ਧੂਰੀ  -ਜ਼ਿਲਾ ਪੁਲਿਸ ਮੁਖੀ ਸ੍ਰ. ਮਨਦੀਪ ਸਿੰਘ ਸਿੱਧੂ ਵੱਲੋਂ ਨਸ਼ਾ ਤਸਕਰਾਂ ਦੇ ਖਿਲ਼ਾਫ ਵਿੱਢੀ ਮੁਹਿੰਮ ਦੇ ਚਲਦਿਆਂ ਲੁੱਕ-ਛਿਪ ਕੇ ਨਸ਼ੇ ਦਾ ਕੰਮ ਕਰਨ ਵਾਲੇ ਨਸ਼ਾ ਤਸਕਰਾਂ ਵਿੱਚ ਪੂਰਾ ਭੈਅ ਦਾ ਮਾਹੌਲ ਬਣਿਆ ਹੋਇਆ ਹੈ।  ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੀ.ਐਸ.ਪੀ. ਧੂਰੀ ਸ਼੍ਰੀ ਅਕਾਸ਼ਦੀਪ ਸਿੰਘ ਔਲਖ ਨੇ ਕਰਦਿਆਂ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਸੇ ਗਏ ਸ਼ਿਕੰਜੇ ਉਪਰੰਤ ਲੱਗਭੱਗ ਪਿਛਲੇ ਡੇਢ ਮਹੀਨੇ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਖਿਲਾਫ 20 ਦੇ ਕਰੀਬ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ ਅਤੇ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਸ਼ਾਮਲ 22 ਵਿਅਕਤੀਆਂ ਨੂੰ ਜੇਲ ਭੇਜਿਆ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਪਾਸੋਂ ਹੁਣ ਤੱਕ ਉਪਰੋਕਤ ਦਰਜ ਕੀਤੇ 20 ਮੁਕੱਦਮਿਆਂ ਵਿੱਚ 67 ਕਿਲੋ ਤੋਂ ਵੱਧ ਭੁੱਕੀ, 40 ਗਰਾਮ ਸਮੈਕ, 10 ਗਰਾਮ ਹੈਰੋਇਨ, 1420 ਨਸ਼ੀਲੀਆਂ ਗੋਲੀਆਂ ਅਤੇ 50 ਗਰਾਮ ਸੁਲਫਾ ਪੁਲਿਸ ਵੱਲੋਂ ਫੜਿਆ ਗਿਆ ਹੈ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਹੋ ਸਕਦੀ ਹੈ ਅਤੇ ਇਲਾਕੇ ਨੂੰ ਨਸ਼ਾ ਮੁਕਤ ਦੇਖਣ ਦੇ ਚਾਹਵਾਨ ਪਤਵੰਤੇ ਸੱਜਣ ਇਸ ਮਨੁੱਖਤਾ ਪੱਖੀ ਕਾਰਜ ਵਿੱਚ ਉਹਨਾਂ ਨੂੰ ਸਵੇਰੇ-ਸ਼ਾਮ ਜਦੋਂ ਚਾਹੁਣ, ਮਿਲ ਸਕਦੇ ਹਨ ਅਤੇ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲੇ ਵਿਅਕਤੀਆਂ ਨੂੰ ਜ਼ਿਲਾ ਪੁਲਿਸ ਮੁਖੀ ਸ੍ਰ. ਮਨਦੀਪ ਸਿੰਘ ਸਿੱਧੂ ਪਾਸੋਂ ਸਨਮਾਨਿਤ ਕਰਵਾਇਆ ਜਾਵੇਗਾ।
ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਧੂਰੀ ਸ਼ਹਿਰ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਸ਼ਹਿਰ ਅੰਦਰ 100 ਤੋਂ ਵੱਧ ਅਤਿ ਆਧੁਨਿਕ ਸੀ.ਸੀ.ਟੀ.ਵੀ. ਕੈਮਰੇ ਵੀ ਜਲਦ ਲਗਵਾਏ ਜਾ ਰਹੇ ਹਨ। ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਜਗਾੜੂ ਰੇਹੜੀਆਂ-ਰਿਕਸ਼ੇ ਤਿਆਰ ਕਰਨ ਵਾਲੇ ਮਿਸਤਰੀਆਂ ਅਤੇ ਕਾਰੀਗਰਾਂ ਨੂੰ ਸਖਤ ਤਾੜਨਾ ਕਰਦਿਆਂ ਸ਼੍ਰੀ ਔਲਖ ਨੇ ਕਿਹਾ ਕਿ ਅਜਿਹਾ ਕਰਨਾ ਕਾਨੂੰਨਨ ਜ਼ੁਰਮ ਹੈ ਅਤੇ ਅਜਿਹੇ ਜੁਗਾੜੂ ਰੇਹੜੀਆਂ-ਰਿਕਸ਼ੇ ਤਿਆਰ ਕਰਨ ਵਾਲੇ ਮਿਸਤਰੀ-ਮਕੈਨਿਕਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।