ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀ.ਜੀ.ਪੀ ਕੇ.ਪੀ.ਐਸ ਗਿੱਲ ਦਾ ਅੱਜ ਦੇਹਾਂਤ ਹੋ ਗਿਆ| 82 ਸਾਲਾ ਕੇ.ਪੀ.ਐਸ ਗਿੱਲ ਨੇ ਦਿੱਲੀ ਦੇ ਸਰਗੰਗਾ ਰਾਮ ਹਸਪਤਾਲ ਵਿਚ ਦੁਪਹਿਰ 2:55 ਵਜੇ ਆਖਰੀ ਸਾਹ ਲਏ| ਉਨ੍ਹਾਂ ਨੂੰ ਪਿਛਲੇ ਹਫਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ| ਉਨ੍ਹਾਂ ਦੀ ਮੌਤ ਕਿਡਨੀ ਫੇਲ੍ਹ ਹੋਣ ਕਾਰਨ ਹੋਈ|
ਕੰਵਰਪਾਲ ਸਿੰਘ ਗਿੱਲ, ਜੋ ਕਿ ਕੇ.ਪੀ.ਐਸ ਗਿੱਲ ਵਜੋਂ ਜਾਣੇ ਜਾਂਦੇ ਸਨ, 1958 ਵਿਚ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ) ਵਿਚ ਸ਼ਾਮਿਲ ਹੋਏ ਸਨ| ਉਨ੍ਹਾਂ ਨੇ ਦੋ ਵਾਰੀ ਪੰਜਾਬ ਦੇ ਡੀ.ਜੀ.ਪੀ ਦੇ ਤੌਰ ਤੇ ਆਪਣੀ ਸੇਵਾ ਨਿਭਾਈ| ਉਨ੍ਹਾਂ ਨੂੰ ਸੂਬੇ ਵਿਚ ਅੱਤਵਾਦ ਨੂੰ ਖਤਮ ਕਰਨ ਦਾ ਸਿਹਰਾ ਦਿੱਤਾ ਗਿਆ| 1989 ਵਿਚ ਉਨ੍ਹਾਂ ਨੇ ਸਿਵਲ ਸੇਵਾ ਵਿਚ ਆਪਣੇ ਕੰਮ ਲਈ ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਸ੍ਰੀ ਪੁਰਸਕਾਰ ਪ੍ਰਾਪਤ ਕੀਤਾ ਅਤੇ ਉਹ 1995 ਵਿਚ ਆਈ.ਪੀ.ਐਸ ਤੋਂ ਸੇਵਾ ਮੁਕਤ ਹੋ ਗਏ|