ਐਸ.ਏ.ਐਸ. ਨਗਰ- ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਜ਼ੇਰੇ-ਇਲਾਜ ਉਘੇ ਨਾਟਕਕਾਰ ਪ੍ਰੋ. ਅਜਮੇਰ ਔਲਖ ਨੂੰ ਮਿਲ ਕੇ ਉਨ੍ਹਾਂ ਦਾ ਹਾਲ ਪੁੱਛਿਆ।
ਅੱਜ ਇਥੇ ਹਸਪਤਾਲ ਫੇਰੀ ਦੌਰਾਨ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਪ੍ਰੋ. ਔਲਖ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਵੀ ਗੱਲਬਾਤ ਕਰ ਕੇ ਸਿਹਤ ਬਾਰੇ ਪੁੱਛਿਆ। ਸ੍ਰੀਮਤੀ ਚੌਧਰੀ ਨੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਸਿਹਤ ਬਾਰੇ ਜਾਣਕਾਰੀ ਲਈ ਅਤੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ। ਉਨ੍ਹਾਂ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮੱਦਦ ਕਰਨ ਦਾ ਵਿਸ਼ਵਾਸ ਵੀ ਦਿਵਾਇਆ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਾਹਿਤਕਾਰ ਕੌਮ ਦਾ ਸਰਮਾਇਆ ਹਨ ਅਤੇ ਪ੍ਰੋ. ਔਲਖ ਨੇ ਆਪਣੇ ਨਾਟਕਾਂ ਅਤੇ ਇਕਾਂਗੀਆਂ ਨਾਲ ਪੰਜਾਬੀ ਸਾਹਿਤ ਨੂੰ ਹੋਰ ਵੀ ਅਮੀਰੀ ਬਖਸ਼ੀ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਔਲਖ ਦਾ ਪੰਜਾਬੀ ਸਾਹਿਤ ਨੂੰ ਵੱਡਾ ਯੋਗਦਾਨ ਹੈ। ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ, ਭਾਰਤੀ ਸੰਗੀਤ ਨਾਟਕ, ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੰਜਾਬੀ ਨਾਟਕਕਾਰ ਦੇ ਐਵਾਰਡਾਂ ਨਾਲ ਵੀ ਸਨਮਾਨਿਆ ਗਿਆ ਹੈ। ਉਨ੍ਹਾਂ ਆਪਣੇ ਨਾਟਕ ਰਾਹੀਂ ਆਮ ਲੋਕਾਂ, ਪੇਂਡੂ ਜੀਵਨ, ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਹਿਤਕਾਰਾਂ ਦੀ ਦੇਖਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਵੱਲੋਂ ਪਹਿਲਾਂ ਹੀ ਇਲਾਜ ਲਈ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ ਅਤੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਵੀ ਪ੍ਰੋ. ਔਲਖ ਨੂੰ ਮਿਲ ਕੇ ਉਨ੍ਹਾਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਣ ਦਾ ਐਲਾਨ ਕੀਤਾ ਗਿਆ ਸੀ।
ਇਸ ਮੌਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਵਾਲੀਆ, ਸਹਾਇਕ ਕਮਿਸ਼ਨਰ ਸ੍ਰੀਮਤੀ ਨਯਨ ਭੁੱਲਰ, ਸਹਾਇਕ ਸਿਵਲ ਸਰਜਨ ਡਾ.ਜਸਬੀਰ ਕੌਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀ ਜਨਕ ਰਾਜ ਮਹਿਰੋਕ, ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀ ਸੁਭਾਸ਼ ਮਹਾਜਨ ਤੇ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਸ੍ਰੀ ਬਲਜਿੰਦਰ ਸਿੰਘ ਵੀ ਹਾਜ਼ਰ ਸਨ।