ਦੋਵਾਂ ਨੇ ਨਜਾਇਜ਼ ਰਿਸ਼ਤੇ ਨੂੰ ਲੈ ਕੇ ਜਿਊਣ-ਮਰਨ ਦੀਆਂ ਕਸਮਾਂ ਖਾ ਲਈਆਂ।
ਪਤਨੀ ਦੀ ਬੇਵਫ਼ਾਈ ਦਾ ਰਾਜੇਸ਼ ਨੂੰ ਪਤਾ ਲੱਗਿਆ ਤਾਂ ਤਣਾਅ ਵੱਧ ਗਿਆ। ਦੀਪਿਕਾ ਚਾਹੁੰਦੀ ਸੀ ਕਿ ਉਸ ਤੇ ਕੋਈ ਪਾਬੰਦੀ ਨਾ ਹੋਵੇ ਪਰ ਉਹ ਪਿੱਛੇ ਮੁੜਨ ਲਈ ਤਿਆਰ ਨਹੀਂ ਸੀ। ਰਜੇਸ਼ ਨੂੰ ਪਤਨੀ ਤੋਂ ਅਜਿਹੀ ਉਮੀਦ ਨਹੀਂ ਸੀ। ਰਾਜੇਸ਼ ਮਾਨਸਿਕ ਤਣਾਅ ਵਿੱਚ ਰਹਿਣ ਲੱਗਿਆ। ਉਹ ਪ੍ਰੇਸ਼ਾਨ ਹੋ ਗਿਆ ਅਤੇ ਤਲਾਕ ਬਾਰੇ ਸੋਚਣ ਲੱਗਿਆ। ਦੋਵੇਂ ਤਿਆਰ ਹੋਏ ਪਰ ਲੜਕੇ ਨੂੰ ਲੈ ਕੇ ਦਿੱਕਤ ਆ ਗਈ। ਰਿਸ਼ਤਿਆਂ ਵਿੱਚ ਕੜਵਾਹਟ ਇੰਨੀ ਵੱਧ ਗਈ ਕਿ ਦੀਪਿਕਾ ਆਪਣੇ ਲੜਕੇ ਨਾਲ ਬੈਡਰੂਮ ਵਿੱਚ ਸੌਂਦੀ, ਜਦਕਿ ਰਾਜੇਸ਼ ਡਰਾਈਂਗ ਰੂਮ ਵਿੱਚ।
ਦੀਪਿਕਾ ਆਪਣਾ ਆਚਰਣ ਬਦਲਣ ਲਈ ਤਿਆਰ ਨਹੀਂ ਸੀ। ਰਾਜੇਸ਼ ਦੇ ਹੁੰਦਿਆਂ ਇਹ ਸੰਭਵ ਨਹੀਂ ਸੀ, ਇਸ ਕਰਕੇ ਉਸਨੇ ਰਾਜੇਸ਼ ਨੂੰ ਰਸਤੇ ਤੋਂ ਹਟਾਉਣ ਦਾ ਖਤਰਨਾਕ ਫ਼ੈਲਾ ਕਰ ਲਿਆ। ਇਸ ਕਰਕੇ ਯੋਗੇਸ਼ ਨੇ ਦੋ ਹੋਰ ਲੜਕੇ ਨਾਲ ਲਏ, ਜੋ ਪੱਛਮੀ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਉਹਨਾਂ ਨੂੰ ਲਾਲਚ ਦਿੱਤਾ ਗਿਆ ਅਤੇ 3 ਮਾਰਚ 2017 ਨੂੰ ਹੱਤਿਆ ਕਰਨ ਦੀ ਯੋਜਨਾ ਬਣਾਈ। ਉਸ ਰਾਤ ਪ੍ਰੇਮ ਸਿੰਘ ਆਪਣੇ ਕਮਰੇ ਵਿੱਚ ਅਤੇ ਰਾਜੇਸ਼ ਡਰਾਈਂਗ ਰੂਮ ਵਿੱਚ ਸੁੱਤਾ ਪਿਆ ਸੀ ਪਰ ਦੀਪਿਕਾ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ। ਯੋਗੇਸ਼ ਨੇ ਦੀਪਿਕਾ ਨੂੰ ਫ਼ੋਨ ਕੀਤਾ ਅਤੇ ਉਸ ਨੇ ਆਪਣੇ ਘਰ ਦਾ ਪਿਛਾ ਦਰਵਾਜ਼ਾ ਖੋਲ੍ਹ ਦਿੱਤਾ। ਫ਼ਿਰ ਰਾਤ ਤਕਰੀਬਨ 12 ਵਜੇ ਘਰ ਦੇ ਪਿਛਲੇ ਦਰਵਾਜ਼ਿਉਂ ਪੱਪੂ ਅਤੇ ਡੱਬੂ ਦੇ ਨਾਲ ਯੋਗੇਸ਼ ਘਰ ਵਿੱਚ ਆਇਆ। ਦੀਪਿਕਾ ਤਿੰਨਾਂ ਨੂੰ ਡਰਾਈਂਗ ਰੂਮ ਲੈ ਗਏ ਅਤੇ ਰਾਜੇਸ਼ ਦਾ ਗਲਾ ਰੱਸੀ ਨਾਲ ਘੁੱਟ ਦਿੱਤਾ। ਦੀਪਿਕਾ ਰਸੋਈ ਤੋਂ ਦੋ ਚਾਕੂ ਲਿਆਈ ਅਤੇ ਉਹਨਾਂ ਨੇ ਚਾਕੂ ਨਾਲ ਉਸ ਨੂੰ ਚਿੱਤ ਕਰ ਦਿੱਤਾ। ਦੀਪਿਕਾ ਨੇ ਉਸ ਦੇ ਪੈਰ ਪਕੜੇ ਹੋਏ ਸਨ। ਇਸੇ ਵਿੱਚਕਾਰ ਆਵਾਜ਼ ਸੁਣ ਕੇ ਦੂਜੇ ਕਮਰੇ ਵਿੱਚ ਸੌਂ ਰਹੇ ਰਾਜੇਸ਼ ਦੇ ਪਿਤਾ ਪ੍ਰੇਮ ਸਿੰਘ ਉਥੇ ਆ ਗਏ। ਆਪਣੀਆਂ ਅੱਖਾਂ ਮੂਹਰੇ ਮੌਤ ਦਾ ਨਜ਼ਾਰਾ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਲ ਖਿਸਕ ਗਈ। ਇਸ ਤੋਂ ਬਾਅਦ ਤਿੰਨੇ ਪ੍ਰੇਮ ਸਿੰਘ ਤੇ ਝਪਟ ਪੲੈ ਅਤੇ ਉਸ ਦੀ ਵੀ ਹੱਤਿਆ ਕਰ ਦਿੱਤੀ।
ਸਵੇਰੇ ਜਲਦੀ ਕਾਰ ਲੈ ਕੇ ਉਹ ਲਾਸ਼ਾਂ ਸਮੇਤ ਉਥੋਂ ਨਿਕਲ ਗਏ। ਰਸਤੇ ਵਿੱਚ ਲਾਡਪੁਰ ਦੇ ਜੰਗਲ ਵਿੱਚ ਉਹਨਾਂ ਨੇ ਸਾਰਾ ਸਮਾਨ ਸੁੱਟ ਦਿੱਤਾ। ਇਸ ਤੋਂ ਪਹਿਲਾਂ ਉਹਨਾਂ ਨੇ ਮੋਬਾਇਲ ਸਵਿੱਚ ਕਰ ਦਿੱਤਾ। ਕਾਰ ਉਹਨਾ ਨੇ ਕੁਆਂਵਾਲਾ ਵਿੱਚ ਸੜਕ ਕਿਨਾਰੇ ਛੱਡ ਦਿੱਤੀ। ਸਾਰੇ ਕੱਪੜੇ ਸਾੜ ਦਿੱਤੇ । ਇਸ ਤੋਂ ਬਾਅਦ ਫ਼ੋਨ ਕਰਕੇ ਦੀਪਿਕਾ ਨੂੰ ਲਾਸ਼ਾਂ ਨੂੰ ਠਿਕਾਣੇ ਲਗਾਉਣ ਦੀ ਜਾਣਕਾਰੀ ਦਿੱਤੀ।
ਯੋਜਨਾ ਮੁਤਾਬਕ ਦੀਪਿਕਾ ਨੇ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਰਟਾ ਦਿੱਤਾ ਸੀ ਕਿ ਕੋਈ ਪੁੱਛੇ ਤਾਂ ਦੱਸਣਾ ਕਿ ਉਹਨਾਂ ਦੇ ਪਾਪਾ ਅਤੇ ਦਾਦਾ ਸਵੇਰੇ 9 ਵਜੇ ਗਏ ਹਨ। ਇਸ ਤੋਂ ਬਾਅਦ ਉਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਯੋਗੇਸ਼ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਖੂਨ ਨਾਲ ਲਿੱਬੜੇ ਕੱਪੜੇ, ਚਾਕੂ ਅਤੇ ਸੋਫ਼ਾ ਕਵਰ ਬਰਾਮਦ ਕਰ ਲਿਆ।